‘ਕੋਠੇ ‘ਤੇ’ ਨਾਂ ਦੇ ਇਸ ਲੇਖ ਵਿਚ ‘ਚਿੱਤ-ਚੇਤਾ’ ਵਾਲੀ ਲੇਖਕਾ ਕਾਨਾ ਸਿੰਘ ਦੀ ਜ਼ਿੰਦਗੀ, ਉਸ ਦੇ ਪਰਿਵਾਰ ਤੇ ਉਸ ਦੇ ਆਲੇ-ਦੁਆਲੇ ਦੇ ਮੁੱਦੇ-ਮਸਲੇ ਅਤੇ ਨਾਲ ਹੀ ਉਸ ਦਾ ਭੋਲਾਪਣ ਇਕੋ ਵੇਲੇ ਆਣ ਹਾਜ਼ਰ ਹੋਏ ਹਨ। ਕਾਨਾ ਸਿੰਘ ਦੇ ਚਿੱਤ-ਚੇਤੇ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਰੰਗ ਨਿਵੇਕਲਾ ਵੀ ਹੈ ਅਤੇ ਨਿਆਰਾ ਵੀ। ਇਸ ਲੇਖ ਵਿਚ ਧੀਆਂ ਦੇ ਦਰਦ ਦੀ ਘੁੱਟੀ ਵੀ ਰਲੀ ਹੋਈ ਹੈ। ਕਾਨਾ ਸਿੰਘ ਆਪਣੀ ਇਹ ਕਹਾਣੀ ਸੁਣਾਉਣ ਲਈ ਨਿੱਕੀਆਂ-ਨਿੱਕੀਆਂ ਕਹਾਣੀਆਂ ਦੀਆਂ ਲੜੀਆਂ ਜੋੜੀ ਜਾਂਦੀ ਹੈ। ਆਪਣੀਆਂ ਰਚਨਾਵਾਂ ਵਿਚ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਸਦਾਰ, ਸੁਘੜ, ਚੁਸਤ ਲਿਖਤ ਸਿਰਜ ਲੈਂਦੀ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਮੇਰੀ ਜਿੰਦਰ ਭੈਣ ਜੀ ਗੁਜਰਖ਼ਾਨ ਵਿਚ ਹੀ ਵਿਆਹੀ ਹੋਈ ਸੀ। ਸਾਡੀ ਗਲੀ ਦੇ ਐਨ ਆਖ਼ਰੀ ਮੋੜ ਉਤੇ। ਤਿਮੰਜ਼ਲੀ ਇਮਾਰਤ ਅਤੇ ਉਸ ਦੇ ਨਾਲ ਹੀ ਲਗਦੀ ਵੱਡੀ ਸਾਰੀ ਹਵੇਲੀ ਸੀ ਉਸ ਦੇ ਸਹੁਰਿਆਂ ਦੀ। ਸ਼ਹਿਰ ਦੇ ਪੰਜ ਪਤਵੰਤਿਆਂ ਵਿਚੋਂ ਇਕ ਸੀ ਬੂਟਾ ਸਿੰਘ ਪੰਸਾਰੀ ਤੇ ਉਸ ਦੇ ਇਕਲੌਤੇ ਪੁੱਤਰ, ਗੁਰਬਖ਼ਸ਼ ਨਾਲ ਵਿਆਹੀ ਹੋਈ ਸੀ ਮੇਰੀ ਭੈਣ। ਸੁਣਦੇ ਸਾਂ ਕਿ ਬੜੀਆਂ ਅੱਡੀਆਂ ਰਗੜ-ਰਗੜ ਕੇ ਰਿਸ਼ਤਾ ਲਿਆ ਸੀ ਭੈਣ ਦੀ ਸੱਸ, ਮਾਸੀ ਨਰੈਣੀ ਨੇ।
ਬੇਜੀ ਦੱਸਦੇ ਸਨ ਕਿ ਦੋ ਸਾਲਾਂ ਦੀ ਜਿੰਦਰ, ਸ਼ਹਿਰ ਦੇ ਸੁਹਣੇ, ਸਿਹਤਮੰਦ ਬੱਚਿਆਂ ਦੇ ਮੁਕਾਬਲੇ ਵਿਚੋਂ ਅੱਵਲ ਆਈ ਸੀ। ਸੂਹੀ ਘੁਟ, ਅਤਿ ਦੀ ਗੋਰੀ, ਗੁਲਗੁਲੀ, ਨੀਲੀਆਂ ਅੱਖਾਂ ਤੇ ਸੰਘਣੇ ਵਾਲ। ਉਦੋਂ ਤੋਂ ਹੀ ਮਾਸੀ ਨਰੈਣੀ ਜਿੰਦਰ ਦਾ ਰਿਸ਼ਤਾ ਮੰਗਣ ਲੱਗ ਪਈ ਸੀ। ਉਹ ਆਪ ਵੀ ਤਾਂ ਪੁੱਜ ਕੇ ਸੁਹਣੀ ਸੀ। ਸੇਠਾਣੀ। ਚੌਧਰਾਣੀ ਸਾਹਿਬਾ!
ਜ਼ਾਹਿਰ ਹੈ ਕਿ ਨਰੈਣੀ ਦੇ ਵਿਕਾਰ ਅਨੁਸਾਰ ਜਿੰਦਰ, ਤੇ ਕੇਵਲ ਜਿੰਦਰ ਹੀ ਸੀ ਉਸ ਦੇ ਪੁੱਤਰ ਦੇ ਮੇਚ ਦੀ।
ਇਹ ਵੀ ਅਕਸਰ ਹੀ ਮਾਂ-ਚਾਚੀਆਂ ਦੀਆਂ ਗੱਲਾਂ-ਬਾਤਾਂ ‘ਚੋਂ ਮੈਂ ਸੁਣਦੀ ਸਾਂ ਕਿ ਮਾਸੀ ਨਰੈਣੀ ਦੇ ਡਾਢੇਪਣ ਕਰ ਕੇ ਮੇਰੀ ਮਾਂ ਰਿਸ਼ਤੇ ਲਈ ਨਹੀਂ ਸੀ ਮੰਨਦੀ। ਨਰੈਣੀ ਨੇ ਆਪਣੀ ਸੱਸ ਨੂੰ ਡੰਗਰਾਂ ਦੀ ਹਵੇਲੀ ਵਿਚ ਰੱਖਿਆ ਹੋਇਆ ਸੀ। ਉਹਦੀ ਸੱਸ, ਸਾਧਾਰਨ ਸੀ, ਸਿਧਰੀ। ਉਹ ਸਾਰੇ ਸ਼ਹਿਰ ਦੀ ‘ਬੁੱਢੀ ਮਾਂ’ ਅਖਵਾਉਂਦੀ। ਕੋਈ ਗੁਆਂਢਣ ਉਸ ਨੂੰ ਨੁਹਾ ਦਿੰਦੀ ਤੇ ਕੋਈ ਉਸ ਦੀਆਂ ਜੂੰਆਂ ਕੱਢਦੀ, ਕੱਪੜੇ ਬਦਲਦੀ, ਰੋਟੀ ਖੁਆ ਦਿੰਦੀ ਪਰ ਮਾਸੀ ਨਰੈਣੀ ਤੋਂ ਚੋਰੀ ਹੀ। ਨਰੈਣੀ ਦਾ ਬਹੁਤ ਦਬਦਬਾ ਸੀ ਸਾਰੇ ਸ਼ਹਿਰ ਵਿਚ।
ਬੁੱਢੀ ਦਾ ਇਕਲੌਤਾ ਪੁੱਤਰ ਬੂਟਾ ਸਿੰਘ ਆਪਣੇ ਪਿਉ ਦੀ ਮੌਤ ਤੋਂ ਮਹੀਨਾ ਮਗਰੋਂ ਜੰਮਿਆ ਸੀ। ਉਹ ਨੇਕ ਰੂਹ ਸੀ ਪਰ ਜੋਰੂ ਦਾ ਗੁਲਾਮ। ਨਰੈਣੀ ਤੋਂ ਥਰ ਥਰ ਡਰਦਾ, ਕੰਬਦਾ। ਕਈ ਵੇਰਾਂ ਮੈਂ ਉਸ ਨੂੰ ਸੁੱਧੇ ਹਲਵਾਈ ਦੀ ਹੱਟੀ ਤੋਂ ਪੇੜਿਆਂ ਨਾਲ ਦੁੱਧ ਦਾ ਗਿਲਾਸ ਲੈ ਕੇ ਮਾਂ ਨੂੰ ਪਿਆਉਂਦਿਆਂ ਵੇਖਦੀ। ਜ਼ਾਹਿਰ ਹੈ ਮਾਸੀ ਨਰੈਣੀ ਤੋਂ ਚੋਰੀ ਹੀ।
ਨਰੈਣੀ ਤਾਂ ਬਸ ਨੌਕਰ ਹੱਥ ਬੁੱਢੀ ਲਈ ਹਵੇਲੀ ਵਿਚ ਹੀ ਰੋਟੀ ਦੀ ਥਾਲੀ ਭੇਜ ਦਿੰਦੀ ਸੀ।
ਮੈਂ ਬੁੱਢੀ ਨੂੰ ਅਕਸਰ ਹੀ ਕੋਠੀ ਗੁਰਦੁਆਰੇ ਵਿਚ ਪ੍ਰਸ਼ਾਦ ਲੈਂਦੀ ਵੇਖਦੀ। ਉਹ ਇਕ ਵੇਰਾਂ ਪ੍ਰਸ਼ਾਦ ਲੈ ਕੇ ਖਾ ਲੈਂਦੀ, ਫੇਰ ਕੁੜਤੀ ਨਾਲ ਹੱਥ ਪੂੰਝ ਕੇ ਪੋਤਰਿਆਂ-ਪੜਪੋਤਰਿਆਂ ਲਈ ਵੀ ਮੰਗਦੀ, ਵਾਰ ਵਾਰ। ਭਾਈ ਜੀ ਉਸ ਨੂੰ ਪ੍ਰਸ਼ਾਦ ਦਿੰਦੇ ਰਹਿੰਦੇ, ਹਰ ਵਾਰ।
ਅੱਜ ਸੋਚਦੀ ਹਾਂ, ਕੀ ਸਾਰੇ ਸ਼ਹਿਰ ਦੀ ਰਿਸ਼ਤੇਦਾਰ-ਬਰਾਦਰੀ ਦੀ ਪੰਚਾਇਤ ਮਾਸੀ ਨਰੈਣੀ ਨੂੰ ਕੋਈ ਨਕੇਲ ਨਹੀਂ ਸੀ ਪਾ ਸਕਦੀ?
ਪੰਸਾਰੀ ਦੀ ਦੁਕਾਨ ਦੀ ਰੋਜ਼ ਦੀ ਵਟਕ ਮਾਸੀ ਨਰੈਣੀ ਆਪ ਗਿਣਦੀ ਸੀ, ਆਪਣੀ ਕੋਠੀ ਦੀ ਬੈਠਕ ਵਿਚ ਵੀਹ-ਵੀਹ ਦੀ ਢੇਰੀ ਲਾ ਕੇ। ਜ਼ਾਹਿਰ ਹੈ, ਉਹ ਵੀਹਾਂ ਤੱਕ ਦੀ ਹੀ ਗਿਣਤੀ ਜਾਣਦੀ ਸੀ, ਤੇ ਇਸ ਨਾਲ ਹਜ਼ਾਰਾਂ ਗਿਣ ਲੈਂਦੀ।
ਮੈਂ ਬਾਲੜੀ ਸਾਂ। ਅਕਸਰ ਹੀ ਖੇਡਦੀ ਖੇਡਦੀ ਜਾ ਵੜਦੀ ਭੈਣ ਦੇ ਘਰ। ਮਾਸੀ ਨਰੈਣੀ ਨਾਲ ਵੀਹਾਂ ਦੀਆਂ ਢੇਰੀਆਂ ਬਣਾਣ ਤੇ ਗਿਣਨ ਵਿਚ ਮੈਂ ਮਦਦ ਕਰਦੀ। ਮਾਸੀ ਨਰੈਣੀ ਮੈਨੂੰ ਕਿਸ਼ਮਿਸ਼ਾਂ ਦਿੰਦੀ ਜਾਂ ਪਿਸਤੇ ਦੀ ਮੁੱਠ। ਮੈਨੂੰ ਉਹ ਅਕਸਰ ਪਿਆਰ ਹੀ ਕਰਦੀ ਸੀ। ਉਹਦੇ ਚਹੁੰ ਪੋਤਰਿਆਂ ਦੀ ਮਾਸੀ ਜੁ ਸਾਂ ਮੈਂ, ਉਹਦੇ ਵੱਡੇ ਪੋਤਰੇ ਜੀਤ ਦੇ ਹਾਣ ਦੀ ਵੀ। ਬਸ ਢਾਈ ਤਿੰਨ ਸਾਲ ਹੀ ਉਸ ਤੋਂ ਵੱਡੀ।æææਉਦੋਂ ਹਾਣ ਦੇ ਹੀ ਹੁੰਦੇ ਸਨ ਮਾਸੀਆਂ-ਮਾਮੇ ਤੇ ਭੂਆ-ਚਾਚੇ। ਮੇਰੇ ਪਿਤਾ ਜੀ ਦੇ ਮਾਮਾ, ਰਾਮ ਸਿੰਘ ਸੂਰੀ ਵੀ ਮੇਰੇ ਪਿਤਾ ਜੀ ਤੋਂ ਛੋਟੇ ਸਨ, ਚਾਰ ਸਾਲ।
ਹਰ ਮਹੀਨੇ ਦੀ ਸੰਗਰਾਂਦ ਅਤੇ ਹੋਰ ਪੁਰਬਾਂ ਜਾਂ ਦਿਨ-ਦਿਹਾੜਿਆਂ ‘ਤੇ ਭੈਣ ਦੇ ਸਹੁਰਿਆਂ ਦੀ ‘ਰੋਟੀ ਆਖੀ’ ਜਾਂਦੀ। ਉਨ੍ਹਾਂ ਦਿਨਾਂ ਵਿਚ ਰੋਟੀ ਦੋਏ ਡੰਗ ਹੀ ਖੁਆਉਣ ਦੀ ਪਿਰਤ ਸੀ। ਜੇ ਭੈਣ ਦੀਆਂ ਨਨਾਣਾਂ ਪੇਕੇ ਆਉਂਦੀਆਂ ਤਾਂ ਵੀ ਰੋਟੀ ਆਖੀ ਜਾਂਦੀ। ਰੋਟੀ ਖਾਣ ਭੈਣ ਦਾ ਸਹੁਰਾ ਪਰਿਵਾਰ ਤੇ ਭੈਣ ਦੀਆਂ ਨਨਾਣਾਂ ਦੇ ਪਰਿਵਾਰ ਤਾਂ ਆਉਂਦੇ ਹੀ, ਬੂਟਾ ਸਿੰਘ ਪੰਸਾਰੀ ਦੀ ਹੱਟੀ ਦੇ ਸਾਰੇ ਪਾਂਡੀਆਂ-ਨੌਕਰਾਂ ਦਾ ਵੀ ਜਸ਼ਨ ਹੁੰਦਾ ਤੇ ਜਾਣ ਵੇਲੇ ਮਾਸੀ ਨਰੈਣੀ ਆਪਣੇ ਘਰ ਦੇ ਮੀਹਰਿਆਂ-ਨੌਕਰਾਂ ਲਈ ਵੀ ਰੋਟੀਆਂ ਤੇ ਸਬਜ਼ੀਆਂ-ਖੀਰਾਂ ਲੈ ਕੇ ਜਾਂਦੀ।
ਜਿੰਦਰ ਭੈਣ ਤੋਂ ਦੋ ਸਾਲ ਵੱਡੀ ਸੰਤ ਭੈਣ ਜੀ ਪਿੰਡੀ ਵਿਆਹੀ ਹੋਈ ਸੀ, ਬੂੜ ਸਿੰਘ ਦੇ ਇਕਲੌਤੇ ਪੁੱਤਰ ਰਘਬੀਰ ਨਾਲ। ਇਹ ਸਾਧਾਰਨ ਪਰਿਵਾਰ ਸੀ। ਭੈਣ ਦੀ ਸੱਸ ਮਰ ਚੁੱਕੀ ਸੀ ਤੇ ਅਰਜ਼ੀ-ਨਵੀਸ, ਬੂੜ ਸਿੰਘ ਦਾ ਪੁੱਤਰ ਰਘਬੀਰ ਕਲਰਕ ਸੀ।
ਦੋਹਾਂ ਭੈਣਾਂ ਦੇ ਸਹੁਰੇ ਪਰਿਵਾਰਾਂ ਦੇ ਜੀਵਨ ਪੱਧਰ ‘ਚ ਇੰਨਾ ਅੰਤਰ ਕਿਉਂ ਸੀ, ਉਦੋਂ ਤਾਂ ਨਹੀਂ ਸੀ ਪਤਾ, ਪਰ ਹੋਸ਼ ਸੰਭਾਲਣ ‘ਤੇ ਸਮਝ ਆਈ ਕਿ ਸੰਤ ਭੈਣ ਨੂੰ ਬਚਪਨ ਵਿਚ ਚੇਚਕ ਮਾਤਾ ਨਿਕਲੀ ਸੀ। ਸੀ ਤਾਂ ਉਹ ਸੁਨੱਖੀ, ਪਰ ਸਾਰਾ ਜਿਸਮ ਦਾਗੋ-ਦਾਗ। ਰੰਗ ਵੀ ਪੀਲਾ-ਭੂਕ। ਉਹਦੇ ਵਿਆਹ ਬਾਰੇ ਤਾਂ ਮਾਪਿਆਂ ਨੇ ਸੋਚਿਆ ਹੀ ਨਹੀਂ ਸੀ, ਪਰ ਮੰਗ ਲਿਆ ਬੂੜ ਸਿੰਘ ਨੇ ਸਾਕ ਆਪ ਆ ਕੇ। ਉਹ ਮੇਰੇ ਨਾਨਾ ਜੀ ਦਾ ਗੁਰ-ਭਾਈ ਸੀ। ਦੋਵੇਂ ਰਾਧਾ ਸੁਆਮੀ।
ਨਾਨਾ ਜੀ ਨੇ ਮੇਰੀ ਨਾਨੀ ਦੇ ਮਰਨ ਮਗਰੋਂ ਹੀ ਨਾਮ ਲੈ ਲਿਆ ਸੀ, ਤੇ ਲਗਭਗ ਉਦੋਂ ਹੀ ਬੂੜ ਸਿੰਘ ਨੇ ਆਪਣੀ ਪਤਨੀ ਦੇ ਮਰਨ ਤੋਂ ਬਾਅਦ।
ਜਿੰਦਰ ਪੰਦਰਾਂ ਦੀ ਸੀ, ਤੇ ਸੰਤ ਸਤਾਰਾਂ ਦੀ। ਦੋਹਾਂ ਦੀਆਂ ਜੰਝਾਂ ਇਕੋ ਦਿਨ, ਇਕੋ ਵੇਲੇ ਢੁੱਕੀਆਂ। ਵਿਆਹ ਹੋ ਗਏ। ਸ਼ਾਇਦ ਮੈਂ ਤਿੰਨ ਸਾਲ ਦੀ ਹੋਵਾਂਗੀ। ਰਘਬੀਰ ਜੀਜਾ ਜੀ ਦਾ ਸਿਹਰਾ ਫੁੱਲਾਂ ਦਾ ਸੀ, ਤੇ ਗੁਰਬਖ਼ਸ਼ ਜੀਜਾ ਜੀ ਦਾ ਸਿਲਮਿਆਂ ਸਿਤਾਰਿਆਂ, ਨਗਾਂ ਤੇ ਲਾਲਾਂ ਨਾਲ ਗੁੰਦਿਆ, ਝਿਲਮਿਲ ਕਰਦਾ। ਪੈਰਾਂ ਤੱਕ।
ਰਘਬੀਰ ਜੀਜਾ ਜੀ ਨੂੰ ਮੈਂ ਫੁੱਲਾਂ ਵਾਲੇ ਭਾਈਆ ਜੀ ਆਖਦੀ, ਤੇ ਗੁਰਬਖਸ਼ ਨੂੰ ਸਿਹਰੇ ਵਾਲੇ। ਇਹ ਦੋਵੇਂ ਸਿਹਰੇ ਤੇ ਜੰਝਾਂ ਮੇਰੇ ਚੇਤੇ ਵਿਚ ਟਿਕੀਆਂ ਹੋਈਆਂ ਹਨ।æææ ਮੁੜ ਪਿੱਛੇ ਪਰਤਦੀ ਹਾਂ। ਭੈਣ ਦੇ ਰਿਸ਼ਤੇ ਵੱਲ।
ਸੁਣਦੀ ਸਾਂ ਕਿ ਬਾਲੜੀ ਜਿੰਦਰ ਜੇ ਗਲੀ ਵਿਚ ਖੇਡਣ ਨਿਕਲਦੀ ਤਾਂ ਮਾਸੀ ਨਰੈਣੀ ਆਪਣੇ ਪੁੱਤਰ ਗੁਰਬਖ਼ਸ਼ ਹੱਥ ਗੇਂਦ ਫੜਾ ਕੇ ਉਸ ਨੂੰ ਖਿਡਾਉਣ ਲਈ ਆਖਦੀ। ਉਹ ਖਿਡਾਉਂਦਾ-ਖੇਡਦਾ। ਜੇ ਮਾਸੀ ਨਰੈਣੀ ਨੂੰ ਪਤਾ ਲੱਗਦਾ ਕਿ ਪੂਰਨਮਾਸ਼ੀ ਜਾਂ ਕਿਸੇ ਹੋਰ ਦਿਨ ਦਿਹਾੜੇ ਸਾਡੀ ਮਾਂ ਬੱਚਿਆਂ ਸਮੇਤ ਪੰਜਾ ਸਾਹਿਬ ਗਈ ਹੈ, ਤੇ ਕੋਲ ਹੀ ਤਾਂ ਹੈ ਸੀ ਪੰਜਾ ਸਾਹਿਬ, ਬਸ ਦੋ ਘੰਟਿਆਂ ਦਾ ਰੇਲ ਦਾ ਸਫ਼ਰ, ਤਾਂ ਮਾਸੀ ਨਰੈਣੀ ਵੀ ਉਥੇ ਪੁੱਜ ਜਾਂਦੀ, ਗੁਰਬਖਸ਼ ਨਾਲ। ਨਰੈਣੀ ਦੀ ਸਨਕ ਜੱਗ-ਜ਼ਾਹਿਰ ਸੀ।
ਬਾਰ੍ਹਾਂ ਤੇਰ੍ਹਾਂ ਸਾਲਾਂ ਦੀ ਹੋ ਗਈ ਜਿੰਦਰ, ਸੱਤਵੀਂ ਵਿਚ।
‘ਹਿੱਕੋ-ਹਿੱਕ ਪੁੱਤਰ ਹੈ ਉਸਨਾ ਤੈ ਧੀਆਂ ਦੋ ਵਿਆਹੀਆਂ ਹੋਈਆਂ ਆਪੋ ਆਪਣੇ ਘਰ। ਕੇ ਡਾਢ ਤੈ ਕੇ ਜ਼ੁਲਮ ਕਰਸੀ ਉਹ ਕੁੜੀ ਨਾਲ? ਬੁੱਢੀ ਵਿਚਾਰੀ ਤੈ ਸਿੱਧੀ ਐ ਤੈ ਯਤੀਮ ਗਰੀਬੜੀ। ਸਾਡੀ ਜਿੰਦਰ ਨਾ ਪਿੱਛਾ ਤੈ ਭਾਰੀ ਹੈ। ਅੱਸ ਆਪ ਤੈ ਸਾਰੀ ਸਾਡੀ ਖੁਖਰੈਣ ‘ਬਲਾਦਰੀ’ ਸਾਡੇ ਨਾਲ। ਤੂੰ ਫ਼ਿਕਰ ਨਾ ਕਰ ਤੈ ਮੰਨ ਜਾ। ਹੈਡਾ ਸੁਹਣਾ ਤੇ ਲਾਇਕ ਹੈ ਗੁਰਬਖ਼ਸ਼!’
ਬੇਜੀ ਨੇ ਮਾਂ ਨੂੰ ਸਮਝਾਇਆ। ਹੋਰ ਵੀ ਸਭ ਪਾਸਿਓਂ ਇਹੋ ਸੁਣਨ ਨੂੰ ਮਿਲਦਾ। ਗੁਰਬਖ਼ਸ਼ ਜੀਜਾ ਜੀ ਸਨ ਵੀ ਅਤਿ ਦੇ ਸੁਹਣੇ ਤੇ ਸਮਾਰਟ। ਪੜ੍ਹਾਈ ਦੇ ਨਾਲ ਨਾਲ ਪਿਉ ਦੀ ਦੁਕਾਨ ਵੀ ਸੰਭਾਲ ਰਹੇ। ਉਹ ਦਸਵੀਂ ਵਿਚ ਸਨ, ਤੇ ਭੈਣ ਸੱਤਵੀਂ ਵਿਚ; ਮੰਗਣੀ ਹੋ ਗਈ।
ਵਿਆਹ ਮਗਰੋਂ ਜਿਵੇਂ ਹੋਣਾ ਕੁਦਰਤੀ ਹੀ ਸੀ, ਮਾਸੀ ਨਰੈਣੀ ਮਾਸੀ ਘੱਟ ਤੇ ਸੱਸਾਂ ਵਿਚੋਂ ਸੱਸ ਹੋ ਨਿਬੜੀ। ਜਿੰਦਰ ਭੈਣ ਜੀ ਨੂੰ ਘੱਟ-ਵੱਧ ਹੀ ਪੇਕੇ ਆਉਣ ਦਿੰਦੀ। ਗਲੀ ਦੇ ਦੋ ਸਿਰਿਆਂ ‘ਤੇ ਪੇਕੇ-ਸਹੁਰੇ। ਗੁਰਦੁਆਰੇ ਜਾਂਦੀ ਭੈਣ ਬੂਹੇ ਅੱਗਿਉਂ ਲੰਘਦੀ ਗਿੱਚੀ ਭੁਆ ਕੇ ਤਕ ਨਾ ਸਕਦੀ ਪੇਕੇ-ਘਰ ਵੱਲ, ਜੇ ਉਸ ਦੀ ਸੱਸ ਦੀ ਮਨਸ਼ਾ ਨਾ ਹੋਵੇ ਤਾਂ। ਇਹਦੇ ਸਾਹਵੇਂ ਸੰਤ ਭੈਣ ਭਾਵੇਂ ਗਰੀਬ ਸੀ, ਪਰ ਸੁਖੀ ਸੀ। ਬੂੜ ਸਿੰਘ, ਭਗਤ। ਬੰਦਗੀਵਾਨ। ਸ਼ਾਕਾਹਾਰੀ ਤੇ ਭੈਣ ਦੀ ਇਕੋ ਇਕ ਨਨਾਣ। ਬਾਲੜੀ ਜਿਹੀ ਤੇਜੀ।
ਮੈਂ ਛੁੱਟੀਆਂ ਵਿਚ ਅਕਸਰ ਹੀ ਪਿੰਡੀ ਜਾਂਦੀ, ਨਾਨਕੇ। ਭੈਣ ਦੇ ਘਰ ਵੀ ਰੱਜ ਖੇਡਦੀ-ਖਾਂਦੀ। ਤੇਜੀ ਨਾਲ ਮੈਂ ਗੀਟੇ ਖੇਡਦੀ। ਮੇਰੇ ਨਾਨਾ ਜੀ ਤੇ ਭੈਣ ਦੇ ਸਹੁਰਾ ਜੀ ਨੂੰ ਅਕਸਰ ਹੀ ਇਕੱਠੇ ਵੇਖਦੀ। ਨਾਨਾ ਜੀ ਦੇ ਲੱਕੜੀ-ਕੋਲੇ ਦੇ ਟਾਲ ਦੇ ਦੀਵਾਨ ‘ਤੇ ਗੋਲ-ਲਮੂਤਰੇ ਸਰਾਹਣਿਆਂ ਨਾਲ ਢੋਅ ਲਾਈ ਬੈਠੇ ਉਹ ਦੋਵੇਂ ਬਚਨ-ਬਿਲਾਸ ਕਰਦੇ ਰਹਿੰਦੇ। ਜਿਤਨੀ ਵਾਰ ਸਤਿ ਸ੍ਰੀ ਅਕਾਲ ਬੁਲਾਵਾਂ, ਟਕਾ-ਟਕਾ ਮਿਲ ਜਾਂਦਾ, ਦੋਹਾਂ ਕੋਲੋਂ।
ਜਿੰਦਰ ਭੈਣ ਦੇ ਘਰ ਤਾਂ ਮਾਸੀ ਨਰੈਣੀ ਦੀ ਰੌਂ-ਰੱਥ ਵੇਖ ਕੇ ਹੀ ਟਿਕਿਆ ਜਾ ਸਕਦਾ ਸੀ, ਬਸ ਪਲ ਦਾ ਪਲ। ਰਾਤ ਕਦੇ ਨਹੀਂ ਸਾਂ ਰਹੀ। ਕਦੇ ਮਾਸੀ ਨਰੈਣੀ ‘ਰੱਖ ਸਾਈਂ ਨੀਂ’ ਕਰਦੀ ਤੇ ਕਦੇ ਉਹਦੇ ਘਰ ਮੇਰੇ ਵੜਦਿਆਂ ਹੀ ਮੂੰਹ ਫੇਰ ਲੈਂਦੀ।
ਗਰਮੀ ਦੀਆਂ ਛੁੱਟੀਆਂ ਦੇ ਦਿਨ। ਪਿੰਡੀ ਤੋਂ ਮੇਰੀ ਮੋਹਣੀ ਮਾਸੀ ਆਈ ਹੋਈ ਸੀ, ਸਣੇ ਪਰਿਵਾਰ ਤੇ ਨਾਲੇ ਸੰਤ ਭੈਣ ਜੀ ਵੀ ਨਨਾਣ, ਤੇਜੀ ਅਤੇ ਦੋਹਾਂ ਬਾਲਕਾਂ ਨਾਲ। ਕਲਕੱਤੇ ਤੋਂ ਬਚਨ ਭਾਈਆ ਜੀ (ਜੀਜਾ) ਮਿੰਦਰ ਭੈਣ ਨੂੰ ਲੈਣ ਆਏ ਹੋਏ ਸਨ। ਕੱਲਰ ਵਿਆਹੀ ਹੋਈ ਭੈਣ ਮਿੰਦਰ ਨੇ ਹੁਣ ਬਾਲਾਂ ਸਮੇਤ ਕਲਕੱਤੇ ਜਾ ਟਿਕਣਾ ਸੀ। ਇਹ ਭੈਣ ਜੀ ਮੇਰੀ ਮਾਂ ਹੀ ਸਮਝੋ ਜਿਸ ਦੇ ਵਿਆਹ ਤੋਂ ਬਾਈ ਦਿਨਾਂ ਬਾਅਦ ਮੈਂ ਜੰਮੀ ਸਾਂ ਤੇ ਜਿਸ ਦੇ ਦੁੱਧ ‘ਤੇ ਮੈਂ ਪਲੀ ਸਾਂ। ਵਿਆਹ ਤੋਂ ਗਿਆਰਾਂ ਮਹੀਨੇ ਬਾਅਦ ਭੈਣ ਦਾ ਪਲੇਠੀ ਦਾ ਬਾਲਕ ਜੰਮਦਿਆਂ ਹੀ ਮਰ ਗਿਆ ਸੀ। ਭੈਣ ਦਾ ਦੁੱਧ ਮੈਂ ਹੀ ਚੁੰਘਿਆ।æææ ਬਚਨ ਭਾਈਆ ਜੀ ਦੀ ਮੈਂ ਲਾਡਲੀ, ਧੀ-ਸਾਲੀ ਸੀ।
ਘਰ ਵਿਚ ਗਹਿਮਾ-ਗਹਿਮੀ ਸੀ, ਰੌਣਕਾਂ ਹੀ ਰੌਣਕਾਂ। ਭੈਣਾਂ ਨੂੰ ਮਿਲਣ ਮਿਲਾਉਣ ਚਾਚੀਆਂ-ਚਾਚੇ ਵੀ ਸਣੇ ਪਰਿਵਾਰਾਂ ਦੇ ਆਏ ਹੋਏ, ਤੇ ਹੋਰ ਰਿਸ਼ਤੇਦਾਰ ਵੀ। ਬਸ ਨਹੀਂ ਸੀ ਨਜ਼ਰ ਆ ਰਹੀ ਤਾਂ ਜਿੰਦਰ ਭੈਣ। ਉਸ ਦੀ ਗੈਰ-ਹਾਜ਼ਰੀ ਸਭ ਨੂੰ ਅਖ਼ਰ ਰਹੀ ਸੀ। ਉਸ ਨੂੰ ਬੁਲਾਉਣ ਦੀਆਂ ਤਜਵੀਜ਼ਾਂ ਸਭ ਘੜਦੇ-ਬੁਣਦੇ। ਆਖ਼ਰ ਬਚਨ ਭਾਈਆ ਜੀ ਦਾ ਮਨਸੂਬਾ ਸਭ ਨੂੰ ਮਾਫ਼ਕ ਆਇਆ।
ਮੈਨੂੰ ਭੇਜਿਆ ਗਿਆ ਜਿੰਦਰ ਭੈਣ ਦੇ ਘਰ, ਸੁਨੇਹਾ ਦੇਣ। ਆਖਣਾ ਸੀ ਕਿ ਅਸਾਂ ਮੱਝ ਖਰੀਦੀ ਹੈ। ਇਹ ਖ਼ਬਰ ਸੁਣ ਕੇ ਜਾਂ ਤਾਂ ਮਾਸੀ ਨਰੈਣੀ ਨੇ ਆਪ ਭੈਣ ਨਾਲ ਆ ਜਾਣਾ ਸੀ, ਤੇ ਜਾਂ ਫਿਰ ਭੈਣ-ਭਾਈਆ ਜੀ ਨੂੰ ਭੇਜ ਦੇਣਾ ਸੀ, ਵਧਾਈ ਦੇਣ।
ਕਲਕੱਤਿਓਂ ਬਚਨ ਭਾਈਆ ਜੀ ਦੀਆਂ ਲਿਆਂਦੀਆਂ ਝਾਂਜਰਾਂ ਤੇ ਰੰਗ-ਬਰੰਗੀਆਂ ਚੂੜੀਆਂ ਖੜਕਾਉਂਦੀ, ਬੋਸਕੀ ਦੇ ਜ਼ਹਿਰ-ਮੋਹਰੇ ਰੰਗ ਦੇ ਝਾਲਰਦਾਰ ਫਰਾਕ ਵਿਚ ਨੱਚਦੀ ਮਟਕਦੀ ਬਸ ਦੌੜ ਹੀ ‘ਤੇ ਪਈ ਮੈਂ ਸ਼ੂਟ ਵੱਟ ਕੇ, ਭੈਣ ਦੇ ਘਰ।
‘ਮਾਸੀ ਜੀ, ਮਾਸੀ ਜੀ! ਅਸਾਂ ਮੱਝ ਖਰੀਦੀ ਏ। ਮਾਂ ਜੀ ਨੇ ਖੀਰ ਰਿੱਧੀ ਏ। ਤੁਸਾਂ ਕੀ ਬੁਲਾ ਰਹੇ ਨੁ।’ ਹਫ਼ਦੀ ਹਫ਼ਦੀ ਨੇ ਸੁਨੇਹਾ ਦਿੱਤਾ।
‘ਹੱਛਾ! ਚਲੋ ਸਾਰੇ ਜਾਈਏ ਚੌਧਰਾਣੀ ਜੀ ਕੀ ਮੁਆਰਖ਼ਾਂ ਦੇਣ।’ ਮਾਸੜ ਜੀ (ਬੂਟਾ ਸਿੰਘ) ਦੇ ਕਹਿਣ ਦੀ ਦੇਰ ਸੀ ਕਿ ਗਿੰਦੀ, ਭੈਣ ਦੀ ਨਨਾਣ ਕੱਪੜੇ ਬਦਲਣ ਦੌੜ ਗਈ। ਗੁਰਬਖ਼ਸ਼ ਭਾਈਆ ਜੀ ਬੂਟਾਂ ਦੇ ਤਸਮੇ ਬੰਨ੍ਹਣ ਲੱਗੇ। ਜਿੰਦਰ ਭੈਣ ਜੀ ਵਾਲ ਸੁਆਰਨ ਲੱਗੀ। ਮਾਸੀ ਨਰੈਣੀ ਨੇ ਸਾਵਗੀਆਂ-ਪਿਸਤਿਆਂ ਨਾਲ ਮੇਰਾ ‘ਬੋਝਾ’ ਭਰ ਦਿੱਤਾ। ਨਿਕਲਣ ਹੀ ਲੱਗੇ ਸਾਂ ਸਾਰੇ, ਕਿ ਮਾਸੀ ਨਰੈਣੀ ਨੇ ਪੁੱਛ ਹੀ ਲਿਆ, ‘ਕਾਨਾ ਕਿੱਥੇ ਬੰਨ੍ਹੀ ਨੇ ਮੱਝ?’
‘ਕੋਠੇ ‘ਤੇ।’ ਮੇਰਾ ਜੁਆਬ ਸੀ।
ਇਸ ਸੁਆਲ ਦੇ ਜੁਆਬ ਲਈ ਤਾਂ ਮੈਨੂੰ ਕਿਸੇ ਨੇ ਤਿਆਰ ਹੀ ਨਹੀਂ ਸੀ ਕੀਤਾ!æææ
æææਨਵੇਂ ਮਹੱਲੇ ਦੀ ਭੀੜੀ ਗਲੀ ਵਿਚ ਉਚੇ ਥੜ੍ਹੇ ਵਾਲੇ ਉਸ ਮਕਾਨ ਵਾਲੇ ਸਾਡੇ ਘਰ ਵਿਚ ਬੱਕਰੀ ਹੁੰਦੀ ਸੀ, ਦੂਜੀ ਤੇ ਤੀਜੀ ਮੰਜ਼ਿਲ ਤਕ ਦਗੜ-ਦਗੜ ਕਰਦੀ, ਚੜ੍ਹਦੀ-ਲਹਿੰਦੀ।
ਮੈਥੋਂ ਨਿੱਕਾ ਵੀਰ ਗੁੱਲਾ ਹਮੇਸ਼ਾਂ ਬਿਮਾਰ ਰਹਿੰਦਾ ਸੀ। ਉਸ ਦਾ ਮਿਹਦਾ ਬਰਾਬਰ ਕੰਮ ਨਹੀਂ ਸੀ ਕਰਦਾ। ਉਸ ਨੂੰ ਕੇਵਲ ਬਾਕਰਾ ਦੁੱਧ ਹੀ ਮਾਫ਼ਕ ਸੀ। ਉਂਜ ਵੀ ਪੋਠੋਹਾਰ ਵਿਚ ਬਾਕਰੇ ਦੁੱਧ ‘ਤੇ ਹੀ ਬੱਚੇ ਪਾਲੇ ਜਾਂਦੇ। ਬੱਕਰੀ ਦੀਆਂ ਧਾਰਾਂ ਅਸੀਂ ਬੱਚੇ ਭਿੜ-ਭਿੜ ਲੈਂਦੇ।æææ
ਜ਼ੋਰ ਦਾ ਠਹਾਕਾ ਲੱਗਾ। ਸਾਰੇ ਲੋਟ-ਪੋਟ।
‘ਬਹਿ ਜਾਓ! ਆਰਾਮ ਕਰ ਕੇ। ਅਖੇ ਮੱਝ ਲਿਆਂਦੀ ਏ। ਪਹਿਲਾਂ ਮੱਝ ਜੋਗਾ ਘਰ ਤੈ ਬਣਾਵੋ।’ ਮਾਸੀ ਨਰੈਣੀ ਗਰਜੀ।
ਬਿਟ ਬਿਟ ਤਕਦੀ ਰਹਿ ਗਈ ਮੈਂ, ਜਿੰਦਰ ਭੈਣ ਵੱਲ। ਨਿਮੋਝੂਣ। ਅਚਾਨਕ ਕੀ ਭਾਣਾ ਵਰਤ ਗਿਆ ਹੈ, ਸਮਝ ਨਾ ਆਵੇ।
Leave a Reply