ਮਰਦ ਨੂੰ ਤਾਹਨਾ, ਲੱਕੜੀ ਨੂੰ ਫਾਨਾ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕਲਹ-ਕਲੇਸ਼ ਪੁਆਉਣ ਜਾਂ ਲੜਾਈ ਝਗੜੇ ਵਧਾਉਣ ਦੇ ਮਾਹਰ ਕਈ ਪੁਆੜੇ-ਹੱਥੇ ਬੰਦੇ, ਕਸੂਤੀ ਹਾਲਤ ਵਿਚ ਫਸੇ ਕਿਸੇ ਬੰਦੇ ‘ਤੇ ਐਸਾ ਤਾਹਨਾ ਕੱਸ ਦਿੰਦੇ ਨੇ, ਮਾਨੋ ਸ਼ਾਂਤ ਪਾਣੀਆਂ ਨੂੰ ਲਾਂਬੂ ਲਾ ਛੱਡਦੇ ਨੇ। ਅਜਿਹੇ ਚੁਸਤ ਚਲਾਕ ਨਾਰਦ ਮੁਨੀਆਂ ਦੇ ਦਰਸ਼ਨ ਤਕਰੀਬਨ ਹਰ ਥਾਂ ਹੋ ਜਾਂਦੇ ਹਨ। ਘਰ-ਪਰਿਵਾਰਾਂ, ਗਲੀ-ਮੁਹੱਲਿਆਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਇਹ ਨਸਲ ਆਪਣੀ ਹੋਂਦ ਦਾ ਪ੍ਰਗਟਾਵਾ ਕਰਵਾਉਂਦੀ ਹੀ ਰਹਿੰਦੀ ਹੈ। ਹੱਦ ਦਰਜੇ ਦੀ ਕਮੀਨੀ ਆਦਤ ਦੇ ਸ਼ਿਕਾਰ ਇਹ ਬੰਦੇ ਹਮੇਸ਼ਾ ਇਸੇ ਤਾਕ ਵਿਚ ਰਹਿੰਦੇ ਨੇ ਕਿ ਕਿਸ ਵੇਲੇ, ਕਿਥੇ ਫਾਨਾ ਠੋਕਿਆ ਜਾ ਸਕਦਾ ਹੈ। ਇਸ ਦੇ ਉਲਟ ਕਈ ਦੂਰ-ਦ੍ਰਿਸ਼ਟ ਅਤੇ ਅਨੁਭਵੀ ਗਿਆਨ ਵਾਲੇ ਐਸੇ ਸੱਜਣ ਵੀ ਬਹੁਤ ਹਨ ਜਿਨ੍ਹਾਂ ਦੇ ਕੁਝ ਬੋਲ, ਸਮੇਂ ਦਾ ਵਹਿਣ ਬਦਲ ਕੇ ਰੱਖ ਦਿੰਦੇ ਹਨ। ਅਜਿਹੇ ਨੇਕ ਇਨਸਾਨਾਂ ਵੱਲੋਂ ਸਮੇਂ-ਸਮੇਂ ‘ਤੇ ਮਾਰੇ ਗਏ ਮਿੱਠੇ ਨਿਹੋਰੇ ਇਤਿਹਾਸ ਦੇ ਪੱਤਰਿਆਂ ਨੇ ਸਦਾ ਲਈ ਸਾਂਭੇ ਹੋਏ ਨੇ। ਕਿਸਮ ਪੱਖੋਂ ਭਾਵੇਂ ਇਨ੍ਹਾਂ ਅਣਖੀਲੇ ਟੀਕਿਆਂ ਵਰਗੇ ਬੋਲਾਂ ਨੂੰ ਵੀ ‘ਮਿਹਣਿਆਂ’ ਦੀ ਸ਼੍ਰੇਣੀ ਵਿਚ ਹੀ ਗਿਣਿਆ ਜਾ ਸਕਦਾ ਹੈ, ਪਰ ਇਹ ਸਦੈਵ ਕਾਲ ਲਈ ਰਾਹ ਦਸੇਰੇ ਬਣੇ ਰਹਿਣਗੇ।
ਰਾਜਸਥਾਨ ਦਾ ਜੰਗੀ ਸੂਰਮਾ ਜਸਵੰਤ ਰਾਉ ਹੋਲਕਰ ਦੁਸ਼ਮਣ ਫੌਜਾਂ ਤੋਂ ਭੈਅ-ਭੀਤ ਹੋਇਆ, ਰਣ ਤੱਤੇ ਵਿਚ ਪਿੱਠ ਦਿਖਾ ਕੇ ਘਰੇ ਭੱਜ ਆਇਆ। ਆਪਣੇ ਪੁੱਤ ਦੀ ਇਸ ਕਾਇਰਤਾ ਨੂੰ ਮਾਂ ਨੇ ਜ਼ਰਾ ਵੀ ਪਸੰਦ ਨਾ ਕੀਤਾ, ਪਰ ਪੁੱਤਰ ਮੋਹ ਕਾਰਨ ਉਹ ਜਸਵੰਤ ਰਾਉ ਨੂੰ ਸਿੱਧਿਆਂ ਤਾਂ ਕੁਝ ਨਾ ਕਹਿ ਸਕੀ; ਲੇਕਿਨ ਇਕ ਦਿਨ ਉਸ ਨੂੰ ਆਪਣੇ ਪੁੱਤਰ ਦੀ ਅਣਖ ਜਗਾਉਣ ਦਾ ਮੌਕਾ ਮਿਲ ਗਿਆ।
ਹੋਇਆ ਇੰਜ ਕਿ ਇਕ ਦਿਨ ਹੋਲਕਰ ਦੀ ਪਤਨੀ ਰਸੋਈ ਵਿਚ ਹਲਵਾ ਬਣਾ ਰਹੀ ਸੀ। ਉਹ ਵਾਰ-ਵਾਰ ਕੜਾਹੀ ਵਿਚ ਖੁਰਚਣਾ ਮਾਰ ਰਹੀ ਸੀ। ਲਾਗੇ ਹੀ ਬੈਠੇ ਹੋਲਕਰ ਵੱਲ ਦੇਖ ਕੇ ਬਜ਼ੁਰਗ ਮਾਤਾ ਆਪਣੀ ਨੂੰਹ ਨੂੰ ਮਿੱਠੀ ਜਿਹੀ ਝਿੜਕ ਮਾਰ ਕੇ ਕਹਿੰਦੀ, “ਨੀ ਕਮਲੀਏ ਕੁੜੀਏ, ਲੋਹੇ ‘ਤੇ ਲੋਹਾ ਵੱਜਦਾ (ਭਾਵ ਜੰਗ ਵਿਚ ਤੀਰਾਂ, ਕ੍ਰਿਪਾਨਾਂ ਤੇ ਬਰਛਿਆਂ ਦਾ ਖੜਾਕਾ) ਸੁਣ ਕੇ ਹੀ ਤਾਂ ਮੇਰਾ ‘ਸੂਰਮਾ ਪੁੱਤ’ ਘਰ ਨੂੰ ਭੱਜਾ ਆਇਆ ਹੈ। ਅੱਗਿਉਂ ਤੂੰ ਵੀ ਲੋਹੇ ‘ਤੇ ਲੋਹਾ ਖੜਕਾ ਕੇ ਉਸ ਨੂੰ ਬੇਅਰਾਮ ਕਰ ਰਹੀ ਹੈਂ?æææਤੂੰ ਉਸ ਨੂੰ ਅਮਨ-ਚੈਨ ਨਾਲ ਵਿਸ਼ਰਾਮ ਕਿਉਂ ਨਹੀਂ ਕਰਨ ਦਿੰਦੀ?”
ਮਾਂ ਦੇ ਮੂੰਹੋਂ ਇਹ ਤਾਹਨਾ ਸੁਣ ਕੇ ਜਸਵੰਤ ਰਾਉ ਹੋਲਕਰ ਦੇ ਡੌਲੇ ਫਰਕੇ, ਅੰਤਰ-ਆਤਮਾ ‘ਚ ਜੋਸ਼ ਜਾਗਿਆ। ਹਥਿਆਰ ਸੰਭਾਲ ਕੇ ਉਹ ਮੁੜ ਮੈਦਾਨ-ਏ-ਜੰਗ ਵਿਚ ਜਾ ਗੱਜਿਆ। ਮਾਂ ਦੇ ਨਿਹੋਰੇ ਨੇ ਉਸ ਨੂੰ ਬੁਜ਼ਦਿਲੀ ‘ਚੋਂ ਕੱਢ ਕੇ ਜੇਤੂ ਜਰਨੈਲ ਬਣਾ ਦਿੱਤਾ। ਰਾਜਪੂਤਾਨੇ ਦੀ ਇਸ ਅਣਖੀਲੀ ਦਾਸਤਾਂ ਨਾਲ ਮਿਲਦੀ-ਜੁਲਦੀ ਗਾਥਾ ਸਿੱਖ ਇਤਿਹਾਸ ਵਿਚ ਵੀ ਆਉਂਦੀ ਹੈ ਜਦੋਂ ਮਹਾਂ ਨਾਇਕਾ ਮਾਈ ਭਾਗੋ ਨੇ ਦਸਵੇਂ ਗੁਰੂ ਜੀ ਨੂੰ ਬੇਦਾਵਾ ਦੇ ਆਏ ਚਾਲੀ ਮਲਵਈ ਸਿੰਘਾਂ ਨੂੰ ਚੁੰਨੀਆਂ ਅਤੇ ਚੂੜੀਆਂ ਪੇਸ਼ ਕਰਦਿਆਂ ਤਾਹਨਾ ਮਾਰਿਆ ਸੀ, “ਲਓ, ਤੁਸੀਂ ਇਹ ਪਹਿਨ ਕੇ ਘਰੇਲੂ ਕੰਮ-ਧੰਦਾ ਕਰੋ; ਗੁਰੂ ਕਿਆਂ ਦੁਸ਼ਮਣਾਂ ਨਾਲ ਜੂਝਣ ਲਈ ਅਸੀਂ ਮੈਦਾਨ-ਏ-ਜੰਗ ਵਿਚ ਜਾਂਦੀਆਂ ਹਾਂ।”
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ-ਭਾਗ ਨੂੰ ਨੇਸਤੋ-ਨਬੂਦ ਕਰਨ ਵਿਚ ਮੁਢਲਾ ਤੇ ਮੁੱਖ ਰੋਲ ਨਿਭਾਉਣ ਵਾਲੇ ਧਿਆਨ ਸਿੰਘ ਡੋਗਰਾ ਦੇ ਅੰਤ ਦਾ ਕਾਰਨ ਵੀ ਲਾਹੌਰ ਦਰਬਾਰ ਦੇ ਇਕ ਦਰਵੇਸ਼ ਕਾਰਿੰਦੇ ਵੱਲੋਂ ਮੌਕੇ ਸਿਰ ਮਾਰਿਆ ‘ਤਰਕ’ ਹੀ ਬਣਿਆ ਸੀ। ਦੱਸਿਆ ਜਾਂਦਾ ਹੈ ਕਿ ਮਹਾਰਾਜੇ ਦੇ ਚਚੇਰੇ ਭਰਾ ਅਜੀਤ ਸਿੰਘ ਅਤੇ ਲਹਿਣਾ ਸਿੰਘ ਸੰਧਾਵਾਲੀਆ ਜਦੋਂ ਰਾਜਾ ਸ਼ੇਰ ਸਿੰਘ ਦਾ ਕਤਲ ਕਰ ਕੇ ਲਾਹੌਰ ਦੇ ਸ਼ਾਹੀ ਕਿਲੇ ‘ਚ ਵੜੇ ਤਾਂ ਅੱਗਿਉਂ ਆ ਰਹੇ ਗਿਆਨੀ ਗੁਰਮੁਖ ਸਿੰਘ ਨੂੰ ਫਖ਼ਰ ਨਾਲ ਦੱਸਣ ਲੱਗੇ ਕਿ ਅਸੀਂ ਸ਼ੇਰ ਸਿੰਘ ਦਾ ਫਸਤਾ ਵੱਢ ਆਏ ਹਾਂ। ਆਓ ਹੁਣ ਨਵਾਂ ਰਾਜਾ ਥਾਪੀਏ। ਥਾਪੇ ਜਾਣ ਵਾਲੇ ਨਵੇਂ ਰਾਜੇ ਦਾ ਮੁੱਖ ਵਜ਼ੀਰ ਧਿਆਨ ਸਿੰਘ ਡੋਗਰਾ (ਸਾਰੇ ਪੁਆੜੇ ਦੀ ਜੜ੍ਹ) ਨੂੰ ਹੀ ਬਣਾਏ ਜਾਣ ਦੇ ਵਿਰੋਧ ਵਿਚ ਗਿਆਨੀ ਜੀ ਨੇ ਸੰਧਾਵਾਲੀਏ ਭਰਾਵਾਂ ਨੂੰ ਵਿਅੰਗਮਈ ਗੁੱਝਾ ਇਸ਼ਾਰਾ ਕੀਤਾ, “ਸਰਦਾਰ ਸਾਹਿਬ, ਜੇ ਭਲਾ ਕੜਾਹਾ ਨਵਾਂ ਲੈਣਾ ਹੈ, ਤਦ ਕੜਛਾ ਪੁਰਾਣਾ ਕਾਹਨੂੰ ਰੱਖਣਾ ਹੈ?”
ਗਿਆਨੀ ਗੁਰਮੁਖ ਸਿੰਘ ਦੀ ਮਿਹਣੇ ਵਰਗੀ ਸਲਾਹ ਨੇ, ਹਮੇਸ਼ਾ ਨੀਚ ਗੋਦਾਂ ਗੁੰਦਣ ਵਾਲੇ ਦੀ ਅਲਖ ਮੁਕਾ ਦਿੱਤੀ।
ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਸਿਰ-ਧੜ ਦੀ ਬਾਜ਼ੀ ਲਾਉਣ ਵਾਲੇ ਬੱਬਰ ਅਕਾਲੀਆਂ ਦੇ ਸਿਰਕੱਢ ਆਗੂ ਬਾਬੂ ਧੰਨਾ ਸਿੰਘ ਨੂੰ ਕਿਸੇ ਅੰਗਰੇਜ਼ ਪੁਲਿਸ ਅਫ਼ਸਰ ਨੇ ਤਾਹਨਾ ਮਾਰਿਆ ਸੀ। ਇਸ ਦਲੇਰ ਮਰਦ ਬੱਬਰ ਨੇ ਐਲਾਨ ਕੀਤਾ ਹੋਇਆ ਸੀ ਕਿ ਪੁਲਿਸ ਉਸ ਨੂੰ ਜਿਉਂਦੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ; ਲੇਕਿਨ ਇਕ ਗੱਦਾਰ ਦੀ ਕਰਤੂਤ ਸਦਕਾ ਭਾਈ ਧੰਨਾ ਸਿੰਘ ਆਪਣੇ ਕੁੱਝ ਸਾਥੀਆਂ ਸਮੇਤ ਸੁੱਤੇ ਪਏ ਪੁਲਿਸ ਦੇ ਅੜਿੱਕੇ ਚੜ੍ਹ ਗਏ। ਬੱਬਰ ਦਾ ਪਿਸਤੌਲ ਵੀ ਉਸ ਗੱਦਾਰ ਨੇ ਸਰ੍ਹੋਂ ਦੇ ਤੇਲ ਵਿਚ ਭਿਉਂ ਕੇ ਨਕਾਰਾ ਕਰ ਦਿੱਤਾ ਹੋਇਆ ਸੀ। ਅੰਗਰੇਜ਼ ਪੁਲਿਸ ਦੀ ਧਾੜ ਨੇ ਤੁਰਤ-ਫੁਰਤ ਬਾਬੂ ਧੰਨਾ ਸਿੰਘ ਦੇ ਪੈਰੀਂ ਬੇੜੀਆਂ ਪਾ ਦਿੱਤੀਆਂ। ਦੋਹਾਂ ਹੱਥਾਂ ਨੂੰ ਹੱਥਕੜੀਆਂ ਵੀ ਲਗਾ ਦਿੱਤੀਆਂ। ਬੱਬਰ ਨੂੰ ਇੰਜ ਜਕੜਿਆ ਹੋਇਆ ਦੇਖ ਕੇ ਵੱਡਾ ਪੁਲਿਸ ਅਫ਼ਸਰ ਮੁਸਕਰਾਉਂਦਾ ਹੋਇਆ, ਉਹਦੇ ਮੋਢੇ ‘ਤੇ ਹੱਥ ਰੱਖ ਕੇ ਕਹਿੰਦਾ, “ਟੁਮ ਤੋ ਕਹਤਾ ਥਾ ਕਿ ਜੀਤੇ ਜੀ ਪਕੜਾ ਨਾ ਜਾਊਂਗਾ?”
ਫਿਰੰਗੀ ਅਫ਼ਸਰ ਦਾ ਇਹ ਤਾਹਨਾ ਸੁਣਦਿਆਂ ਸਾਰ ਗੁਰੂ ਕਾ ਲਾਲ ਸ਼ੇਰ ਵਾਂਗ ਗਰਜਿਆ, “ਹਾਂ, ਮੈਂ ਹੁਣ ਵੀ ਕਹਿੰਦਾ ਹਾਂ ਕਿ ਜਿਉਂਦਾ ਤੁਹਾਡੇ ਹੱਥ ਨਹੀਂ ਆਵਾਂਗਾ।”
ਇਸ ਤੋਂ ਪਹਿਲਾਂ ਕਿ ਬੱਬਰ ਦੀ ਇਸ ਦਹਾੜ ਦਾ ਪੁਲਸੀਏ ਕੋਈ ਅਰਥ ਕੱਢਦੇ, ਬੱਬਰ ਨੇ ਆਪਣੀਆਂ ਕੱਛਾਂ ‘ਚ ਲੁਕਾ ਕੇ ਰੱਖਿਆ ਬੰਬ, ਜ਼ੋਰ ਨਾਲ ਬਾਹਾਂ ਘੁੱਟਦਿਆਂ ਚਲਾ ਦਿੱਤਾ।æææਬੱਬਰ ਆਪਣਾ ਪ੍ਰਣ ਪੁਗਾ ਗਿਆ ਅਤੇ ਨਾਲ ਲਗਦੇ ਦੋ-ਚਾਰ ਪੁਲਸੀਏ ਵੀ ਗੱਡੀ ਚਾੜ੍ਹ ਗਿਆ।
ਪੰਜਾਬ ਦੇ ਅਠ੍ਹਾਰਵੀਂ ਸਦੀ ਦੇ ਇਤਿਹਾਸ ਵਿਚੋਂ ਵੀ ਇਕ ਵੀਰ ਗਾਥਾ ‘ਤਾਹਨੇ’ ਤੋਂ ਹੀ ਸ਼ੁਰੂ ਹੁੰਦੀ ਹੈ। ਸਰਕਾਰ ਦੇ ਕਹਿਰ ਤੋਂ ਬਚਾਅ ਲਈ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਦਿਨ ਦੇ ਸਮੇਂ ਕਿਤੇ ਝਾੜਾਂ-ਝੂੰਡਿਆਂ ਵਿਚ ਟਿਕੇ ਬੈਠੇ ਸਨ। ਉਥੋਂ ਹਟਵਾਂ ਰਾਹ ਵਗਦਾ ਸੀ। ਉਹ ਦੋਵੇਂ ਜਣੇ ਕਿਤੇ ਰਾਹੀਆਂ ਦੇ ਨਜ਼ਰੀਂ ਪੈ ਗਏ। ਰਾਹੀ ਆਪਸ ਵਿਚੀਂ ਜੋ ਗੱਲਾਂ-ਬਾਤਾਂ ਕਰਦੇ ਜਾ ਰਹੇ ਸਨ, ਛਹਿ ਲਾ ਕੇ ਬੈਠੇ, ਇਨ੍ਹਾਂ ਦੋਹਾਂ ਦੇ ਕੰਨੀਂ ਪੈ ਰਹੀਆਂ ਸਨ, “ਅਹੁ ਦੇਖ ਬਈ ਦੋ ਸਿੰਘ।” ਇਕ ਜਣਾ ਦੂਜੇ ਨੂੰ ਦੱਸਦਾ ਹੈ।
“ਨਹੀਂ ਯਾਰæææ।” ਦੂਜਾ ਉਨ੍ਹਾਂ ਵੱਲ ਸਰਸਰੀ ਜਿਹੀ ਨਜ਼ਰ ਮਾਰਦਿਆਂ ਕਹਿੰਦਾ ਹੈ, “ਸਿੰਘ ਕਦੇ ਇੱਦਾਂ ਲੁਕ-ਛਿਪ ਕੇ ਥੋੜ੍ਹੀ ਰਹਿੰਦੇ ਨੇæææਇਹ ਕੋਈ ਬਹਿਰੂਪੀਏ ਹੋਣਗੇ।”
ਮੁਸਾਫਰਾਂ ਵੱਲੋਂ ਵਰਤਿਆ ਗਿਆ ਲਫਜ਼ ਬਹਿਰੂਪੀਏ ਦੋਹਾਂ ਸੂਰਮਿਆਂ ਦਾ ਸੀਨਾ ਚੀਰ ਗਿਆ। ਦੋਵੇਂ ਬਹਾਦਰ ਛਾਲਾਂ ਮਾਰ ਕੇ ਆਪਣੀ ਛੁਪਣਗਾਹ ਤੋਂ ਬਾਹਰ ਨਿਕਲ ਆਏ। ਅਣਜਾਣੇ ਮੁਸਾਫਰਾਂ ਦੇ ਮਾਰੇ ਹੋਏ ਤਾਹਨੇ ਸਦਕਾ ਉਨ੍ਹਾਂ ਜੋਸ਼ੀਲੇ ਸ਼ਬਦਾਂ ਵਿਚ ਲਾਹੌਰ ਦੇ ਹਾਕਮ ਨੂੰ ਕੁਝ ਇਹੋ ਜਿਹੀਆਂ ਸਤਰਾਂ ਲਿਖੀਆਂ ਸਨ,
ਮੇਰਾ ਨਾਮ ਹੈ ਸਿੰਘ ਬੋਤਾ
ਹੱਥ ਵਿਚ ਸੋਟਾ ਮੋਟਾ।
ਲੈ ਕੇ ਰਾਹ ਦੇ ਵਿਚ ਖਲੋਤਾ
ਆਨਾ ਲੱਗੇ ਗੱਡੇ ਨੂੰ
ਪੈਸਾ ਲਾਗੇ ਖੋਤਾ।
ਕਹਿ ਦਿਉ ਭਾਬੀ ਖਾਨੋ ਨੂੰ
ਤੇਰਾ ਦੇਵਰ ਹੈ ਸਿੰਘ ਬੋਤਾ।
ਅਣਿਆਲੇ ਤੀਰਾਂ ਵਾਂਗ ਜ਼ਮੀਰ ਨੂੰ ਹਲੂਣਦੇ ਉਨ੍ਹਾਂ ਤਾਹਨਿਆਂ-ਨਿਹੋਰਿਆਂ ਨੂੰ ਖਿੜੇ ਮੱਥੇ ਸਵੀਕਾਰਨਾ ਚਾਹੀਦਾ ਹੈ ਜਿਨ੍ਹਾਂ ਸਦਕਾ ਇਨਸਾਨੀਅਤ ਦਾ ਕੋਈ ਭਲਾ ਹੁੰਦਾ ਹੋਵੇ, ਜਾਂ ਫਿਰ ਕੌਮੀ ਸਵੈਮਾਣ ਪ੍ਰਚੰਡ ਹੁੰਦਾ ਹੋਵੇ।

Be the first to comment

Leave a Reply

Your email address will not be published.