ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ

ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਸਹਿਬਾਨ ਨੇ ‘ਧੁਰਿ ਕੀ ਬਾਣੀ’ ਦੀ ਰਚਨਾ ਆਮ ਮਨੁੱਖ ਦੇ ਕਲਿਆਣ ਹਿਤ ਆਮ ਲੋਕਾਂ ਦੀ ਬੋਲੀ ਜਾਣ ਵਾਲੀ ਭਾਸ਼ਾ ਵਿਚ ਕੀਤੀ ਹੈ। ਗੁਰਮਤਿ ਵਿਚਾਰਧਾਰਾ ਨੂੰ ਆਮ ਲੋਕਾਈ ਨੂੰ ਸਮਝਾਉਣ ਹਿਤ ਸਿਧਾਂਤਾਂ ਨੂੰ ਸਰਲ ਅਤੇ ਸਪੱਸ਼ਟ ਕਰਨ ਲਈ ਉਦਾਹਰਣਾਂ ਜਾਂ ਹਵਾਲੇ ਵੀ ਲੋਕਾਂ ਦੇ ਆਮ ਜੀਵਨ ਅਤੇ ਕਿੱਤਿਆਂ-ਕੰਮਾਂ ਵਿਚੋਂ ਲਏ ਹਨ। ਖੇਤੀ ਜਾਂ ਵਪਾਰ ਵੀ ਉਸ ਵੇਲੇ ਦੇ ਆਮ ਪ੍ਰਚਲਿਤ ਕਿੱਤਿਆਂ ਵਿਚੋਂ ਰਹੇ ਹਨ। ਇਥੇ ਵੀ ਕਰਤਾ ਪੁਰਖ ਦਾ ਸ੍ਰਿਸ਼ਟੀ ਜਾਂ ਮਨੁੱਖ ਨਾਲ ਰਿਸ਼ਤਾ ਸਮਝਾਉਣ ਲਈ ਗੁਰੂ ਰਾਮਦਾਸ ਜੀ ਨੇ ਖੇਤੀ ਵਿਚੋਂ ਉਦਾਹਰਣ ਲਈ ਹੈ। ਖੇਤੀ ਇੱਕ ਐਸਾ ਕਿੱਤਾ ਹੈ ਜਿਸ ਦਾ ਆਪਣੇ ਮਾਲਕ ਭਾਵ ਖੇਤੀ ਕਰਨ ਵਾਲੇ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਜੋ ਮਾਲਕ ਦੀ ਹਰਦਮ ਹਾਜ਼ਰੀ ਦੀ ਮੰਗ ਕਰਦਾ ਹੈ। ਇਸੇ ਲਈ ਪੰਜਾਬੀ ਦਾ ਮਸ਼ਹੂਰ ਮੁਹਾਵਰਾ ਵੀ ਸ਼ਾਇਦ ਇਸੇ ਗੂੜ੍ਹੇ ਸਬੰਧ ਵਿਚੋਂ ਬਣਿਆ ਹੈ, “ਖੇਤੀ ਖਸਮਾ ਸੇਤੀ।”
ਗੁਰਮਤਿ ਦਾ ਮਾਰਗ ਨਾਮ ਦਾ ਮਾਰਗ ਹੈ ਜਿਸ ਵਿਚ ਅਕਾਲ ਪੁਰਖ ਦੇ ਗੁਣਾਂ ਦਾ ਸਿਮਰਨ ਹਰ ਸਮੇਂ ਕਰਦੇ ਰਹਿਣ ਅਤੇ ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣ ਦਾ ਅਦੇਸ਼ ਕੀਤਾ ਹੈ। ਮਨੁੱਖ ਦੇ ਜੀਵਨ ਦਾ ਮਕਸਦ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਸਿਮਰਦੇ ਹੋਏ ਉਸ ਨਾਲ ਮੇਲ ਪੈਦਾ ਕਰਨ ਦਾ ਹੈ ਜਿਸ ਨੂੰ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਨੇ ‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ’ ਕਿਹਾ ਹੈ। ਇਸ ਸਲੋਕ ਵਿਚ ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਇਹ ਸੰਸਾਰ ਉਸ ਅਕਾਲ ਪੁਰਖ ਦਾ ਖੇਤ ਹੈ ਜਿਸ ਵਿਚ ਉਸ ਨੇ ਜੀਵਾਂ ਨੂੰ ਵਾਹੀ ਦੇ ਕੰਮ ਵਿਚ ਲਾਇਆ ਹੋਇਆ ਹੈ ਅਰਥਾਤ ਨਾਮ ਬੀਜਣ ਭਾਵ ਨਾਮ ਜਪਣ ਦੇ ਕੰਮ ਲਾਇਆ ਹੋਇਆ ਹੈ। ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲੇ ਮਨੁੱਖ ਅਰਥਾਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ, ਗੁਰੂ ਵੱਲ ਮੂੰਹ ਕਰਕੇ ਚੱਲਣ ਵਾਲੇ ਮਨੁੱਖਾਂ ਨੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਆਪਣੀ ਖੇਤੀ ਉਗਾ ਲਈ ਹੈ ਪਰ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ (ਮਨਮੁੱਖ) ਭੁੱਲੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੇ ਆਪਣਾ ਮੂਲ ਵੀ ਗਵਾ ਲਿਆ ਹੈ ਅਰਥਾਤ ਇਹ ਜਨਮ ਨਾਮ ਤੋਂ ਬਿਨਾ ਅਜਾਈਂ ਗੰਵਾ ਲਿਆ ਹੈ। ਹਰ ਮਨੁੱਖ ਆਪਣੀ ਭਲਾਈ ਦੀ ਖਾਤਰ ਖੇਤ ਬੀਜਦਾ ਹੈ ਪਰ ਉਹੀ ਖੇਤ ਚੰਗੀ ਤਰ੍ਹਾਂ ਜੰਮਦਾ ਹੈ ਜਿਸ ‘ਤੇ ਅਕਾਲ ਪੁਰਖ ਦੀ ਮਿਹਰ ਹੋਵੇ। ਅਕਾਲ ਪੁਰਖ ਦੀ ਮਿਹਰ ਦੇ ਮਰਮ ਨੂੰ ਸਮਝਦੇ ਹੋਏ ਗੁਰੂ ਦੇ ਸਿੱਖ ਅਮਰ ਜੀਵਨ ਦੀ ਬਖਸ਼ਿਸ਼ ਕਰਨ ਵਾਲੇ ਉਸ ਅਕਾਲ ਪੁਰਖ ਦਾ ਨਾਮ ਰੂਪੀ ਅੰਮ੍ਰਿਤ ਬੀਜਦੇ ਹਨ ਅਤੇ ਉਨ੍ਹਾਂ ਨੂੰ ਪਰਮਾਤ-ਨਾਮ ਰੂਪੀ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ,
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ॥
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ॥
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ॥
ਚੂਹਾ ਕਿਰਸਾਨ ਦੀ ਫਸਲ ਦਾ ਵੈਰੀ ਹੁੰਦਾ ਹੈ ਕਿਉਂਕਿ ਉਹ ਬਾਹਰ ਖੜੀ ਫਸਲ ਦਾ ਵੀ ਨੁਕਸਾਨ ਕਰਦਾ ਹੈ ਅਤੇ ਘਰ ਪਏ ਅਨਾਜ ਨੂੰ ਵੀ ਖਾਂਦਾ ਹੈ। ਚੂਹੇ ਦੇ ਦ੍ਰਿਸ਼ਟਾਂਤ ਰਾਹੀਂ ਦੱਸਿਆ ਹੈ ਕਿ ਜਮ ਰੂਪ ਚੂਹਾ ਹਰ ਰੋਜ ਜੀਵ ਰੂਪ ਕਿਸਾਨ ਦੀ ਫਸਲ ਨੂੰ ਟੁੱਕਦਾ ਰਹਿੰਦਾ ਹੈ, ਉਹ ਗੁਰਸਿੱਖਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਕਰਤਾ ਪੁਰਖ ਨੇ ਮਾਰ ਕੇ ਕੱਢ ਦਿੱਤਾ ਹੈ ਅਰਥਾਤ ਉਹ ਮਾਇਆ ਵਾਲੇ ਪਾਸੇ ਤੋਂ ਨਿਰਲੇਪ ਹੋ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦੀ ਫਸਲ ਪ੍ਰੇਮ ਨਾਲ ਭਾਵ ਖੂਬ ਚੰਗੀ ਤਰ੍ਹਾਂ ਉਗਦੀ ਹੈ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਦਾ ਬੋਹਲ ਲੱਗ ਜਾਂਦਾ ਹੈ। ਅਜਿਹੇ ਗੁਰਮੁਖ ਜਿਹੜੇ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਮਨ ਦੀ ਹਰ ਚਿੰਤਾ ਅਤੇ ਝੋਰਾ ਅਕਾਲ ਪੁਰਖ ਦੂਰ ਕਰ ਦਿੰਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਮਨੁੱਖ ਅਕਾਲ ਪੁਰਖ ਦਾ ਨਾਮ ਜਪਦੇ ਹਨ ਉਹ ਇਸ ਸੰਸਿਆਂ ਭਰੇ ਸੰਸਾਰ ਸਮੁੰਦਰ ਨੂੰ ਆਪ ਵੀ ਤਰ ਜਾਂਦੇ ਹਨ ਅਤੇ ਦੂਸਰਿਆਂ ਨੂੰ ਵੀ ਤਾਰ ਦਿੰਦੇ ਹਨ,
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ॥
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲੁ ਬਖਸ ਜਮਾਇਆ॥
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ॥
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ॥੧॥ (ਪੰਨਾ ੩੦੪)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਮਨਮੁਖਾਂ ਦਾ ਹਾਲ ਦੱਸਦੇ ਹਨ ਕਿ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਚਲਦੇ ਹਨ, ਉਨ੍ਹਾਂ ਦਾ ਕੀ ਹਾਲ ਹੁੰਦਾ ਹੈ ਅਤੇ ਕਿਹੋ ਜਿਹੀ ਅਵਸਥਾ ਵਿਚ ਜੀਵਨ ਬਸਰ ਕਰਦੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਹਨ ਉਹ ਲਾਲਚ ਵਿਚ ਲਿੱਬੜੇ ਹੋਏ, ਨਾਮ ਤੋਂ ਵਿਰਵੇ ਸਾਰਾ ਦਿਨ ਹੋਰ ਹੋਰ ਗੱਲਾਂ ਕਰਦੇ ਰਹਿੰਦੇ ਹਨ। ਉਹ ਦਿਨ ਦਾ ਥੱਕਿਆ-ਹਾਰਿਆ ਰਾਤ ਨੂੰ ਨੀਂਦ ਵਿਚ ਦੱਬ ਕੇ ਸੌਂ ਜਾਂਦਾ ਹੈ ਅਤੇ ਉਸ ਦੇ ਸਾਰੇ ਦੇ ਸਾਰੇ ਨੌਂ ਇੰਦਰੇ ਢਿੱਲ੍ਹੇ ਪੈ ਜਾਂਦੇ ਹਨ। ਮਨ ਦੇ ਮਗਰ ਲੱਗ ਕੇ ਚੱਲਣ ਵਾਲੇ ਮਨੁੱਖਾਂ ਦੇ ਸਿਰ ‘ਤੇ ਇਸਤਰੀਆਂ ਦਾ ਹੁਕਮ ਚੱਲਦਾ ਹੈ ਅਤੇ ਉਹ ਉਨ੍ਹਾਂ ਲਈ ਹੀ ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦਿੰਦੇ ਹਨ। ਜੋ ਮਨੁੱਖ ਸਦਾ ਇਸਤਰੀਆਂ ਦੇ ਆਖੇ ਹੀ ਸਭ ਕੁਝ ਕਰਦੇ ਹਨ, ਭਾਵ ਕਿਸੇ ਚੰਗੇ ਕੰਮ ਲਈ ਉਨ੍ਹਾਂ ਦੀ ਸਲਾਹ ਨਹੀਂ ਲੈਂਦੇ ਪਰ ਜਿਵੇਂ ਉਹ ਕਹਿਣ ਉਵੇਂ ਹੀ ਕਰਦੇ ਹਨ, ਉਹ ਮਲੀਨ-ਮਤਿ ਬੁਧ-ਹੀਣ ਅਤੇ ਮੂਰਖ ਹੁੰਦੇ ਹਨ ਕਿਉਂਕਿ ਉਹ ਵਿਸ਼ੇ-ਵਾਸ਼ਨਾ ਦੇ ਮਾਰੇ ਹੋਏ ਗੰਦੇ ਆਚਰਨ ਦੇ ਮਨੁੱਖ ਹੁੰਦੇ ਹਨ, ਉਹ ਹੀ ਇਸਤਰੀਆਂ ਦੇ ਕਹੇ ਵਿਚ ਤੁਰਦੇ ਹਨ।
ਸੱਚਾ ਅਤੇ ਚੰਗਾ ਮਨੁੱਖ ਉਹ ਹੈ ਜੋ ਸਤਿਗੁਰੂ ਦੇ ਹੁਕਮ ਵਿਚ ਚੱਲਦਾ ਹੈ। ਇਸਤਰੀ ਤੇ ਪੁਰਸ਼ ਦੋਵੇਂ ਹੀ ਕਰਤਾ ਪੁਰਖ ਨੇ ਆਪ ਪੈਦਾ ਕੀਤੇ ਹਨ ਅਤੇ ਇਹ ਸਾਰਾ ਖੇਲ ਉਸੇ ਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਾਰੀ ਬਣਤ ਉਸ ਅਕਾਲ ਪੁਰਖ ਨੇ ਹੀ ਬਣਾਈ ਹੈ, ਉਹ ਜੋ ਕੁਝ ਵੀ ਕਰਦਾ ਹੈ, ਸਭ ਭਲਾ ਹੈ,
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ॥
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ॥
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ॥
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ॥
ਕਾਮਿ ਵਿਆਪੇ ਕੁਸੁਧੁ ਨਰ ਸੇ ਜੋਰਾ ਪੁਛਿ ਚਲਾ॥
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ॥
ਜੋਰਾ ਪੁਰਖ ਸਭਿ ਆਪਿ ਉਪਾਇਨੁ ਹਰਿ ਖੇਲ ਸਭਿ ਖਿਲਾ॥
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ॥੨॥ (ਪੰਨਾ ੩੦੪)
ਨੌਵੀਂ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਨੇ ਬਾਣੀ ਨੂੰ ਸਤਿ-ਸਰੂਪ ਅਰਥਾਤ ਅਕਾਲ ਪੁਰਖ ਦਾ ਸਰੂਪ ਕਿਹਾ ਹੈ। ਸਤਿ ਅਕਾਲ ਪੁਰਖ ਦਾ ਗੁਣ ਹੈ ਜੋ ਉਸ ਦੀ ਸਦੀਵੀ ਹੋਂਦ ਦਾ ਲਖਾਇਕ ਹੈ। ਬਾਣੀ ਦਾ ਸਰੂਪ ਵੀ ਸਤਿ ਹੈ, ਇਸ ਦੀ ਹੋਂਦ ਵੀ ਸਦੀਵੀ ਹੈ, ਸ਼ਬਦ ਸਦੀਵੀ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦਾ।
ਗੁਰੂ ਰਾਮਦਾਸ ਕਹਿੰਦੇ ਹਨ ਕਿ ਅਕਾਲ ਪੁਰਖ ਵੇਪਰਵਾਹ, ਅਥਾਹ ਅਤੇ ਅਤੋਲ ਹੈ। ਉਹ ਨਾਪ ਤੋਲ ਦੇ ਕਿਸੇ ਵੀ ਪੈਮਾਨੇ ਤੋਂ ਉਤੇ ਹੈ। ਜਿਨ੍ਹਾਂ ਨੂੰ ਸਤਿਗੁਰ ਮਿਲ ਜਾਂਦਾ ਹੈ ਉਹ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਅਤੇ ਜਿਹੜੇ ਸਿਮਰਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ਅਰਥਾਤ ਸਤਿਗੁਰੁ ਨੂੰ ਮਿਲ ਪੈਣਾ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਸਤਿਗੁਰੁ ਤੋਂ ਅਕਾਲ ਪੁਰਖ ਤੱਕ ਪਹੁੰਚਣ ਦਾ ਰਸਤਾ ਪਤਾ ਲੱਗਦਾ ਹੈ। ਸਤਿਗੁਰੁ ਧੁਰ ਕੀ ਬਾਣੀ ਨੂੰ, ਸ਼ਬਦ ਨੂੰ ਆਮ ਲੋਕਾਈ ਤੱਕ ਪਹੁੰਚਾਉਣ ਦਾ ਮਾਧਿਅਮ ਹੈ, ਬਾਣੀ ਦੇ ਪ੍ਰਕਾਸ਼ਨ ਦਾ ਮਾਧਿਅਮ ਹੈ। ਸਤਿਗੁਰੁ ਦੀ ਬਾਣੀ ਸੱਚੇ ਕਰਤਾ ਪੁਰਖ ਦਾ ਸਰੂਪ ਹੈ ਅਤੇ ਸਤਿਗੁਰੁ ਦੀ ਬਾਣੀ ਰਾਹੀਂ ਸਤਿ-ਸਰੂਪ ਬਣ ਜਾਈਦਾ ਹੈ, ਉਸ ਸੱਚੇ ਨੂੰ ਪ੍ਰਾਪਤ ਕਰ ਲਈਦਾ ਹੈ। ਭਾਵ ਬਾਣੀ ਰਾਹੀਂ ਉਸ ਸਭ ਦੇ ਮਾਲਕ ਪਰਮਾਤਮਾ ਦੇ ਨਾਮ ਸਿਮਰਨ ਦਾ ਰਸਤਾ ਪਤਾ ਲਗਦਾ ਹੈ ਅਤੇ ਉਸ ਦੇ ਨਾਮ ਸਿਮਰਨ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਰਾਹੀਂ ਉਸ ਵਰਗੇ ਅਧਿਆਤਮਕ ਗੁਣ ਪ੍ਰਾਪਤ ਕਰਕੇ ਉਸ ਵਰਗੇ ਹੋ ਜਾਈਦਾ ਹੈ। (ਗੁਰੂ ਨਾਨਕ ਸਾਹਿਬ ਵੱਲੋਂ ਭਾਈ ਲਹਿਣੇ ਨੁੰ ਗੁਰਗੱਦੀ ਦੇ ਕੇ ਗੁਰੂ ਅੰਗਦ ਬਣਾਉਣ ਦੇ ਸਮੇਂ ਤੋਂ ਗੁਰੂ ਘਰ ਦੀ ਵਿਰੋਧਤਾ ਗੁਰੂ-ਪਰਿਵਾਰ ਵਿਚੋਂ ਹੀ ਸ਼ੁਰੂ ਹੋ ਗਈ ਸੀ। ਇਸੇ ਵਿਰੋਧਤਾ ਵਿਚੋਂ ਹੌਲੀ ਹੌਲੀ ‘ਨਾਨਕ’ ਛਾਪ ਹੇਠਾਂ ਵਿਰੋਧੀਆਂ ਵੱਲੋਂ ‘ਕੱਚੀ ਬਾਣੀ’ ਦੀ ਰਚਨਾ ਸ਼ੁਰੂ ਹੋ ਗਈ ਸੀ। ਇਸੇ ਤੋਂ ਸਾਵਧਾਨ ਕਰਦਿਆਂ ਗੁਰੂ ਅਮਰਦਾਸ ਰਾਗ ਰਾਮਕਲੀ ਵਿਚ ‘ਅਨੰਦ’ ਬਾਣੀ ਵਿਚ ਅਦੇਸ਼ ਕਰਦੇ ਹਨ ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥’ ਅਤੇ ‘ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥’)
ਗੁਰੂ ਰਾਮਦਾਸ ਇਥੇ ਜਗਿਆਸੂ ਨੂੰ ਸਾਵਧਾਨ ਕਰਦੇ ਹਨ ਕਿ ਸਤਿਗੁਰੁ ਦੀ ਰੀਸੇ ਹੋਰ ਕੂੜ ਦੇ ਵਪਾਰੀ ਵੀ ਬਾਣੀ ਉਚਾਰਦੇ ਹਨ ਪਰ ਉਹ ਬਾਣੀ ਨਹੀਂ ਹੈ, ਕਚੁ ਪਿਚੁ ਅਰਥਾਤ ਕੂੜ ਹੈ। ਉਨ੍ਹਾਂ ਦੇ ਹਿਰਦੇ ਵਿਚ ਵੀ ਕੂੜ ਹੈ ਅਤੇ ਕੂੜ ਹੋਣ ਕਰਕੇ ਉਹ ਝੜ ਪੈਂਦੇ ਹਨ ਅਰਥਾਤ ਸਤਿਗੁਰੁ ਦੇ ਬਰਾਬਰ ਨਹੀਂ ਠਹਿਰ ਸਕਦੇ ਅਤੇ ਉਨ੍ਹਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਦੇ ਅੰਦਰ ਕੁਝ ਹੋਰ ਹੁੰਦਾ ਹੈ ਅਤੇ ਮੂੰਹ ‘ਤੇ ਕੁਝ ਹੋਰ। ਉਹ ਮਾਇਆ ਦੀ ਖਾਤਰ, ਮਾਇਆ ਨੂੰ ਇਕੱਠੀ ਕਰਨ ਲਈ ਝੂਰਦੇ ਅਤੇ ਖਪ ਖਪ ਮਰਦੇ ਹਨ,
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ॥
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ॥
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥੯॥ (ਪੰਨਾ ੩੦੪)
ਸਿੱਖ ਧਰਮ ਚਿੰਤਨ ਵਿਚ ਸੇਵਾ ਨੂੰ ਬਹੁਤ ਵੱਡਾ ਸਥਾਨ ਪ੍ਰਾਪਤ ਹੈ ਖਾਸ ਕਰਕੇ ਸੰਗਤ ਦੀ ਸੇਵਾ ਅਤੇ ਸਤਿਗੁਰੁ ਦੀ ਸੇਵਾ। ਸਤਿ, ਸੰਤੋਖ, ਦਇਆ, ਪਰਉਪਕਾਰ ਅਤੇ ਹਲੀਮੀ ਆਦਿ ਸਦਾਚਾਰਕ ਗੁਣ ਜਿਨ੍ਹਾਂ ਨੂੰ ਸਿੱਖ ਧਰਮ ਵਿਚ ਬਹੁਤ ਉਚਾ ਸਥਾਨ ਪ੍ਰਾਪਤ ਹੈ, ਨੂੰ ਪ੍ਰਾਪਤ ਕਰਨ ਦਾ ਸੇਵਾ ਇੱਕ ਬਹੁਤ ਵੱਡਾ ਅਤੇ ਸਮਰੱਥ ਸਾਧਨ ਹੈ। ਗੁਰੂ ਜਾਂ ਸਤਿਗੁਰੁ ਦੀ ਸੇਵਾ ਦਾ ਅਰਥ ਹੈ ਸਤਿਗੁਰੁ ਨੇ ਜੋ ਰਸਤਾ ਦਿਖਾਇਆ ਹੈ, ਉਸ ‘ਤੇ ਚੱਲਣਾ ਹੀ ਸਤਿਗੁਰੁ ਦੀ ਸੇਵਾ ਹੈ। ਇਹੀ ਸ਼ਬਦ ਦੀ ਜਾਂ ਬਾਣੀ ਦੀ ਸੇਵਾ ਹੈ। ਸਿੱਖ ਵਾਸਤੇ ਬਾਣੀ ਹੀ ਗੁਰੂ ਹੈ ਅਤੇ ਗੁਰੂ ਬਾਣੀ ਹੈ।
ਇਸ ਸਲੋਕ ਵਿਚ ਗੁਰੂ ਰਾਮਦਾਸ ਜੀ ਇਸੇ ਸੇਵਾ ਦੀ ਗੱਲ ਕਰ ਰਹੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਸਤਿਗੁਰੁ ਦੀ ਸੇਵਾ ਅਰਥਾਤ ਸਤਿਗੁਰੁ ਦੇ ਦੱਸੇ ਹੋਏ ਰਸਤੇ ‘ਤੇ ਚੱਲਣਾ ਪਵਿੱਤਰ ਕਰਮ ਹੈ ਅਤੇ ਇਸ ਨੂੰ ਉਹ ਮਨੁੱਖ ਹੀ ਕਰਦਾ ਹੈ ਜਿਸ ਦਾ ਆਪਣਾ ਹਿਰਦਾ ਪਵਿੱਤਰ ਹੈ, ਜੋ ਅੰਦਰੋਂ ਆਪ ਮੈਲਾ ਨਾ ਹੋਵੇ, ਜਿਸ ਅੰਦਰ ਛਲ-ਕਪਟ ਆਦਿ ਮਾਇਆਵੀ ਮੈਲ ਨਾ ਹੋਵੇ, ਜਿਸ ਦਾ ਆਪਣਾ ਹਿਰਦਾ ਸ਼ੁਧ ਹੋਵੇ। ਕਰਤਾ ਪੁਰਖ ਸਭ ਕੁਝ ਜਾਣਦਾ ਹੈ। ਇਸ ਲਈ ਜਿਨ੍ਹਾਂ ਦੇ ਅੰਦਰ ਛਲ, ਕਪਟ ਅਤੇ ਹੋਰ ਵਿਕਾਰਾਂ ਦੀ ਮੈਲ ਭਰੀ ਹੈ, ਅਕਾਲ ਪੁਰਖ ਉਨ੍ਹਾਂ ਨੂੰ ਪਛਾਣ ਲੈਂਦਾ ਹੈ ਅਤੇ ਸੱਚਿਆਂ ਨਾਲੋਂ ਨਿਖੇੜ ਕੇ ਆਪ ਹੀ ਬਾਹਰ ਕੱਢ ਦਿੰਦਾ ਹੈ, ਅਰਥਾਤ ਅਜਿਹੇ ਮਨੁੱਖ ਸੱਚਿਆਂ ਵਿਚ ਨਹੀਂ ਰਲ ਸਕਦੇ, ਵੱਖਰੇ ਹੀ ਪਛਾਣੇ ਜਾਂਦੇ ਹਨ। ਸਚਿਆਰ ਸਿੱਖ ਅਰਥਾਤ ਸਤਿਗੁਰੁ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਸਿੱਖ ਸਤਿਗੁਰੂ ਦੀ ਸੰਗਤਿ ਵਿਚ ਰਹਿ ਕੇ ਘਾਲ-ਕਮਾਈ ਕਰਦੇ ਹਨ, ਸ਼ਬਦ ਦੀ ਸੇਵਾ ਕਮਾਉਂਦੇ ਹਨ ਅਤੇ ਝੂਠ ਦੇ ਵਪਾਰੀ ਉਥੇ ਲੱਭਿਆਂ ਵੀ ਨਹੀਂ ਲੱਭਦੇ,
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ॥
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ॥
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ॥
ਇਸੇ ਸਲੋਕ ਵਿਚ ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੁ ਦੇ ਬਚਨ ਚੰਗੇ ਨਹੀਂ ਲੱਗਦੇ, ਗੁਰੂ ਦੀ ਸਿੱਖਿਆ ਸੁਣਨੀ ਚੰਗੀ ਨਹੀਂ ਲੱਗਦੀ ਉਨ੍ਹਾਂ ਦੇ ਚਿਹਰੇ ਭ੍ਰਿਸ਼ਟੇ ਹੋਏ ਹੁੰਦੇ ਹਨ ਅਰਥਾਤ ਉਨ੍ਹਾਂ ਦੇ ਮੂੰਹ ‘ਤੇ ਮਾਲਕ ਅਕਾਲ ਪੁਰਖ ਕੋਲੋਂ ਫਿਟਕਾਰ ਪੈਂਦੀ ਹੈ। ਜਿਨ੍ਹਾਂ ਦੇ ਅੰਦਰ ਸਤਿਗੁਰੁ ਲਈ ਪ੍ਰੇਮ ਨਹੀਂ ਹੈ, ਉਨ੍ਹਾਂ ਨੂੰ ਕਦੋਂ ਤੱਕ ਧੀਰਜ ਦਿੱਤੀ ਜਾ ਸਕਦੀ ਹੈ, ਉਹ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਬੇਥਵੇ ਹਨ। ਪਰ ਜਿਹੜੇ ਸਤਿਗੁਰੁ ਨੂੰ ਮਿਲਦੇ ਹਨ, ਸਤਿਗੁਰੁ ਦੀ ਸੰਗਤਿ ਕਰਦੇ ਹਨ, ਉਨ੍ਹਾਂ ਦਾ ਮਨ ਟਿਕਿਆ ਹੁੰਦਾ ਹੈ, ਉਹ ਆਪਣੀ ਵਸਤੂ ਨੂੰ ਆਪ ਹੀ ਵਰਤਦੇ ਹਨ ਅਰਥਾਤ ਮਨ ਦੇ ਵਿਕਾਰ ਉਨ੍ਹਾਂ ਦੇ ਆਤਮਕ ਅਨੰਦ ਨੂੰ ਵਿਚਲਤ ਨਹੀਂ ਕਰ ਸਕਦੇ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਇਹ ਸਭ ਕੁਝ ਮਨੁੱਖ ਦੇ ਵੱਸ ਨਹੀਂ, ਉਸ ਅਕਾਲ ਪੁਰਖ ਦੀ ਮਿਹਰ ਨਾਲ ਜੁੜਿਆ ਹੋਇਆ ਹੈ। ਇੱਕ ਅਜਿਹੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਗੁਰੂ ਨਾਲ ਮੇਲ ਦਿੰਦਾ ਹੈ ਅਤੇ ਉਹ ਆਤਮਕ ਅਨੰਦ ਮਾਣਦੇ ਹਨ ਅਤੇ ਇੱਕ ਉਹ ਹਨ ਜੋ ਠੱਗੀ ਮਾਰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖ ਆਪ ਹੀ ਕੱਢ ਕੇ ਬਾਹਰ ਸੁੱਟ ਦਿੰਦਾ ਹੈ, ਅਲੱਗ ਕਰ ਦਿੰਦਾ ਹੈ,
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ॥
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ॥
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ॥
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ॥੧॥ (ਪੰਨਾ ੩੦੪-੫)

Be the first to comment

Leave a Reply

Your email address will not be published.