ਜਹਾਜ਼ ਹਾਦਸਾ: ਅਮਰੀਕਾ ਤੇ ਰੂਸ ਵਿਚਾਲੇ ਸ਼ਬਦੀ ਜੰਗ ਤੇਜ਼

ਵਾਸ਼ਿੰਗਟਨ: ਮਲੇਸ਼ੀਆ ਦੇ ਹਾਦਸਾਗ੍ਰਸਤ ਜਹਾਜ਼ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚਕਾਰ ਸ਼ਬਦੀ ਜੰਗ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਰੂਸ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿਚ ਉਨ੍ਹਾਂ ਜਹਾਜ਼ ਨੂੰ ਡੇਗਣ ਲਈ ਰੂਸ ਪੱਖੀ ਬਾਗ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਬਕੋਵ ਨੇ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕੀਤੇ ਬਿਨਾਂ ਬਾਗ਼ੀਆਂ ਤੇ ਰੂਸ ਨੂੰ ਜਹਾਜ਼ ਹਾਦਸੇ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਉਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਜਿਸ ਇਲਾਕੇ ਤੋਂ ਮਿਸਾਈਲ ਦਾਗੀ ਗਈ ਉਹ ਇਲਾਕਾ ਰੂਸ ਦੇ ਕੰਟ੍ਰੋਲ ਵਿਚ ਹੈ। ਓਬਾਮਾ ਦਾ ਕਹਿਣਾ ਹੈ ਕਿ ਇਹ ਮੰਨਣਾ ਔਖਾ ਹੈ ਕਿ ਵਿਦਰੋਹੀਆਂ ਦੇ ਜਿਸ ਇਲਾਕੇ ਤੋਂ ਮਿਸਾਈਲ ਦਾਗੀ ਗਈ ਉਹ ਰੂਸ ਦੀ ਸਹਾਇਤਾ ਦੇ ਬਿਨਾਂ ਸੰਭਵ ਹੋਵੇ। ਓਬਾਮਾ ਨੇ ਸਾਫ਼ ਕਿਹਾ ਕਿ ਉਸ ਇਲਾਕੇ ਵਿਚ ਹਿੰਸਾ ਨੂੰ ਰੂਸ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਹੁਣ ਦੋ ਦਿਨ ਬਾਅਦ ਵੀ ਇਹ ਸਵਾਲ ਕਾਇਮ ਹੈ ਕਿ ਆਖਿਰ ਜਹਾਜ਼ ‘ਤੇ ਮਿਸਾਈਲ ਹਮਲਾ ਕੀਤਾ ਤਾਂ ਕਿਸਨੇ ਕੀਤਾ। ਇਸ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਲਈ ਰੂਸ ਸਮਰਥਕ ਅਲਗਾਵਵਾਦੀਆਂ ਨੇ ਅੰਤਰਰਾਸ਼ਟਰੀ ਜਾਂਚਕਰਤਾਵਾਂ ਨੂੰ ਘਟਨਾ ਸਥਲ ‘ਤੇ ਜਾਣ ਦੀ ਇਜਾਜ਼ਤ ਤਾਂ ਦਿੱਤੀ ਸੀ, ਪਰ ਜਦੋਂ ਇਹ ਦਲ ਉਥੇ ਅੱਪੜਿਆ ਤਾਂ ਉਨ੍ਹਾਂ ਨੂੰ ਕੁਝ ਬੰਦੂਕਧਾਰੀਆਂ ਨੇ ਰੋਕ ਦਿੱਤਾ। ਜਾਂਚ ਦਲ ਦਾ ਇਲਜ਼ਾਮ ਹੈ ਕਿ 75 ਮਿੰਟ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦਲ ਵਿਚ ਐਫ਼ਬੀæਆਈæ ਦੇ ਦੋ ਮੈਂਬਰ ਸਨ। ਉਧਰ ਰੂਸੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਡਾਰ ‘ਤੇ ਯੂਕਰੇਨ ਦੀ ‘ਬੁੱਕ’ ਮਿਜ਼ਾਈਲ ਦੀ ਸਰਗਰਮੀ ਨਜ਼ਰ ਆਈ ਹੈ।ਯੂਕਰੇਨ ਦੇ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਰੂਸ ਪੱਖੀ ਬਾਗੀਆਂ ਨੇ ‘ਬੁੱਕ’ ਮਿਜ਼ਾਈਲ ਰਾਹੀਂ ਜਹਾਜ਼ ਨੂੰ ਡੇਗਿਆ ਹੈ। ਅਮਰੀਕੀ ਖੁਫੀਆ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਜਹਾਜ਼ ਨੂੰ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਨੇ ਨਿਸ਼ਾਨਾ ਬਣਾਇਆ ਹੈ। ਹਾਦਸੇ ਵਿਚ ਮਾਰੇ ਗਏ ਲੋਕ ਵੱਖ-ਵੱਖ ਮੁਲਕਾਂ ਤੋਂ ਸਨ।
ਜ਼ਿਕਰਯੋਗ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦਾ ਬੋਇੰਗ 777 ਜਹਾਜ਼ ਰੂਸ ਦੀ ਸਰਹੱਦ ਨੇੜੇ ਪੂਰਬੀ ਯੂਕਰੇਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ 280 ਯਾਤਰੀ ਤੇ 15 ਜਹਾਜ਼ੀ ਅਮਲੇ ਦੇ ਮੈਂਬਰ ਸਵਾਰ ਸਨ। ਇਸ ਜਹਾਜ਼ ਨੂੰ ਯੂਕਰੇਨ ਦੇ ਬਾਗੀਆਂ ਉਪਰ ਮਿਜ਼ਾਈਲ ਰਾਹੀਂ ਡੇਗਣ ਦਾ ਦੋਸ਼ ਲੱਗਿਆ ਹੈ। ਯੂਕਰੇਨ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸਪਸ਼ਟ ਕੀਤਾ ਹੈ ਕਿ ਉਸ ਦੀ ਫੌਜ ਨੇ ਨਹੀਂ ਡੇਗਿਆ। ਇਹ ਜਹਾਜ਼ ਐਮਸਟਰਡਮ ਤੋਂ ਕੁਆਲਾਲੰਪਰ ਜਾ ਰਿਹਾ ਸੀ। ਮਲੇਸ਼ੀਆ ਏਅਰਲਾਈਨ ਵੱਲੋਂ ਟਵਿੱਟਰ ‘ਤੇ ਪਾਈ ਜਾਣਕਾਰੀ ਅਨੁਸਾਰ ਜਦੋਂ ਇਹ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਵਿਚੋਂ ਲੰਘ ਰਿਹਾ ਸੀ ਤਾਂ ਇਸ ਦਾ ਐਮ ਐਚ 17 ਨਾਲੋਂ ਸੰਪਰਕ ਟੁੱਟ ਗਿਆ।ਰੂਸ ਦੇ ਹਵਾਈ ਖੇਤਰ ਤੋਂ ਇਹ 50 ਕਿਲੋਮੀਟਰ ਦੂਰ ਸੀ ਜਦੋਂ ਇਹ ਹਾਦਸਾਗ੍ਰਸਤ ਹੋਇਆ। ਇਹ ਉਸ ਖੇਤਰ ਵਿਚ ਡਿੱਗਿਆ ਦੱਸਿਆ ਜਾ ਰਿਹਾ ਹੈ ਜਿਥੇ ਯੂਕਰੇਨ ਸਰਕਰ ਦੀ ਫੌਜ ਤੇ ਰੂਸ ਪੱਖੀ ਬਾਗ਼ੀਆਂ ਵਿਚਾਲੇ ਲੜਾਈ ਚੱਲ ਰਹੀ ਹੈ। ਯੂਕਰੇਨ ਦੇ ਸੁਰੱਖਿਆ ਤੰਤਰ ਦੇ ਇਕ ਸੂਤਰ ਨੇ ਇੰਟਰਫੈਕਸ ਦੇ ਹਵਾਲੇ ਨਾਲ ਦੱਸਿਆ ਕਿ 10,000 ਮੀਟਰ ਦੀ ਉਚਾਈ ‘ਤੇ ਰਾਡਾਰ ਤੋਂ ਇਹ ਜਹਾਜ਼ ਲਾਪਤਾ ਹੋਇਆ ਤੇ ਫਿਰ ਦੋਨੇਤਸਕ ਖੇਤਰ ਲਾਗੇ ਸ਼ਾਖਤਾਇਓਰਸਕ ਸ਼ਹਿਰ ਨੇੜੇ ਡਿੱਗ ਗਿਆ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੀਆਂ ਰਿਪੋਰਟਾਂ ਅਨੁਸਾਰ ਇਹ ਜਹਾਜ਼ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਨੇ ਡੇਗਿਆ ਹੈ। ਮਲੇਸ਼ੀਆ ਏਅਰ ਲਾਈਨਜ਼ ਨੇ ਟਵਿੱਟਰ ਉੱਤੇ ਪੁਸ਼ਟੀ ਕੀਤੀ ਹੈ ਕਿ ਮਲੇਸ਼ੀਅਨ ਏਅਰ ਲਾਈਨਜ਼ ਦੇ ਐਮਸਟਰਡਰਮ ਤੋਂ ਉਡੇ ਜਹਾਜ਼ ਐਮæਐਚæ 17 ਨਾਲ ਰਾਬਤਾ ਟੁੱਟ ਗਿਆ ਹੈ। ਆਖਰੀ ਸਮੇਂ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਵਿਚ ਉਡਾਣ ਭਰ ਰਿਹਾ ਸੀ ਪਰ ਇਹ ਰੂਸ ਦੀ ਸਰਹੱਦ ਟੱਪ ਕੇ 60 ਕਿਲੋਮੀਟਰ ਦੂਰ ਯੂਕਰੇਨ ਵਿਚ ਡਿੱਗਾ।
___________________________________
ਵਿਸ਼ਵ ਤਾਕਤਾਂ ਦੇ ਸੌੜੇ ਹਿੱਤਾਂ ਖਿਲਾਫ ਉਠੀ ਆਵਾਜ਼
ਮਲੇਸ਼ਿਆਈ ਮੁਸਾਫ਼ਰ ਜਹਾਜ਼ ਨੂੰ ਮਿਜ਼ਾਇਲ ਨਾਲ ਡੇਗਣ ਦੀ ਘਟਨਾ ਨਾ ਸਿਰਫ ਮਲੇਸ਼ੀਆ ਸਗੋਂ ਸਮੁੱਚੇ ਵਿਸ਼ਵ ਲਈ ਇਕ ਚੁਣੌਤੀ ਬਣ ਗਿਆ ਹੈ। ਅਮਰੀਕਾ ਤੇ ਰੂਸ ਸਮੇਤ ਹੋਰ ਕਈ ਵਿਸ਼ਵ ਤਾਕਤਾਂ ਨੇ ਆਪਸੀ ਖਹਿਬਾਜ਼ੀ ਤੇ ਸੌੜੇ ਨਿੱਜੀ ਹਿੱਤਾਂ ਕਾਰਨ ਦੁਨੀਆਂ ਦੇ ਕਈ ਹਿੱਸਿਆਂ ਵਿਚ ਗ੍ਰਹਿਯੁੱਧ ਵਾਲੇ ਹਾਲਾਤ ਪੈਦਾ ਕਰ ਰੱਖੇ ਹਨ ਜਿਨ੍ਹਾਂ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੰਦਭਾਗੀ ਘਟਨਾ ਦੀ ਸੰਯੁਕਤ ਰਾਸ਼ਟਰ ਦੀ ਦੇਖ-ਰੇਖ ਹੇਠ ਕੌਮਾਂਤਰੀ ਪੱਧਰ ‘ਤੇ ਜਾਂਚ ਦੀ ਮੰਗ ਜ਼ੋਰ-ਸ਼ੋਰ ਨਾਲ ਉੱਠੀ ਹੈ। ਯੂਕਰੇਨ ਤੋਂ ਇਲਾਵਾ ਅਫ਼ਗਾਨਿਸਤਾਨ, ਈਰਾਨ, ਇਰਾਕ, ਸੀਰੀਆ, ਮਿਸਰ ਤੇ ਪਾਕਿਸਤਾਨ ਸਮੇਤ ਕਈ ਮੁਲਕ ਇਨ੍ਹਾਂ ਵਿਸ਼ਵ ਤਾਕਤਾਂ ਦੀ ਦਖ਼ਲਅੰਦਾਜ਼ੀ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਖ਼ਾਨਾਜੰਗੀ ਦਾ ਸ਼ਿਕਾਰ ਬਣੇ ਹੋਏ ਹਨ।
ਜੱਗ ਜਾਣਦਾ ਹੈ ਕਿ ਅਮਰੀਕਾ ਵਿਸ਼ਵ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਵਪਾਰੀ ਹੈ ਤੇ ਉਸ ਦੇ ਹਥਿਆਰ ਤਾਂ ਹੀ ਵਿਕਣਗੇ ਜੇਕਰ ਲੜਾਈ ਲੱਗੇ ਜਾਂ ਯੁੱਧ ਵਰਗੇ ਹਾਲਾਤ ਬਣੇ ਰਹਿਣ। ਗ਼ਰੀਬ ਤੇ ਵਿਕਾਸਸ਼ੀਲ ਮੁਲਕ ਵਿਸ਼ਵ ਦੀਆਂ ਦਿਓ-ਕਦ ਤਾਕਤਾਂ ਦੀ ਚੌਧਰ ਭੇੜ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਰਕੇ ਉਨ੍ਹਾਂ ਵਿਚ ਗ਼ਰੀਬੀ ਅਤੇ ਭੁੱਖਮਰੀ ਵਧ ਰਹੀ ਹੈ। ਇਹ ਤਾਕਤਾਂ ਉਨ੍ਹਾਂ ਨੂੰ ਗ਼ਰੀਬੀ ਤੇ ਭੁੱਖਮਰੀ ਦੇ ਹੱਲ ਲਈ ਸਹਾਇਤਾ ਦੇਣ ਦੇ ਪੱਜ ਹੇਠ ਭਾਰੀ ਕਰਜ਼ੇ ਦੇ ਕੇ ਨਾ ਸਿਰਫ ਉਨ੍ਹਾਂ ਦੇ ਕੁਦਰਤੀ ਵਸੀਲਿਆਂ ਨੂੰ ਹੀ ਲੁੱਟ ਰਹੇ ਹਨ ਸਗੋਂ ਉਨ੍ਹਾਂ ਅੰਦਰ ਖ਼ਾਨਾਜੰਗੀ ਜਿਹੇ ਹਾਲਾਤ ਪੈਦਾ ਕਰ ਕੇ ਆਪਣੇ ਹਥਿਆਰ ਤੇ ਹੋਰ ਉਤਪਾਦ ਵੇਚ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਹੋਰ ਨਿਘਾਰ ਵੱਲ ਲੈ ਕੇ ਜਾਣ ਦਾ ਕਾਰਨ ਬਣੇ ਹੋਏ ਹਨ। ਮਲੇਸ਼ਿਆਈ ਜਹਾਜ਼ ਨੂੰ ਮਿਜ਼ਾਇਲ ਨਾਲ ਡੇਗਣ ਦੀ ਘਟਨਾ ਨੂੰ ਵੀ ਇਸੇ ਪ੍ਰਸੰਗ ਵਿਚ ਵੇਖਿਆ ਜਾ ਸਕਦਾ ਹੈ। ਯੂਕਰੇਨ ਦੀ ਸਰਕਾਰ ਨੇ ਭਾਵੇਂ ਇਸ ਘਟਨਾ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ ਪਰ ਜਿਸ ਹਾਲਾਤ ਤੇ ਦਬਾਅ ਵਿਚ ਇਹ ਸਰਕਾਰ ਕੰਮ ਕਰ ਰਹੀ ਹੈ, ਉਸ ਤੋਂ ਇਸ ਮੁੱਦੇ ਉਤੇ ਕੋਈ ਸਹੀ ਤੇ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ। ਸੰਯੁਕਤ ਰਾਸ਼ਟਰ ਤੇ ਵਿਸ਼ਵ ਦੀਆਂ ਅਮਨ ਪਸੰਦ ਮਜ਼ਬੂਤ ਸ਼ਕਤੀਆਂ ਨੂੰ ਅਜਿਹੇ ਅਣਮਨੁੱਖੀ ਹਮਲੇ ਰੋਕਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ।

Be the first to comment

Leave a Reply

Your email address will not be published.