ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ-2
ਗੁਰਬਚਨ ਸਿੰਘ ਭੁੱਲਰ
ਪਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਵਾਸਤੇ ਗੁਰਦੁਆਰੇ ਆਪਣੀ ਭੂਮਿਕਾ ਨਿਭਾਉਣ ਦਾ ਯਤਨ ਕਰਦੇ ਰਹਿੰਦੇ ਹਨ ਪਰ ਹਾਲਾਤ ਕਰਕੇ ਇਹ ਯਤਨ ਬਹੁਤ ਸੀਮਤ ਹੋ ਕੇ ਰਹਿ ਜਾਂਦੇ ਹਨ। ਕਈ ਵਾਰ ਤਾਂ ਇਹ ਗੁਰਦੁਆਰੇ ਨਾਲ ਜਾਂ ਸਿੱਖੀ ਨਾਲ ਸਬੰਧਤ ਕੁਝ ਸ਼ਬਦ ਹੀ ਹੁੰਦੇ ਹਨ। ਅਸੀਂ ਕੈਲੀਫੋਰਨੀਆ ਦੇ ਗੁਰਦੁਆਰਾ ਸੈਨ ਹੋਜ਼ੇ ਵਿਚ ਲੰਗਰ ਛਕਣ ਬੈਠ ਗਏ। ਉਸ ਦਿਨ ਦਾ ਲੰਗਰ ਕਿਸੇ ਇਕ ਪਰਿਵਾਰ ਵੱਲੋਂ ਸੀ। ਉਨ੍ਹਾਂ ਦੇ ਅੱਠ-ਦਸ ਸਾਲ ਦੇ ਇਕ ਬੱਚਾ ਤੇ ਇਕ ਬੱਚੀ ਵੀ ਸੇਵਾ ਵਿਚ ਲੱਗੇ ਹੋਏ ਸਨ। ਬੱਚੀ ‘ਪ੍ਰਸ਼ਾਦਾ ਵਾਹਿਗੁਰੂæææਪ੍ਰਸ਼ਾਦਾ ਵਾਹਿਗੁਰੂæææ’ ਪੁਛਦੀ ਫਿਰਦੀ ਸੀ ਅਤੇ ਬੱਚਾ ‘ਸਬਜ਼ੀ ਵਾਹਿਗੁਰੂæææਸਬਜ਼ੀ ਵਾਹਿਗੁਰੂæææ’ ਪੁੱਛ ਰਿਹਾ ਸੀ। ਮੇਰੇ ਮੂੰਹੋਂ ਸਹਿਜੇ ਹੀ ਨਿਕਲਿਆ, “ਕਿੰਨੇ ਪਿਆਰੇ ਬੱਚੇ ਨੇ ਤੇ ਕਿੰਨੀ ਪਿਆਰੀ ਪੰਜਾਬੀ ਬੋਲ ਰਹੇ ਨੇ!” ਕੋਲ ਬੈਠਾ ਇਕ ਸਥਾਨਕ ਬੰਦਾ ਹੱਸਿਆ, “ਬੱਸ ਇਨ੍ਹਾਂ ਨੂੰ ਪੰਜਾਬੀ ਵਿਚ ਹੋਰ ਕੁਛ ਨਾ ਪੁੱਛਿਓ-ਦੱਸਿਓ। ਇਹ ਏਨੀ ਕੁ ਪੰਜਾਬੀ ਹੀ ਜਾਣਦੇ ਨੇ।”
ਇਕ ਹੋਰ ਐਤਵਾਰ ਅਸੀਂ ਉਸੇ ਗੁਰਦੁਆਰਾ ਸਾਹਿਬ ਵਿਚ ਲੰਗਰ ਛਕਣ ਲੱਗੇ। ਕਾਊਂਟਰ ਪਿੱਛੇ ਖਲੋਤੀ ਪ੍ਰਸ਼ਾਦੇ ਵਰਤਾ ਰਹੀ 18-20 ਸਾਲ ਦੀ ਲੜਕੀ ਨੂੰ ਮੈਂ ਆਦਤਨ ਕਿਹਾ, “ਬੇਟਾ, ਬੱਸ ਸਵਾ ਲੱਖ ਪ੍ਰਸ਼ਾਦਾ।” ਉਹ ਬੋਲੀ, “ਵ੍ਹਟ ਅੰਕਲ?” ਮੈਂ ਆਪਣੀ ਭੁੱਲ ਸੋਧਦਿਆਂ ਕਿਹਾ, “ਓਨਲੀ ਵਨ” ਅਤੇ ਅੱਗੇ ਮੈਨੂੰ ਪ੍ਰਸ਼ਾਦੇ ਜਾਂ ਰੋਟੀ ਦੀ ਅੰਗਰੇਜ਼ੀ ਨਾ ਆਈ ਪਰ Ḕਓਨਲੀ ਵਨ’ ਨੇ ਕੰਮ ਸਾਰ ਦਿੱਤਾ।
ਭਾਸ਼ਾ ਦਾ ਆਪਣਾ ਵੇਗ ਹੁੰਦਾ ਹੈ। ਕੋਈ ਚਾਲੀ ਸਾਲ ਪੁਰਾਣੀ ਗੱਲ ਹੈ। ਬਠਿੰਡਾ ਤੋਂ ਰਾਮਪੁਰਾ ਫੂਲ ਜਾ ਰਹੀ ਗੱਡੀ ਵਿਚ ਮੇਰੇ ਸਾਹਮਣੇ ਪੰਜਾਬੀ ਲਿਬਾਸ ਵਿਚ ਦੋ ਗੋਰਖਾ ਮੁਟਿਆਰਾਂ ਬੈਠੀਆਂ ਸਨ। ਸਾਰੇ ਰਾਹ ਉਹ ਆਪਸ ਵਿਚ ਨਾ ਸਿਰਫ਼ ਪੰਜਾਬੀ ਵਿਚ ਸਗੋਂ ਸਾਡੇ ਪਿੰਡਾਂ ਦੀ ਪੰਜਾਬੀ ਵਿਚ ਗੱਲਾਂ ਕਰਦੀਆਂ ਗਈਆਂ। ਸਬੱਬ ਨਾਲ ਉਹ ਵੀ ਰਾਮਪੁਰਾ ਫੂਲ ਹੀ ਉਤਰ ਗਈਆਂ। ਪਤਾ ਲੱਗਿਆ, ਉਨ੍ਹਾਂ ਦਾ ਪਿਤਾ ਬਹੁਤ ਪਹਿਲਾਂ ਇਥੇ ਆ ਵਸਿਆ ਸੀ ਅਤੇ ਉਹ ਇਥੇ ਹੀ ਜੰਮੀਆਂ-ਪਲੀਆਂ ਸਨ। ਪੰਜਾਬ ਵਿਚ ਹੁਣ ਭਈਆਂ ਦਾ ਪੰਜਾਬੀਕਰਨ ਤੁਹਾਡੇ ਸਾਹਮਣੇ ਹੈ। ਕੁਝ ਸਮਾਂ ਪਹਿਲਾਂ ਮੈਂ ਖੇਤ ਵਿਚ ਰਹਿੰਦੇ ਇਕ ਰਿਸ਼ਤੇਦਾਰ ਦੇ ਘਰ ਗਿਆ। ਸਬਜ਼ੀਆਂ ਲਾਉਣ ਲਈ ਰੱਖਿਆ ਹੋਇਆ ਮਾਲੀ ਉਹਦੇ ਘਰ ਦੇ ਇਕ ਹਿੱਸੇ ਵਿਚ ਹੀ ਰਹਿੰਦਾ ਸੀ। ਮਾਲੀ ਤੇ ਮਾਲਣ ਤਾਂ ਭੋਜਪੁਰੀ ਅਤੇ ਪੰਜਾਬੀ ਦੀ ਖਿਚੜੀ ਬੋਲਦੇ ਸਨ ਪਰ ਪ੍ਰਾਇਮਰੀ ਵਿਚ ਪੜ੍ਹਦੇ ਉਨ੍ਹਾਂ ਦੇ ਬੇਟਾ-ਬੇਟੀ, ਸੁਰਜੀਤ ਪਾਤਰ ਤੇ ਨੰਦ ਕਿਸ਼ੋਰ ਦੇ ਬੱਚਿਆਂ ਵਾਂਗ ਨਿਰਮਲ ਪੰਜਾਬੀ ਬੋਲ ਰਹੇ ਸਨ।
ਜਿਥੇ ਗੁਰਦੁਆਰਿਆਂ ਵਿਚ ਪੰਜਾਬੀ ਨੂੰ ਧਾਰਮਿਕ ਨਜ਼ਰੀਏ ਤੋਂ ਪੜ੍ਹਾਇਆ ਜਾਂਦਾ ਹੈ, ਪੰਜਾਬੀ ਦਾ ਭਾਸ਼ਾਈ-ਸਭਿਆਚਾਰਕ ਝੰਡਾ ਪਰਵਾਸ ਵਿਚ ਝੁਲਦਾ ਰੱਖਣ ਦਾ ਸਿਹਰਾ ਪੰਜਾਬੀ ਲੇਖਕਾਂ ਨੂੰ ਹੀ ਜਾਂਦਾ ਹੈ। ਉਧਰਲੇ ਜੀਵਨ ਵਿਚ ਵਿਹਲ ਦੀ ਬਹੁਤ ਘਾਟ ਹੈ। ਸਾਧਾਰਨ ਕੰਮਾਂ ਵਿਚ ਲਗੇ ਹੋਏ ਦੋਵੇਂ ਜੀਅ ਦੱਬ ਕੇ ਮਿਹਨਤ ਕਰਦੇ ਹਨ ਤਾਂ ਲੋੜੀਂਦਾ ਜੀਵਨ-ਮਿਆਰ ਬਣਾਉਣ ਵਿਚ ਸਫਲ ਹੁੰਦੇ ਹਨ। ਪੰਜਾਬੀ ਲੇਖਕਾਂ ਦਾ ਇਹਦੇ ਨਾਲ ਹੀ ਰਚਨਾਵਾਂ ਕਰਨਾ ਅਤੇ ਹੋਰ ਸਾਹਿਤਕ ਸਰਗਰਮੀਆਂ ਨਿਭਾਉਣਾ ਪ੍ਰਸ਼ੰਸਾਯੋਗ ਗੱਲ ਹੈ। ਉਹ ਇਧਰਲੇ ਪੰਜਾਬੀ ਅਖ਼ਬਾਰ-ਰਸਾਲਿਆਂ ਨਾਲ ਇੰਟਰਨੈਟ ਰਾਹੀਂ ਜੁੜੇ ਰਹਿੰਦੇ ਹਨ। ਕਈਆਂ ਵਲੋਂ ਇਧਰਲੇ ਪਰਚੇ ਡਾਕ ਰਾਹੀਂ ਵੀ ਮੰਗਵਾਏ ਜਾਂਦੇ ਹਨ। ਉਧਰ ਵੀ ਵੱਡੀ ਗਿਣਤੀ ਵਿਚ ਚੰਗੇ ਗੌਰੇ-ਭਾਰੇ ਪੰਜਾਬੀ ਸਪਤਾਹਿਕ ਨਿਕਲਦੇ ਹਨ। ਸਾਹਿਤਕ ਸਮਾਗਮ, ਇਧਰੋਂ ਗਏ ਲੇਖਕਾਂ ਦੇ ਰੂਬਰੂ ਅਤੇ ਸਭਿਆਚਾਰਕ ਮੇਲੇ ਹੁੰਦੇ ਰਹਿੰਦੇ ਹਨ।
ਮੇਰੀ ਫੇਰੀ ਦੇ ਦਿਨੀਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਭਰਵੀਂ ਹਾਜ਼ਰੀ ਵਾਲਾ Ḕਮੇਲਾ ਗ਼ਦਰੀ ਬਾਬਿਆਂ ਦਾ’ ਅਤੇ ਗ਼ਦਰ ਲਹਿਰ ਬਾਰੇ ਸਿਆਸੀ ਸੈਮੀਨਾਰ ਹੋਇਆ ਸੀ। ਪੰਜਾਬੀ ਆਪਣੇ ਰੇਡੀਓ ਵੀ ਚਲਾਉਂਦੇ ਹਨ ਅਤੇ ਟੈਲੀਵਿਜ਼ਨ ਵੀ। ਅਜਿਹੇ ਮਾਹੌਲ ਵਿਚ ਗਾਇਕ, ਭੰਗੜੇ ਵਾਲੇ, ਢੋਲੀ ਆਦਿ ਤਾਂ ਹੋਣੇ ਹੀ ਹੋਏ। ਕਈ ਪੰਜਾਬੀ ਲੇਖਕਾਂ ਨੂੰ ਮਿਲਣਾ ਮੇਰੇ ਲਈ ਸੰਭਵ ਹੋ ਸਕਿਆ। ਇਹ ਇਧਰਲੇ ਪਾਠਕਾਂ ਲਈ ਚੰਗੀ ਤਰ੍ਹਾਂ ਜਾਣੇ-ਪਛਾਣੇ ਹਨ।
ਪਹਿਲੇ ਪਰਾਗਿਆਂ ਦੇ ਪੰਜਾਬੀ ਪਰਵਾਸੀਆਂ ਬਾਰੇ ਜਾਣਨ ਦੇ ਯਤਨ ਵਿਚ ਮੇਰੀ ਨਜ਼ਰ ਇਕ ਅਜਿਹੇ ਦਿਲਚਸਪ ਵਿਅਕਤੀ ਉਤੇ ਪਈ ਜੋ ਸੰਭਵ ਤੌਰ ਉਤੇ ਅਮਰੀਕਾ ਵਸਿਆ ਪਹਿਲਾ ਪੰਜਾਬੀ ਲੇਖਕ ਸੀ। ਉਹ ਸੀ ਮੋਤਾ ਸਿੰਘ ਚੂਹੜਚੱਕ। ਵੈਸੇ ਤਾਂ ਉਸ ਤੋਂ ਕੁਝ ਵਰ੍ਹੇ ਛੋਟੇ ਉਸ ਦੇ ਦੋ ਸਮਕਾਲੀ ਆਪ ਵੀ ਵਧੇਰੇ ਪ੍ਰਸਿੱਧ ਹੋਏ ਅਤੇ ਉਨ੍ਹਾਂ ਦੀਆਂ ਪੁਸਤਕਾਂ ਵੀ ਅੱਜ ਤੱਕ ਪ੍ਰਸਿੱਧ ਹਨ, ਪਰ ਉਨ੍ਹਾਂ ਦੋਵਾਂ ਨੇ ਅੰਗਰੇਜ਼ੀ ਵਿਚ ਲਿਖਿਆ। ਇਕ ਸੀ ਭਗਤ ਸਿੰਘ ਥਿੰਦ ਅਤੇ ਦੂਜਾ ਦਲੀਪ ਸਿੰਘ ਸੌਂਦ।
1892 ਵਿਚ ਜਨਮਿਆ ਭਗਤ ਸਿੰਘ ਥਿੰਦ ਉਚੇਰੀ ਪੜ੍ਹਾਈ ਲਈ 1913 ਵਿਚ ਅਮਰੀਕਾ ਪੁੱਜਿਆ। ਗੁਜ਼ਾਰੇ ਲਈ ਕੰਮ ਕਰਦਿਆਂ ਉਸ ਨੇ ਬਰਕਲੇ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਆਪਣੇ ਇਸ ਉਦੇਸ਼ ਦੀ ਪ੍ਰਾਪਤੀ ਵਿਚ ਤਾਂ ਉਹ ਪੀਐਚæ ਡੀæ ਕਰ ਕੇ ਸਫਲ ਰਿਹਾ ਹੀ, ਨਾਲੋ-ਨਾਲ ਉਹ ਅਧਿਆਤਮਵਾਦ ਦੇ ਅਧਿਐਨ ਵਿਚ ਲੀਨ ਹੋ ਗਿਆ। ਸਿੱਖ ਦਰਸ਼ਨ ਨੂੰ ਧੁਰਾ ਬਣਾ ਕੇ ਦੂਜੇ ਧਰਮਾਂ ਦੇ ਅਤੇ ਪ੍ਰਸਿੱਧ ਵਿਦਵਾਨਾਂ, ਲੇਖਕਾਂ ਤੇ ਚਿੰਤਕਾਂ ਦੇ ਭਰਪੂਰ ਹਵਾਲੇ ਦੇ ਕੇ ਪ੍ਰਵਚਨ ਕਰਦਿਆਂ ਉਹ ਸਾਰੇ ਅਮਰੀਕਾ ਵਿਚ ਘੁੰਮਿਆ। ਆਪਣੇ ਪ੍ਰਵਚਨ ਦੌਰਾਨ ਉਹ ਹਿੰਦੁਸਤਾਨ ਦੀ ਆਜ਼ਾਦੀ ਦਾ ਮਸਲਾ ਪ੍ਰਚਾਰਨੋਂ-ਵਿਚਾਰਨੋਂ ਕਦੀ ਨਹੀਂ ਸੀ ਖੁੰਝਦਾ। ਅੰਗਰੇਜ਼ੀ ਵਿਚ ਉਸ ਨੇ ਪੰਦਰਾਂ ਪੁਸਤਕਾਂ ਲਿਖੀਆਂ, ਜੋ ਅੱਜ ਵੀ ਪੜ੍ਹੀਆਂ ਜਾਂਦੀਆਂ ਹਨ। ਉਹਦੇ ਚਿੰਤਨ ਦੀ ਸਭ ਤੋਂ ਖੂਬਸੂਰਤ ਗੱਲ ਮਨੁੱਖੀ ਹਸਤੀ ਦੀ ਸਰਵੁੱਚਤਾ ਉਤੇ ਜ਼ੋਰ ਸੀ।
ਅੱਜ ਤੱਕ ਅਮਰੀਕਾ ਗਿਆ ਕੋਈ ਹੋਰ ਪੰਜਾਬੀ ਸਾਧ-ਸੰਤ, ਯੋਗੀ ਜਾਂ ਕਥਾਕਾਰ ਉਸ ਦੀ ਵਿਦਵਤਾ ਦੀ ਗਹਿਰਾਈ ਤੱਕ ਨਹੀਂ ਪੁੱਜਿਆ। ਪਤਨੀ ਵਿਵੀਅਨ ਡੇਵਿਸ ਤੋਂ ਹੋਏ ਪੁੱਤਰ ਡੇਵਿਡ ਨੇ ਆਪਣੇ ਗੁਣੀ-ਗਿਆਨੀ ਪਿਤਾ ਉਤੇ ਮਾਣ ਕਰਦਿਆਂ ਉਸ ਨਾਲ ਸਬੰਧਤ ਸਭ ਤਸਵੀਰਾਂ ਤੇ ਲਿਖਤਾਂ ਸਾਂਭੀਆਂ ਹੋਈਆਂ ਹਨ ਅਤੇ ਪੁਸਤਕਾਂ ਮਿਲਦੀਆਂ ਰੱਖਣ ਦਾ ਇਕਰਾਰ ਕੀਤਾ ਹੋਇਆ ਹੈ। ਕੁਝ ਸਾਲ ਪਹਿਲਾਂ ਉਹ ਪਿਤਾ ਬਾਰੇ ਬਣਾਈ ਜਾ ਰਹੀ ਫ਼ਿਲਮ ਲਈ ਦਰਬਾਰ ਸਾਹਿਬ ਸਮੇਤ ਪ੍ਰਸੰਗਕ ਥਾਂਵਾਂ ਨੂੰ ਅਤੇ ਇਧਰਲੇ ਪਰਿਵਾਰ ਨੂੰ ਕੈਮਰੇ ਵਿਚ ਸਾਂਭ ਕੇ ਲੈ ਗਿਆ ਸੀ।
1899 ਵਿਚ ਜਨਮਿਆ ਦਲੀਪ ਸਿੰਘ ਸੌਂਦ ਸ਼ਹੀਦ ਗਹਿਲ ਸਿੰਘ ਛੱਜਲਛੱਡੀ ਦੇ ਤਾਏ ਦਾ ਪੁੱਤਰ ਭਰਾ ਸੀ। ਅੰਮ੍ਰਿਤਸਰ ਤੋਂ ਬੀæ ਏæ ਕਰ ਕੇ ਉਚੇਰੀ ਪੜ੍ਹਾਈ ਲਈ 1920 ਵਿਚ ਉਹ ਬਰਕਲੇ ਯੂਨੀਵਰਸਿਟੀ ਵਿਚ ਜਾ ਦਾਖਲ ਹੋਇਆ। ਗਿਆ ਤਾਂ ਉਹ ਪਰਿਵਾਰ ਨਾਲ ਮੁੜਨ ਦਾ ਇਕਰਾਰ ਕਰ ਕੇ ਸੀ, ਪਰ ਗਣਿਤ ਦੇ ਵਿਸ਼ੇ ਦੀ ਪੀਐਚæ ਡੀæ ਕਰਦਿਆਂ ਸਹਿਜੇ-ਸਹਿਜੇ ਉਹ ਹਿੰਦੁਸਤਾਨੀ ਅਮਰੀਕੀ ਭਾਈਚਾਰੇ ਦਾ ਅਤੇ ਫੇਰ ਉਥੋਂ ਦੇ ਸਮਾਜਕ, ਰਾਜਨੀਤਕ ਜੀਵਨ ਦਾ ਅਜਿਹਾ ਅਟੁੱਟ ਅੰਗ ਬਣ ਗਿਆ ਕਿ ਪਰਤਣਾ ਸੰਭਵ ਨਾ ਰਹਿ ਗਿਆ। 1946 ਵਿਚ ਹਿੰਦੁਸਤਾਨੀਆਂ ਨੂੰ ਅਮਰੀਕੀ ਨਾਗਰਿਕਤਾ ਦਾ ਅਧਿਕਾਰ ਮਿਲਣ ਵਿਚ ਉਸ ਦੇ ਸਿਰੜੀ ਅਤੇ ਨਿਰੰਤਰ ਯਤਨਾਂ ਦੀ ਵੱਡੀ ਭੂਮਿਕਾ ਸੀ।
1956 ਵਿਚ ਕੈਲੀਫੋਰਨੀਆ ਦੇ ਇਕ ਹਲਕੇ ਤੋਂ ਉਸ ਦਾ ਅਮਰੀਕੀ ਕਾਂਗਰਸ (ਪਾਰਲੀਮੈਂਟ) ਦਾ ਪਹਿਲਾ ਏਸ਼ੀਆਈ ਮੈਂਬਰ ਬਣਨਾ ਇਕ ਅਜਿਹਾ ਰਾਜਨੀਤਕ ਕਾਰਨਾਮਾ ਸੀ ਜੋ ਕੌਮਾਂਤਰੀ ਸਮਾਚਾਰ ਬਣਿਆ। ਦੁਨੀਆਂ ਉਸ ਬਾਰੇ ਜਾਣਨ ਲਈ ਉਤਸੁਕ ਹੋ ਉਠੀ। ਆਪਣੀ ਜੀਵਨ ਕਹਾਣੀ ਉਸ ਨੇ ‘ਕਾਂਗਰਸਮੈਨ ਫ਼ਰਾਮ ਇੰਡੀਆ’ ਨਾਂ ਦੀ ਪੁਸਤਕ ਵਿਚ ਲਿਖੀ। ਅਮਰੀਕਾ ਦੇ ਰਾਜਨੀਤਕ ਇਤਿਹਾਸ ਵਿਚ ਉਸ ਦੇ ਅਹਿਮ ਸਥਾਨ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ 7 ਨਵੰਬਰ 2007 ਨੂੰ, 1973 ਵਿਚ ਹੋਈ ਉਹਦੀ ਮੌਤ ਤੋਂ ਸਾਢੇ ਤਿੰਨ ਦਹਾਕੇ ਮਗਰੋਂ ਅਮਰੀਕੀ ਸੰਸਦ ਭਵਨ ਵਿਚ ਉਸ ਦਾ ਚਿੱਤਰ ਕਾਂਗਰਸ ਦੇ ਇਤਿਹਾਸ-ਸਿਰਜਕ ਮੈਂਬਰਾਂ ਦੀ ਗੈਲਰੀ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਹੋਰ ਪ੍ਰਸਿੱਧ ਹਸਤੀਆਂ ਦੇ ਨਾਲ ਸੌਂਦ ਦੀਆਂ ਤਿੰਨ ਪੀੜ੍ਹੀਆਂ ਹਾਜ਼ਰ ਸਨ। ਇਸ ਤੋਂ ਪਰਦਾ ਉਸ ਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉਥੇ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ।
1861 ਵਾਲੇ ਅਨਪੜ੍ਹ ਸੈਮ ਤੋਂ ਲੈ ਕੇ ਮੋਤਾ ਸਿੰਘ ਚੂਹੜਚੱਕ ਵਰਗੇ ਘੱਟ ਪੜ੍ਹਿਆਂ ਵਿਚੋਂ ਵੀ ਹੁੰਦਿਆਂ, ਚੰਗੇ ਪੜ੍ਹੇ-ਲਿਖੇ ਪੰਜਾਬੀਆਂ ਦੀ ਭਾਸ਼ਾਈ ਤਸਵੀਰ ਮੇਰੇ ਸਾਹਮਣੇ ਸੀ। ਤਾਂ ਵੀ ਖਿਆਲ ਆਉਂਦਾ ਕਿ ਅੱਜ ਦੇ ਹਾਲਾਤ ਵਿਚ ਬਹੁਤ ਥੋੜ੍ਹੀ ਅੰਗਰੇਜ਼ੀ ਜਾਣਨ ਵਾਲੇ ਪੰਜਾਬੀ ਲੋਕ ਅਮਰੀਕੀਆਂ ਨਾਲ ਸਿੱਧਾ ਵਾਹ ਪੈਣ ਸਮੇਂ ਕਿਵੇਂ ਸਾਰਦੇ ਹੋਣਗੇ? ਆਖ਼ਰ ਮੈਂ ਇਹ ਸਵਾਲ ਇਕ ਨਵੇਂ ਬਣੇ ਮਿੱਤਰ ਟੈਕਸੀ ਚਾਲਕ ਤੋਂ ਪੁੱਛਿਆ ਤਾਂ ਉਸ ਦਾ ਉਤਰ ਭਾਸ਼ਾ-ਵਿਗਿਆਨ ਦੇ ਪੱਖੋਂ ਕਮਾਲ ਸੀ।
ਉਹਨੇ ਦੱਸਿਆ ਕਿ ਪਹਿਲੀ ਗੱਲ ਤਾਂ ਪੂਰਾ ਫ਼ਿਕਰਾ ਸੁਣਨ-ਬੋਲਣ ਦੀ ਕੋਈ ਲੋੜ ਨਹੀਂ ਹੁੰਦੀ। ਅਗਲੇ ਦੀ ਪੂਰੀ ਗੱਲ ਵਿਚੋਂ ਮੋਟੇ ਮੋਟੇ ਕੁਝ ਲਫ਼ਜ਼ ਫੜ ਕੇ ਮਤਲਬ ਸਮਝ ਆ ਜਾਂਦਾ ਹੈ। ਆਪ ਵੀ ਗਿਣਤੀ ਦੇ ਲਫ਼ਜ਼ ਬੋਲ ਕੇ ਹੀ ਸਰ ਜਾਂਦਾ ਹੈ। ਮੰਨ ਲਵੋ, ਕੋਈ ਤੁਹਾਡੀ ਟੈਕਸੀ ਲਈ ਫੋਨ ਕਰਦਾ ਹੈ। ਤੁਹਾਡੇ Ḕਵ੍ਹੇਅਰ ਕਮ’ ਪੁੱਛਣ ਨਾਲ ਉਹ ਸਮਝ ਜਾਵੇਗਾ ਕਿ ਟੈਕਸੀ ਵਾਲਾ ਉਹ ਪਤਾ ਪੁੱਛ ਰਿਹਾ ਹੈ, ਜਿਥੇ ਉਹਨੂੰ ਬੁਲਾਇਆ ਜਾ ਰਿਹਾ ਹੈ। ਦੂਜੀ ਗੱਲ, ਕੁਝ ਸ਼ਬਦਾਂ ਦਾ ਉਚਾਰਨ ਸਾਡੇ ਟਾਕਰੇ ਏਨਾ ਅਜੀਬ ਹੈ ਕਿ ਉਹ ਚੌੜ-ਚੌੜ ਵਿਚ ਯਾਦ ਹੋ ਜਾਂਦੇ ਹਨ। ਜਿਵੇਂ ਕਿਸੇ ਨੂੰ ਉਹਦੇ ਰੁਝੇਵੇਂ ਪੁੱਛਣ ਲਈ ਇਹ ਨਾ ਕਹੋ ਕਿ ਤੇਰਾ ਸ਼ਡਿਊਲ ਕੀ ਹੈ, ਕਹੋ, ਤੇਰਾ ਸਕੈਜਿਊਲ ਕੀ ਹੈ? ਆਖ਼ਰੀ ਗੱਲ, ਬੋਲਣ ਦੇ ਕੁਝ ਫ਼ਰਕ ਅਜਿਹੇ ਹਨ, ਜਿਨ੍ਹਾਂ ਨੂੰ ਚੇਤੇ ਕੀਤਿਆਂ ਅਮਰੀਕੀਆਂ ਵਾਲੀ ਕਾਫ਼ੀ ਅੰਗਰੇਜ਼ੀ ਆ ਜਾਂਦੀ ਹੈ। ਜਿਵੇਂ ਸ਼ਬਦ ਦੇ ਮੂਹਰੇ ਲਗਦੇ ਆਰ ਤੋਂ ਬਿਨਾਂ ਬਾਕੀ ਸਭ ਆਰ ਖਾ ਕੇ ਹਕਲੇ ਬੰਦੇ ਵਾਂਗ ਸਾਹ ਦਾ ਧੱਕਾ ਜਿਹਾ ਮਾਰ ਦਿਓ। ਕਲੀਅਰ ਨੂੰ ਕਲੀ-ਅੱ ਬੋਲੋ। ਅਮਰੀਕੀ ਆਂ ਨੂੰ ਐਂ ਬੋਲਦੇ ਨੇ। ਪਲਾਂਟ ਨੂੰ ਪਲੈਂਟ, ਡਾਂਸ ਨੂੰ ਡੈਂਸ, ਗਾਂਧੀ ਨੂੰ ਗੈਂਧੀ।
ਖੁਸ਼ ਹੋ ਕੇ ਮੇਰੇ ਮੂੰਹੋਂ ਆਪਮੁਹਾਰੇ ਨਿੱਕਲ ਗਿਆ, “ਤਾਂ ਹੀ!”
“ਕੀ, ਤਾਂ ਹੀ?” ਉਹਨੇ ਉਤਸੁਕ ਹੋ ਕੇ ਪੁੱਛਿਆ।
ਮੈਂ ਦੱਸਿਆ, “ਸਾਡੇ ਘਰ ਦੇ ਨੇੜੇ ਸਫੈਦਿਆਂ ਵਿਚ ਰੋਜ਼ ਇਕ ਕਾਂ ਬੋਲਦਾ ਹੈ। ਉਹ ਆਪਣੇ ਕਾਂਵਾਂ ਵਾਂਗ ਕਾਂ-ਕਾਂ ਕਰਨ ਦੀ ਥਾਂ ਕੈਂ-ਕੈਂ ਕਰਦਾ ਹੈ।”
ਮਿੱਤਰ ਹੱਸਿਆ, “ਹਾਂ, ਬੱਸ ਇਹੀ ਹੈ ਅਮਰੀਕੀ ਅੰਗਰੇਜ਼ੀ।”
(ਚਲਦਾ)
Leave a Reply