ਬਲਜੀਤ ਬਾਸੀ
ਰੂਸ ਦੇ ਪ੍ਰਧਾਨ ਸ੍ਰੀ ਪੂਟਿਨ ਨੇ ਪਿਛਲੇ ਦਿਨੀਂ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ ਜੋ ਪਹਿਲੀ ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਇਸ ਅਨੁਸਾਰ ਫਿਲਮਾਂ, ਥੀਏਟਰ, ਸੰਗੀਤ, ਮੀਡੀਆ ਆਦਿ ਵਿਚ ਗੰਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਾਈ ਗਈ ਹੈ। ਪਾਬੰਦੀ ਤੋੜਨ ਵਾਲੇ ਵਿਅਕਤੀ ਨੂੰ 2500 ਰੂਬਲ ਅਤੇ ਕਾਰੋਬਾਰ ਨੂੰ 50,000 ਰੂਬਲ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਬੋਲਚਾਲ ਦੀ ਰੂਸੀ ਭਾਸ਼ਾ ਵਿਚ ਗੰਦੇ ਸ਼ਬਦਾਂ ਦਾ ਬੇਹੱਦ ਪ੍ਰਯੋਗ ਹੁੰਦਾ ਹੈ। ਰੂਸੀ ਫਿਲਮ ਇੰਡਸਟਰੀ ‘ਤੇ ਇਸ ਪਾਬੰਦੀ ਦਾ ਖਾਸਾ ਅਸਰ ਪਵੇਗਾ ਕਿਉਂਕਿ ਫਿਲਮੀ ਸੰਵਾਦਾਂ ਵਿਚ ਗਾਲਾਂ ਦੀ ਬਹੁਤ ਵਰਤੋਂ ਕੀਤੀ ਹੁੰਦੀ ਹੈ। ਮੈਂ ਇਥੇ ਗੰਦਾ ਸ਼ਬਦ ਵਰਤ ਰਿਹਾ ਹਾਂ ਕਿਉਂਕਿ ਪੰਜਾਬੀ ਵਿਚ ਇਸ ਆਸ਼ੇ ਲਈ ਮੈਨੂੰ ਕੋਈ ਬਹੁਤਾ ਢੁਕਵਾਂ ਸ਼ਬਦ ਮਿਲ ਨਹੀਂ ਰਿਹਾ। ਪਾਠਕ ਜੇ ਚਾਹੁਣ ਤਾਂ ਅਪਸ਼ਬਦ, ਗਾਲਾਂ, ਬਦਕਲਾਮੀ ਆਦਿ ਵੀ ਵਰਤ ਸਕਦੇ ਹਨ। ਪੂਟਿਨ ਸਾਹਿਬ ਨੇ ਇਹ ਵਿਵਸਥਾ ਰੂਸੀ ਭਾਸ਼ਾ ਦੀ ਸ਼ੁਧਤਾ ਅਤੇ ਪਰਿਵਾਰਕ ਮੁੱਲਾਂ ਨੂੰ ਕਾਇਮ ਰੱਖਣ ਲਈ ਕੀਤੀ ਹੈ। ਕਿਹਾ ਜਾਂਦਾ ਹੈ ਕਿ ਇਸ ਪਿਛੇ ਰੂਸੀ ਜੀਵਨ ਵਿਚ ਔਰਥੋਡੌਕਸ ਚਰਚ ਦੇ ਵਧ ਰਹੇ ਪ੍ਰਭਾਵ ਅਤੇ ਜ਼ਬਰਦਸਤ ਟਕਰਾਅ ਵਿਚ ਪਏ ਯੂਕਰੇਨ ਵਿਚ ਰੂਸੀ ਭਾਸ਼ਾ ਬਚਾਉਣ ਦਾ ਆਸ਼ਾ ਕੰਮ ਕਰ ਰਿਹਾ ਹੈ। ਆਲੋਚਕਾਂ ਤੇ ਟਿੱਪਣੀਕਾਰਾਂ ਨੇ ਇਸ ਦਾ ਖੂਬ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਭਾਵਨਾਵਾਂ ਪ੍ਰਗਟਾਉਣ ਲਈ ਲਚਰ ਸ਼ਬਦਾਂ ਦੀ ਵਰਤੋਂ ਲਾਜ਼ਮੀ ਹੁੰਦੀ ਹੈ। ਗਾਲਾਂ ਲੋਕਾਂ ਦੀ ਨਿੱਤ ਦੀ ਗੱਲਬਾਤ ਦਾ ਅਨਿਖੜਵਾਂ ਭਾਗ ਹਨ। ਦੱਬੇ-ਕੁਚਲੇ ਅਤੇ ਰਾਜਸੀ ਤੌਰ ‘ਤੇ ਦਮਿਤ ਲੋਕਾਂ ਦੀਆਂ ਭਾਵਨਾਵਾਂ ਉਨ੍ਹਾਂ ਦੇ ਮੂੰਹੋਂ ਨਿਕਲੀਆਂ ਗਾਲਾਂ ਤੋਂ ਬਿਨਾਂ ਪ੍ਰਗਟਾਈਆਂ ਨਹੀਂ ਜਾ ਸਕਦੀਆਂ। ਯੁਧ ਨਾਲ ਸਬੰਧਤ ਫਿਲਮਾਂ ਤਾਂ ਗਾਲਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦੀਆਂ ਕਿਉਂਕਿ ਨੀਰਸ ਜ਼ਿੰਦਗੀ ਬਤੀਤ ਕਰ ਰਹੇ ਫੌਜੀਆਂ ਕੋਲ ਗੁਭ-ਗਲ੍ਹਾਟ ਕੱਢਣ ਲਈ ਹੋਰ ਕੋਈ ਸਾਧਨ ਨਹੀਂ। ਗਾਲਾਂ ਜਾਂ ਗੰਦੇ ਬੋਲ ਸਦੀਆਂ ਤੋਂ ਰੂਸੀ ਭਾਸ਼ਾ ਦਾ ਹਿੱਸਾ ਹਨ, ਇਸ ਦਾ ਕਰੂਰ ਯਥਾਰਥ। ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਲੀਡਰ ਲੋਕ ਖੁਦ ਨਿੱਜੀ ਜ਼ਿੰਦਗੀ ਵਿਚ ਗੰਦੀਆਂ ਗਾਲਾਂ ਦੀ ਖੁਲ੍ਹ ਕੇ ਵਰਤੋਂ ਕਰਦੇ ਹਨ ਇਸ ਲਈ ਲੋਕਾਂ ‘ਤੇ ਮੜ੍ਹਿਆ ਨਵਾਂ ਕਾਨੂੰਨ ਨਿਰਾ ਪਖੰਡ ਹੈ। ਪੁਸ਼ਕਿਨ, ਦਾਸਤੋਵਸਕੀ, ਸੋਲੀਜ਼ੇਤਿਸਨ, ਸ਼ੋਲੋਖੋਵ ਆਦਿ ਜਿਹੇ ਰੂਸ ਦੇ ਵੱਡੇ ਲੇਖਕਾਂ ਨੇ ਅਜਿਹੇ ਗੰਦੇ ਬੋਲਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ। ਮੈਂ ਆਪਣੇ ਨਿੱਜੀ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ ਵੱਡੇ ਤੋਂ ਵੱਡੇ ਰਾਜਸੀ ਲੀਡਰ, ਸਾਹਿਤਕਾਰ, ਕਲਾਕਾਰ, ਧਾਰਮਿਕ ਲੀਡਰ, ਅਧਿਆਪਕ ਆਦਿ ਦੇ ਮੂੰਹੋਂ ਸਹਿਜ ਸੁਭਾਅ ਗੰਦੀਆਂ ਗਾਲਾਂ ਨਿਕਲਦੀਆਂ ਮੈਂ ਆਪ ਸੁਣੀਆਂ ਹਨ। ਕਈਆਂ ਦਾ ਤਾਂ ਗੰਦੀ ਗਾਲ ਤਕੀਆ ਕਲਾਮ ਹੀ ਬਣ ਚੁੱਕਾ ਹੈ।
ਹਰ ਭਾਸ਼ਾ ਵਿਚ ਕਈ ਪੱਧਰਾਂ ਦੀਆਂ ਅਸ਼ਲੀਲ ਉਕਤੀਆਂ ਵਰਤੀਆਂ ਜਾਂਦੀਆਂ ਹਨ। ਮਿਸਾਲ ਵਜੋਂ ਪੰਜਾਬੀ ਦੇ ਕੁਬੋਲ ਦਾਦੇ ਮਹੱਗਿਆ, ਕੁੱਤਾ, ਕੁੱਤੀ, ਸਾਲਾ ਆਦਿ ਕੁਝ ਹੱਦ ਤੱਕ ਸਹਿਣਯੋਗ ਹਨ। ਇਸ ਤੋਂ ਅੱਗੇ ਕੰਜਰ ਜਾਂ ਕੰਜਰੀ, ਹਰਾਮਜ਼ਾਦਾ, ਸਾਲਾ ਕੁੱਤਿਆਂ ਦਾ ਆਦਿ ਭਾਵੇਂ ਬਹੁਤ ਨਿੰਦਣਯੋਗ ਬਚਨ ਹਨ ਪਰ ਫਿਰ ਵੀ ਇਹ ਇਸਤਰੀ ਮਰਦ ਦੀ ਸਾਂਝੀ ਸੰਗਤ ਜਾਂ ਪਰਿਵਾਰ ਵਿਚ ਬੋਲੇ ਜਾ ਸਕਦੇ ਹਨ। ਹਰ ਭਾਸ਼ਾ ਵਿਚ ਸਭ ਤੋਂ ਪਹਿਲੇ ਦਰਜੇ ਦੀਆਂ ਗਾਲ੍ਹਾਂ ਸਿਧੀਆਂ ਲਿੰਗ ਸਬੰਧੀ ਹੁੰਦੀਆਂ ਹਨ ਖਾਸ ਤੌਰ ‘ਤੇ ਇਸਤਰੀ ਅਤੇ ਮਰਦ ਦੇ ਗੁਪਤ ਅੰਗਾਂ ਜਾਂ ਸੰਭੋਗ ਵੱਲ ਸੰਕੇਤ ਕਰਦੀਆਂ। ਬਹੁਤਾ ਦੱਸਣ ਦੀ ਲੋੜ ਨਹੀਂ, ਪੰਜਾਬੀ ਵਿਚ ‘ਮਾਂ ਚੋæææ, ਭੈਣ ਚੋæææ’ ਆਦਿ ਅਤੇ ਹੋਰ ਬੇਸ਼ੁਮਾਰ ਲੰਬੀਆਂ ਲੰਬੀਆਂ ਗਾਲ੍ਹਾਂ ਇਸੇ ਕੋਟੀ ਵਿਚ ਆਉਂਦੀਆਂ ਹਨ। ਬਹੁਤ ਸਮਾਂ ਪਹਿਲਾਂ ਮੈਨੂੰ ਇਕ ਇੰਗਲੈਂਡ ਰਹਿੰਦਾ ਬੰਦਾ ਮਿਲਿਆ ਸੀ ਜਿਸ ਨੇ ਦੱਸਿਆ ਸੀ ਕਿ ਉਸ ਨੇ ਪੰਜਾਬੀ ਗਾਲ੍ਹਾਂ ਦਾ ਇਕ ਵੱਡਾ ਸਾਰਾ ਸੰਗ੍ਰਿਹ ਤਿਆਰ ਕੀਤਾ ਹੈ ਜਿਸ ਵਿਚ ਇਕ ਇਕ ਸਫੇ ਜਿੱਡੀਆਂ ਲੰਮੀਆਂ ਗਾਲਾਂ ਵੀ ਹਨ। ਰੂਸ ਵਿਚ ਜਿਨ੍ਹਾਂ ਉਕਤੀਆਂ ‘ਤੇ ਪਾਬੰਦੀ ਲਾਈ ਗਈ ਹੈ ਉਹ ਇਸਤਰੀ ਮਰਦ ਦੇ ਗੁਪਤ ਲਿੰਗਾਂ, ਸੰਭੋਗ ਅਤੇ ਵੇਸਵਾ ਨਾਲ ਸਬੰਧਤ ਹਨ। ਰੂਸੀ ਵਿਚ ਭਾਸ਼ਾ ਦੇ ਅਜਿਹੇ ਲੱਚਰ ਪ੍ਰਯੋਗ ਲਈ ‘ਮਾਤ’ ਸ਼ਬਦ ਦੀ ਵਰਤੋਂ ਹੁੰਦੀ ਹੈ ਤੇ ਸੱਚੀ ਗੱਲ ਹੈ ਕਿ ਮੋਟੇ ਤੌਰ ‘ਤੇ ਇਸ ਸ਼ਬਦ ਨੇ ਹੀ ਮੈਨੂੰ ਹਥਲਾ ਲੇਖ ਲਿਖਣ ਲਈ ਪ੍ਰੇਰਿਆ ਹੈ। ਇਹ ਗੱਲ ਸਰਬਗਿਆਤ ਹੈ ਕਿ ‘ਗੰਦੀ ਗਾਲ’ ਉਤੇ ਆਮ ਤੌਰ ‘ਤੇ ਮਰਦਾਂ ਦੀ ਇਜਾਰੇਦਾਰੀ ਹੈ ਅਤੇ ਮਰਦ ਪ੍ਰਧਾਨ ਸਮਾਜ ਵਿਚ ਗਾਲਾਂ ਦੇ ਜ਼ਰੀਏ ਔਰਤਾਂ ਨੂੰ ਹੇਚ ਕੀਤਾ ਜਾਂਦਾ ਹੈ, ਕਹਿ ਲਵੋ ਕਿ ਦੂਜੇ ਨੂੰ ਉਸ ਦੇ ਨਿਕਟਤਮ ਇਸਤਰੀ ਸਬੰਧੀਆਂ ਵੱਲ ਇੰਗਤ ਹੋ ਕੇ ਹੀ ਥੱਲੇ ਲਾਇਆ ਜਾਂਦਾ ਹੈ। ਇਹ ਇਕ ਤਰ੍ਹਾਂ ਔਰਤ ਦਾ ਭਾਸ਼ਾਈ ਜਬਰਜਿਨਾਹ ਹੈ। ਬੋਲਚਾਲ ਵਿਚ ਗਾਲ੍ਹਾਂ ਦੀ ਵਰਤੋਂ ਏਨੀ ਸਹਿਜ ਅਤੇ ਭਰਪੂਰ ਹੋ ਚੁੱਕੀ ਹੈ ਕਿ ਅਕਸਰ ਹੀ ਮਨੁਖ ਆਪਣੇ ਆਪ ਨੂੰ ਵੀ ਗਾਲ੍ਹ ਕਢਦਾ ਆਪਣੀ ਮਾਂ-ਭੈਣ ਇਕ ਕਰ ਦਿੰਦਾ ਹੈ। ਮਨੁਖ ਦਾ ਸਭ ਤੋਂ ਭਾਵਕ, ਜੈਵਿਕ ਅਤੇ ਘਣਾ ਸਬੰਧ ਆਪਣੀ ਮਾਂ ਨਾਲ ਹੁੰਦਾ ਹੈ, ਇਸ ਲਈ ਬਹੁਤੀਆਂ ਗਾਲ੍ਹਾਂ ਮਾਂ ਵੱਲ ਹੀ ਸੇਧਿਤ ਹੁੰਦੀਆਂ ਹਨ। ਉਂਜ ਵੀ ਔਰਤ ਕਿਸੇ ਵੀ ਰਿਸ਼ਤੇ ਵਿਚ ਹੋਵੇ, ਮਨੁਖ ਜਾਤੀ ਦੀ ਜਣਨੀ ਹੈ, ਉਸ ਦੀ ਮਾਂ ਹੀ ਹੈ। ਇਹੀ ਕਾਰਨ ਹੈ ਕਿ ਗੰਦੀਆਂ ਗਾਲ੍ਹਾਂ ਲਈ ਰੂਸੀ ਭਾਸ਼ਾ ਵਿਚ ‘ਮਾਤ’ ਸ਼ਬਦ ਰੂੜ੍ਹ ਹੋ ਗਿਆ ਹੈ, ਇਹ ਮਾਤ ਸ਼ਬਦ ਪੰਜਾਬੀ ਦੇ ਮਾਤਾ ਸ਼ਬਦ ਦਾ ਹੀ ਅਰਥਾਵਾਂ ਅਤੇ ਸੁਜਾਤੀ ਹੈ। ਰੂਸੀ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਸਲਾਵਿਕ ਸ਼ਾਖਾ ਨਾਲ ਸਬੰਧ ਰਖਦੀ ਹੈ। ਬੇਸ਼ੁਮਾਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਾਂ, ਪਿਉ, ਭਰਾ, ਭੈਣ ਜਿਹੇ ਮੁਢਲੇ ਮਨੁਖੀ ਸਬੰਧ ਦਰਸਾਉਂਦੇ ਸ਼ਬਦਾਂ ਦੀ ਮੂਲਕ ਸਾਂਝ ਹੈ। ਬਾਕੀਆਂ ਦੀ ਚਰਚਾ ਫਿਰ ਕਦੇ ਕਰਾਂਗੇ, ਅੱਜ ਮਾਤਾ ਸ਼ਬਦ ਲੈਂਦੇ ਹਾਂ। ਇਸ ਦਾ ਭਾਰੋਪੀ ਮੂਲ ‘ਮਾਤਰ’ ਜਿਹਾ ਹੈ। ਗੁਰੂ ਅਰਜਨ ਦੇਵ ਨੇ ਤਾਂ ਮਾਂ ਦੇ ਅਰਥਾਂ ਵਿਚ ਮਾਤਰ ਸ਼ਬਦ ਵੀ ਵਰਤਿਆ ਹੈ, “ਮਾਤਰ ਪਿਤਰ ਤਿਆਗਕੈ ਮਨ ਸੰਤਨ ਪਾਹਿ ਬੇਚਾਇਓ॥” ਮਾਤਾ ਲਈ ਪੰਜਾਬੀ ਵਿਚ ਮਾਤ ਸ਼ਬਦ ਵੀ ਚਲਦਾ ਹੈ ਜਿਵੇਂ ਮਾਤ-ਪਿਤਾ ਸ਼ਬਦ ਜੁੱਟ ਵਿਚ। ਫਾਰਸੀ ਵਿਚ ਇਸ ਲਈ ਮਾਦਰ ਸ਼ਬਦ ਹੈ ਤਾਂ ਅੰਗਰੇਜ਼ੀ ਵਿਚ ‘ਮਦਰ’, ਲਾਤੀਨੀ ਵਿਚ ਮਟਰ, ਅੰਗਰੇਜ਼ੀ ਮੈਟਰਨਲ ਇਸੇ ਤੋਂ ਬਣਿਆ। ਯੂਨਾਨੀ ਵਿਚ ਮੈਟਰ ਹੈ, ਇਤਾਲਵੀ ਵਿਚ ਮਾਦਰ, ਅਲਬੇਨੀਅਨ ਵਿਚ ਮੌਤਰੇ। ਰੂਸੀ ਵਿਚ ਜਾ ਕੇ ਇਹ ‘ਮਾਤੇ’ ਰੂਪ ਧਾਰ ਲੈਂਦਾ ਹੈ। ਗੰਦੀ ਭਾਸ਼ਾ ਦੇ ਅਰਥਾਂ ਵਿਚ ਉਪਰ ਚਰਚਿਤ ਸ਼ਬਦ ਰੂਸੀ ਮਾਤਰਿਤ ਤੋਂ ਬਣਿਆ ਜਾਂ ਇਸ ਦਾ ਸੰæਖੇਪ ਹੈ। ਇਸ ਦਾ ਸ਼ਾਬਦਿਕ ਅਰਥ ਹੈ, “ਕਿਸੇ ਦੀ ਮਾਂ ਨੂੰ ਫਿਟਕਾਰਨਾ ਜਾਂ ਨੌਲਣਾ॥” ਅਸਲ ਵਿਚ ਬਹੁਤ ਸਾਰੀਆਂ ਸਲਾਵਿਕ ਭਾਸ਼ਾਵਾਂ ਵਿਚ ਇਸ ਆਸ਼ੇ ਲਈ ‘ਮਾਤ’ ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸੋ, ਗਾਲ੍ਹ ਕੱਢਣਾ ਮੁਢਲੇ ਤੌਰ ‘ਤੇ ਕਿਸੇ ਦੀ ਮਾਂ ਦੀ ਅਹੀ ਤਹੀ ਫੇਰਨਾ ਹੀ ਹੈ।
ਪੰਜਾਬੀ ਦੀ ਹੀ ਤਰਾਂ ਰੂਸੀ ਵਿਚ ਵੀ ਗਾਲ੍ਹਾਂ ਨਾਲ ਸਬੰਧਤ ਬੋਲਾਂ ਵਿਚ ਆਮ ਤੌਰ ‘ਤੇ ਇਸਤਰੀ ਮਰਦ ਦੇ ਲਿੰਗ, ਸੰਭੋਗ, ਵੇਸਵਾਗੀਰੀ ਜਾਂ ਫਿਰ ਹੱਗਣ ਵੱਲ ਇਸ਼ਾਰਾ ਹੁੰਦਾ ਹੈ। ਪਰ ਰੂਸੀ ਭਾਸਾ ਵਿਚ ਇਨ੍ਹਾਂ ਭਾਵਾਂ ਨੂੰ ਦਰਸਾਉਂਦੇ ਸ਼ਬਦ ਇਨ੍ਹਾਂ ਮੁਢਲੇ ਸ਼ਬਦਾਂ ਦੇ ਨਾਲ ਕਈ ਅਗੇਤਰ, ਪਿਛੇਤਰ ਜਾਂ ਵਧੇਤਰ ਲਗ ਕੇ ਬਣਦੇ ਹਨ। ਨਵੇਂ ਬਣੇ ਸ਼ਬਦਾਂ ਦੀ ਗਿਣਤੀ ਸੈਂਕੜਿਆਂ ਵਿਚ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਇਹ ਰੂਸੀ ਭਾਸ਼ਾ ਦੀ ਅਮੀਰੀ ਦੇ ਸੂਚਕ ਹਨ। ਗਾਲ੍ਹਾਂ ਲਈ ਨਿਸ਼ਾਨਾ ਬਣਾਏ ਮੁਢਲੇ ਅੰਗਾਂ ਜਾਂ ਸਬੰਧਾਂ ਨੂੰ ਦਰਸਾਉਂਦੇ ਕਈ ਮੂਲ ਸ਼ਬਦ ਹਿੰਦ-ਯੂਰਪੀ ਭਾਸ਼ਾਵਾਂ ਨਾਲ ਸਾਂਝੇ ਹਨ ਪਰ ਮੈਂ ਬਹੁਤਿਆਂ ਦਾ ਪੰਜਾਬੀ ਨਾਲ ਨਿਸ਼ਚਿਤ ਨਾਤਾ ਨਹੀਂ ਲੱਭ ਸਕਿਆ। ਜ਼ਰੂਰੀ ਨਹੀਂ ਹਰ ਹਿੰਦ-ਯੂਰਪੀ ਖਾਸੇ ਵਾਲੇ ਸ਼ਬਦ ਦੇ ਸਗੋਤਰੇ ਇਸ ਪਰਿਵਾਰ ਦੀ ਹਰ ਭਾਸ਼ਾ ਵਿਚ ਹੋਣ, ਕੁਝ ਤਾਂ ਸਿਰਫ ਇਸ ਦੀ ਕਿਸੇ ਸ਼ਾਖਾ ਵਿਚ ਹੀ ਸੀਮਿਤ ਰਹਿ ਜਾਂਦੇ ਹਨ। ਹਾਂ, ਸੰਭੋਗ ਸ਼ਬਦ ਲਈ ਵਰਤੇ ਜਾਂਦੇ ਇਕ ਸ਼ਬਦ ਦਾ ਰਿਸ਼ਤਾ ਜ਼ਰੂਰ ਪੰਜਾਬੀ ਨਾਲ ਜੋੜ ਸਕਿਆ ਹਾਂ ਜਿਸ ਦਾ ਜ਼ਿਕਰ ਕਰਨ ਜਾ ਰਿਹਾ ਹਾਂ। ਸੰਭੋਗ ਕਰਨ ਦੇ ਅਰਥਾਂ ਲਈ ਰੂਸੀ ਗਾਲ੍ਹਾਂ ਵਿਚ ਵਰਤੇ ਸ਼ਬਦ ਦਾ ਮੁਢਲਾ ਰੂਪ ਹੈ, ‘ਯਬਾਤ।’ ਇਸ ਤੋਂ ਬਣੀ ਗਾਲ ‘ਯੋਬ ਤਵੋਊ ਮਤ’ ਆਮ ਤੌਰ ‘ਤੇ ‘ਸੱਚੀਂ?’, ‘ਵਾਹ!’ ਜਿਹੇ ਅਰਥਾਂ ਵਿਚ ਵਰਤੀ ਜਾਂਦੀ ਹੈ ਪਰ ਇਸ ਦਾ ਸ਼ਾਬਦਿਕ ਅਰਥ ਹੈ, ਤੇਰੀ ਮਾਂ ਚੋæææ, ਤੇਰੀ ਮਾਂ ਨੂੰ ਯਾਂ। ਪੰਜਾਬੀ ਵਿਚ ਅਜਿਹੇ ਆਸ਼ੇ ਲਈ ‘ਭੈਣ ਦੀ ਯਾ ਗਿਆ’ ਜਿਹੀ ਉਕਤੀ ਵੀ ਵਰਤੀ ਜਾਂਦੀ ਹੈ। ਇਕ ਹੋਰ ਰੂਸੀ ਗਾਲ ‘ਯੋਬਨੀ ਵ ਰੋਤ’ ਹੈਰਾਨੀ ਦੇ ਭਾਵ ਵਿਅਕਤ ਕਰਨ ਲਈ ਵਰਤੀ ਜਾਂਦੀ ਹੈ, ਇਸ ਦੇ ਸ਼ਾਬਦਿਕ ਅਰਥ ਮੌਖਿਕ ਸੰਭੋਗ ਵੱਲ ਇਸ਼ਾਰਾ ਕਰਦੇ ਹਨ। ਇਸੇ ਸ਼ਬਦ ਦੀ ਵਰਤੋਂ ਵਾਲੀ ਇਕ ਹੋਰ ਗਾਲ ਦਾ ਅਰਥ ਬਣਦਾ ਹੈ ‘ਇਕ ਵਾਰੀ ਭੋਗਿਆ’ ਪਰ ਇਸ ਨੂੰ ਪਾਗਲ, ਜਨੂੰਨੀ, ਝੱਲਾ ਆਦਿ ਦੇ ਭਾਵ ਦਰਸਾਉਣ ਲਈ ਵਰਤਿਆ ਜਾਂਦਾ ਹੈ। ਧਿਆਨ ਦਿਓ, ਅੰਗਰੇਜ਼ੀ ਦਾ ਸ਼ਬਦ ‘ਫੱਕ’ ਜਿਸ ਦਾ ਮੁਢਲਾ ਅਰਥ ਤਾਂ ਸੰਭੋਗ ਕਰਨਾ ਹੈ ਪਰ ਇਹ ਅਜਿਹਾ ਖੁਲ੍ਹਾ ਸ਼ਬਦ ਬਣ ਗਿਆ ਹੈ ਕਿ ਇਸ ਦੀ ਹਰ ਤਰ੍ਹਾਂ ਦੇ ਤੀਬਰ ਭਾਵ ਦਰਸਾਉਣ ਲਈ ਖੁਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ।
ਖੈਰ, ਚਰਚਿਤ ਰੂਸੀ ਸ਼ਬਦ ਵਿਚ ਆਇਆ ਭੋਗ ਦੇ ਅਰਥਾਂ ਵਾਲਾ ਸ਼ਬਦ ਹਿੰਦ-ਯੂਰਪੀ ਖਾਸੇ ਵਾਲਾ ਹੈ। ਇਸ ਦੇ ਯੂਨਾਨੀ ਸਗੋਤੀ ਸ਼ਬਦ ਦਾ ਅਰਥ ਹੈ ਵਿਆਹੇ ਰੂਪ ਵਿਚ ਵਸਣਾ। ਸੰਸਕ੍ਰਿਤ ਵਿਚ ਇਸ ਲਈ ਸ਼ਬਦ ‘ਯਭਤਿ’ ਹੈ ਜਿਸ ਦਾ ਅਰਥ ਹੈ ਭੋਗਣਾ ਜਾਂ ਭੋਗ ਕਰਨਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਆੜਾ, ਟੰਟਾ ਆਦਿ ਦੇ ਅਰਥਾਂ ਵਾਲਾ ‘ਜਭ’ ਸ਼ਬਦ ਇਸੇ ਸੰਸਕ੍ਰਿਤ ਸ਼ਬਦ ਦਾ ਬਦਲਿਆ ਰੁਪਾਂਤਰ ਹੈ। ਕਿਸੇ ਕਸੂਤੀ ਸਥਿਤੀ ਵਿਚ ਹੋਈਏ ਤਾਂ ਅਸੀਂ ਕਹਿੰਦੇ ਹਾਂ, ‘ਬੜੇ ਜਭ ਵਿਚ ਪਏ!’ ਇਹ ਜਭ ਕੀ ਹੈ? ਸੰਭੋਗ ਦੀ ਕ੍ਰਿਆ ਵਿਚ ਪਏ ਇਸਤਰੀ-ਪੁਰਸ਼ ਸਰੀਰ ਦੇ ਅੰਗਾਂ ਨੂੰ, ਪੁੱਠੀਆਂ-ਸਿਧੀਆਂ ਅਜੀਬੋ-ਗਰੀਬ ਆਸਣਾਂ ਜਾਂ ਸਥਿਤੀਆਂ ਵਿਚ ਪਾਉਂਦੇ ਹਨ, ਇਹ ਸਥਿਤੀ ਯਭਿਤ ਹੋਣ ਦੀ ਹੈ ਜਾਂ ਪੰਜਾਬੀ ਵਿਚ ‘ਜਭ’ ਦੀ। ਸਭ ਪੰਜਾਬੀ ਇਸਤਰੀਆਂ-ਮਰਦ ਬਿਨਾ ਪਿਛੋਕੜ ਜਾਣੇ ਇਸ ਸ਼ਬਦ ਦੀ ਆਮ ਹੀ ਵਰਤੋਂ ਕਰਦੇ ਹਨ। ਫੇਸਬੁੱਕ ਤੇ ਇਕ ਗਰੁਪ ਦਾ ਨਾਂ ਹੈ, ‘ਪੰਜਾਬੀ ਲੋਕਧਾਰਾ।’ ਇਸ ਵਿਚ ਆਮ ਤੌਰ ਤੇ ਠੇਠ ਪੰਜਾਬੀ ਸ਼ਬਦਾਂ ਦੀ ਹੀ ਚਰਚਾ ਹੁੰਦੀ ਹੈ ਪਰ ਸਮੂਹ ਦੇ ਸੰਚਾਲਕ ‘ਗੰਦੇ’ ਸ਼ਬਦਾਂ ਦੀ ਚਰਚਾ ਨਹੀਂ ਹੋਣ ਦਿੰਦੇ ਕਿਉਂਕਿ ਉਨ੍ਹਾਂ ਅਨੁਸਾਰ ਪੰਜਾਬ ਦਾ ਸਭਿਆਚਾਰ ਬਹੁਤ ਉਚ ਪਾਏ ਦਾ ਹੈ ਜਾਂ ਸ਼ਾਇਦ ਉਹ ਲੈਂਗਿਕ ਪੱਖ ਨੂੰ ਗੰਦਾ ਸਮਝ ਕੇ ਇਸ ਨੂੰ ਅਣਡਿਠਿਆਂ ਕਰਨਾ ਚਾਹੁੰਦੇ ਹਨ। ਇਹ ਸੱਚਾਈ ਤੋਂ ਅੱਖਾਂ ਮੀਟਣਾ ਹੈ। ਮੈਂ ਉਨ੍ਹਾਂ ਨੂੰ ਕਈ ਵਾਰੀ ਸੁਝਾਅ ਦਿੱਤਾ ਕਿ ਸਭਿਆਚਾਰ ਦੇ ਹਰ ਪੱਖ ਨੂੰ ਫਰੋਲਣ ਦੀ ਲੋੜ ਹੁੰਦੀ ਹੈ ਪਰ ਉਨ੍ਹਾਂ ਮੇਰੀ ਗੱਲ ਵੱਲ ਧਿਆਨ ਨਾ ਦਿੱਤਾ। ਇਕ ਦਿਨ ਕਿਸੇ ਔਰਤ ਨੇ ਜਭ ਸ਼ਬਦ ‘ਤੇ ਚਰਚਾ ਸ਼ੁਰੂ ਕਰ ਦਿੱਤੀ। ਜਦ ਮੈਂ ਇਸ ਸ਼ਬਦ ਦੀ ਅਸਲੀਅਤ ਦੱਸੀ ਤਾਂ ਸਭ ਚੁੱਪ ਹੋ ਗਏ।
ਜਭ ਵਿਚ ਪਏ ਬੰਦੇ ਦੀ ਹਾਲਤ ਤਰਸਯੋਗ ਹੁੰਦੀ ਹੈ ਜਿਵੇਂ ਹਾਲਤਾਂ ਨੇ ਉਸ ਨਾਲ ਮਖੌਲ ਕੀਤਾ ਹੁੰਦਾ ਹੈ, ਉਸ ਨੂੰ ਮੂਰਖ ਬਣਾਇਆ ਹੁੰਦਾ ਹੈ। ਕੋਈ ਹੈਰਾਨੀ ਨਹੀਂ ਕਿ ਇਸ ਤੋਂ ਬਣੇ ਸ਼ਬਦ ਜਭਲ ਦਾ ਅਰਥ ਮੂਰਖ, ਬੇਵਕੂਫ, ਮੂੜ੍ਹ ਹੰਦਾ ਹੈ। ਯਭਤਿ ਤੋਂ ਹੀ ਪੰਜਾਬੀ ਵਿਚ ਵਰਤਿਆ ਜਾਂਦਾ ਇਕ ਹੋਰ ਰੁਪਾਂਤਰ ਹੈ ‘ਯਹਿਣਾ’ ਜਿਸ ਦਾ ਅਰਥ ਔਰਤ ਨੂੰ ਭੋਗਣਾ ਹੁੰਦਾ ਹੈ। ਪੰਜਾਬੀ ਗਾਲ੍ਹਾਂ ਵਿਚ ਇਸ ਦੀ ਖਾਸੀ ਵਰਤੋਂ ਹੁੰਦੀ ਹੈ ਜਿਵੇਂ ਤੇਰੀ ‘ਮਾਂ ਨੂੰ ਯਾਂ’ ਜਾਂ ‘ਭੈਣ ਈ ਯਾਹ ਗਿਆ!’ ਹਿੰਦੀ ਨਿਰੁਕਤਕਾਰ ਅਜਿਤ ਵਡਨੇਰਕਰ ਨੇ ‘ਜੱਟ ਯਮਲਾ ਪਗਲਾ ਦੀਵਾਨਾ’ ਦੇਖੀ ਤਾਂ ਮੈਥੋਂ ਯਮਲਾ ਸ਼ਬਦ ਦੀ ਵਿਉਤਪਤੀ ਪੁਛ ਲਈ। ਮੈਂ ਜਭਲੀ ਮਾਰੀ, ‘ਇਹ ਜਭਲ ਦਾ ਵਿਗੜਿਆ ਰੂਪ ਹੋ ਸਕਦਾ ਹੈ।’ ਤੇ ਮੇਰਾ ਅਨੁਮਾਨ ਸਹੀ ਹੋ ਸਕਦਾ ਹੈ!
Leave a Reply