ਸੜਕ ਹਾਦਸਿਆਂ ਕਾਰਨ ਗਈਆਂ 24 ਹਜ਼ਾਰ ਜਾਨਾਂ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਹੀ ਹਜ਼ਾਰਾਂ ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਚੁੱਕੀ ਹੈ ਜਦਕਿ ਇਸ ਤੋਂ ਗੁਣਾ ਵੱਧ ਅੰਗਹੀਣਾਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਖਸਤਾਹਾਲ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਖ਼ੂਨੀ ਸੜਕਾਂ ਨੇ ਪਿਛਲੇ ਅੱਠ ਸਾਲਾਂ ਵਿਚ ਤਕਰੀਬਨ 24,321 ਵਿਅਕਤੀਆਂ ਦੀ ਜਾਨ ਲੈ ਲਈ ਹੈ ਜਦਕਿ 35,968 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਸੈਂਕੜੇ ਲੋਕਾਂ ਦੇ ਅੰਗ ਨਕਾਰਾ ਹੋ ਗਏ ਹਨ ਜੋ ਹੁਣ ਲਾਚਾਰ ਤੇ ਬੇਵੱਸ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਹਾਦਸਿਆਂ ਵਿਚ ਕਈ ਵਿਅਕਤੀਆਂ ਦੀਆਂ ਲੱਤਾਂ-ਬਾਹਾਂ ਟੁੱਟ ਚੁੱਕੀਆਂ ਹਨ ਤੇ ਕਈਆਂ ਦੇ ਸਿਰਾਂ ਵਿਚ ਗੰਭੀਰ ਚੋਣ ਕਾਰਨ ਉਹ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਸਮਾਜ ਸੇਵੀ ਡਾæ ਜਸਦੀਪਕ ਸਿੰਘ ਕੁੰਭੜਾ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਮੁਤਾਬਕ ਪਿਛਲੇ ਅੱਠ ਸਾਲਾਂ ਵਿਚ ਤਕਰੀਬਨ 40,944 ਸੜਕ ਹਾਦਸੇ ਵਾਪਰੇ ਹਨ ਜਿਨ੍ਹਾਂ ਵਿਚ 24321 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 35968 ਵਿਅਕਤੀ ਜ਼ਖ਼ਮੀ ਹੋਏ ਹਨ।
ਪੰਜਾਬ ਪੁਲਿਸ ਦੇ ਆਈæਜੀæ (ਟਰੈਫ਼ਿਕ) ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਸਾਲ 2007 ਵਿਚ 5208 ਸੜਕ ਹਾਦਸਿਆਂ ਵਿਚ 3363 ਵਿਅਕਤੀਆਂ ਦੀ ਜਾਨ ਗਈ ਜਦਕਿ 4430 ਲੋਕ ਜ਼ਖ਼ਮੀ ਹੋਏ। ਸਾਲ 2008 ਵਿਚ 5409 ਸੜਕ ਦੁਰਘਟਨਾਵਾਂ ਵਿਚ 3333 ਲੋਕਾਂ ਦੀ ਮੌਤ ਹੋਈ ਜਦਕਿ 4868 ਵਿਅਕਤੀ ਜ਼ਖ਼ਮੀ ਹੋਏ। ਸਾਲ 2009 ਵਿਚ 6425 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 3622 ਲੋਕਾਂ ਦੀ ਮੌਤ ਹੋਈ ਜਦਕਿ 5674 ਲੋਕ ਜ਼ਖ਼ਮੀ ਹੋ ਗਏ। ਸਾਲ 2010 ਵਿਚ 6641 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 3424 ਲੋਕਾਂ ਦੀ ਮੌਤ ਹੋਈ ਜਦਕਿ 5854 ਜ਼ਖ਼ਮੀ ਹੋ ਗਏ। ਸਾਲ 2011 ਵਿਚ 7531 ਸੜਕ ਹਾਦਸਿਆਂ ਵਿਚ 3389 ਲੋਕਾਂ ਦੀ ਮੌਤ ਹੋਈ ਜਦਕਿ 5021 ਜ਼ਖ਼ਮੀ ਹੋਏ। ਸਾਲ 2012 ਵਿਚ 5253 ਸੜਕ ਹਾਦਸਿਆਂ ਵਿਚ 3320 ਵਿਅਕਤੀਆਂ ਦੀ ਮੌਤ ਹੋਈ ਜਦਕਿ 4725 ਲੋਕ ਜ਼ਖ਼ਮੀ ਹੋਏ। ਸਾਲ 2013 ਵਿਚ 5426 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚੋਂ 3357 ਲੋਕਾਂ ਦੀ ਜਾਨ ਚਲੀ ਗਈ ਤੇ 4647 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ। ਸਾਲ 2014 ਵਿਚ (ਫਰਵਰੀ ਤੱਕ) 851 ਸੜਕ ਹਾਦਸਿਆਂ ਵਿਚ 513 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 749 ਵਿਅਕਤੀ ਜ਼ਖ਼ਮੀ ਹੋਏ ਹਨ।
ਉੱਧਰ ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ 381 ਖ਼ਤਰਨਾਕ ਐਕਸੀਡੈਂਟ ਪੁਆਇੰਟ ਹਨ। ਇਨ੍ਹਾਂ ਵਿਚ ਜ਼ਿਲ੍ਹਾ ਪਠਾਨਕੋਟ ਵਿਚ ਸਭ ਤੋਂ ਵੱਧ ਜਦਕਿ ਲੁਧਿਆਣਾ ਦਿਹਾਤੀ ਏਰੀਆ ਵਿਚ ਸਭ ਤੋਂ ਘੱਟ ਖ਼ਤਰਨਾਕ ਐਕਸੀਡੈਂਟ ਪੁਆਇੰਟ ਹਨ। ਮੁਕਤਸਰ ਤੇ ਜਲੰਧਰ ਦਿਹਾਤੀ ਖੇਤਰ ਵਿਚ ਇਕ ਵੀ ਖ਼ਤਰਨਾਕ ਐਕਸੀਡੈਂਟ ਪੁਆਇੰਟ ਨਹੀਂ ਹੈ ਜੋ ਚੰਗੀ ਗੱਲ ਹੈ। ਭਿਆਨਕ ਸੜਕ ਹਾਦਸਿਆਂ ਦੇ ਮਾਮਲੇ ਵਿਚ ਪਠਾਨਕੋਟ ਨੰਬਰ ਇਕ ਤੇ ਗੁਰਦਾਸਪੁਰ ਦੂਜੇ ਤੇ ਬਟਾਲਾ ਤੀਜੇ ਸਥਾਨ ‘ਤੇ ਹੈ। ਪਹਿਲੇ 10 ਸਥਾਨਾਂ ਵਿਚ ਜ਼ਿਲ੍ਹਾ ਐਸ਼ਏæਐੱਸ਼ ਨਗਰ ਤੇ ਬਠਿੰਡਾ ਪੰਜਵੇਂ ਸਥਾਨ ਹੈ। ਅੰਮ੍ਰਿਤਸਰ ਚੌਥੇ ਸਥਾਨ ‘ਤੇ ਹੈ ਜਿਥੇ 28 ਭਿਆਨਕ ਐਕਸੀਡੈਂਟ ਪੁਆਇੰਟ ਹਨ। ਮਾਨਸਾ ਦੀਆਂ ਸੜਕਾਂ ਨੂੰ ਵੀ ਸਫ਼ਰ ਲਈ ਅਸੁਰੱਖਿਅਤ ਐਲਾਨਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਵਿਚ 45, ਗੁਰਦਾਸਪੁਰ ਵਿੱਚ 37, ਬਟਾਲਾ ਵਿਚ 33, ਅੰਮ੍ਰਿਤਸਰ ਵਿਚ 28, ਬਠਿੰਡਾ ਤੇ ਐਸ਼ਏæਐਸ਼ ਨਗਰ (ਮੁਹਾਲੀ) ਵਿਚ 26-26, ਫ਼ਿਰੋਜ਼ਪੁਰ ਤੇ ਫ਼ਾਜ਼ਿਕਲਾ ਵਿਚ 23-23, ਖੰਨਾ ਵਿਚ 17, ਰੂਪਨਗਰ ਵਿਚ 13, ਪਟਿਆਲਾ ਵਿਚ 10, ਨਵਾਂ ਸ਼ਹਿਰ ਤੇ ਫ਼ਤਹਿਗੜ੍ਹ ਸਾਹਿਬ ਵਿਚ 9-9, ਹੁਸ਼ਿਆਰਪੁਰ ਵਿਚ 8, ਜਲੰਧਰ ਵਿਚ 7, ਤਰਨ ਤਾਰਨ, ਬਰਨਾਲਾ, ਫ਼ਰੀਦਕੋਟ ਤੇ ਕਪੂਰਥਲਾ ਵਿਚ 5-5, ਅੰਮ੍ਰਿਤਸਰ ਦਿਹਾਤੀ ਅਤੇ ਮੋਗਾ ਵਿਚ 4-4 ਤੇ ਲੁਧਿਆਣਾ ਦਿਹਾਤੀ ਵਿਚ ਤਿੰਨ ਖ਼ਤਰਨਾਕ ਐਕਸੀਡੈਂਟ ਪੁਆਇੰਟ ਹਨ। ਇਹ ਸਾਰੇ ਅੰਕੜੇ ਪੰਜਾਬ ਪੁਲਿਸ ਦੀ ਸਰਕਾਰੀ ਵੈੱਬਸਾਈਟ ‘ਤੇ ਉਪਲਬਧ ਹਨ। ਪੁਲਿਸ ਦਾ ਕਹਿਣਾ ਹੈ ਕਿ ਹਾਦਸਿਆਂ ਦਾ ਮੁੱਖ ਕਾਰਨ ਨਸ਼ਾ ਕਰ ਕੇ ਗੱਡੀ ਚਲਾਉਣਾ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹੈ। ਸੜਕਾਂ ਦਾ ਨਿਰਮਾਣ ਯੋਜਨਾਬੱਧ ਤਰੀਕੇ ਤੇ ਸਹੀ ਤਕਨੀਕ ਨਾਲ ਨਾ ਹੋਣਾ ਵੀ ਹਾਦਸਿਆਂ ਦੇ ਕਾਰਨ ਹਨ। ਸੜਕਾਂ ਨੂੰ ਚੌੜਾ ਕਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਬਲਕਿ ਲੋੜ ਅਨੁਸਾਰ ‘ਨੋ ਓਵਰਟੇਕ ਜ਼ੋਨ’ ਬਣਾਉਣ ਸਮੇਤ ਟਰੈਫ਼ਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਹੋਣ ਤੇ ਨਸ਼ੇ ਤਿਆਗਣ ਨਾਲ ਸੜਕ ਹਾਦਸਿਆਂ ਵਿਚ ਕਮੀ ਆ ਸਕਦੀ ਹੈ।

Be the first to comment

Leave a Reply

Your email address will not be published.