ਬਲਜੀਤ ਬਾਸੀ
ਅੱਜ ਤੋਂ ਕੋਈ ਢਾਈ ਦਹਾਕੇ ਪਹਿਲਾਂ ਮਲਕੀਤ ਸਿੰਘ ਦੇ ਗਾਣਿਆਂ ਦੀ ਤੂਤੀ ਬੋਲਦੀ ਸੀ। ਉਸ ਦਾ ‘ਤੂਤਕ ਤੂਤਕ ਤੂਤੀਆਂ’ ਮੁਖੜੇ ਵਾਲਾ ਗੀਤ ਸੁਣ ਸੁਣ ਕੇ ਕੰਨਾਂ ਵਿਚ ਝਰਨ ਝਰਨ ਹੋਣ ਲੱਗ ਪਈ ਸੀ। ਕਹਿੰਦੇ ਹਨ, ਉਸ ਦੀਆਂ ਵੀਹ ਲੱਖ ਤੋਂ ਵੀ ਵਧ ਸੀਡੀਆਂ ਵਿਕੀਆਂ। ਚੰਡੀਗੜ੍ਹ ਦੇ ਸੈਕਟਰ 17 ਵਿਚ, ਜਿਥੇ ਕਦੇ ਕੋਈ ਪੰਜਾਬੀ ਗੀਤ ਵੱਜਦਾ ਨਹੀਂ ਸੀ ਸੁਣਿਆ, ਹਰ ਦੁਕਾਨ ‘ਤੇ ‘ਤੂਤਕ ਤੂਤਕ ਤੂਤੀਆਂ’ ਹੀ ਹੋਈ ਰਹਿੰਦੀ ਸੀ। ਕੁਝ ਲੋਕ ਸੋਚਦੇ ਸਨ ਕਿ ਇਸ ਗੀਤ ਦੇ ‘ਤੂਤਕ ਤੂਤਕ ਤੂਤੀਆਂ’ ਵਾਲੇ ਨਿਰਾਰਥਕ ਜਿਹੇ ਬੋਲ ਦੇ ਕੀ ਅਰਥ ਹੋ ਸਕਦੇ ਹਨ। ਗੀਤਾਂ ਵਿਚ ਲੈਅ ਰੱਖਣ ਲਈ ਅਜਿਹੇ ਬੋਲ ਅਕਸਰ ਹੀ ਜੋੜੇ ਜਾਂਦੇ ਹਨ ਜਿਵੇਂ ਬੋਲੀਆਂ ਵਿਚ ‘ਧਾਵੇ ਧਾਵੇ ਧਾਵੇ’ ਆਦਿ। ਪਰ ਭਾਸ਼ਾ ਵਿਵੇਚਕ ਨਿਰਾਰਥਕ ਜਾਪਦੇ ਬੋਲਾਂ ਵਿਚ ਵੀ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪ੍ਰੋæ ਮੋਹਨ ਸਿੰਘ ਅਕਸਰ ਹੀ ਥਾਲੀ ਲੈ ਕੇ ਉਸ ਨੂੰ ਵਜਾਉਂਦਿਆਂ ਸੁਰ ਕੱਢਿਆ ਕਰਦਾ ਸੀ, ‘ਤੁਣ ਤੁਣ ਤੁਣ, ਨਿੱਕਾ ਵਾਣ ਬੁਣ।’ ਥੋੜੀ ਜਿਹੀ ਖੇਚਲ ਕੀਤਿਆਂ ਵੀ ਸਮਝ ਆ ਜਾਂਦੀ ਹੈ ਕਿ ਇਥੇ ‘ਤੁਣ ਤੁਣ’ ਦਰਅਸਲ ਕਿਸੇ ਤੂੰਬੀ ਜਿਹੇ ਤੰਤੀ ਸਾਜ਼ ਦੀ ਨਕਲ ਹੈ। ਅੰਗਰੇਜ਼ੀ ਦਾ ਟਹਰੁਮ ਸ਼ਬਦ ਇਹੋ ਅਰਥ ਦਿੰਦਾ ਹੈ ਜੋ ਤੁਣ ਤੁਣ ਦੀ ਤਰ੍ਹਾਂ ਧੁਨੀ-ਅਨੁਕਰਮਕ ਹੈ।
ਕੁਝ ਚਿਰ ਪਹਿਲਾਂ ‘ਸ਼ਬਦ ਝਰੋਖਾ’ ਦੇ ਇਕ ਬਾਕਾਇਦਾ ਪਾਠਕ ਨੇ ਮੈਨੂੰ ਨਿੱਜੀ ਤੌਰ ‘ਤੇ ‘ਨਗਾਰਖਾਨੇ ਵਿਚ ਤੂਤੀ ਬੋਲਣਾ’ ਕਹਾਵਤ ਦਾ ਮੁਢ ਪੁਛਿਆ। ਇਸ ਦੇ ਜਵਾਬ ਵਿਚ ਮੈਨੂੰ ਜੋ ਸਰਿਆ, ਮੈਂ ਉਸ ਅੱਗੇ ਨਿਜੀ ਤੌਰ ‘ਤੇ ਪੇਸ਼ ਕਰ ਦਿੱਤਾ। ਅੱਜ ਤੂਤਕ ਤੂਤਕ ਦੀ ਗੱਲ ਛੇੜੀ ਹੈ ਤਾਂ ਮੈਨੂੰ ਲੱਗਾ ਇਸ ਮੁਹਾਵਰੇ ਬਾਰੇ ਦਿੱਤਾ ਜਵਾਬ ਵੀ ਮੈਨੂੰ ਹੋਰ ਪਾਠਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਤੂਤੀ ਸ਼ਬਦ ਦੇ ਕਈ ਅਰਥ ਹਨ। ਇਹ ਅਰਬੀ ਤੋਂ ਆਇਆ ਹੈ। ਇਕ ਕਿਸਮ ਦੇ ਛੋਟੀ ਕਿਸਮ ਦੇ ਤੋਤੇ ਨੂੰ ਅਰਬੀ ਵਿਚ ਤੂਤੀ ਕਿਹਾ ਜਾਂਦਾ ਹੈ। ਇਸ ਦੀ ਚੁੰਝ ਪੀਲੀ, ਗਰਦਨ ਬੈਂਗਣੀ ਅਤੇ ਖੰਭ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਆਵਾਜ਼ ਬੜੀ ਮਿੱਠੀ ਅਤੇ ਸੁਰੀਲੀ ਹੁੰਦੀ ਹੈ। ਇਸ ਨੂੰ ਲੋਕ ਪਿੰਜਰਿਆਂ ਵਿਚ ਪਾਲਦੇ ਹਨ। ਪਰ ਸਾਡੇ ਮਤਲਬ ਦਾ ਅਰਥ ਹੈ, ਇਕ ਪ੍ਰਕਾਰ ਦਾ ਛੋਟਾ ਵਾਜਾ ਜੋ ਸ਼ਹਿਨਾਈ ਜਾਂ ਬੰਸਰੀ ਵਰਗਾ ਹੁੰਦਾ ਹੈ। ਬਾਦਸ਼ਾਹਾਂ ਦੇ ਮਹਿਲਾਂ ਅੱਗੇ ਨਗਾਰਖਾਨੇ ਹੋਇਆ ਕਰਦੇ ਸਨ ਜਿਨ੍ਹਾਂ ਵਿਚ ਨਗਾਰੇ ਰੱਖੇ ਜਾਂਦੇ ਸਨ। ਖਾਸ ਖਾਸ ਮੁਨਾਦੀਆਂ ਕਰਨ ਤੋਂ ਪਹਿਲਾਂ ਇਹ ਵਜਾਏ ਜਾਂਦੇ। ਨਗਾਰਾ ਵੱਜਣ ਪਿਛੋਂ ਕਾਰਿੰਦਾ ਮੁਨਾਦੀ ਪੜ੍ਹਦਾ ਸੀ। ਇਸ ਤਰ੍ਹਾਂ ਮੁਨਾਦੀਆਂ ਦਾ ਐਲਾਨ ਕੀਤਾ ਜਾਂਦਾ ਸੀ। ‘ਨਗਾਰਖਾਨੇ ਵਿਚ ਤੂਤੀ ਬੋਲਣਾ’ ਦਾ ਭਾਵ ਹੈ ਜਿਥੇ ਬੜੇ ਬੜੇ ਲੋਕਾਂ ਦੀ ਚਲਦੀ ਹੋਵੇ ਉਥੇ ਹਮਾਤੜ ਛੋਟੇ ਲੋਕਾਂ ਨੂੰ ਕੌਣ ਪੁਛਦਾ ਹੈ ਜਾਂ ਸ਼ੋਰ ਸ਼ਰਾਬੇ ਵਿਚ ਆਮ ਆਦਮੀ ਦੀ ਗੱਲ ਕੌਣ ਸੁਣਦਾ ਹੈ। ਸਪਸ਼ਟ ਹੈ ਕਿ ਇਹ ਅਖਾਣ ਨਗਾਰੇ ਦੀ ਭਾਰੀ ਆਵਾਜ਼ ਦੇ ਮੁਕਾਬਲੇ ਤੂਤੀ ਦੀ ਬਰੀਕ ਆਵਾਜ਼ ਦੇ ਨਿਗੂਣੇ ਹੋਣ ਤੋਂ ਬਣਿਆ।
ਤੂਤੀ ਬੋਲਣਾ ਇਕ ਹੋਰ ਮੁਹਾਵਰਾ ਹੈ। ਇਹ ਮੁਹਾਵਰਾ ਤੂਤੀ ਪੰਛੀ ਨਾਲ ਸਬੰਧਤ ਹੈ। ਪੁਰਾਣੇ ਜ਼ਮਾਨੇ ਵਿਚ ਰਈਸ ਲੋਕ ਕੁਕੜਾਂ ਦੀ ਲੜਾਈ ਕਰਵਾਇਆ ਕਰਦੇ ਸਨ। ਕੁਝ ਸ਼ੌਕੀਨ ਲੋਕ ਅੱਜ ਕਲ੍ਹ ਵੀ ਅਜਿਹਾ ਕਰਦੇ ਹਨ। ਬਹੁਤ ਲੋਕਾਂ ਨੇ ਖੂੰਖਾਰ ਹੁੰਦੇ ਕੁਕੜਾਂ ਦੀਆਂ ਲੜਾਈਆਂ ਦਾ ਅਨੰਦ ਮਾਣਿਆ ਹੋਵੇਗਾ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਹਿਲਕਾਰ ਲੋਕਾਂ ਦੇ ਹੋਰ ਸ਼ੌਕਾਂ ਵਿਚੋਂ ਤੂਤੀਆਂ ਰੱਖਣੀਆਂ ਤੇ ਉਨ੍ਹਾਂ ਦੀਆਂ ਆਵਾਜ਼ਾਂ ਦੇ ਮੁਕਾਬਲੇ ਕਰਾਉਣਾ ਵੀ ਹੁੰਦਾ ਸੀ। ਕਿਉਂਕਿ ਹਰ ਕੋਈ ਆਪਣੀ ਤੂਤੀ ਦੀ ਆਵਾਜ਼ ਵੱਲ ਹੀ ਚਿੰਤਿਤ ਹੁੰਦਾ ਸੀ, ਇਸ ਲਈ ਆਪਣੀ ਤੂਤੀ ਬੋਲਣਾ ਦਾ ਇਕ ਮਤਲਬ ਆਪਣੀ ਰੱਟ ਲਾਈ ਰੱਖਣਾ ਹੋ ਗਿਆ। ਪਰ ਇਸ ਮੁਹਾਵਰੇ ਦੀ ਵਧੇਰੇ ਵਰਤੋਂ ਧਾਕ ਜੰਮਣਾ ਮੁਹਾਵਰੇ ਜਿਹੀ ਹੈ। ਮੁਕਾਬਲੇ ਵਿਚ ਜਿਸ ਦੀ ਤੂਤੀ ਵਧੀਆ ਬੋਲੇਗੀ, ਉਸੇ ਦੀ ਬੱਲੇ ਬੱਲੇ ਹੋਵੇਗੀ। ਇਕ ਕਵੀ ਨੂੰ ਗਿਲਾ ਹੈ,
ਸਿਆਸਤ ਭੀ ਅਜੂਬੀ ਬੋਲਤੀ ਹੈ,
ਰਿਆਕਾਰੋਂ ਕੀ ਤੂਤੀ ਬੋਲਤੀ ਹੈ
ਜ਼ਮਾਨਾ ਬੇਰਹਿਮ ਹੈ
ਕੁਛ ਭੀ ਬੋਲੇ
ਗਿਲਾ ਯੇ ਹੈ ਕਿ
ਤੂ ਭੀ ਬੋਲਤੀ ਹੈ।
ਕਿਸੇ ਨੇ ਲਿਖਿਆ ਹੈ, “ਸਾਡੇ ਪਿੰਡ ਵਿਚ ਵੀ ਇਕ ਹੁੰਦਾ ਸੀ ਸਾਡਾ ਹਾਣੀ ਸ਼ਾਹ-ਤੋਤਾ ਹੱਟੀ ਵਾਲਾ। ਤੋਤੇ ਦੀ ਹੱਟੀ ਉਸ ਵੇਲੇ ਬੜੀ ਮਸ਼ਹੂਰ ਸੀ। ਤੋਤੇ ਦੀ ਪੂਰੇ ਇਲਾਕੇ ‘ਚ ਤੂਤੀ ਬੋਲਦੀ ਸੀ।” ਕਿਸੇ ਵੇਲੇ ਤੋਤਾ ਸਿੰਘ ਵਜ਼ੀਰ ਦੀ ਵੀ ਬੜੀ ਤੂਤੀ ਬੋਲਦੀ ਸੀ।
ਅਮੀਰ ਖੁਸਰੋ ਆਪਣੇ ਆਪ ਨੂੰ ਹਿੰਦੁਸਤਾਨ ਦੀ ਤੂਤੀ ਕਹਾਉਣਾ ਪਸੰਦ ਕਰਦਾ ਸੀ, “ਮੈਂ ਹਿੰਦੁਸਤਾਨ ਦੀ ਤੂਤੀ ਹਾਂ, ਜੇਕਰ ਤੁਸੀਂ ਵਾਸਤਵ ਵਿਚ ਮੈਨੂੰ ਜਾਨਣਾ ਚਾਹੁੰਦੇ ਹੋ ਤਾਂ ਹਿੰਦਵੀ ਵਿਚ ਪੁਛੋ। ਮੈਂ ਤੁਹਾਨੂੰ ਅਨੂਪਮ ਗੱਲਾਂ ਦੱਸ ਸਕਾਂਗਾ।”
ਉਰਦੂ ਵਿਚ ਤੂਤੀ ਪੁਲਿੰਗ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਮਿਸਾਲ ਵਜੋਂ ਕਿਸੇ ਸ਼ਾਇਰ ਨੇ ਲਿਖਿਆ ਹੈ,
“ਜਹਾਂ ਮੇਂ ਹੈਂ ਸ਼ਰਾਰਤ ਪੇਸ਼ਾ ਜਿਤਨੇ,
ਉਨਹੀਂ ਕਾ ਆਜ ਤੂਤੀ ਬੋਲਤਾ ਹੈ।
ਹੁਣ ‘ਤੂਤਕ ਤੂਤਕ ਤੂਤੀਆਂ’ ਦਾ ਅਰਥ ਸਮਝਣ ਦਾ ਜਤਨ ਕਰੀਏ। ਪਹਿਲਾਂ ਦੇਖੀਏ ਹੋਰ ਕੀ ਕਹਿੰਦੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ‘ਤੂਤਕ ਤੂਤਕ ਤੂਤੀਆਂ’ ਨੂੰ ‘ਤੂੰ ਤੱਕ, ਤੂੰ ਤੱਕ, ਤੂੰ ਤੱਕ ਤੂਤੀਆਂ’ ਦੀ ਤਰ੍ਹਾਂ ਲਿਖ ਕੇ ਪੜ੍ਹੀਏ ਤਾਂ ਇਸ ਦੇ ਅਰਥ ਸਮਝ ਆ ਸਕਦੇ ਹਨ। ਅਰਥਾਤ ਪ੍ਰੇਮਿਕਾ ਨੂੰ ਕਿਹਾ ਗਿਆ ਹੈ ਕਿ ਤੂੰ ਤੂਤ ਦਰਖਤ ਦੇ ਫਲ, ਤੂਤੀਆਂ ਵੱਲ ਤੱਕ। ਮਜ਼ੇਦਾਰ ਵਿਆਖਿਆ ਹੈ। ਮਲਕੀਤ ਸਿੰਘ ਨੇ ਆਪ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਸ ਨੇ ਇਹ ਬੋਲ ਵਿਆਹਾਂ ਵਿਚ ਬੈਂਡ ਵਾਜਿਆਂ ਦੀਆਂ ਸੁਰਾਂ ਤੋਂ ਨਕਲ ਕੀਤਾ ਸੀ। ਵਿਆਹਾਂ ਵਿਚ ਤੁਤਰੂ ਕਿਸਮ ਦੇ ਸਾਜ਼ ਹੀ ਵਜਾਏ ਜਾਂਦੇ ਹਨ ਤੇ ਇਨ੍ਹਾਂ ਸਾਜ਼ਾਂ ਵਿਚ ਜਦ ਫੂਕ ਮਾਰੀ ਜਾਂਦੀ ਹੈ ਤਾਂ ਤੂ ਤੂ ਦੀ ਆਵਾਜ਼ ਆਉਂਦੀ ਹੈ। ਇਸੇ ਕਰਕੇ ਇਨ੍ਹਾਂ ਦਾ ਨਾਮਕਰਣ ਵੀ ਧੁਨੀ-ਅਨੁਕ੍ਰਮਕ ਨਿਯਮ ਅਨੁਸਾਰ ਹੋਇਆ ਹੈ। ਕਈਆਂ ਦੇ ਨਾਂਵਾਂ ਵਿਚ ‘ਤੂਤ’ ਅਗੇਤਰ ਲਗਦਾ ਹੈ। ਅਰਬੀ ਫਾਰਸੀ ਵਿਚ ਤੂਤੀ ਜਿਹੇ ਹੀ ਇਕ ਸਾਜ਼ ਨੂੰ ਤੂਤਕ ਕਿਹਾ ਜਾਂਦਾ ਹੈ ਤੇ ਸੰਯੋਗ ਵੱਸ ‘ਤੂਤਕ ਤੂਤਕ ਤੂਤੀਆਂ’ ਦੇ ਬੋਲ ਵਿਚ ਵੀ ਏਹੀ ਸ਼ਬਦ ਆਇਆ ਹੈ।
Leave a Reply