ਧੀਆਂ ਨੇ ਸਜਾਏ ਸਦਾ ਵਿਹੜੇ ਅਤੇ ਬਨੇਰੇ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
‘ਪੰਜਾਬ ਟਾਈਮਜ਼’ ਦੇ ਪਾਠਕ, ਮੇਰੇ ਲੇਖਾਂ ਦੇ ਪ੍ਰਸ਼ੰਸਕ ਤੇ ਆਲੋਚਕ, ਨਿੱਕੀ-ਨਿੱਕੀ ਗੱਲ ‘ਤੇ ਨਿਘੋਚਾਂ ਕੱਢਣ ਵਾਲੇ ਬਾਈ ਗੁਰਮੀਤ ਸਿੰਘ ਨੂੰ ਪਿਛਲੇ ਐਤਵਾਰ ਮਿਲਣ ਦਾ ਮੌਕਾ ਮਿਲਿਆ। ਕਈ ਸਾਲਾਂ ਤੋਂ ਫੋਨ ‘ਤੇ ਹੀ ਗੱਲਬਾਤ ਹੋ ਰਹੀ ਸੀ। ਬਾਈ ਨਾਲ ਹੋਈ ਗੱਲਬਾਤ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ। ਬਾਈ ਦੱਸਦਾ ਸੀ:
ਅਸੀਂ ਦੋ ਭਰਾ ਸੀ, ਮੈਂ ਅਤੇ ਮੈਥੋਂ ਵੱਡਾ ਸੁਰਜੀਤ ਸਿੰਘ। ਘਰ ਦੀ ਜ਼ਮੀਨ ਥੋੜ੍ਹੀ ਸੀ। ਪਿਤਾ ਜੀ ਡਰਾਈਵਰੀ ਕਰਨ ਲੱਗ ਪਏ। ਕੁਝ ਸਾਲ ਬਾਅਦ ਹੀ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ। ਮਾਤਾ ਨੇ ਸਾਨੂੰ ਬੜੀ ਮੁਸ਼ਕਲ ਨਾਲ ਪਾਲਿਆ। ਮੇਰਾ ਭਰਾ ਚੁਸਤ, ਚਾਲਕ ਤੇ ਸਿਆਣਾ ਸੀ ਅਤੇ ਮੈਂ ਮਿੱਟੀ ਦਾ ਮਾਧੋ। ਜਿੰਨੀ ਸ਼ਾਬਾਸ਼ੇ ਭਰਾ ਦੇ ਹਿੱਸੇ ਆਉਂਦੀ, ਉਸ ਤੋਂ ਵੱਧ ਮੈਨੂੰ ਫਟਕਾਰਾਂ ਮਿਲਦੀਆਂ। ਸਾਡੇ ਦੋਵਾਂ ਭਰਾਵਾਂ ਵਿਚ ਸਮਝੋ ਜ਼ਮੀਨ ਅਸਮਾਨ ਦਾ ਫਰਕ ਸੀ। ਮਾਤਾ ਨੇ ਭਰਾ ਨੂੰ ਦਸ ਜਮਾਤਾਂ ਪੜ੍ਹਾ ਦਿੱਤੀਆਂ, ਤੇ ਮੈਂ ਵੀ ਅੱਠ ਪੜ੍ਹ ਗਿਆ। ਭਰਾ ਹਮੇਸ਼ਾ ਘਰ ਦੇ ਹਾਲਾਤ ਨੂੰ ਲੈ ਕੇ ਫਿਕਰ ਵਿਚ ਡੁੱਬਿਆ ਰਹਿੰਦਾ, ਤੇ ਮੈਂ ਬੇਫਿਕਰੀ ਦੇ ਖੰਭ ਲਾ ਕੇ ਹਮੇਸ਼ਾ ਉਡਦਾ ਰਹਿੰਦਾ। ਮਾਤਾ ਨੂੰ ਜਿੰਨਾ ਭਰੋਸਾ ਭਰਾ ਉਤੇ ਸੀ, ਉਸ ਤੋਂ ਵੱਧ ਬੇਭਰੋਸਗੀ ਮੇਰੇ ‘ਤੇ ਰਹਿੰਦੀ। ਭਰਾ ਦੇ ਮੱਸ ਫੁੱਟਣ ਲੱਗੀ ਤਾਂ ਉਹ ਖੇਤੀ ਕਰਨ ਲੱਗ ਪਿਆ। ਆਪਣੇ ਮਿੱਤਰ ਹਰਪਾਲ ਨਾਲ ਵੀ ਖੇਤੀ ਵਿਚ ਹੱਥ ਵਟਾ ਦਿੰਦਾ, ਤੇ ਉਹ ਸਾਡੀ ਜ਼ਮੀਨ ਵਾਹ ਕੇ ਬੀਜ ਦਿੰਦਾ। ਹਰਪਾਲ ਹੋਰਾਂ ਦਾ ਪਰਿਵਾਰ ਪੂਰਾ ਖੇਤੀ ਦਾ ਮਾਹਰ ਸੀ। ਮੇਰੇ ਭਰਾ ਨਾਲ ਉਨ੍ਹਾਂ ਦੀ ਬਹੁਤ ਬਣਦੀ ਸੀ। ਭਰਾ ਉਨ੍ਹਾਂ ਤੋਂ ਖੇਤੀ ਦੇ ਗੁਣ ਸਿੱਖਦਾ ਗਿਆ। ਉਹ ਵੀ ਭਰਾ ਨੂੰ ਹਰਪਾਲ ਬਰਾਬਰ ਸਮਝਦੇ। ਉਧਰ ਮੈਂ ਕੰਮ ਘੱਟ ਕਰਦਾ, ਪਰ ਹੱਟੀ-ਭੱਠੀ ਬਹਿ ਕੇ ਅਖ਼ਬਾਰ ਜ਼ਰੂਰ ਪੜ੍ਹਦਾ। ਧਾਰਮਿਕ, ਰਾਜਨੀਤਿਕ, ਇਤਿਹਾਸਕ ਗੱਲਾਂ ਮੈਂ ਬੜੀ ਗੌਰ ਨਾਲ ਪੜ੍ਹਦਾ ਤੇ ਸੁਣਦਾ। ਭਰਾ ਹੋਰਾਂ ਦੀ ਰੋਟੀ ਖੇਤ ਦੇ ਆਉਂਦਾ, ਮੱਝਾਂ ਸਾਂਭ ਲੈਂਦਾ, ਪੱਠੇ ਵੱਢ ਲਿਆਉਂਦਾ ਤੇ ਪਿੰਡ ਵਿਚ ਜਿੱਥੇ ਦੋ-ਚਾਰ ਬੰਦੇ ਬੈਠੇ ਹੁੰਦੇ, ਤਾਂ ਮੈਂ ਉਥੇ ਹੀ ਬੈਠ ਜਾਂਦਾ। ਕਈ ਵਾਰ ਮਾਤਾ ਮੈਨੂੰ ਬੰਦਿਆਂ ਵਿਚ ਬੈਠੇ ਨੂੰ ਗਾਲ੍ਹਾਂ ਕੱਢ ਕੇ ਲਿਆਉਂਦੀ ਤੇ ਅਧੂਰੇ ਛੱਡੇ ਕੰਮ ਬਾਰੇ ਸੁਚੇਤ ਕਰਦੀ।
ਫਿਰ ਭਰਾ ਦੀ ਮਿਹਨਤ ਰੰਗ ਲਿਆਉਣੀ ਲੱਗੀ। ਉਹ ਮਾਮਲੇ ‘ਤੇ ਹੋਰ ਜ਼ਮੀਨ ਲੈ ਕੇ ਵਾਹੀ ਕਰਨ ਲੱਗਾ। ਮਾਤਾ ਦੇ ਚਿਹਰੇ ਉਤੇ, ਤੇ ਵਿਹੜੇ ਵਿਚ ਰੌਣਕ ਪਰਤਣ ਲੱਗੀ। ਮਾਤਾ ਨੇ ਲੋਕਾਂ ਦੇ ਘਰਾਂ ਤੋਂ ਕਈ ਵਾਰ ਉਧਾਰ ਮੰਗ ਕੇ ਸਾਡੀਆਂ ਫੀਸਾਂ ਦਿੱਤੀਆਂ। ਉਹ ਕਦੇ ਕਿਸੇ ਦੀ ਧੀ ਦੇ ਦਾਜ ਦੀ ਤਿਆਰੀ ਵਾਸਤੇ ਹੱਥ ਵਟਾ ਦਿੰਦੀ, ਅਗਲਾ ਦੋ-ਚਾਰ ਛਿੱਲੜ ਮਾਤਾ ਦੇ ਹੱਥ ਧਰ ਦਿੰਦਾ। ਗਰੀਬੀ ਕੀ ਹੁੰਦੀ ਹੈ, ਇਸ ਦਾ ਪਤਾ ਮੇਰੀ ਮਾਤਾ ਅਤੇ ਮੇਰੇ ਭਰਾ ਨੂੰ ਪਤਾ ਸੀ। ਮੈਨੂੰ ਇਸ ਦਾ ਕੋਈ ਇਲਮ ਨਹੀਂ ਸੀ। ਮੈਂ ਤਾਂ ਖਾਲੀ ਜੇਬ ਹੀ ਤੀਰਥੀਂ ਜਾ ਆਉਂਦਾ। ਕਿਸੇ ਦੀ ਟਰਾਲੀ ਜਾਂ ਗੱਡੀ ਗੁਰਦੁਆਰੇ ਜਾਂਦੀ ਤਾਂ ਮੈਂ ਝੱਟ ਛਾਲ ਮਾਰ ਚੜ੍ਹ ਜਾਂਦਾ।
ਇਸੇ ਤਰ੍ਹਾਂ ਹੋਰ ਸਮਾਂ ਲੰਘਿਆ ਤਾਂ ਮਾਤਾ ਭਰਾ ਦੇ ਵਿਆਹ ਬਾਰੇ ਸੋਚਣ ਲੱਗੀ। ਭਰਾ ਬੜਾ ਸਿਆਣਾ ਤੇ ਸਮਝਦਾਰ ਸੀ, ਪਰ ਜ਼ਮੀਨ ਥੋੜ੍ਹੀ ਹੋਣ ਕਰ ਕੇ ਕੋਈ ਰਿਸ਼ਤੇ ਬਾਰੇ ਹਾਮੀ ਨਹੀਂ ਸੀ ਭਰਦਾ। ਜਦੋਂ ਹਰਪਾਲ ਦਾ ਵਿਆਹ ਹੋਇਆ ਤਾਂ ਉਸ ਵਿਚ ਇਕੱਠੇ ਹੋਏ ਮੇਲ ਵਿਚੋਂ ਕਿਸੇ ਦੀ ਅੱਖ ਨੇ ਭਰਾ ਦੀ ਸਿਆਣਪ ਤੇ ਸਮਝਦਾਰੀ ਦੇਖ ਲਈ, ਤੇ ਫਿਰ ਵਿਆਹ ਤੋਂ ਬਾਅਦ ਹਰਪਾਲ ਦੀ ਮਾਮੀ ਭਰਾ ਵਾਸਤੇ ਰਿਸ਼ਤਾ ਲੈ ਕੇ ਆਈ। ਮਾਤਾ ਤੇ ਭਰਾ ਨੂੰ ਬਿਠਾ ਕੇ ਦੱਸਣ ਲੱਗੀ, “ਭੈਣ ਜੀ, ਕੁੜੀ ਤਾਂ ਗਰੀਬ ਘਰ ਦੀ ਹੈ, ਪਰ ਸੋਹਣੀ ਤੇ ਸੁਨੱਖੀ ਰੱਜ ਕੇ। ਲੰਮੀ ਵੀ ਆਪਣੇ ਸੁਰਜੀਤ ਸਿਉਂ ਵਰਗੀ ਐ। ਜੇ ਤੁਸੀਂ ਹਾਂ ਕਰ ਦੇਵੋ ਤਾਂ ਕੁੜੀ ਦੇਖ ਲਵੋ, ਤੇ ਆਪਾਂ ਚੁੰਨੀ ਚੜ੍ਹਾ ਕੇ ਕੁੜੀ ਲੈ ਆਵਾਂਗੇ।”
ਥੋੜ੍ਹੇ ਦਿਨਾਂ ਬਾਅਦ ਭਰਾ ਤੇ ਮਾਤਾ ਨੇ ਹਰਪਾਲ ਕੇ ਪਰਿਵਾਰ ਨਾਲ ਸਲਾਹ ਕੀਤੀ। ਕੁੜੀ ਭਰਾ ਨੂੰ ਪਸੰਦ ਆ ਗਈ ਤੇ ਗਿਆਰਾਂ ਬੰਦੇ ਜਾ ਕੇ ਵਿਆਹ ਲਿਆਏ। ਭਾਬੀ ਦੇ ਆਉਣ ਨਾਲ ਸਾਡਾ ਛੋਟਾ ਜਿਹਾ ਵਿਹੜਾ ਚਾਨਣ ਨਾਲ ਭਰ ਗਿਆ। ਭਾਬੀ ਦਾ ਸੁਭਾਅ ਬੜਾ ਹੱਸਮੁਖ ਤੇ ਮਖੌਲੀਆ ਸੀ। ਉਹ ਮੇਰਾ ਵੀ ਬਹੁਤ ਖਿਆਲ ਰੱਖਦੀ। ਜੇ ਮਾਤਾ ਮੈਨੂੰ ਬੁਰਾ ਭਲਾ ਕਹਿੰਦੀ ਤਾਂ ਮਾਤਾ ਨੂੰ ਚੁੱਪ ਕਰਵਾ ਦਿੰਦੀ। ਹੁਣ ਮੈਂ ਵੀ ਭਰਾ ਦੇ ਆਖੇ ਲੱਗ ਜਾਂਦਾ, ਕਬੀਲਦਾਰੀ ਦੇ ਛੋਟੇ-ਮੋਟੇ ਕੰਮ ਕਰ ਦਿੰਦਾ। ਸ਼ਾਇਦ ਭਾਬੀ ਨੂੰ ਦਿਖਾਉਣ ਖਾਤਰ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ, ਪਰ ਮਾੜੀ ਕਿਸਮਤ! ਕੰਮ ਪੁੱਠਾ ਹੋ ਜਾਂਦਾ। ਸਾਰੇ ਘਰ ਵਿਚ ਮੇਰੀਆਂ ਯਭਲੀਆਂ ਕਰ ਕੇ ਹਾਸਾ-ਠੱਠਾ ਹੁੰਦਾ ਰਹਿੰਦਾ।
ਥੋੜ੍ਹਾ ਸਮਾਂ ਹੋਰ ਲੰਘਿਆ ਤਾਂ ਮਾਤਾ ਨੂੰ ਪੋਤੇ ਦੀ ਉਡੀਕ ਹੋਣ ਲੱਗੀ ਪਰ ਮਾਤਾ ਦੀ ਆਸ ਨੂੰ ਬੂਰ ਪੈਂਦਾ ਦਿਖਾਈ ਨਾ ਦਿੱਤਾ। ਮਾਤਾ ਭਾਬੀ ਨੂੰ ਨਰਸਾਂ ਕੋਲ ਲਿਜਾਣ ਲੱਗੀ। ਜਦੋਂ ਕੋਈ ਗੱਲ ਨਾ ਬਣੀ ਤਾਂ ਮਾਤਾ ਨੂੰ ਭਾਬੀ ਚੰਗੀ ਲੱਗਣੋਂ ਹਟ ਗਈ। ਉਹ ਗੱਲ-ਗੱਲ ‘ਤੇ ਭਾਬੀ ਨਾਲ ਲੜਦੀ। ਮੈਨੂੰ ਭਾਬੀ ‘ਤੇ ਬਹੁਤ ਤਰਸ ਆਉਂਦਾ। ਉਸ ਵਿਚਾਰੀ ਦਾ ਕੀ ਕਸੂਰ ਸੀ? ਮਾਤਾ ਨੇ ਜਦੋਂ ਭਾਬੀ ਨਾਲ ਲੜਨਾ ਤਾਂ ਮੈਂ ਅੱਗੇ ਹੋ ਜਾਣਾ। ਭਰਾ ਮਾਤਾ ਦਾ ਬਹੁਤ ਸਤਿਕਾਰ ਕਰਦਾ ਸੀ, ਮਾਤਾ ਅੱਗੇ ਕਦੇ ਨਹੀਂ ਸੀ ਬੋਲਦਾ ਪਰ ਮੈਂ ਮਾਤਾ ਨੂੰ ਬੋਲਣ ਨਹੀਂ ਸੀ ਦਿੰਦਾ। ਭਾਬੀ ਦੇ ਕੋਈ ਬੱਚਾ ਨਾ ਹੋਇਆ, ਤੇ ਮਾਤਾ ਨੇ ਕੋਈ ਦਿਨ ਸੁੱਕਾ ਨਹੀਂ ਜਾਣ ਦਿੱਤਾ ਸੀ ਜਿਸ ਦਿਨ ਭਾਬੀ ਨਾਲ ਨਾ ਲੜੀ ਹੋਵੇ। ਹੁਣ ਤਾਂ ਉਹ ਭਾਬੀ ‘ਤੇ ਹੱਥ ਵੀ ਚੁੱਕਣ ਲੱਗ ਪਈ ਸੀ। ਦੋ-ਚਾਰ ਵਾਰ ਤਾਂ ਹਰਪਾਲ ਦੀ ਮਾਂ ਵੀ ਮਾਤਾ ਨੂੰ ਸਮਝਾ ਕੇ ਗਈ ਸੀ ਪਰ ਮਾਤਾ ਤਾਂ ਬੱਸ ਪੋਤਾ-ਪੋਤਾ ਕਰਦੀ ਰਹਿੰਦੀ।
ਕਹਿੰਦੇ ਨੇ, ਲੜਾਈ ਦਾ ਮੂੰਹ-ਸਿਰ ਕਾਲਾ ਹੁੰਦਾ ਹੈ। ਮੇਰਾ ਭਰਾ ਅੰਦਰੇ-ਅੰਦਰ ਤੜਫਦਾ ਰਹਿੰਦਾ। ਅਖੀਰ ਇਕ ਦਿਨ ਇਸ ਲੜਾਈ ਤੋਂ ਤੰਗ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਗਿਆ। ਉਹ ਨਾ ਸਿਰਫ ਭਾਬੀ ਨੂੰ ਛੱਡ ਗਿਆ, ਸਗੋਂ ਸਾਡੇ ਘਰ ਦਾ ਰਿਜ਼ਕ ਵੀ ਉਸ ਦੇ ਨਾਲ ਹੀ ਚਲਿਆ ਗਿਆ। ਜਿਸ ਘਰ ਵਿਚ ਮਸਾਂ ਰੌਣਕਾਂ ਪਰਤੀਆਂ ਸਨ, ਉਹ ਦੁਬਾਰਾ ਬੀਆਬਾਨ ਹੋ ਗਿਆ। ਲੋਕਾਂ ਨੇ ਸਾਰਾ ਕਸੂਰ ਮਾਤਾ ਦਾ ਕੱਢਿਆ। ਉਸ ਦੀ ਸਾਰੀ ਸਿਆਣਪ ਖੂਹ ਵਿਚ ਪੈ ਗਈ ਸੀ। ਭਾਬੀ ਨੂੰ ਉਸ ਦੇ ਪੇਕੇ ਲੈ ਗਏ। ਘਰ ਖਾਲੀ ਹੋ ਗਿਆ। ਮਾਤਾ ਫਿਰ ਚੁੱਲ੍ਹੇ ਮੂਹਰੇ ਫੂਕਾਂ ਮਾਰਨ ਲੱਗ ਪਈ। ਆਰਥਿਕ ਤੰਗੀ ਆ ਗਈ। ਜਿਹੜਾ ਕੋਈ ਘਰ ਦਾ ਸਾਮਾਨ ਸੀ, ਵਿਕਣ ਲੱਗ ਪਿਆ। ਕੋਈ ਵੀ ਰਿਸ਼ਤੇਦਾਰ ਮਾਤਾ ਨਾਲ ਗੱਲ ਕਰ ਕੇ ਰਾਜ਼ੀ ਨਹੀਂ ਸੀ। ਭਰਾ ਦੀ ਮੌਤ ਤੋਂ ਬਾਅਦ ਮੈਨੂੰ ਥੋੜ੍ਹੀ ਅਕਲ ਆਉਣ ਲੱਗੀ। ਭਾਬੀ ਦੁਬਾਰਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ। ਫਿਰ ਇਕ ਦਿਨ ਮੈਨੂੰ ਹਰਪਾਲ ਆਪਣੀ ਮਾਮੀ ਕੋਲ ਲੈ ਗਿਆ, ਤੇ ਭਾਬੀ ਨਾਲ ਗੱਲ ਕਰਨ ਲਈ ਕਿਹਾ। ਉਧਰ ਮਾਮੀ ਨੇ ਭਾਬੀ ਨੂੰ ਸਮਝਾਇਆ। ਗਰੀਬ ਘਰ ਦੀ ਧੀ ਵਿਚਾਰੀ ਛੇਤੀ ਸਮਝ ਗਈ।
ਮਾਤਾ ਦੀ ਨਾਂਹ-ਨੁੱਕਰ ਦੇ ਬਾਵਜੂਦ ਮੈਂ ਭਾਬੀ ਨਾਲ ਲਾਵਾਂ ਲੈ ਲਈਆਂ। ਮਾਤਾ ਨੂੰ ਮੈਂ ਕਹਿ ਦਿੱਤਾ ਕਿ ਜੇ ਤੂੰ ਇਸ ਨੂੰ ਹੁਣ ਕੁਝ ਕਿਹਾ ਤਾਂ ਮੈਂ ਆਪ ਸਲਫਾਸ ਨਹੀਂ ਖਾਣੀ, ਤੇਰਾ ਗਲ ਕਹੀ ਨਾਲ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੇਣਾ ਹੈ ਤੇ ਧੜ ਰੇਲਵੇ ਲਾਈਨ ‘ਤੇ ਸੁੱਟ ਆਉਣਾ ਹੈ। ਮਾਤਾ ਸੱਚੀਂ ਡਰ ਗਈ। ਉਹ ਕਦੇ ਨਾ ਲੜੀ, ਸਗੋਂ ਗੁਰਦੁਆਰੇ ਜਾਣ ਲੱਗ ਗਈ। ਮੈਂ ਸ਼ਹਿਰ ਕਿਸੇ ਫੈਕਟਰੀ ਵਿਚ ਚੌਕੀਦਾਰ ਲੱਗ ਗਿਆ। ਜਾਣ ਤੋਂ ਪਹਿਲਾਂ ਮੱਝਾਂ ਵਾਸਤੇ ਪੱਠੇ ਵੱਢ ਕੇ ਸੁੱਟ ਜਾਂਦਾ, ਪਿਛੋਂ ਪਾਲੋ ਮੱਝਾਂ ਸਾਂਭ ਲੈਂਦੀ।
ਜਿੰਨੀ ਆਮਦਨ ਸੀ, ਖਰਚ ਉਸ ਤੋਂ ਥੋੜ੍ਹਾ ਸੀ। ਮੈਂ ਬੱਚਤ ਦੇ ਪੈਸੇ ਪਾਲੋ ਹੱਥ ਧਰ ਦਿੰਦਾ, ਉਹ ਖੁਸ਼ ਹੋ ਜਾਂਦੀ। ਉਹ ਭਰਾ ਨੂੰ ਬਹੁਤ ਯਾਦ ਕਰਦੀ। ਮੈਂ ਵੀ ਭਰਾ ਨੂੰ ਭੁੱਲ ਨਹੀਂ ਸਕਿਆ। ਡੇਢ ਸਾਲ ਬਾਅਦ ਪਾਲੋ ਨੇ ਧੀ ਨੂੰ ਜਨਮ ਦਿੱਤਾ। ਮੈਂ ਸੋਚਦਾ, ਜੇ ਇਹ ਧੀ ਪਹਿਲਾਂ ਦਿੱਤੀ ਹੁੰਦੀ ਤਾਂ ਸ਼ਾਇਦ ਭਰਾ ਨਾ ਮਰਦਾ! ਮਾਤਾ ਨੂੰ ਵੀ ਪਾਲੋ ਹੁਣ ਚੰਗੀ ਲੱਗਦੀ। ਉਹ ਸੋਚਦੀ, ਜੇ ਪਰਮਾਤਮਾ ਨੇ ਹਨ੍ਹੇਰੀ ਵਗਾਈ ਹੈ, ਤਾਂ ਮੀਂਹ ਵੀ ਜ਼ਰੂਰ ਆਵੇਗਾ, ਤੇ ਤਪਦੇ ਹਿਰਦੇ ਸ਼ਾਂਤ ਕਰ ਦੇਵੇਗਾ। ਮੇਰੀ ਇਮਾਨਦਾਰੀ ਦੇਖ ਕੇ ਫੈਕਟਰੀ ਦੇ ਮਾਲਕ ਨੇ ਮੈਨੂੰ ਦਫ਼ਤਰ ਵਿਚ ਕੰਮ ਦੇ ਦਿੱਤਾ। ਨਾਲ ਹੀ ਤਨਖਾਹ ਵਧ ਗਈ। ਭਰਾ ਦੀ ਘਾਟ ਤਾਂ ਹਮੇਸ਼ਾ ਮਹਿਸੂਸ ਹੁੰਦੀ ਸੀ, ਪਰ ਘਰ ਵਿਚ ਫਿਰ ਰੌਣਕ ਆਉਣ ਲੱਗੀ। ਪਾਲੋ ਵੀ ਘਰ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਬਣਾਉਣ ਲੱਗ ਪਈ। ਸਮਾਂ ਲੰਘਦਾ ਗਿਆ। ਸਾਡੀ ਧੀ ਕੋਮਲ ਮੁਟਿਆਰ ਹੋਣ ਲੱਗ ਗਈ। ਕੋਮਲ ਤੋਂ ਬਾਅਦ ਕੋਈ ਬੱਚਾ ਨਹੀਂ ਸੀ ਹੋਇਆ। ਅਸੀਂ ਕੋਮਲ ਨੂੰ ਹੀ ਪੁੱਤ ਸਮਝ ਲਿਆ। ਇਕ-ਦੋ ਵਾਰ ਮਾਤਾ ਨੇ ਪਾਲੋ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਕਹੀ ਨੂੰ ਹੱਥ ਪਾ ਲਿਆ ਸੀ। ਫਿਰ ਮਾਤਾ ਕਦੇ ਨਾ ਬੋਲੀ।
ਸਾਡੀ ਕੋਮਲ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਸਾਡਾ ਮਕਸਦ ਵੀ ਇਹੋ ਸੀ ਕਿ ਕੋਮਲ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹਨ ਜੋਗੀ ਹੋ ਜਾਵੇ। ਉਹ ਪੜ੍ਹਦੀ ਗਈ ਤੇ ਅਸੀਂ ਪੜ੍ਹਾਉਂਦੇ ਗਏ। ਕੋਮਲ ਬਿਲਕੁਲ ਆਪਣੀ ਮਾਂ ਵਰਗੀ ਨਿਕਲੀ ਸੀ। ਪਤਲੀ, ਲੰਮੀ, ਸੋਹਣੀ ਤੇ ਸੁਨੱਖੀ। ਤਿੱਖੇ ਨੈਣ-ਨਕਸ਼। ਜਦੋਂ ਹੱਸਦੀ ਜਿਵੇਂ ਫੁੱਲ ਖਿੜੇ ਹੋਣ। ਕੋਮਲ ਮਾਤਾ ਨੂੰ ਬਹੁਤ ਪਿਆਰ ਕਰਦੀ। ਹਮੇਸ਼ਾ ‘ਦਾਦੀ ਮਾਂ, ਦਾਦੀ ਮਾਂ’ ਕਰਦੀ ਰਹਿੰਦੀ। ਕੋਮਲ ਨੇ ਅਜੇ ਬੀæਏæ ਕਰ ਕੇ ਐਮæਏæ ਦਾ ਦਾਖਲਾ ਭਰਿਆ ਹੀ ਸੀ ਕਿ ਭਰਾ ਦਾ ਮਿੱਤਰ ਹਰਪਾਲ ਘਰ ਆ ਗਿਆ। ਉਸ ਨੇ ਦੱਸਿਆ ਕਿ ਉਸ ਦੀ ਘਰਵਾਲੀ ਦੀ ਰਿਸ਼ਤੇਦਾਰੀ ਵਿਚੋਂ ਕੋਈ ਮੁੰਡਾ ਅਮਰੀਕਾ ਤੋਂ ਆਇਆ ਹੈ। ਜੇ ਆਖੋ ਤਾਂ ਕੋਮਲ ਦੀ ਗੱਲ ਤੋਰੀਏ। ਅਸੀਂ ਸਾਰਿਆਂ ਨੇ ਰਾਇ ਕਰ ਕੇ ਹਾਂ ਕਰ ਦਿੱਤੀ, ਪਰ ਸਾਫ ਕਿਹਾ ਕਿ ਸਾਡੇ ਕੋਲ ਦੇਣ ਲਈ ਦਾਜ ਤੇ ਲੱਖਾਂ ਰੁਪਏ ਨਹੀਂ ਹਨ, ਤੇ ਨਾ ਹੀ ਵਿਆਹ ‘ਤੇ ਖਰਚ ਕਰਨ ਜੋਗੇ ਹਾਂ। ਅਸੀਂ ਤਾਂ ਸਿਰਫ ਤਿੰਨ ਕੱਪੜਿਆਂ ਵਿਚ ਧੀ ਤੋਰ ਸਕਦੇ ਹਾਂ। ਮੁੰਡੇ ਵਾਲਿਆਂ ਵੀ ਹਾਂ ਕਰ ਦਿੱਤੀ। ਉਹ ਕਹਿੰਦੇ, ਜਿਹੋ ਜਿਹੀ ਕੁੜੀ ਉਹ ਲੱਭਦੇ ਸੀ, ਮਿਲ ਗਈ ਹੈ, ਹੋਰ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ। ਬੱਸ, ਹਫ਼ਤੇ ਬਾਅਦ ਕੋਮਲ ਦਾ ਵਿਆਹ ਕਰ ਦਿੱਤਾ। ਜਵਾਈ ਚਾਰ ਮਹੀਨੇ ਪਿੰਡ ਰਹਿ ਕੇ ਵਾਪਸ ਇੱਥੇ ਆ ਗਿਆ। ਫਿਰ ਸਾਲ ਪਿਛੋਂ ਕੋਮਲ ਵੀ ਇਥੇ ਆ ਗਈ। ਮੇਰੀ ਗਰੀਬ ਬੰਦੇ ਦੀ ਰੱਬ ਨੇ ਨੇੜੇ ਹੋ ਕੇ ਸੁਣ ਲਈ ਸੀ।
ਧੀ ਅਮਰੀਕਾ ਵਿਆਹੁਣ ਨਾਲ ਮੈਂ ਵੀ ਸਿਆਣਿਆਂ ਵਿਚ ਗਿਣਿਆ ਜਾਣ ਲੱਗਾ। ਫਿਰ ਕੋਮਲ ਸਿਟੀਜ਼ਨ ਹੋਈ ਤਾਂ ਉਸ ਨੇ ਸਾਨੂੰ ਇੱਥੇ ਸੱਦ ਲਿਆ। ਮੈਂ ਥੋੜ੍ਹਾ ਸਮਾਂ ਇਥੇ ਰਿਹਾ, ਫਿਰ ਵਾਪਸ ਆਪਣੀ ਮਾਤਾ ਕੋਲ ਚਲਿਆ ਗਿਆ। ਪਾਲੋ ਕੋਮਲ ਕੋਲ ਰਹਿ ਪਈ। ਮੈਂ ਆਪਣੀ ਮਾਤਾ ਦੀ ਸੇਵਾ ਕਰਨੀ ਚਾਹੁੰਦਾ ਸੀ। ਮਾਤਾ ਹੱਥ ਵਿਚ ਮਾਲਾ ਫੜ ਕੇ ਫੇਰਦੀ ਰਹਿੰਦੀ। ਕਈ ਵਾਰ ਅੱਖਾਂ ਵਿਚੋਂ ਹੰਝੂ ਕੇਰਦੀ ਭਰਾ ਨੂੰ ਯਾਦ ਕਰਦੀ ਰਹਿੰਦੀ। ਆਪ ਰੋਂਦੀ ਤੇ ਮੈਨੂੰ ਵੀ ਰੁਆ ਦਿੰਦੀ। ਫਿਰ ਜਦੋਂ ਤੁਰਨੋਂ-ਫਿਰਨੋਂ ਹਟ ਗਈ ਤਾਂ ਮੈਂ ਪਾਲੋ ਨੂੰ ਵੀ ਪਿੰਡ ਸੱਦ ਲਿਆ। ਅਸੀਂ ਦੋਵਾਂ ਨੇ ਬਹੁਤ ਸੇਵਾ ਕੀਤੀ। ਮਾਤਾ ਹਮੇਸ਼ਾ ਹੀ ਹੱਥ ਜੋੜ ਕੇ ਪਾਲੋ ਤੋਂ ਮੁਆਫ਼ੀ ਮੰਗਦੀ ਰਹਿੰਦੀ।
ਇਕ ਦਿਨ ਮਾਤਾ ਪਾਲੋ ਨੂੰ ਕਹਿੰਦੀ, “ਧੀਏ! ਮੈਂ ਜੋ ਤੇਰੇ ਨਾਲ ਕੀਤੀਆਂ, ਸ਼ਾਇਦ ਰੱਬ ਵੀ ਮੈਨੂੰ ਮੁਆਫ਼ ਨਾ ਕਰੇ। ਰੱਬ ਨੇ ਮੈਨੂੰ ਧੀ ਨਹੀਂ ਸੀ ਦਿੱਤੀ, ਜੇ ਮੈਂ ਤੈਨੂੰ ਧੀ ਸਮਝਦੀ ਤਾਂ ਸ਼ਾਇਦ ਮੇਰਾ ਪੁੱਤ ਨਾ ਮੁੱਕਦਾ। ਮੈਨੂੰ ਪੋਤੇ ਦੀ ਲਾਲਸਾ ਨੇ ਕਮਲੀ ਕਰ ਦਿੱਤਾ ਸੀ। ਮੈਨੂੰ ਮੁਆਫ਼ ਕਰ ਦੇਵੀਂ।” ਪਾਲੋ ਨੇ ਮਾਤਾ ਦੇ ਜੋੜੇ ਹੋਏ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ ਤੇ ਮਾਤਾ ਸੁਆਸ ਛੱਡ ਗਈ।
ਅਸੀਂ ਰੋਂਦਿਆਂ-ਕੁਰਲਾਉਂਦਿਆਂ ਮਾਤਾ ਦਾ ਸਸਕਾਰ ਕਰ ਦਿੱਤਾ। ਭੋਗ ਤੋਂ ਬਾਅਦ ਅਸੀਂ ਵੀ ਵਾਪਸ ਇਥੇ ਆ ਗਏ। ਕੋਮਲ ਅਤੇ ਜਵਾਈ ਨੇ ਸਾਨੂੰ ਇਕ ਦਿਨ ਵੀ ਕੋਈ ਔਖਿਆਈ ਨਹੀਂ ਆਉਣ ਦਿੱਤੀ। ਚੰਗਾ ਹੋਵੇæææ ਜੇ ਸਾਡਾ ਸਮਾਜ ਪੁੱਤ-ਧੀ ਵਿਚ ਫਰਕ ਰੱਖਣੋਂ ਹਟ ਜਾਵੇ। ਫਿਰ ਕੋਈ ਮਾਤਾ ਆਪਣੇ ਪੁੱਤ ਦੀ ਕਾਤਲ ਨਹੀਂ ਬਣੇਗੀ। ਜੇ ਧੀ ਨੂੰ ਅਸੀਂ ਪੁੱਤ ਸਮਝ ਲਈਏ ਤਾਂ ਫਿਰ ਭਲਾ ਸਾਰੀ ਦੁਨੀਆਂ ਘੁੰਮ ਲਈਏ।æææ
ਬਾਈ ਗੁਰਮੀਤ ਨੇ ਆਪਣੀ ਇਹ ਹੱਡਬੀਤੀ ਡੁਸਕਦਿਆਂ ਹੋਇਆਂ ਸੁਣਾਈ। ਮੈਨੂੰ ਵੀ ਪਤਾ ਨਾ ਲੱਗਾ, ਕਦੋਂ ਮੇਰੀਆਂ ਅੱਖਾਂ ਵੀ ਉਛਲ ਪਈਆਂ ਸਨ।

Be the first to comment

Leave a Reply

Your email address will not be published.