ਬਚਪਨ ਦੀਆਂ ਪੀੜਾਂ ‘ਸੋਲਡ’

ਫਿਲਮ Ḕਸੋਲਡ’ ਪੈਟਰੇਸ਼ੀਆ ਮੈਕਕੌਰਮਿਕ ਦੇ ਇਸੇ ਨਾਂ ਵਾਲੇ ਨਾਵਲ ਉਤੇ ਆਧਾਰਤ ਫਿਲਮ ਹੈ ਜਿਸ ਵਿਚ ਭਾਰਤ ਅਤੇ ਨੇਪਾਲ ਵਿਚ ਬੱਚਿਆਂ ਦੀ ਖਰੀਦੋ-ਫਰੋਖ਼ਤ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਨ੍ਹਾਂ ਬੱਚਿਆਂ ਨੂੰ ਸਾਰੀ ਉਮਰ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕੁੱਲ 97 ਮਿੰਟ ਦੀ ਇਹ ਫਿਲਮ, ਫਿਲਮਸਾਜ਼ ਜੈਫਰੀ ਡੀ ਬਰਾਊਨ ਨੇ ਬਣਾਈ ਹੈ। ਇਹ ਫਿਲਮ ਇਸੇ ਸਾਲ ਮਾਰਚ ਵਿਚ ਰਿਲੀਜ਼ ਹੋਈ ਸੀ ਅਤੇ ਇਹ ਉਦੋਂ ਤੋਂ ਹੀ ਦਰਸ਼ਕਾਂ ਤੇ ਫਿਲਮ ਆਲੋਚਕਾਂ ਦਾ ਧਿਆਨ ਖਿੱਚ ਰਹੀ ਹੈ। ਹੁਣ ਇਸ ਨੂੰ ਲੰਡਨ ਇੰਡੀਅਨ ਫਿਲਮ ਫੈਸਟੀਵਲ ਵਿਚ ਆਡੀਐਂਸ ਐਵਾਰਡ (ਦਰਸ਼ਕ ਇਨਾਮ) ਨਾਲ ਨਿਵਾਜਿਆ ਗਿਆ ਹੈ। ਇਸ ਫਿਲਮ ਵਿਚ ਮੁੱਖ ਭੂਮਿਕਾ ਅਮਰੀਕੀ ਅਦਾਕਾਰਾ ਗਿਲੀਅਨ ਐਂਡਰਸਨ ਨੇ ਨਿਭਾਈ ਹੈ। ਉਹ ਇਸ ਫਿਲਮ ਵਿਚ ਫੋਟੋਗ੍ਰਾਫਰ ਬਣੀ ਹੈ। ਇਕ ਦਿਨ ਫੋਟੋਆਂ ਖਿੱਚਦੀ-ਖਿੱਚਦੀ ਦਾ ਉਸ ਦਾ ਟਾਕਰਾ ਉਸ ਨੇਪਾਲੀ ਕੁੜੀ ਨਾਲ ਹੁੰਦਾ ਹੈ ਜਿਸ ਨੂੰ ਕੋਲਕਾਤਾ ਦੇ ਵੇਸਵਾਗਮਨੀ ਦੇ ਅੱਡਿਆਂ ਵਿਚ ਵੇਚ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਕੁੜੀ ਨੂੰ ਆਜ਼ਾਦ ਕਰਵਾਉਣ ਦੀ ਕਹਾਣੀ ਤੁਰ ਪੈਂਦੀ ਹੈ। ਇਸ ਫਿਲਮ ਬਾਰੇ ਜੈਫਰੀ ਬਰਾਉਨ ਦਾ ਕਹਿਣਾ ਹੈ: “ਇਮਨਦਾਰੀ ਨਾਲ ਕਹਾਂ ਤਾਂ ਸੱਚੀ ਗੱਲ ਇਹ ਹੈ ਕਿ ਜਦੋਂ ਮੈਂ ਇਹ ਫਿਲਮ ਬਣਾ ਰਿਹਾ ਸਾਂ ਤਾਂ ਮੇਰੇ ਜ਼ਿਹਨ ਵਿਚ ਇਸ ਧਰਤੀ ਉਤੇ ਗੁਲਾਮੀ ਭੋਗ ਰਹੇ 3 ਕਰੋੜ ਜਿਉੜਿਆਂ ਨੇ ਉਥਲ-ਪੁਥਲ ਮਚਾਈ ਹੋਈ ਸੀ। ਅਸਲ ਵਿਚ ਜਦੋਂ ਮੈਂ ਇਹ ਨਾਵਲ ਪੜ੍ਹਿਆ ਸੀ ਤਾਂ ਮੇਰਾ ਦਿਲ ਦਿਮਾਗ ਉਤੇ ਫਿਲਮ ਛਾਉਣੀ ਸ਼ੁਰੂ ਹੋ ਗਈ ਸੀ। ਮੇਰੇ ਲਈ ਇਹ ਬਹੁਤ ਵੱਡਾ ਮਸਲਾ ਸੀ। ਇਸ ਤੋਂ ਬਾਅਦ ਮੈਂ ਇਸ ਬਾਰੇ ਹੋਰ ਬੜਾ ਕੁਝ ਪੜ੍ਹਿਆ। ਮੇਰਾ ਮੁੱਖ ਮਕਸਦ ਦੁਨੀਆਂ ਦਾ ਧਿਆਨ ਬੱਚਿਆਂ ਦੀ ਇਸ ਪੀੜਾ ਵੱਲ ਦਿਵਾਉਣਾ ਸੀ।”
Ḕਦਿ ਐਕਸ ਫਾਈਲਜ਼’ ਫਿਲਮ ਦੀ ਪ੍ਰਸਿੱਧ ਅਦਾਕਾਰਾ ਗਿਲੀਅਨ ਐਂਡਰਸਨ, ਬਰਾਊਨ ਨਾਲੋਂ ਵੀ ਵੱਧ ਉਤਸ਼ਾਹ ਨਾਲ ਇਸ ਫਿਲਮ ਬਾਰੇ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਉਂ ਹੀ ਬਰਾਊਨ ਨੇ ਉਸ ਨਾਲ ਇਸ ਫਿਲਮ ਦੀ ਕਹਾਣੀ ਡਿਸਕਸ ਕੀਤੀ, ਉਹ ਝੱਟ ਫਿਲਮ ਬਣਾਉਣ ਲਈ ਤਿਆਰ ਹੋ ਗਈ। ਉਹ ਇਸ ਫਿਲਮ ਨੂੰ ਆਪਣੇ ਦਿਲ ਦੇ ਬਹੁਤ ਨੇੜੇ ਦੱਸਦੀ ਹੈ। ਕਹਾਣੀ ਦੀ ਚਰਚਾ ਵੇਲੇ ਬਰਾਊਨ ਨੇ ਇਹੀ ਗੱਲ ਕਹੀ ਸੀ ਕਿ ਇਸ ਫਿਲਮ ਦੀ ਕਹਾਣੀ ਉਂਜ ਤਾਂ ਸਿਰਫ ਇਕ ਵਾਕ ਵਿਚ ਮੁੱਕ ਜਾਂਦਾ ਹੈ, ਪਰ ਅਸਲ ਮਸਲਾ ਇਸ ਮੁੱਦੇ ਨੂੰ ਉਭਾਰਨ ਦਾ ਹੈ। ਉਹ ਚਾਹੁੰਦਾ ਸੀ ਕਿ ਦੁਨੀਆਂ ਸਾਹਮਣੇ ਇਹ ਮਸਲਾ ਉਭਾਰਨ ਵਿਚ ਮੈਂ ਉਸ ਦੀ ਮੱਦਦਗਾਰ ਬਣਾਂ। ਸੋ, ਮੈਂ ਦੂਜਾ ਪਲ ਵੀ ਨਹੀਂ ਉਡੀਕਿਆ ਅਤੇ ਫਿਲਮ ਲਈ ḔਹਾਂḔ ਕਰ ਦਿੱਤੀ। ਉਹ ਦੱਸਦੀ ਹੈ ਕਿ ਉਸ ਦੀਆਂ ਪਹਿਲੀਆਂ ਫਿਲਮਾਂ ਨੂੰ ਵੀ ਬਥੇਰਾ ਹੁੰਗਾਰਾ ਮਿਲਿਆ ਹੈ, ਪਰ ਜਿਸ ਤਰ੍ਹਾਂ ਦੀ ਤਸੱਲੀ ਇਸ ਫਿਲਮ ਦੀ ਚਰਚਾ ਕਰ ਕੇ ਹੋਈ ਹੈ, ਉਹ ਸੱਚਮੁੱਚ ਬਹੁਤ ਸਕੂਨ ਦੇਣ ਵਾਲੀ ਹੈ। ਜਾਪਦਾ ਹੈ, ਜਿਵੇਂ ਕਈ ਦਿਨਾਂ ਦੇ ਭੁੱਖੇ ਨੂੰ ਅੰਨ-ਪਾਣੀ ਨਸੀਬ ਹੋ ਗਿਆ ਹੋਵੇ। ਇਸ ਫਿਲਮ ਵਿਚ ਗਿਲੀਅਨ ਐਂਡਰਸਨ ਤੋਂ ਇਲਾਵਾ ਡੇਵਿਡ ਆਰਕਟ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਇਨ੍ਹਾਂ ਤੋਂ ਇਲਾਵਾ Ḕਬੈਂਡਿਟ ਕੁਈਨ’ ਵਾਲੀ ਅਦਾਕਾਰਾ ਸੀਮਾ ਬਿਸਵਾਸ, ਪਰਮਬ੍ਰਤ ਚੈਟਰਜੀ, ਸ਼ੁਸਮਿਤਾ ਮੁਖਰਜੀ, ਪ੍ਰਿਯੰਕਾ ਬੋਸ, ਅੰਕੁਰ ਵਿਕਲ, ਨੀਰਜ਼ਾ ਨਾਇਕ ਆਦਿ ਅਦਾਕਾਰਾ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ।
ਇਸ ਫਿਲਮ ਮੇਲੇ ਵਿਚ ਸ਼ੁਭਾਸ਼ੀਸ਼ ਭੁਟਿਆਨੀ ਦੀ ਫਿਲਮ Ḕਕੁਸ਼’ ਨੂੰ ਇਕ ਹਜ਼ਾਰ ਪੌਂਡ ਦਾ ਇਨਾਮ ਦਿੱਤਾ ਗਿਆ ਹੈ। ਇਹ ਫਿਲਮ 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਹੈ। ਇਹ ਛੋਟੀ ਫਿਲਮ ਇਕ ਸਿੱਖ ਬੱਚੇ ਦੁਆਲੇ ਘੁਮਦੀ ਹੈ। ਸ਼ੁਭਾਸ਼ੀਸ਼ ਭੁਟਿਆਨੀ ਦਾ ਦਾਅਵਾ ਹੈ ਕਿ ਇਹ ਸੱਚੀ ਘਟਨਾ ਉਤੇ ਅਧਾਰਤ ਹੈ ਅਤੇ ਇਸ ਫਿਲਮ ਦੀ ਪ੍ਰੇਰਨਾ ਉਸ ਨੂੰ ਉਸ ਦੇ ਇਕ ਅਧਿਆਪਕ ਵੱਲੋਂ ਸੁਣਾਈ ਕਹਾਣੀ ਤੋਂ ਮਿਲੀ ਸੀ।
ਇਸ ਫਿਲਮ ਮੇਲੇ ਬਾਰੇ Ḕਭਾਗ ਮਿਲਖਾ ਭਾਗ’ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਉਮਦਾ ਅਦਾਕਾਰ ਫਰਹਾਨ ਅਖਤਰ ਦਾ ਕਹਿਣਾ ਹੈ ਕਿ ਲੰਡਨ ਇੰਡੀਅਨ ਫਿਲਮ ਫੈਸਟੀਵਲ ਨੇ ਆਪਣੇ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਨਾਲ ਵਾਹਵਾ ਪੈਂਠ ਪਾ ਲਈ ਹੈ। ਹੁਣ ਇਸ ਫਿਲਮ ਫੈਸਟੀਵਲ ਦੀ ਪੁੱਛ ਪ੍ਰਤੀਤ ਪਹਿਲਾਂ ਨਾਲੋਂ ਕਿਤੇ ਵੱਧ ਹੈ।

Be the first to comment

Leave a Reply

Your email address will not be published.