ਅੱਧੀ ਰਾਤ ਦਾ ਸੂਰਜ

-ਦੀਪ ਦੇਵਿੰਦਰ ਸਿੰਘ
‘ਜਾ ਦੀਵਟ ਘਰ ਆਪਨੇ, ਸੁਖੀ ਵਸਾਈਂ ਰਾਤ।Ḕæææਕਹਿੰਦਿਆਂ ਬਿਸ਼ਨ ਸਿਹੁੰ ਨੇ ਖੂੰਡੀ ਨਾਲ ਸਵਿੱਚ ਦੱਬ ਕੇ ਬੱਤੀ ਬੁਝਾਈ, ਪੈਂਦੀਂ ਪਏ ਅੱਧ-ਹੰਢੇ ਮਟਿਆਲੇ ਜਿਹੇ ਕੰਬਲ ਨੂੰ ਛਾਤੀ ਤੱਕ ਖਿੱਚਿਆ ਤੇ ਮੰਜੇ ‘ਤੇ ਟੇਢਾ ਹੋ ਗਿਆ। ਕੱਤੇ ਦਾ ਪਿਛਲਾ ਪੱਖ ਹੋਣ ਕਰਕੇ ਠੰਡ ਉਸ ਦੇ ਹੱਡਾਂ ‘ਚ ਵੜਨ ਲੱਗੀ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਛਾਤੀ ਰੁਕੀ ਹੋਈ ਸੀ। ਮੱਠੀ-ਮੱਠੀ ਖੰਘ ਵੀ ਸੀ। ਲੇਟਣ ਤੋਂ ਪਹਿਲਾਂ ਉਸ ਦੇ ਮਨ ‘ਚ ਖਿਆਲ ਆਇਆ ਸੀ ਕਿ ਰਾਣੇ ਨੂੰ ਆਖੇ ਕਿ ਲੰਬੜਾਂ ਦੇ ਫੌਜੀ ਕੋਲੋਂ ਰੰਮ ਦੇ ਦੋ ਘੁੱਟ ਈ ਲਿਆ ਦਏ ਪਰ ਕੁਝ ਸੋਚ ਕੇ ਚੁੱਪ ਕਰ ਰਿਹਾ ਸੀ। ਫਿਰ ਸੋਚਿਆ, ਨਿੰਦਰ ਨੂੰ ਬਨਖਸ਼ੇ ਤੇ ਮਲੱਠੀ ਵਾਲੀ ਚਾਹ ਬਣਾ ਕੇ ਦੇਣ ਲਈ ਕਹਿ ਦਏਗਾ, ਆਪੇ ਫਰਕ ਪੈ ਜਾਊ। ਫਿਰ ਕੁਝ ਸੋਚ ਕੇ ਉਸ ਨੇ ਇਸ ਖਿਆਲ ਨੂੰ ਵੀ ਰੱਦ ਕਰ ਦਿੱਤਾ।
ਉਸ ਨੇ ਅੱਖਾਂ ਮੀਟ ਸੌਣ ਦਾ ਯਤਨ ਕੀਤਾ ਪਰ ਹਰ ਕੁਰ ਦਾ ਖਿਆਲ ਅਛੋਪਲੇ ਉਸ ਦੀ ਸੋਚ ‘ਤੇ ਆ ਬੈਠਾ। ਉਹ ਤਾਂ ਉਸ ਦੇ ਦੱਸੇ ਬਗੈਰ ਈ ਅਹੁਰ ਜਾਣ ਲੈਂਦੀ ਸੀ। ਉਹਨੇ ਕਹਿਣਾ ਸੀ, ‘ਉਠ ਰਾਣੇ ਦੇ ਭਾਅ, ਤੇਰੀ ਛਾਤੀ ‘ਤੇ ਸੇਕ ਦਿਆਂ, ਵਾਈ ਖੋਰਾ ਏ ਜੁੱਸਾ ਤੇਰਾ, ਕਾਹਨੂੰ ਖਾਣੀ ਸੀ ਮਾਂਹ ਦੀ ਦਾਲ? ਤੇਰਾ ਖਿਆਲ ਮੈਂ ਨਾ ਰੱਖਾਂ ਤਾਂ ਕੌਣ ਰੱਖੇ? ਲੈ ਫੜ, ਦੋ ਘੁੱਟ ਚਾਹ ਦੇ ਪੀ ਤੇ ਮੂੰਹ ਢਕ ਕੇ ਲੰਮਾ ਪੈæææ।’
ਉਸ ਦੇ ਬਗੈਰ ਤਾਂ ਹੁਣ ਬਸ਼ææ। ਕਿਹੋ ਜਿਹੀ ਔਰਤ ਸੀ ਉਹ? ਨਾ ਅੱਕਣ ਨਾ ਥੱਕਣ। ਪੱਥਰ ਦੇਹ ਦੀ ਮਾਲਕ। ਸਿਆਲੀ ਦਿਨਾਂ ‘ਚ ਵੀ ਮੂੰਹ ਹਨੇਰੇ ਉਠਦੀ। ਮੱਝ ਅੱਗੇ ਭਾੜਾ ਸੁੱਟ ਧਾਰ ਕੱਢਦੀ। ਰਜਾਈ ਵਿਚ ਉਸ ਨੂੰ ਚਾਹ ਲਿਆ ਦੇਂਦੀ। ਲੋਅ ਲੱਗਦੀ ਨੂੰ ਹਾਜ਼ਰੀ ਤਿਆਰ ਕਰ ਲੈਂਦੀ। ਦੁਪਹਿਰ ਦੀ ਰੋਟੀ ਡੱਬੇ ‘ਚ ਪਾ ਝੋਲਾ ਸਾਈਕਲ ਨਾਲ ਟੰਗਦੀ ਤੇ ਕਹਿੰਦੀ, ‘ਟੈਮ ਸਿਰ ਨਿਕਲਿਆ ਕਰੋ ਘਰੋਂ, ਫਿਰ ਕਹਿੰਦੇ ਓ ਬੀਕੋ ਦਾ ਘੁੱਗੂ ਝੰਡਿਆ ਵਾਲੀ ਪੁਲੀ ‘ਤੇ ਵੱਜ ਗਿਆ।’
ਟਿਕੀ ਰਾਤ ਵਿਚ ਰਾਣੇ ਦੇ ਕਮਰੇ ਵਿਚੋਂ ਟੈਲੀਵਿਜ਼ਨ ਦੀ ਆਵਾਜ਼ ਆ ਰਹੀ ਸੀ। ਗੁਰਦੁਆਰੇ ਵਾਲੇ ਭਾਈ ਨੇ ਵੀ ਕੀਰਤਨ ਸੋਹਿਲਾ ਮੁਕਾ ਕੇ ਕਦੋਂ ਦਾ ਸਪੀਕਰ ਬੰਦ ਕਰ ਦਿੱਤਾ ਸੀ। ਪਰਾਲੀ ‘ਤੇ ਪਏ ਡੱਬੂ ਨੇ ਕੰਨ ਫੜਕਾ ਕੇ ਆਪਣੀ ਹੋਂਦ ਦਾ ਸਬੂਤ ਦਿੱਤਾ। ‘ਪਤਾ ਨਹੀਂ ਦੁਨੀਆਂ ਨੂੰ ਕੀ ਵਾ ਪਈ ਵਗੀ ਜਾਂਦੀ ਐ, ਅੱਧੀ ਰਾਤ ਤਕ ਟੀæਵੀæ ਨੀ ਬੰਦ ਕਰਦੇ, ਖੌਰੇ ਕੀ ਲੱਭਦੇ ਐ ਇਹਦੇ ‘ਚੋਂ? ਫਿਰ ਸਵੇਰੇ ਵੇਲੇ ਸਿਰ ਨਹੀਂ ਉਠਦੇ।Ḕ ਰਾਣਾ ਕਦੀ ਦਸ ਵਜੇ ਤੋਂ ਪਹਿਲਾਂ ਘਰੋਂ ਨਹੀਂ ਨਿਕਲਦਾ। ਠੇਕੇਦਾਰੀ ਕਰਦਾ, ਕਹਿੰਦਾ, ਹੁਣ ਕਿਹੜਾ ਹੱਥੀਂ ਕੰਮ ਕਰਨਾ। ਭਈਏ ਕੰਮ ਕਰਦੇ ਨੇ। ਆਪ ਸਕੂਟਰ ‘ਤੇ ਗੇੜਾ ਮਾਰ ਆਉਂਦਾ। ਮੁੰਡਾ ਉਸ ਦਾ ਸੋਨੂੰ ਸੱਤਵੀਂ ‘ਚੋਂ ਹਟ ਕੇ ਘਰ ਬਹਿ ਗਿਆ। ਅਖੇ, ਪੜ੍ਹ ਕੇ ਕਿਹੜੀ ਨੌਕਰੀ ਮਿਲਣੀ ਆ। ਹੁਣ ਇਕ ਹੋਰ ਈ ਡੱਬਾ ਜਿਹਾ ਲੈ ਆਇਆ, ਵਿਚ ਤਵੇ ਜਿਹੇ ਪਾ ਕੇ ਗਾਣੇ ਸੁਣੀ ਜਾਂਦੈ। ਕੋਈ ਅਵੱਲਾ ਜਿਹਾ ਨਾਂ ਲੈ ਰਿਹਾ ਸੀ। ਕਹਿੰਦਾ ਜਿਹੜੀ ਮਰਜ਼ੀ ਫਿਲਮ, ਜਿਹੋ ਜਿਹਾ ਮਰਜ਼ੀ ਗੀਤ ਇਹਦੇ ਨਾਲ ਸੁਣ ਲਉ। ਇਕ ਦਿਨ ਮੇਰੇ ਸਿਰਹਾਣੇ ਇਕ ਲਿਫਾਫਾ ਜਿਹਾ ਰੱਖ ਗਿਆ, ਕਹਿੰਦਾ, ‘ਇਹਦੇ ‘ਚ ਪੁਰਾਣੇ ਗੀਤ ਨੇ, ਮੇਰੇ ਡੈਡੀ ਨੂੰ ਨਾ ਦੱਸਿਓ, ਅਖੇ ਮੇਰੇ ਡੈਡੀ ਨੂੰ ਲਾਉਣ ਦੀ ਜਾਚ ਨੀ।’ ਦਿਨੇ ਮਾਂ ਉਹਦੀ ਕਿਤੇ ਬਾਹਰ ਗਈ ਸੀ ਤੇ ਸੋਨੂੰ ਬੂਹਾ ਮਾਰੀ ਪੁਰਾਣੇ ਗਾਣਿਆਂ ਵਾਲੀ ਫਿਲਮ ਵੇਖਣ ਅੰਦਰ ਵੜਿਆ ਹੋਇਆ ਸੀ। ਉਸ ਨੇ ਬਾਰੀ ਨਾਲ ਕੰਨ ਲਾ ਕੇ ਪੁਰਾਣੇ ਗਾਣੇ ਦਾ ਕੋਈ ਬੋਲ ਸੁਣਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਤਾਂ ਬੰਦੇ ਜ਼ਨਾਨੀ ਦੀਆਂ ਗ਼ਲਤ ਜਿਹੀਆਂ ਆਵਾਜ਼ਾਂ ਸਨ, ਜਿਵੇਂæææ। ਇਕ ਵਾਰੀ ਤਾਂ ਉਸ ਦੇ ਪੈਰਾਂ ਥੱਲਿਉਂ ਜ਼ਮੀਨ ਨਿਕਲਦੀ ਜਾਪੀ। ਕੋਈ ਚੰਗੀ ਗੱਲ ਨਹੀਂ ਲੱਗਦੀ। ਨਹੀਂ ਤਾਂ ਐਂ ਬੂਹਾ ਮਾਰਨ ਦਾ ਕੀ ਮਤਲਬ? ਉਹ ਚਾਹੁੰਦਿਆਂ ਹੋਇਆਂ ਵੀ ਬੂਹਾ ਨਹੀਂ ਸੀ ਖੜਕਾ ਸਕਿਆ। ਸੋਚਿਆ ਸੀ ਸ਼ਾਮੀਂ ਰਾਣਾ ਆਊ ਤਾਂ ਹੌਲੀ ਨਾਲ ਗੱਲ ਕਰੂ। ਪਰ ਉਹਦਾ ਵੀ ਕੀ ਪਤੈ, ਅਖੇ, ‘ਤੇਰੇ ਵੇਲੇ ਲੰਘਗੇ ਹੁਣ। ਇਹ ਨਵਾਂ ਯੁੱਗ ਐ। ਤੂੰ ਆਪਣੀ ਭਗਤੀ ਭੁਗਤੀ ਕਰਿਆ ਕਰ।’ ਹਰ ਕੁਰ ਭਾਵੇਂ ਅਨਪੜ੍ਹ ਸੀ, ਪਰ ਵੱਡੀਆਂ ਦੋਵੇਂ ਕੁੜੀਆਂ ਤੇ ਇਸ ਰਾਣੇ ਦਾ ਪੂਰਾ ਖਿਆਲ ਰੱਖਦੀ ਸੀ, ਹਰ ਵੇਲੇ ਚੰਗੀ ਸਿੱਖਿਆ ਦਿੰਦੀ, ਸਿਆਣੀਆਂ ਗੱਲਾਂ ਦਸਦੀ ਸੀ। ਪਰ ਹੁਣ ਉਸ ਨੇ ਨਾ ਕਦੀ ਰਾਣੇ ਨੂੰ ਤੇ ਨਾ ਨਿੰਦਰ ਨੂੰ ਵੇਖਿਆ ਕਿ ਨਿਆਣਿਆਂ ਵਲ ਤਵੱਜੋਂ ਦਿੰਦੇ ਹੋਣ। ਉਲਟਾ ਸ਼ਹਿ ਦੇਂਦੇ ਆ।
ਪਾਸੇ ਪਰਨੇ ਲੇਟਿਆਂ ਬਿਸ਼ਨ ਸਿਹੁੰ ਦੀ ਨਿਗ੍ਹਾ ਵਿਹੜੇ ‘ਚ ਲੱਗੇ ਤੂਤ ‘ਤੇ ਪਈ। ਵਿਰਲੇ ਟਾਂਵੇਂ ਬੱਦਲਾਂ ਵਿਚੋਂ ਛਣ ਕੇ ਆਉਂਦੀ ਚੰਨ ਦੀ ਚਾਨਣੀ ‘ਚ ਤੂਤ ਦੇ ਪੱਤੇ ਲਿਸ਼ਕ ਰਹੇ ਸਨ। ਹਰ ਕੁਰ ਨੇ ਆਪ ਪਾਣੀ ਪਾ ਪਾ ਕੇ ਇਸ ਨੂੰ ਵੱਡਿਆਂ ਕੀਤਾ ਸੀ। ਇਸ ਦੀ ਠੰਡੀ ਛਾਂ ਥੱਲੇ ਉਹ ਕੁੜੀਆਂ ਵਹੁਟੀਆਂ ਨੂੰ ਦਸੂਤੀ, ਹੁਰਮੁਚੂ, ਫੁਲਕਾਰੀ ਤੋਪਾ ਤੇ ਪੱਖੀਆਂ ਦੀ ਬਣਵਾਈ ਸਮਝਾਉਂਦੀ ਸੀ। ਉਸ ਦੀ ਹੱਥ ਦੀ ਸਫਾਈ ‘ਤੇ ਸਭ ਹੈਰਾਨ ਹੁੰਦੀਆਂ। ਖੁਸ਼ ਹੋਣ ਦੀ ਥਾਂ ਕਈ ਵਾਰ ਨਿੰਦਰ ਕਹਿੰਦੀ, ਕੌਣ ਹੁਣ ਸਿਰ ਖਪਾਈ ਕਰੇ, ਸਭ ਕੁਝ ਤਾਂ ਸ਼ਹਿਰੋਂ ਮਿਲ ਜਾਂਦਾ, ਇਦੂੰ ਕਿਤੇ ਵਧੀਆ ਮਸ਼ੀਨੀ ਕਢਾਈ ਹੁੰਦੀ ਆ। ਪਰ ਇਹਨੂੰ ਕੌਣ ਸਮਝਾਏ, ਹੱਥ ਦਾ ਹੁਨਰ ਹੋਣਾ ਬੜੀ ਗੱਲ ਹੁੰਦੀ ਐ। ਰਾਣੇ ਦੇ ਮਗਰ ਪੈ ਕੇ ਮੱਝ ਵਿਕਾ ਦਿੱਤੀ, ਅਖੇ ‘ਹੁਣ ਨਹੀਂ ਗੋਹੇ ਕੂੜੇ ਨਾਲ ਹੱਥ ਲਬੇੜੇ ਜਾਂਦੇ। ਦੁੱਧ ਲਉ ਦੋ ਕਿਲੋ ਤੇ ਬਸ। ਉਹ ਖਿਝਿਆ ਸੀ, ਬਈ ਲਵੇਰਾ ਘਰੋਂ ਨਾ ਕੱਢੋ, ਬੜੀ ਬਰਕਤ ਹੁੰਦੀ ਐ ਘਰ ਦੀ ਚੀਜ਼ ‘ਚ, ਪਰ ਕੌਣ ਮੰਨੇ। ਹਰ ਕੁਰ ਹੁੰਦੀ ਤਾਂ ਉਸ ਦਾ ਪੱਖ ਭਾਰੀ ਹੋ ਜਾਣਾ ਸੀ। ਪਰ ਹੁਣ ਕੌਣæææ? ਬਸ ਹਰ ਕੁਰ ਦੇ ਜ਼ਮਾਨੇ ਉਹਦੇ ਨਾਲ ਲੱਦ ਗਏ। ਉਹਦੇ ਜਿੰਨੀ ਹਿੰਮਤ ਤਾਂ ਦਸਾਂ ਨਿੰਦਰਾਂ ‘ਚ ਵੀ ਨਹੀਂ ਹੋਣੀ। ਕੰਮ ਹਰ ਕੁਰ ਦੇ ਹੱਥਾਂ ‘ਚੋਂ ਤਿਲਕ ਤਿਲਕ ਜਾਂਦਾ ਸੀ। ਹਫਤੇ ਦਸੀਂ ਦਿਨੀਂ ਉਹ ਵੱਡੀ ਧੀ ਮਿੰਦੋ ਵਲੋਂ ਹੋ ਆਉਂਦੀ ਤੇ ਸ਼ਾਮੀਂ ਉਸ ਦੇ ਆਉਣ ਤੋਂ ਪਹਿਲਾਂ ਘਰ ਪਹੁੰਚੀ ਹੁੰਦੀ। ਕੋਈ ਨਾ ਕੋਈ ਰੁਝੇਵਾਂ ਛੋਹ ਛੱਡਦੀ। ਸ਼ਰੀਕੇ ਬਰਾਦਰੀ ‘ਚ ਪੂਰਾ ਰੋਅਬ ਰੱਖਦੀ। ਸਹੀ ਪੱਖ ਵਾਲੇ ਨਾਲ ਖਲੋਣ ਲਈ ਉਹ ਲੜਨ ‘ਤੇ ਉਤਾਰੂ ਹੋ ਜਾਂਦੀ। ਕੋਈ ਮਸਲਾ ਹਲ ਹੁੰਦਾ ਨਜ਼ਰ ਨਾ ਆਉਂਦਾ ਤਾਂ ਦੂਜੇ ਕਹਿੰਦੇ, ਹਰ ਕੁਰ ਜੋ ਫੈਸਲਾ ਕਰ ਦਊ, ਮੰਨ ਲਾਂਗੇ। ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿੰਦੀ ਹੈ। ਪਰ ਅਖੀਰ ਵੇਲੇ ਉਹਦੇ ਆਪਣੀ ਹੀ ਘਰ ਵਿਚ ਉਹਦੀ ਕੋਈ ਕਦਰ ਨਹੀਂ ਸੀ ਪਈ। ਉਹਦੀ ਇਕ ਨਹੀਂ ਸੀ ਚੱਲੀ। ਬਸ, ਜਿਵੇਂ ਉਹਦਾ ਸੁਭਾਅ ਸੀ ਹਾਰ ਨਾ ਮੰਨਣ ਦਾ। ਹਾਰ ਈ ਉਹਨੂੰ ਕਬੂਲ ਨਾ ਹੋਈ। ਕਹਿਣ ਲੱਗੀ, ‘ਬੱਸ ਰਾਣੇ ਦੇ ਭਾਅ ਇਦੂੰ ਵੱਧ ਨਹੀਂ ਮੈਥੋਂ ਜਰ ਹੋਣਾ’, ਤੇ ਦਿਨਾਂ ਵਿਚ ਈ ਨਿਘਰਦੀ-ਨਿਘਰਦੀ ਲੰਮਿਆਂ ਰਾਹਾਂ ਨੂੰ ਪੈ ਗਈ।
ਸ਼ਾਇਦ ਜ਼ਮਾਨਾ ਬਦਲ ਰਿਹਾ ਏ, ਉਹਨੇ ਸੋਚਿਆ। ਸ਼ਾਇਦ ਇਸੇ ਲਈ ਉਹ ਇਕੱਲਾ ਜਿਹਾ ਮਹਿਸੂਸ ਕਰਨ ਲੱਗਾ ਸੀ। ਉਹਨੇ ਸਾਰੀ ਉਮਰ ਕਿਰਤ ਕੀਤੀ ਤੇ ਸਹਿਜ ਜੀਵਨ ਜੀਵਿਆ। ਸਿਆਲ ਹੁੰਦਾ ਜਾਂ ਹੁਨਾਲ ਉਹ ਸਾਇਕਲ ‘ਤੇ ਬਟਾਲੇ ਕੰਮ ‘ਤੇ ਜਾਂਦਾ ਰਿਹਾ। ਬੀਕੋ ਦਾ ਘੁਗੂ ਪਿੰਡ ਤੱਕ ਸੁਣਦਾ ਸੀ। ਪਾਲਾਂ ਦੀਆਂ ਪਾਲਾਂ ਗੱਭਰੂ ਕਾਮੇ ਸਾਈਕਲ ਭਜਾਉਂਦੇ ਸ਼ਹਿਰ ਵਲ ਜਾ ਰਹੇ ਹੁੰਦੇ। ਸ਼ਾਮੀਂ ਫੇਰ ਏਵੇਂ ਹੀ ਸੜਕ ‘ਤੇ ਰੌਣਕ ਵਾਲਾ ਮਾਹੌਲ ਬਣਿਆ ਹੁੰਦਾ। ਉਹ ਮੁੜਦੇ ਵੇਲੇ ਨਿਆਣਿਆਂ ਲਈ ਕੁਝ ਨਾ ਕੁਝ ਝੋਲੇ ਵਿਚ ਪਾ ਲਿਆਉਂਦਾ। ਦੀਵਾਲੀ, ਵਿਸਾਖੀ ਮਠਿਆਈ ਲੈ ਆਉਂਦਾ। ਜੇ ਕਦੀ ਦਿਨ-ਦਿਹਾਰ ਉਹ ਦੋ ਕੁ ਹਾੜੇ ਪੀ ਲੈਂਦਾ ਤਾਂ ਹਰ ਕੁਰ ਮੱਤਾਂ ਦੇਣ ਬਹਿ ਜਾਂਦੀ, ‘ਛੱਡ ਦੇ ਹੁਣ ਇਹ ਮੁੰਡਪੁਣੇ ਦੀਆਂ ਗੱਲਾਂ, ਸਿਆਣਾ ਬਣਿਆ ਕਰæææਸਿਹਤ ਵਲ ਵੇਖਿਆ ਕਰ।’ ਬਿਸ਼ਨ ਸਿਹੁੰ ਦਾ ਜਿਵੇਂ ਹਉਕਾ ਨਿਕਲ ਗਿਆ। ‘ਆਪ ਚਲਦੀ ਬਣੀ ਮੈਨੂੰ ਅੱਧਵਾਟੇ ਛੱਡ। ਜਿਉਂ ਰੱਬ ਨੂੰ ਪਿਆਰੀ ਹੋਈ ਐ, ਕਦੀ ਸੁਫਨੇ ਵਿਚ ਵੀ ਵਿਖਾਈ ਨਹੀਂ ਦਿੱਤੀ। ਹੁਣ ਤਾਂ ਕਹਿੰਦੇ ਆ ਬੀਕੋ ਵੀ ਬੰਦ ਹੋ ਗਈ ਐ। ਬਟਾਲੇ ਦਾ ਕੰਮ ਮਰਨ ਕਿਨਾਰੇ ਆ। ਪੇਂਡੂਆਂ ਨੂੰ ਸ਼ਹਿਰੀ ਆਦਤਾਂ ਪੈ ਗਈਆਂ ਨੇ। ਕਿਸੇ ਨਾਲ ਲੈਗਾ ਦੇਗਾ ਨਹੀਂ।’
ਉਸ ਨੂੰ ਸੋਚ ਆਈ ਕਿ ਉਦੋਂ ਹਰ ਕੁਰ ਬੜਾ ਉਖੜ ਗਈ ਸੀ। ਇਕ ਦਿਨ ਬੜੀ ਹਿਰਾਸੀ ਜਿਹੀ ਸੁਰ ‘ਚ ਬੋਲੀ ਸੀ, ‘ਰਾਣੇ ਦੇ ਭਾਅ, ਮੈਂ ਬਹੁਤ ਦੁਖੀ ਆਂ। ਇਹ ਦਿਨ ਵੇਖਣ ਨਾਲੋਂ ਤਾਂ ਰੱਬ ਪਰਦਾ ਦੇ ਦਿੰਦਾ ਤਾਂ ਚੰਗਾ ਸੀ।’ ‘ਪਰ ਹੋਇਆ ਕੀ ਆ?’ ਉਹ ਕੁਝ ਵੀ ਪੱਲੇ ਨਾ ਪੈਣ ‘ਤੇ ਬੋਲਿਆ ਸੀ। ਉਹ ਅੱਖਾਂ ਪੂੰਝਦੀ ਕਹਿਣ ਲੱਗੀ, ‘ਮੈਂ ਸ਼ੁਕਰ ਕੀਤਾ ਸੀ, ਰੱਬ ਕੰਨ ‘ਵਾਜ ਪਾਈ ਆ, ਘਰ ਵਿਚ ਜਿਹੜਾ ਵੀ ਜੀਅ ਆਏ ਕਰਮਾਂ ਵਾਲਾ ਹੋਏ। ਮੈਂ ਰੱਬ ਅੱਗੇ ਅਰਦਾਸਾਂ ਕਰ ਰਹੀ ਆਂ ਤੇ ਇਹ ਤੇਰੇ ਨੂੰਹ-ਪੁੱਤ ਸ਼ਹਿਰੋਂ ਕਿਤੋਂ ਆਏ ਈ, ਕਿਸੇ ਡਾਕਟਰ ਨੂੰ ਵਿਖਾ ਕੇ। ਕਹਿਣ ਡਹੇ ਆ, ਕੁੜੀ ਆ, ਅਸਾਂ ਨਹੀਂ ਰੱਖਣੀ। ਮੈਂ ਬਥੇਰੇ ਸਿਰ ਦੇ ਠੀਕਰ ਭੰਨੇ, ਪਈ ਰੱਬ ਦਾ ਜੀਅ ਆ, ਸਿਆਣੇ ਬਣੋ। ਪੁੱਤ ਤੁਹਾਡੇ ਕੋਲ ਸੁੱਖ ਨਾਲ ਹੈ ਏ, ਇਕ ਧੀ ਨੂੰ ਵੀ ਹੋਣ ਦਿਉ। ਧੀਆਂ ਘਰਾਂ ਦੀਆਂ ਇੱਜ਼ਤਾਂ ਹੁੰਦੀਆਂ ਨੇ। ਸੁੱਖ ਮੰਗਦੀਆਂ ਨੇ ਮਾਪਿਆਂ ਦੀ। ਨੂੰਹ ਘਰ ਲਿਆਉਣੀ ਤੇ ਧੀ ਘਰੋਂ ਤੋਰਨੀ ਪੁੰਨ ਹੁੰਦੈæææ।’ ਅੱਗੋਂ ਰਾਣਾ ਕਹਿੰਦਾ ਛੱਡ ਮਾਤਾ ਇਨ੍ਹਾਂ ਗੱਲਾਂ ‘ਚ ਕੀ ਪਿਐ? ਧੀ ਜੀਹਦੀ ਏ ਬੱਸ ਉਸੇ ਦੀ ਏ। ਕੌਣ ਬੋਝ ਚੁੱਕਦਾ ਫਿਰੇ? ਅਖ਼ਬਾਰਾਂ ‘ਚ ਨਹੀਂ ਪੜ੍ਹਦੀ, ਪੜ੍ਹਦੀ ਤਾਂ ਪਤਾ ਲੱਗੇ। ਫਿਰ ਵਿਆਹਾਂ ‘ਤੇ ਸੌ-ਸੌ ਖਰਚੇæææ। ਮੈਂ ਕਿਹਾ, ‘ਮੈਂ ਤਾਂ ਜਦ ਦਾ ਸੁਣਿਆ, ਨਿੱਕੀਆਂ-ਨਿੱਕੀਆਂ ਟੋਪੀਆਂ ਜ਼ੁਰਾਬਾਂ ਉਣਦੀ ਫਿਰਦੀ ਆਂ, ਤੁਸੀਂ ਹੋਰ ਈ ਲੋਹੜਾ ਮਾਰਨ ਲੱਗੇ ਜੇ।’ ਉਹ ਬੇਸ਼ਰਮਾਂ ਵਾਂਗ ਹੱਸਿਆ ਸੀ, ‘ਚੱਲ ਇਹ ਕਿਹੜਾ ਕੁੰਭ ਦਾ ਮੇਲਾ। ਫਿਰ ਸਹੀ।’ ਫਿਰ ਮੈਂ ਵਹੁਟੀ ਅੱਗੇ ਝੋਲੀ ਫੈਲਾਈ, ‘ਕੁੜੇ ਨਿੰਦਰ, ਤੂੰ ਸਿਆਣੀ ਐਂ, ਸਮਝਾ ਇਹਨੂੰ। ਰੱਬ ਦੇ ਜੀਅ ਨਾਲ ਪਾਪ ਨਾ ਕਮਾਉ।’ ਉਹ ਬੋਲੀ, ‘ਠੀਕ ਈ ਤਾਂ ਆਂਹਦੇ ਆ ਬੀ ਜੀ, ਕੁੜੀਆਂ ਜੰਮਣ ਤੇ ਸੌ-ਸੌ ਪ੍ਰੇਸ਼ਾਨੀਆਂ। ਕੌਣ ਚੁਕਦਾ ਫਿਰੇ ਇਹੋ ਜਿਹੇ ਝੰਜਟ।’
ਉਹ ਡਾਹਢੀ ਵੇਦਨਾ ‘ਚ ਕਹਿ ਰਹੀ ਸੀ, ‘ਅਸਾਂ ਤਾਂ ਕਦੀ ਕੁੱਤੇ ਨੂੰ ਸੋਟਾ ਨਹੀਂ ਮਾਰਿਆ, ਇਹ ਧੀ ਮਾਰਨਗੇ ਹੁਣ।’ ਫਿਰ ਡੁਬਡੁਬਾਉਂਦੀਆਂ ਅੱਖਾਂ ਨਾਲ ਉਹਦੇ ਵਲ ਖਾਲੀ-ਖਾਲੀ ਝਾਕਣ ਲੱਗੀ। ਚੁੱਪ-ਚਾਪ। ਜਿਵੇਂ ਉਹਦੇ ਅੰਦਰੋਂ ਕੁਝ ਟੁੱਟ ਗਿਆ ਸੀ।
ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ। ਬਿਸ਼ਨ ਸਿਹੁੰ ਨੇ ਕੰਬਲ ਨੂੰ ਆਪਣੇ ਦੁਆਲੇ ਘੁੱਟਿਆ। ਉਸ ਨੂੰ ਯਾਦ ਆਇਆ ਕਿ ਅਗਲੇ ਦਿਨ ਹਰ ਕੁਰ ਬੱਧੀ-ਰੁੱਧੀ ਉਨ੍ਹਾਂ ਦੇ ਨਾਲ ਗਈ ਸੀ। ਹਸਪਤਾਲ ਦੇ ਬਾਹਰ ਬੈਠੀ ਮਰ-ਮਰ ਮਿੱਟੀ ਹੁੰਦੀ ਰਹੀ ਸੀ। ਆਪਣੀ ਜ਼ਾਤ ਨਾਲ ਹੁੰਦੇ ਵਰਤਾਅ ਬਾਰੇ ਸੋਚ-ਸੋਚ ਟੁੱਟਦੀ ਰਹੀ ਸੀ। ਫਿਰ ਰਾਣੇ ਨੇ ਆਸਰਾ ਦੇ ਕੇ ਨਿੰਦਰ ਨੂੰ ਹਸਪਤਾਲੋਂ ਬਾਹਰ ਲਿਆ ਕੇ ਟੈਂਪੂ ਵਿਚ ਬਿਠਾਇਆ ਸੀ। ਸ਼ਾਮੀਂ ਪਿੰਡ ਪਹੁੰਚੇ, ਜਿਵੇਂ ਬੜੀ ਵੱਡੀ ਜੰਗ ਜਿੱਤ ਲਈ ਹੋਵੇ।
ਕਈ ਵਾਰ ਹਰ ਕੁਰ ਅੱਧੀ ਰਾਤ ਨੂੰ ਉਠ ਬਹਿੰਦੀ, ਕਹਿੰਦੀ, ‘ਰਾਣੇ ਦੇ ਭਾਅ ਮੇਰੀਆਂ ਆਂਦਰਾ ਨੂੰ ਵਲ੍ਹੇਟ ਜਿਹੇ ਪੈਂਦੇ ਆ। ਇਹ ਜੀਅ ਦੀ ਹੱਤਿਆ ਸਾਡੇ ਗਲੋਂ ਲੱਥ ਜਾਊ? ਕਹਿੰਦੇ ਆ ਬਿੱਲੀ ਮਾਰਨ ਦਾ ਪਾਪ ਕਿਸੇ ਤੀਰਥ ਸੋਨੇ ਦੀ ਬਿੱਲੀ ਚਾੜ੍ਹ ਕੇ ਲਹਿ ਜਾਂਦਾ, ਪਰ ਇਹ ਧੀ ਮਾਰਨ ਦਾ ਪਾਪ ਕਿਹੜੇ ਜਨਮ ਲਹੂ?’
ਬਿਸ਼ਨ ਸਿਹੁੰ ਨੂੰ ਵੀ ਕੁਝ ਨਾ ਅਹੁੜਦਾ ਕਹਿਣ ਨੂੰ। ਬੱਸ ਕਹਿਣ ਦੀ ਖਾਤਰ ਕਹਿੰਦਾ। ਕੀ ਫੈਦਾ ਦੂਜਿਆਂ ਦੀ ਜ਼ਿੰਦਗੀ ‘ਚ ਦਖਲ ਦੇਣ ਦਾ। ਕਹਿੰਦੇ ਆ ਨਾ, ਜੋ ਕਰਨਗੇ ਸੋ ਭਰਨਗੇæææਪੜ੍ਹੇ ਲਿਖੇ ਨੇ, ਸਮਝਦਾਰ ਨੇ, ਅਸੀਂ ਤੇ ਅਨਪੜ੍ਹ, ਜਾਹਲ਼ææ।’
‘ਲੋਹੜ ਆਈ ਐ ਇਨ੍ਹਾਂ ਦੀ ਸਮਝਦਾਰੀ ਨੂੰ। ਜੋੜੀ ਮਿਲਾਉਣ ਨੂੰ ਫਿਰਦੇ ਐ, ਮੈਨੂੰ ਦੱਸ ਕਿੰਨਿਆਂ ਕੁ ਮਿਲਖਾਂ ਦੇ ਮਾਲਕ ਨੇ ਇਹ? ਮੁੰਡੇ ਭਾਵੇਂ ਮੜ੍ਹੀ ‘ਤੇ ਫੋਸ ਨਾ ਮਾਰਨ। ਅਸੀਂ ਵੀ ਤਾਂ ਦੋ ਧੀਆਂ ਵਿਹਾਈਆਂ। ਹਰ ਵੇਲੇ ਦੁਖ-ਸੁਖ ‘ਚ ਹਾਜ਼ਰ ਹੁੰਦੀਆਂ। ਸਾਡੇ ਕੰਨ ਪੀੜ ਵੀ ਹੋਵੇ, ਵਿਚਾਰੀਆਂ ਭੱਜੀਆਂ ਆਉਂਦੀਆਂ। ਜਵਾਈ ਰੱਬ ਦੇ ਨਾਂ ਵਾਲੇ। ਅਸੀਂ ਵੀ ਵਿਤ ਮੂਜਬ ਉਨ੍ਹਾਂ ਦੇ ਨਾਲ ਖਲੋਂਦੇ ਆਂ। ਹੋਰ ਕੀਹਨੂੰ ਕਹਿੰਦੇ ਆ ਸੁੱਖ?’ ‘ਹੌਸਲੇ ‘ਚ ਰਹਿ ਭਲੀਏ ਲੋਕੇ। ਸਾਡੇ ਜਿੰਨਾ ਹੱਥ ਵੱਸ ਸੀ, ਅਸੀਂ ਚੰਗੀ ਨਿਭਾ ਲਈ। ਹੁਣ ਤਾਂ ਦੋ ਟੁੱਕਰਾਂ ਦੇ ਵਣਜਾਰੇ ਆਂ। ਕੋਈ ਦੇ ਦਿਉ ਤਾਂ ਵਾਹ ਭਲੀ, ਨਹੀਂ, ਆਪੇ ਜਾਣੇ ਜੀਹਨੇ ਜੀਵਨ ਬਖਸ਼ਿਐ।’ ਬਿਸ਼ਨ ਸਿਹੁੰ ਨੇ ਆਪਣੇ ਵਲੋਂ ਗੱਲ ਮੁਕਾਈ। ਪਰ ਹਰ ਕੁਰ ਦਾ ਮਨ ਹਾਲੇ ਵੀ ਭਟਕਣ ‘ਚੋਂ ਨਹੀਂ ਸੀ ਨਿਕਲ ਰਿਹਾ। ਉਹ ਦੂਰ ਖਲਾਅ ‘ਚ ਝਾਕਦੀ ਕਹਿ ਰਹੀ ਸੀ-ਜਦੋਂ ਲਿਫਾਫੇ ‘ਚ ਪਾ ਉਤੇ ਗੰਢ ਮਾਰ ਉਹ ਮਾਸ ਦਾ ਲੋਥੜਾ ਰਾਣਾ ਫੜ ਕੇ ਹਸਪਤਾਲੋਂ ਲਿਆਇਆ ਤਾਂ ਮੇਰਾ ਜੀਅ ਕਰੇ ਵੈਣ ਪਾਉਣ ਲੱਗ ਪਵਾਂ, ਫਿਰ ਕੁਝ ਸੋਚ ਕੇ ਮਨ ਮਾਰ ਲਿਆ। ਟੈਂਪੂ ‘ਚ ਬੈਠਿਆਂ ਮੇਰੇ ਅੰਦਰ ਹੌਲ ਪੈਂਦੇ ਰਹੇ। ਮਨ ਕਹੇ, ਰੱਬਾ ਇਹ ਵੀ ਦਿਨ ਤੂੰ ਦਿਖਾਉਣਾ ਸੀ। ਫਿਰ ਲਿਫਾਫਾ ਰਾਣੇ ਨੇ ਹੰਸਲੀ ‘ਚ ਦੇ ਮਾਰਿਆ ਤੇ ਮੇਰੀ ਭੁੱਬ ਨਿਕਲਦੀ ਨਿਕਲਦੀ ਬਚੀ। ਹੁਣ ਰਾਤ ਨੂੰ ਭੋਰਾ ਵੀ ਅੱਖ ਲਗਦੀ ਏ ਤਾਂ ਲਗਦਾ ਕੋਈ ਬੱਚਾ ਜੰਗਲ ‘ਚ ਭਟਕਦਾ ਮੈਨੂੰ ਵਾਜਾਂ ਮਾਰਦਾ, ਬਾਹਾਂ ਉਲਾਰ-ਉਲਾਰ ਮਾਂ-ਮਾਂ ਕਹਿੰਦਾ ਏ।
ਨਿੰਦਰ ਕਹਿੰਦੀ ਬੀ ਜੀ ਨੂੰ ਵਹਿਮ ਹੋ ਗਿਆ। ਇਨ੍ਹਾਂ ਦਾ ਦਿਮਾਗ ਟਿਕਾਣੇ ਨਹੀਂ ਰਿਹਾ।
ਸੱਚੀਂ ਹਰ ਕੁਰ ਨੂੰ ਵਹਿਮ ਹੀ ਹੋ ਗਿਆ ਸੀ। ਉਹਦਾ ਦਿਮਾਗ ਉਹਦੇ ਵੱਸ ‘ਚ ਨਹੀਂ ਸੀ ਰਿਹਾ। ਰਾਤ ਨੂੰ ਟਿਕਦੀ ਨਾ, ਕਦੀ ਕਹਿੰਦੀ ਬੜੇ ਦਿਨ ਹੋਗੇ ਮਿੰਦੋ ਨਹੀਂ ਆਈ। ਰਾਣੇ ਦੇ ਭਾਅ ਉਹਨੂੰ ਸੁਨੇਹਾ ਘੱਲ, ਮਿਲ ਜਾਏ। ਛਿੰਦੋ ਨੂੰ ਖੌਰੇ ਮੇਰਾ ਚੇਤਾ ਈ ਭੁੱਲ ਗਿਆ। ਫਿਰ ਉਹ ਖਿਝਣ ਵਾਲੀ ਸੁਰ ‘ਚ ਕਹਿੰਦੀ, ‘ਮੇਰੇ ਮਰਨ ‘ਤੇ ਆਉਣਗੀਆਂ ਇਹ?’
ਇਕ ਦਿਨ ਸਵੇਰੇ ਹਰ ਕੁਰ ਨਹੀਂ ਉਠੀ। ਸੱਚੀਂ ਛਿੰਦੋ ਤੇ ਮਿੰਦੋ ਧਾਹੀਂ ਮਾਰਦੀਆਂ ਆ ਪਹੁੰਚੀਆਂ।
ਬਿਸ਼ਨ ਸਿਹੁੰ ਨੇ ਸੋਚਿਆ ਜਦੋਂ ਸਾਡੀਆਂ ਛਿੰਦੋ ਤੇ ਮਿੰਦੋ ਛੋਟੀਆਂ ਸਨ ਤਾਂ ਵਿਹੜੇ ਵਿਚ ਕਿਕਲੀ ਪਾਉਂਦੀਆਂ Ḕਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀḔ ਗਾਉਂਦੀਆਂ ਤਾਂ ਕਿੰਨੀਆਂ ਚੰਗੀਆਂ ਲੱਗਦੀਆਂ ਸਨ। ਉਨ੍ਹਾਂ ਦੇ ਨਿੱਕੇ-ਨਿੱਕੇ ਹਾਸੇ, ਰੋਸੇ, ਰੁੱਸਣਾ-ਮੰਨਣਾ। ਹਰ ਕੁਰ ਨੇ ਕਦੀ ਫਿਟਕ ਨਹੀਂ ਸੀ ਪਾਈ। ਕਹਿੰਦੀ ਇਹ ਧੀਆਂ ਤਾਂ ਧੰਨ ਐ। ਦੋਵੇਂ ਚਾਈਂ-ਚਾਈਂ ਰਾਣੇ ਨੂੰ ਰੱਖੜੀ ਬੰਨ੍ਹਦੀਆਂ। ਘਰ ‘ਚ ਰੌਣਕ ਲਾ ਛੱਡਦੀਆਂ। ਹੁਣ ਕੀ ਕਰਨਗੇ। ਇਹ ਪੜ੍ਹੇ ਲਿਖੇ ਸਿਆਣੇ ਲੋਕ? ਖਾਨਾਪੂਰੀ ਕਰਨ ਖਾਤਰ ਸ਼ਾਇਦ ਘਰ ਵਾਲੀਆਂ ਕੋਲੋਂ ਹੀ ਰੱਖੜੀ ਬਨਵਾ ਲਿਆ ਕਰਨਗੇ। ਖੌਰੇ ਕੀ ਕਰਨ, ਇਹ ਤਾਂ ਰੱਬ ਈ ਜਾਣੇ।
ਰਾਣੇ ਦੇ ਕਮਰੇ ਵਿਚ ਹਾਲੇ ਵੀ ਟੀæਵੀæ ਚੱਲ ਰਿਹਾ ਸੀ। ‘ਇਕ ਤਾਂ ਇਹ ਟੀæਵੀæ ਦੀ ਬਿਮਾਰੀ ਚੰਬੜੀ ਐ ਇਨ੍ਹਾਂ ਨੂੰ, ਇਹਨੇ ਪਤਾ ਨਹੀਂ ਕੀ ਕਰਵਾਉਣਾ ਇਨ੍ਹਾਂ ਤੋਂ। ਰੱਬ ਸੁੱਖ ਰੱਖੇ, ਸੁੱਖ ਵਰਤਾਏ।’ ਉਹਨੇ ਹਨੇਰੇ ‘ਚ ਅਵਾਜਾਰੀ ਜਿਹੀ ਮਹਿਸੂਸ ਕੀਤੀ ਤੇ ਖੂੰਡੀ ਫੜ ਕੇ ਸਵਿੱਚ ਟਟੋਲ ਕੇ ਬੱਤੀ ਜਗਾਈ।
ਆਪਣੀ ਸਿਰਹਾਣੇ ਰੱਖੀ ਜ਼ਿੰਦਗੀ ਬਿਲਾਸ ਪੜ੍ਹਨ ਲੱਗਾ, ਕਿਤਾਬ ਦੀਆਂ ਪੰਕਤੀਆਂ ਦੇ ਨਾਲ-ਨਾਲ ਉਹਦੀ ਸੋਚ ਤੁਰਨ ਲੱਗੀ, ਕਹਿੰਦੇ ਐ-ਹਨ੍ਹੇਰੇ ਦਾ ਕੋਈ ਵਜੂਦ ਨਹੀਂ ਹੁੰਦਾ, ਸਿਰਫ ਚਾਨਣ ਦੀ ਅਣਹੋਂਦ ਹੁੰਦੀ ਏ। ਸਵੇਰਾ ਤਾਂ ਹੋਣਾ ਈ ਹੁੰਦੈ, ਦੇਰ ਜਾਂ ਅਵੇਰ। ਪਰ ਇਹ ਜੋ ਪੈਰੋ ਪੈਰ ਕਾਲਖ ਫੈਲਦੀ ਜਾ ਰਹੀ ਹੈ, ਇਹ ਕਦੋਂ ਧੁਖੇਗੀ? ਉਹਦੀ ਹਿਲਜੁਲ ਵੇਖ ਕੇ ਡੱਬੂ ਨੇ ਉਠ ਕੇ ਕੰਨ ਛੰਡੇ ਤੇ ਪਰਿਉਂ ਪਰਾਲੀ ਤੋਂ ਉਠ ਕੇ ਉਹਦੇ ਲਾਗੇ ਆ ਖਲੋਤਾ। ਬਿਸਨ ਸਿਹੁੰ ਨੇ ਬੜੀ ਅਪਣੱਤ ਨਾਲ ਉਹਦੇ ਵਲ ਵੇਖਿਆ ਤੇ ਉਹਦੇ ਸਿਰ ‘ਤੇ ਹੱਥ ਫੇਰਿਆ। ਡੱਬੂ ਪੂਛ ਹਿਲਾਉਂਦਾ ਉਹਦੇ ਲਾਗੇ ਈ ਥੱਲੇ ਬਹਿ ਗਿਆ। ਬਿਸ਼ਨ ਸਿਹੁੰ ਦੀਆਂ ਨਜ਼ਰਾਂ ਕਿੰਨਾ ਈ ਚਿਰ ਕਿਤਾਬ ‘ਚ ਗੁਆਚੀਆਂ ਜ਼ਿੰਦਗੀ ਦੇ ਕਿਸੇ ਸੱਚ ਦੀ ਤਲਾਸ਼ ‘ਚ ਜੁਟੀਆਂ ਰਹੀਆਂ।

Be the first to comment

Leave a Reply

Your email address will not be published.