ਫਲਸਤੀਨ ਅੱਜ ਫਿਰ ਲਹੂ-ਲੁਹਾਣ ਹੈ। ਇਸਰਾਇਲੀ ਬਾਰੂਦ ਫਲਸਤੀਨੀਆਂ ਦੇ ਘਰਾਂ ਉਤੇ ਕਹਿਰ ਵਰਤਾ ਰਿਹਾ ਹੈ। ਇਸ ਕਹਿਰ ਨੂੰ ਡੱਕਣ ਲਈ ਕਿਤੇ ਕੋਈ ਵੱਡੀ ਲਾਮਬੰਦੀ ਨਹੀਂ ਹੋ ਰਹੀ। ਹਾਂ, ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਉਤੇ ਜਾਂ ਇਕ-ਦੂਜੇ ਨੂੰ ਕੀਤੀਆਂ ਈ-ਮੇਲਾਂ ਉਤੇ ਫਲਸਤੀਨੀਆਂ ਨਾਲ ਇਕਜੁੱਟਤਾ ਜ਼ਰੂਰ ਜ਼ਾਹਿਰ ਕੀਤੀ ਜਾ ਰਹੀ ਹੈ। ਇਸਰਾਈਲ ਦਾ ਹਮਲਾਵਰ ਰੁਖ ਢੈਲਾ ਨਹੀਂ ਪੈ ਰਿਹਾ। ਇਹ ਪਹਿਲੀ ਵਾਰ ਨਹੀਂ ਹੈ ਕਿ ਫਸਲਤੀਨੀਆਂ ਉਪਰ ਇਸਰਾਈਲੀ ਕਹਿਰ ਇਸ ਤਰ੍ਹਾਂ ਵਾਰਦ ਹੋਇਆ ਹੈ, ਪਹਿਲਾਂ ਵੀ ਕਈ ਵਾਰ ਅਜਿਹੀਆਂ ਇਕਪਾਸੜ ਕਾਰਵਾਈਆਂ ਵਿਚ ਜਾਨ-ਮਾਲ ਦਾ ਅੰਤਾਂ ਦਾ ਨੁਕਸਾਨ ਕੀਤਾ ਜਾ ਚੁੱਕਾ ਹੈ। ਫਲਸਤੀਨੀਆਂ ਦਾ ਇਹ ਦਰਦ ਹੁਣ ਦਹਾਕਿਆਂ ਦਾ ਸਫਰ ਤੈਅ ਕਰ ਚੁੱਕਾ ਹੈ ਅਤੇ ਇਸ ਦਾ ਕੋਈ ਅੰਤ-ਸਿਰਾ ਫਿਲਹਾਲ ਨਜ਼ਰ ਨਹੀਂ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਤੇਜ਼ੀ ਦੇ ਇਸ ਯੁੱਗ ਵਿਚ ਸਭ ਕੁਝ ਤੇਜ਼ੀ ਨਾਲ ਹੀ ਬਦਲ ਰਿਹਾ ਹੈ, ਪਰ ਫਲਸਤੀਨ ਉਥੇ ਦਾ ਉਥੇ ਹੈ; ਆਪਣੇ ਚਿਰਾਂ ਦੇ ਜ਼ਖਮ ਚੱਟਦਾ ਹੋਇਆ, ਰੋਹ ਤੇ ਰੋਸ ਵਿਚ ਉਬਲਦਾ ਤੇ ਭੁੱਜਦਾ ਹੋਇਆ ਅਤੇ ਬੇਵਸੀ ਵਿਚ ਬਾਰੂਦ ਦਾ ਮੁਕਾਬਲਾ ਇੱਟਾਂ-ਰੋੜਿਆਂ ਨਾਲ ਕਰਦਾ ਹੋਇਆ। ਇਸਰਾਈਲ ਦੇ ਇਸ ਵਾਰ ਦੇ ਹਮਲੇ ਦਾ ਮੁੱਖ ਕਾਰਨ ਫਲਸਤੀਨੀਆਂ ਦੇ ਤੱਤੇ ਗਰੁਪ ‘ਹਮਾਸ’ ਵੱਲੋਂ ਦਾਗੇ ਰਾਕੇਟਾਂ ਨੂੰ ਦੱਸਿਆ ਜਾ ਰਿਹਾ ਹੈ। ਉਂਜ, ਇਹ ਚਰਚਾ ਨਦਾਰਦ ਹੀ ਹੈ ਕਿ ‘ਹਮਾਸ’ ਨੂੰ ਇਸ ਰਾਹੇ ਤੋਰਿਆ ਕਿਸ ਨੇ ਹੈ? ‘ਹਮਾਸ’ ਤੋਂ ਪਹਿਲਾਂ ਵਾਲੇ ਜਿਨ੍ਹਾਂ ਫਲਸਤੀਨੀ ਲੀਡਰਾਂ ਨੇ ਅਮਨ-ਅਮਾਨ ਨਾਲ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਸੀ, ਉਨ੍ਹਾਂ ਵੱਲ ਵੀ ਤਾਂ ਬਾਰੂਦ ਦੇ ਗੋਲੇ ਹੀ ਛੱਡੇ ਗਏ ਸਨ। ਮੱਧ-ਪੂਰਬ ਦੇ ਇਸ ਖਿੱਤੇ ਵਿਚ ਮਨੁੱਖੀ ਹਕੂਕ ਦਾ ਸ਼ਰੇਆਮ ਘਾਣ ਹੋ ਰਿਹਾ ਹੈ। ਕੌਮਾਂਤਰੀ ਸੰਸਥਾਵਾਂ ਅਤੇ ਚੌਧਰੀ ਦੇਸ਼ ਵੀ ‘ਤੇਲ ਦੀ ਧਾਰ’ ਹੀ ਦੇਖ ਰਹੇ ਹਨ। ਫਲਸਤੀਨ ਦੇ ਮਸਲੇ ਬਾਰੇ ਇਨ੍ਹਾਂ ਦਾ ਮੁੱਢ ਤੋਂ ਹੀ ਇਹੀ ਬੇਰੁਖੀ ਵਾਲਾ ਰੁਖ ਰਿਹਾ ਹੈ। ਅਸਲ ਵਿਚ ਇਸ ਖਿੱਤੇ ਵਿਚ ਅਰਬਾਂ ਨੂੰ ਥਾਂ ਸਿਰ ਰੱਖਣ ਦਾ ਇਹ ਉਨ੍ਹਾਂ ਦਾ ਦਾਈਆ ਹੀ ਹੈ ਅਤੇ ਕੌਮਾਂਤਰੀ ਪੱਧਰ ਦੀ ਅਜਿਹੀ ਸਿਆਸਤ ਦਾ ਸ਼ਿਕਾਰ ਫਲਸਤੀਨੀ ਲਗਾਤਾਰ ਬਣ ਰਹੇ ਹਨ।
ਫਲਸਤੀਨ ਵਾਲੇ ਪਾਸਿਉਂ ਜਿਸ ਤਰ੍ਹਾਂ ਦੀਆਂ ਖਬਰਾਂ ਪਿਛਲੇ ਕੁਝ ਸਾਲਾਂ ਤੋਂ ਆ ਰਹੀਆਂ ਹਨ ਤੇ ਉਥੋਂ ਦੇ ਬੁਧੀਜੀਵੀਆਂ ਦੇ ਜਿਸ ਤਰ੍ਹਾਂ ਦੇ ਵਿਚਾਰ ਬਾਹਰਲੇ ਜਗਤ ਤੱਕ ਅੱਪੜ ਰਹੇ ਹਨ, ਉਨ੍ਹਾਂ ਤੋਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਹ ਕਿਨ੍ਹਾਂ ਅਤੇ ਕਿੰਨੇ ਔਖੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਪੀੜ੍ਹੀ-ਦਰ-ਪੀੜ੍ਹੀ, ਹਿੰਸਾ ਤੋਂ ਅੱਕੀ ਪਈ ਹੈ। ਇਸਰਾਈਲ ਵੱਲੋਂ ਫਲਸਤੀਨੀ ਖੇਤਰਾਂ ਵਿਚ ਜਬਰੀ ਵਸੇਬੇ ਦੀ ਲੜੀ ਟੁੱਟ ਨਹੀਂ ਰਹੀ, ਸਗੋਂ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਨਾਲ ਫਲਸਤੀਨੀ ਖੇਤਰਾਂ ਵਿਚ ਬਸਤੀਆਂ ਬਣਾਈਆਂ ਜਾ ਰਹੀਆਂ ਹਨ। ਫਿਰ ਜਦੋਂ ਬੇਵੱਸ ਫਲਸਤੀਨੀ, ਬਸਤੀਆਂ ਵਿਚ ਵੱਸਦੇ ਇਨ੍ਹਾਂ ਇਸਰਾਇਲੀਆਂ ਨੂੰ ਕੋਲੋਂ ਲੰਘਦੇ ਦੇਖਦੇ ਹਨ ਤਾਂ ਰੋਹ ਦੀ ਅੱਗ ਵਿਚ ਭੁੱਜਦੇ ਫਲਸਤੀਨੀ ਇੱਟਾਂ-ਰੋੜੇ ਚਲਾਉਂਦੇ ਹਨ ਅਤੇ ਜਵਾਬ ਵਿਚ ਗੋਲੀਆਂ ਖਾਂਦੇ ਹਨ। ਦਹਾਕਿਆਂ ਤੋਂ ਚੱਲ ਰਹੀ ਇਸ ਲਮਕਵੀਂ ਹਿੰਸਾ ਨਾਲ ਜ਼ਮੀਨੀ ਪੱਧਰ ‘ਤੇ ਵੀ ਬਹੁਤ ਵੱਡੀ ਤਬਦੀਲੀ ਵਾਪਰ ਚੁੱਕੀ ਹੈ। ਪਿਛਲੇ ਸਾਲਾਂ ਦੌਰਾਨ ‘ਹਮਾਸ’ ਦੀ ਵਾਹਵਾ ਚੜ੍ਹਤ ਹੋਈ ਹੈ। ਇਸ ਵਿਚ ਜਹਾਦੀ ਤਬਕਾ ਵੀ ਹੌਲੀ-ਹੌਲੀ ਆਣ ਡਟਿਆ ਹੈ। ਸਿੱਟੇ ਵਜੋਂ ਫਲਸਤੀਨੀਆਂ ਦੀ ਇਹ ਲੜਾਈ ਜਹਾਦ ਵਿਚ ਵਟਦੀ ਜਾ ਰਹੀ ਹੈ। ਵਿਰੋਧੀਆਂ ਨੂੰ ਇਹ ਤਬਦੀਲੀ ਬੜੀ ਸੂਤ ਬੈਠ ਰਹੀ ਹੈ। ਉਨ੍ਹਾਂ ਲਈ ਕੋਈ ਨਾ ਕੋਈ ਬਹਾਨਾ ਘੜ ਕੇ ਹਮਲਾ ਕਰਨਾ ਪਹਿਲਾਂ ਨਾਲੋਂ ਕਿਤੇ ਵਧੇਰੇ ਸੌਖਾ ਹੋ ਗਿਆ ਹੈ। ਉਧਰ, ਮਰਹੂਮ ਅਤੇ ਮਿਸਾਲੀ ਫਲਸਤੀਨੀ ਆਗੂ ਯਾਸਰ ਅਰਾਫਾਤ ਵਾਲਾ ਗਰੁਪ ‘ਫਤਿਹ’ ਸੱਤਾ ਦਾ ਸੁਖ ਮਾਣਦਾ-ਮਾਣਦਾ ਭ੍ਰਿਸ਼ਟਾਚਾਰ ਦੀ ਅਜਿਹੀ ਦਲ-ਦਲ ਵਿਚ ਫਸਿਆ ਕਿ ਅਜੇ ਤੱਕ ਲੀਹ ਉਤੇ ਨਹੀਂ ਪੈ ਸਕਿਆ। ਉਂਜ ਅਜਿਹੇ ਹਾਲਾਤ ਦੇ ਬਾਵਜੂਦ ਫਲਸਤੀਨੀਆਂ ਦਾ ਵਿਰੋਧ, ਰੋਸ ਅਤੇ ਰੋਹ ਬਰਕਰਾਰ ਹੈ, ਪਰ ਇਕਜੁੱਟਤਾ ਬਾਝੋਂ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ। ਪੱਛਮੀ ਕੰਢੇ ਵਿਚ ਅੱਜ ਕੱਲ੍ਹ ‘ਫਤਿਹ’ ਦੀ ਅਤੇ ਗਾਜ਼ਾ ਪੱਟੀ ਵਿਚ ‘ਹਮਾਸ’ ਦੀ ਸਰਕਾਰ ਹੈ। ਦੋਹਾਂ ਸਰਕਾਰਾਂ ਦੇ ਮੂੰਹ ਇਕ-ਦੂਜੇ ਦੇ ਵਿਰੁਧ ਹਨ। ਇਸੇ ਕਰ ਕੇ ਵਾਰੀ-ਵਾਰੀ ਦੋਹਾਂ ਨੂੰ ਕੁੱਟ ਪੈ ਰਹੀ ਹੈ। ਇਹ ਗੱਲ ਆਮ ਫਲਸਤੀਨੀ ਤਾਂ ਸਮਝ ਰਿਹਾ ਹੈ, ਪਰ ਲੀਡਰ ਇਸ ਪਾਟਕ ਨੂੰ ਮੁੰਦਣ ਵਿਚ ਅਸਫਲ ਰਹੇ ਹਨ। ਇਸਰਾਈਲ ਵੀ ਹੁਣ ਇਸੇ ਨੀਤੀ ਉਤੇ ਚੱਲ ਰਿਹਾ ਹੈ ਕਿ ਦੋਹਾਂ ਧੜਿਆਂ ਨੂੰ ਕਿਸੇ ਵੀ ਸੂਰਤ ਵਿਚ ਇਕ ਨਾ ਹੋਣ ਦਿੱਤਾ ਜਾਵੇ। ਇਸ ਨੂੰ ਮਾਲੂਮ ਹੈ ਕਿ ਇਕੱਠੇ ਹੋਏ ਫਲਸਤੀਨੀਆਂ ਦੀ ਤਾਕਤ ਉਨ੍ਹਾਂ ਲਈ ਹੁਣ ਨਵੀਂ ਵੰਗਾਰ ਬਣੇਗੀ। ਇਸੇ ਕਰ ਕੇ ਜਦੋਂ ਕੁਝ ਮਹੀਨੇ ਪਹਿਲਾਂ ‘ਫਤਿਹ’ ਅਤੇ ‘ਹਮਾਸ’ ਵਿਚਕਾਰ ਆਪਸੀ ਤਾਲਮੇਲ ਵਧਣਾ ਸ਼ੁਰੂ ਹੋਇਆ ਸੀ ਤਾਂ ਇਸਾਰਈਲ ਨੇ ਝੱਟ ਐਲਾਨ ਕਰ ਦਿੱਤਾ ਸੀ ਕਿ ਜੇ ਫਲਸਤੀਨੀ ਰਾਸ਼ਟਰਪਤੀ ਨੇ ‘ਹਮਾਸ’ ਨਾਲ ਇਸ ਤਰ੍ਹਾਂ ਦਾ ਰਾਬਤਾ ਰੱਖਣਾ ਹੈ ਤਾਂ ਇਹ ਗੱਲਬਾਤ ਲਈ ਚੱਲ ਰਹੀ ਸਰਗਰਮੀ ਤੋਂ ਹੱਥ ਪਿਛਾਂਹ ਖਿੱਚ ਲਵੇਗਾ।
ਅਜਿਹੀ ਸੂਰਤ ਵਿਚ ਬੁਲੰਦ ਸਿਆਸਤ ਹੀ ਮਸਲੇ ਨੂੰ ਖਿੱਚ ਕੇ ਆਪਣੇ ਪਾਸੇ ਕਰ ਸਕਦੀ ਹੈ। ਦੁਖਦਾਈ ਤੱਥ ਇਹੀ ਹੈ ਕਿ ਅੰਤਾਂ ਦੇ ਜਬਰ ਦੇ ਬਾਵਜੂਦ ਫਲਸਤੀਨੀਆਂ ਵਿਚ ਇਸ ਤਰ੍ਹਾਂ ਦੀ ਸਿਆਸਤ ਬੁਲੰਦ ਕਰਨ ਦੀ ਕਨਸੋਅ ਫਿਲਹਾਲ ਨਹੀਂ ਪੈ ਰਹੀ। ਅਜਿਹੀ ਸਿਆਸਤ ਦੇ ਮਾਮਲੇ ‘ਤੇ ਫਲਸਤੀਨੀਆਂ ਨੂੰ ਯਾਸਰ ਅਰਾਫਾਤ ਵਰਗਾ ਆਗੂ ਮੁੜ ਕੇ ਨਹੀਂ ਮਿਲਿਆ। ਯਾਸਰ ਅਰਾਫਾਤ ਅਤੇ ਉਸ ਦੀ ਸਿਆਸਤ ਦੀਆਂ ਭਾਵੇਂ ਆਪਣੀਆਂ ਸੀਮਾਵਾਂ ਅਤੇ ਮਜਬੂਰੀਆ ਸਨ, ਪਰ ਉਸ ਨੇ ਕੌਮਾਤਰੀ ਪੱਧਰ ਉਤੇ ਇਕ ਵਾਰ ਤਾਂ ਇਸਰਾਈਲ ਨੂੰ ਘੇਰਾ ਘੱਤਣ ਦਾ ਯਤਨ ਕਰ ਹੀ ਲਿਆ ਸੀ। ਹੁਣ ਵੀ ਇਸਰਾਈਲ ਦੀ ਜਕੜ ਜਿਸ ਦਿਨ ਵੀ ਟੱਟਣੀ ਹੈ, ਉਹ ਹਥਿਆਰਾਂ ਨਾਲ ਨਹੀਂ, ਬੁਲੰਦ ਸਿਆਸਤ ਨਾਲ ਹੀ ਟੁੱਟਣੀ ਹੈ। ਹਾਂ, ਸਿਆਸੀ ਖੇਤਰ ਵਿਚ ਇਸਰਾਈਲ ਨੂੰ ਨੱਥ ਪਾਉਣ ਦਾ ਕ੍ਰਿਸ਼ਮਾ ਕਦੀ ਵੀ ਕਰ ਸਕਦਾ ਹੈ।
Leave a Reply