ਬੇਵੱਸ ਹੋਏ ਬਾਦਲ, ਸਿਆਸੀ ਕਿਲ੍ਹੇ ਨੂੰ ਸੰਨ੍ਹ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪਿਛਲੇ ਸੱਤ ਸਾਲ ਤੋਂ ਸੱਤਾ ‘ਤੇ ਕਾਇਮ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸਬੀਤਾਂ ਨਿੱਤ ਵਧ ਰਹੀਆਂ ਹਨ। ਸੂਬੇ ਦੇ ਡਾਵਾਂਡੋਲ ਆਰਥਿਕ ਢਾਂਚੇ, ਅਮਨ-ਕਾਨੂੰਨ ਦੀ ਮਾੜੀ ਹਾਲਤ, ਅਕਾਲੀ ਆਗੂਆਂ ਦਾ ਨਾਂ ਨਸ਼ਾ ਤਸਕਰੀ ਵਿਚ ਗੂੰਜਣ ਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੇ ਮਾਮਲੇ ਨੇ ਅਕਾਲੀ ਦਲ ਦੀ ਫਿਕਰ ਵਧਾ ਦਿੱਤੀ ਹੈ। ਲੋਕ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਥੋੜ੍ਹੀ ਕਮਾਨ ਆਪਣੇ ਹੱਥ ਲੈਂਦਿਆਂ ਹੰਭਲਾ ਮਾਰਿਆ, ਪਰ ਲੱਗਦਾ ਹੈ ਕਿ ਹੁਣ ਉਹ ਵੀ ਬੇਵੱਸ ਨਜ਼ਰ ਆ ਰਹੇ ਹਨ।
ਇਸ ਤੱਥ ਦਾ ਖੁਲਾਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਕ ਬਿਆਨ ਰਾਹੀਂ ਹੋਇਆ। ਲੀਹੋਂ ਲੱਥੇ ਪ੍ਰਸ਼ਾਸਨ ਨੂੰ ਮੁੜ ਚੁਸਤ-ਦਰੁਸਤ ਕਰਨ ਲਈ ਸ਼ ਬਾਦਲ ਨੇ ਪਿਛਲੇ ਸਮੇਂ ਵਿਚ ਕਾਫੀ ਸਰਗਰਮੀ ਵਿਖਾਈ, ਪਰ ਹੁਣ ਲੱਗਦਾ ਹੈ ਕਿ ਉਹ ਵੀ ਹਿੰਮਤ ਹਾਰ ਗਏ ਹਨ। ਸ਼ ਬਾਦਲ ਨੇ ਮੀਡੀਆ ਸਾਹਮਣੇ ਸ਼ਰ੍ਹੇਆਮ ਸਵੀਕਾਰ ਕੀਤਾ ਕਿ ਨੌਕਰਸ਼ਾਹ ਤੇ ਸਿਆਸਤਦਾਨ ਪੈਸਾ ਜਮ੍ਹਾਂ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨੌਕਰਸ਼ਾਹ ਸ਼ਾਸਨ ਵਿਚ ਸੁਧਾਰ ਲਿਆਉਣ ਦੇ ਇੱਛੁਕ ਨਹੀਂ। ਜੇ ਉਹ ਕੁਝ ਕਹਿੰਦੇ ਹਨ ਤਾਂ ਅਫਸਰ ਇਕ-ਦੂਜੇ ਦੇ ਹੱਕ ਵਿਚ ਇਕੱਠੇ ਹੋ ਜਾਂਦੇ ਹਨ ਜਦਕਿ ਸਿਆਸਤਦਾਨ ਤੇ ਜੱਟ ਹਮੇਸ਼ਾ ਲੜਦੇ ਰਹਿੰਦੇ ਹਨ। ਸ਼ ਬਾਦਲ ਨੇ ਕਿਹਾ ਕਿ ਅਫਸਰਾਂ ਦੀ ਅ-ਕੁਸ਼ਲਤਾ ਕਾਰਨ ਸਰਕਾਰ ਦਾ ਨਾਂ ਬਦਨਾਮ ਹੋ ਰਿਹਾ ਹੈ।
ਉਧਰ, ਸ਼ ਬਾਦਲ ਦੇ ਇਸ ਬਿਆਨ ਦੀ ਅਲੋਚਨਾ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ਼ ਬਾਦਲ ਆਪਣੇ ਅਫਸਰਾਂ ਤੇ ਮੰਤਰੀਆਂ ਨੂੰ ਨਹੀਂ ਸੰਭਾਲ ਸਕਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ ਬਾਦਲ ਖੁਦ ਮੰਨ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਮੰਤਰੀ ਵੀ ਜਨਤਾ ਦੇ ਕੰਮ ਕਰਨ ਦੀ ਬਜਾਏ ਆਪਸ ਵਿਚ ਹੀ ਲੜ ਰਹੇ ਹਨ। ਇਸ ਲਈ ਸ਼ ਬਾਦਲ ਸਰਕਾਰ ਚਲਾਉਣ ਵਿਚ ਨਾਕਾਮ ਰਹੇ ਹਨ ਤੇ ਉਨ੍ਹਾਂ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ।
ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਤੇ ਉਨ੍ਹਾਂ ਨੇ ਪਾਰਟੀ ਨੂੰ ਰਵਾਇਤੀ ਲੀਹਾਂ ਤੋਂ ਹਟ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਅੰਦਰ ਟਕਸਾਲੀ ਆਗੂ ਖੂੰਜੇ ਲੱਗ ਗਏ ਹਨ ਤੇ ਪਾਰਟੀ ਅੰਦਰ ਇਕ ਨਵਾਂ ਕਲਚਰ ਪੈਦਾ ਹੋਇਆ ਹੈ।
ਟਕਸਾਲੀ ਆਗੂ ਸੁਖਬੀਰ ਬਾਦਲ ਦੀ ਇਸ ਕਾਰਜਸ਼ੈਲੀ ਤੋਂ ਖਫਾ ਹਨ ਜਿਸ ਵਿਚ ਪੰਥਕ ਏਜੰਡਿਆਂ ਅੱਖੋਂ ਓਹਲੇ ਕੀਤਾ ਗਿਆ ਹੈ। ਅਕਾਲੀ ਦਲ ਵਿਚ ਨੁੱਕਰੇ ਲੱਗੇ ਟਕਸਾਲੀ ਆਗੂਆਂ ਨੇ ਇਸ ਬਾਰੇ ਆਵਾਜ਼ ਬੁਲੰਦ ਵੀ ਕੀਤੀ ਹੈ। ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਪੰਥਕ ਸਿਧਾਂਤਾਂ ਤੋਂ ਦੂਰ ਚਲਾ ਗਿਆ ਹੈ ਜਿਸ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ ਹਨ। ਪਾਰਟੀ ਅੰਦਰ ਧੁਖੀ ਅੱਗ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਬਾਦਲ ਨੇ ਖੁਦ ਕੋਸ਼ਿਸ਼ਾਂ ਵਿੱਢੀਆਂ ਸਨ ਪਰ ਇਸ ਦੇ ਕੋਈ ਸਾਰਥਕ ਸਿੱਟੇ ਸਾਹਮਣੇ ਨਹੀਂ ਆਏ। ਪਿਛਲੇ ਸਮੇਂ ਮੰਤਰੀ ਮੰਡਲ ਦਾ ਵਿਸਥਾਰ, ਨਸ਼ਿਆਂ ਖ਼ਿਲਾਫ਼ ਮੁਹਿੰਮ, ਅਫਸਰਾਂ ‘ਤੇ ਸ਼ਿਕੰਜਾ, ਪ੍ਰਧਾਨ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਇਸੇ ਕਵਾਇਦ ਦਾ ਹਿੱਸਾ ਸਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ 2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਫਿਕਰਮੰਦ ਹੈ। ਇਸ ਵਾਰ ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਦੇ ਬਰਾਬਰ ਵੋਟ ਪ੍ਰਤੀਸ਼ਤ ਹਾਸਲ ਕੀਤਾ ਹੈ। ਹਾਰ ਤੋਂ ਬਾਅਦ ਕਾਂਗਰਸ ਵੀ ਸਰਗਰਮ ਹੋ ਗਈ ਹੈ ਜਿਸ ਕਰ ਕੇ ਅਕਾਲੀ ਦਲ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਅਕਸ ਸੁਧਾਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਹਨ ਪਰ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਤੇ ਕੌਮੀ ਪੱਧਰ ‘ਤੇ ਨਵੇਂ ਬਣੇ ਸਿਆਸੀ ਸਮੀਕਰਨਾਂ ਕਰ ਕੇ ਬਾਦਲਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਰਿਕਾਰਡ ਜਿੱਤ ਮਗਰੋਂ ਜਿੱਥੇ ਇਕ ਪਾਸੇ ਪੰਜਾਬ ਭਾਜਪਾ ਨੇ ਅਕਾਲੀ ਦਲ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਦੂਜੇ ਪਾਸੇ ਸੂਬੇ ਦੀ ਨਿੱਘਰੀ ਹਾਲਤ ਸ਼ ਬਾਦਲ ਲਈ ਵੱਡੀ ਵੰਗਾਰ ਬਣ ਗਈ ਹੈ। ਲੋਕ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਮਗਰੋਂ ਭਾਜਪਾ ਨੂੰ ਅਕਾਲੀ ਦਲ ਦੀ ਜ਼ਿਆਦੀ ਪ੍ਰਵਾਹ ਨਹੀਂ ਜਿਸ ਦੀ ਮਿਸਾਲ ਪੰਜਾਬ ਭਾਜਪਾ ਦੇ ਤੇਵਰਾਂ ਤੋਂ ਮਿਲਦੀ ਹੈ। ਪੰਜਾਬ ਭਾਜਪਾ ਨੇ ਪਹਿਲੀ ਵਾਰ ਵੱਡੇ ਭਾਈਵਾਲ ਅਕਾਲੀ ਦਲ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ ਹੈ।
ਭਾਜਪਾ ਦੇ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਮਾੜੇ ਅਕਸ ਕਾਰਨ ਪੰਜਾਬ ਵਿਚ ਮੋਦੀ ਦੀ ਲਹਿਰ ਨਹੀਂ ਚੱਲ ਸਕੀ। ਪੰਜਾਬ ਵਿਚ ਹਾਰ ਦੇ ਕਾਰਨ ਲੱਭਣ ਲਈ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਚੋਣਾਂ ਵਿਚ ਰੇਤਾ ਬੱਜਰੀ ਮਾਫੀਆ, ਡਰੱਗ ਮਾਫੀਆ, ਬੇਲੋੜੇ ਟੈਕਸ ਆਦਿ ਮੁੱਦੇ ਅਹਿਮ ਰਹੇ ਜਿਸ ਕਾਰਨ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ, ਸੁਖਬੀਰ ਦੀਆਂ ਕੁਝ ਨੀਤੀਆਂ ਕਾਰਨ ਵੀ ਪਰਿਵਾਰ ਨੂੰ ਕਈ ਮਾਮਲਿਆਂ ‘ਤੇ ਮੂੰਹ ਦੀ ਖਾਣੀ ਪਈ ਹੈ।

Be the first to comment

Leave a Reply

Your email address will not be published.