ਫਲਸਫੀਆਂ ਦੀ ਬਹਿਸ!

‘ਪੰਜਾਬ ਟਾਈਮਜ਼’ ਦੇ ‘ਸੰਪਾਦਕ ਦੀ ਡਾਕ’ ਵਾਲੇ ਕਾਲਮ ਵਿਚ ਸਿੱਖ ਸਾਹਿਤ ਦੇ ਦੋ ਪ੍ਰਬੀਨ ਲਿਖਾਰੀਆਂ ਦੀ ਇਕ-ਦੂਜੇ ਪ੍ਰਤੀ ਦੂਸ਼ਣਬਾਜ਼ੀ ਪੜ੍ਹਦਿਆਂ ਸੋਚ ਆ ਰਹੀ ਸੀ ਕਿ ਸਿੱਖ ਜਗਤ ਦੇ ਵਿਹੜਿਆਂ ਵਿਚ ਸੱਚਮੁੱਚ ਹੀ ਕੋਈ ‘ਸੇਹ ਦਾ ਤੱਕਲਾ’ ਗੱਡ ਗਿਆ ਜਾਪਦਾ ਹੈ। ਗੁਰਦੁਆਰਿਆਂ ਵਿਚ ਤਾਂ ਮੰਨਿਆ ਕਿ ਗੋਲਕ ਨੇ ਪੁਆੜੇ ਪਾਏ ਹੋਏ ਨੇ, ਲੇਕਿਨ ਸਾਡੇ ਬੁੱਧੀਜੀਵੀਆਂ ਨੇ ਪਤਾ ਨਹੀਂ ਆਪਸ ਵਿਚ ਕਿਹੜੀ ਜ਼ਮੀਨ ਵੰਡਣੀ ਹੋਵੇਗੀ ਜੋ ਚੰਗੀਆਂ-ਭਲੀਆਂ ਰਚਨਾਵਾਂ ਲਿਖਦਿਆਂ ਆਪਸ ਵਿਚੀਂ ਸਿੰਗ ਫਸਾ ਲੈਂਦੇ ਹਨ? ਸਾਡੇ ਵਾਸਤੇ ਇਹ ਮਹਾਨ ਸ਼ਖਸੀਅਤਾਂ ਹਨ। ਜਿਵੇਂ ਬੱਚੇ ਆਪਣੇ ਚਾਚੇ, ਪਿਉ ਜਾਂ ਬਾਬੇ ਨੂੰ ਮੱਤਾਂ ਦਿੰਦੇ ਚੰਗੇ ਨਹੀਂ ਲੱਗਦੇ, ਇਵੇਂ ਸਾਨੂੰ ਵੀ ਇਨ੍ਹਾਂ ਨੂੰ ‘ਲੜੋ ਨਾ ਭਾਈ’ ਕਹਿੰਦਿਆਂ ਸੰਗ ਆਉਂਦੀ ਹੈ। ਆਪਣੇ ਇਸ ਖਤ ਵਿਚ ਵੀ ਮੈਂ ਇਨ੍ਹਾਂ ਬੁੱਧਜੀਵੀਆਂ ਨੂੰ ‘ਕਲਮੀ ਯੁੱਧ’ ਬੰਦ ਕਰ ਦੇਣ ਦੀ ਬੇਨਤੀ ਨਹੀਂ ਕਰਨੀ। ਬੱਸ, ਇਕ ਛੋਟੀ ਜਿਹੀ ‘ਸਾਖੀ’ ਲਿਖ ਰਿਹਾਂ ਜੋ ਮੈਨੂੰ ਪ੍ਰੋæ ਹਰਪਾਲ ਸਿੰਘ ਪੰਨੂੰ ਅਤੇ ਡਾæ ਗੁਰਤਰਨ ਸਿੰਘ ਦੇ ਲਿਖਤੀ ਕਲੇਸ਼ ਪੜ੍ਹਦਿਆਂ ਯਾਦ ਆ ਗਈ,
ਕਹਿੰਦੇ ਨੇ, ਕਿਸੇ ਗੁਰਸਿੱਖ ਖਾਨਦਾਨ ਦਾ ਗੱਭਰੂ ਭੈੜੀ ਸੰਗਤ ਵਿਚ ਪੈ ਕੇ ਵਿਗੜ ਗਿਆ। ਨਸ਼ੇ ਵਗੈਰਾ ਕਰਦਿਆਂ ਉਸ ਨੇ ਮੂੰਹ ਸਿਰ ਵੀ ਮੁਨਾ ਲਿਆ। ਪਰਿਵਾਰ ਦੇ ਬਜ਼ੁਰਗਾਂ ਨੂੰ ਇਹ ਸਾਰਾ ਕੁਝ ਦੇਖ ਕੇ ਬਹੁਤ ਦੁੱਖ ਹੋਇਆ। ਉਸ ਨੂੰ ਮੁੜ ਤੋਂ ਸਿੱਖੀ ਸਰੂਪ ‘ਚ ਲੈ ਆਉਣ ਦੇ ਯਤਨਾਂ ਵਜੋਂ ਉਨ੍ਹਾਂ ਨੇ ਮੌਕੇ ਦੇ ਤਿੰਨ ਚੋਟੀ ਦੇ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ। ਤਿੰਨਾਂ ਨੂੰ ਕੁਝ ਅਰਸੇ ਲਈ ਘਰ ਵਿਚ ਹੀ ਨਿਵਾਸ ਦਿੱਤਾ ਗਿਆ ਤਾਂ ਕਿ ਬਹਿੰਦਿਆਂ-ਉਠਦਿਆਂ ਵਿਗੜੇ ਲੜਕੇ ਨਾਲ ਉਨ੍ਹਾਂ ਦਾ ਸੰਗ ਬਣਿਆ ਰਹੇ। ਉਨ੍ਹਾਂ ਦਾ ਸਾਥ ਪਾ ਕੇ ਮੁੰਡਾ ਵੀ ਬੜਾ ਪ੍ਰਭਾਵਤ ਹੋ ਰਿਹਾ ਸੀ।
ਇਕ ਦਿਨ ਕੀ ਹੋਇਆ ਕਿ ਦੋ ਵਿਦਵਾਨ ਘਰੇ ਹੀ ਨਹਾਉਣ-ਧੋਣ ‘ਚ ਰੁੱਝੇ ਹੋਏ ਸਨ, ਤੀਜਾ ਨਹਾ ਕੇ ਤਿਆਰ ਹੋਇਆ ਬੈਠਾ ਸੀ। ਨੌਜਵਾਨ ਉਸ ਤੀਜੇ ਵਿਦਵਾਨ ਨੂੰ ਨਾਲ ਲੈ ਕੇ ਖੇਤਾਂ ਵੱਲ ਨਿਕਲ ਗਿਆ। ਰਾਹ ਵਿਚ ਵਿਦਵਾਨ ਨੇ ਮੁੰਡੇ ਨੂੰ ਕੁਝ ਐਸੀਆਂ ਗੱਲਾਂ ਸੁਣਾਈਆਂ ਕਿ ਉਹ ਗਦ ਗਦ ਹੋ ਉਠਿਆ। ਕੁਝ ਸੋਚ ਕੇ ਮੁੰਡਾ ਉਸ ਵਿਦਵਾਨ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਗਿਆਨ ਤੋਂ ਬਹੁਤ ਮੁਤਾਸਿਰ ਹੋਇਆ ਹਾਂ, ਮੈਨੂੰ ਨਹੀਂ ਲੱਗਦਾ ਕਿ ਸਾਡੇ ਘਰ ਰਹਿਣ ਵਾਲੇ ਤੁਹਾਡੇ ਦੂਜੇ ਸਾਥੀਆਂ ਨੂੰ ਇੰਨਾ ਇਲਮ ਹੋਵੇਗਾ। ਮੁੰਡੇ ਮੂੰਹੋਂ ਗੱਲ ਸੁਣਦਿਆਂ ਹੀ ਵਿਦਵਾਨ ਸ੍ਰੀਮਾਨ ਦੀਆਂ ਅੱਖਾਂ ‘ਚ ਚਮਕ ਆ ਗਈ। ਫੁੱਲ ਕੇ ਕੁੱਪਾ ਹੁੰਦਿਆਂ ਬੋਲੇ, “ਸਾਬਾਸ਼ ਜੁਆਨਾ! ਤੂੰ ਠੀਕ ਹੀ ਪਰਖ ਕੀਤੀ ਹੈ। ਮੇਰੀਆਂ ਡਿਗਰੀਆਂ ਸਾਹਮਣੇ ਉਨ੍ਹਾਂ ਦੀ ਵੁੱਕਤ ਈ ਕੋਈ ਨਹੀਂ। ਉਹ ਤਾਂ ਦੋਵੇਂ ਨਿਰੇ ਪਸ਼ੂ ਨੇ ਪਸ਼ੂ। ਪਤਾ ਨਹੀਂ ਤੁਹਾਡੇ ਘਰਦੇ ਉਨ੍ਹਾਂ ਨੂੰ ਮੇਰੇ ਬਰਾਬਰ ਕਿਵੇਂ ਸਮਝ ਰਹੇ ਨੇ।”
ਮੁੰਡੇ ਨੂੰ ਸਕੀਮ ਸੁੱਝੀ। ਉਸ ਨੇ ਦੂਜੇ ਦਿਨ ਬਾਕੀ ਦਿਆਂ ਦੋਹਾਂ ‘ਚੋਂ ਇਕ ਨੂੰ ਨਾਲ ਲਿਆ ਤੇ ਸੈਰ ਨੂੰ ਚਲਾ ਗਿਆ। ਕੋਈ ਗੱਲ ਚੱਲੀ ਤਾਂ ਮੁੰਡੇ ਨੇ ਉਸ ਨੂੰ ਵੀ ਦੂਜੇ ਦੋਹਾਂ ਨਾਲੋਂ ਵੱਡਾ ਵਿਦਵਾਨ ਆਖ ਦਿੱਤਾ। ਪੈਂਦੀ ਸੱਟੇ ਉਸ ਵਿਦਵਾਨ ਨੇ ਵੀ ਦੂਜਿਆਂ ਦੋਹਾਂ ਨੂੰ ਪਸ਼ੂ ਬਣਾ ਦਿੱਤਾ। ਤੀਜੇ ਦਿਨ ਚਲਾਕ ਮੁੰਡਾ ਤੀਜੇ ਵਿਦਵਾਨ ਨੂੰ ਆਪਣੇ ਨਾਲ ਲੈ ਗਿਆ। ਜਦੋਂ ਮੁੰਡੇ ਨੇ ਉਸ ਨੂੰ ਫੂਕ ਛਕਾਈ, ਤਦ ਉਹ ਵੀ ਝੱਟ ਉਛਲ ਪਿਆ। ਆਪਣੀਆਂ ਸਿਫ਼ਤਾਂ ਗਿਣਾ ਗਿਣਾ ਕੇ ਉਸ ਨੇ ਆਪਣੇ ਦੋਹਾਂ ਸਾਥੀਆਂ ਨੂੰ ਡੰਗਰ ਹੋਣ ਦਾ ਸਰਟੀਫਿਕੇਟ ਦੇ ਦਿੱਤਾ।
ਤਿੰਨੇ ਭੁਗਤ ਗਏ, ਤਦ ਰਾਤ ਨੂੰ ਪ੍ਰਸਾਦਾ-ਪਾਣੀ ਛਕਣ ਲਈ ਜਦੋਂ ਖਾਣੇ ਦੇ ਮੇਜ ‘ਤੇ ਇਕੱਠੇ  ਬੈਠੇ। “ਮਹਾਂ ਪੁਰਖੋ, ਅੱਜ ਸੇਵਾ ਕਰਨ ਦਾ ਮੈਨੂੰ ਮੌਕਾ ਦਿਉ”, ਕਹਿ ਕੇ ਮੁੰਡਾ ਬਾਹਰ ਨੂੰ ਗਿਆ ਤੇ ਤਿੰਨ ਪਲੇਟਾਂ ਵਿਚ ਰੁੱਗ ਰੁੱਗ ਘਾਹ ਲੈ ਕੇ ਵਿਦਵਾਨਾਂ ਮੋਹਰੇ ਰੱਖ ਦਿੱਤਾ। ਘਰ ਦੇ ਬਜ਼ੁਰਗਾਂ ਸਮੇਤ ਉਹ ਤਿੰਨੇ ਅੱਖਾਂ ਅੱਡ ਕੇ ਮੁੰਡੇ ਵੱਲ ਦੇਖਣ ਲੱਗੇ। ਹੱਥ ਜੋੜ ਕੇ ਮੁੰਡਾ ਬੋਲਿਆ, “ਜੀ ਮੇਰੇ ਘਰ ਦੇ ਬਜ਼ੁਰਗ ਆਪ ਜੀਆਂ ਤਿੰਨਾਂ ਨੂੰ ਇਕੋ ਜਿਹੇ ਧਰਮ ਗਿਆਤਾ, ਆਲਮ ਫਾਜ਼ਲ ਸਮਝ ਕੇ ਘਰੇ ਲਿਆਏ ਪਰ ਤੁਸੀਂ ਤਿੰਨਾਂ ਨੇ ਇਕ ਦੂਜੇ ਦੀ ‘ਪਰਖ’ ਕਰਦਿਆਂ ਇਕ ਦੂਜੇ ਨੂੰ ਪਸ਼ੂ ਦੱਸਿਆ। ਹੁਣ ਪਸ਼ੂਆਂ ਦਾ ਜੋ ਖਾਣਾ ਹੁੰਦਾ ਹੈ, ਉਹੀ ਮੈਂ ਤੁਹਾਡੇ ਅੱਗੇ ਲਿਆ ਧਰਿਆ ਹੈ। ਹੈਰਾਨ ਕਿਉਂ ਹੁੰਦੇ ਹੋ, ਛਕੋ।”
ਫਲਸਫੀ ਕੋ ਬਹਿਸ ਮੇਂ
ਆਖ਼ਰ ਖ਼ੁਦਾ ਮਿਲਤਾ ਨਹੀਂ।
ਡੋਰ ਕੋ ਸੁਲਝਾ ਰਹਾ ਹੈ
ਔਰ ਸਿਰਾ ਮਿਲਤਾ ਨਹੀਂ।
ਖਿਮਾ ਸਹਿਤ
-ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

Be the first to comment

Leave a Reply

Your email address will not be published.