ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜਨਵਰੀ ਮਹੀਨੇ ਦਾ ਅਖੀਰ ਹਫਤਾ ਚੱਲ ਰਿਹਾ ਸੀ। ਉਸ ਦਿਨ ਮੈਂ ਰੋਜ਼ਾਨਾ ਦੇ ਨੇਮ ਮੁਤਾਬਕ ਦਰਿਆ ਵੱਲ ਸੈਰ ਕਰਨ ਜਾਣਾ ਇਸ ਕਾਰਨ ਰੱਦ ਨਹੀਂ ਸੀ ਕੀਤਾ ਕਿ ਬਾਹਰ ਗੂੜ੍ਹੀ ਧੁੰਦ ਪਈ ਹੋਈ ਸੀ; ਸਗੋਂ ‘ਵਾਕ’ ਇਸ ਕਰ ਕੇ ਕੈਂਸਲ ਕੀਤੀ ਸੀ ਕਿਉਂਕਿ ਰਾਤੀਂ ਖਾਓ-ਪੀਓ ਵੇਲੇ ਮੈਨੂੰ ਪਿੰਡ ਦੇ ਇਕ ਪੰਚ ਦਾ ਫੋਨ ਆਇਆ ਸੀ ਕਿ ‘ਅਸੀਂ ਸੁਵਖਤੇ ਤੁਹਾਨੂੰ ਮਿਲਣ ਆਉਣਾ ਹੈ, ਸਾਨੂੰ ਉਡੀਕ ਕੇ ਕਿਤੇ ਜਾਇਓ।’ ਆਪਣੇ ਵਿਹੜੇ ਵਿਚ ਹੀ ਮੈਂ ਦੋ-ਚਾਰ ਕੁ ਸੌਖੀਆਂ ਜਿਹੀਆਂ ਕਸਰਤਾਂ ਕਰ ਕੇ ਠੁਰ-ਠੁਰ ਕਰਦਾ ਅੰਦਰ ਆ ਵੜਿਆ। ਬੈਠਕ ਵਿਚ ਸੋਫੇ ‘ਤੇ ਬੈਠਾ-ਬੈਠਾ ਮੈਂ ਆਉਣ ਵਾਲੇ ਪੰਚਾਂ ਦੇ ‘ਮਿਸ਼ਨ’ ਬਾਰੇ ਸੋਚਣ ਲੱਗ ਪਿਆ, ਕਿਉਂ ਜੁ ਉਨ੍ਹਾਂ ਮੈਨੂੰ ਰਾਤੀਂ ਹੀ ਥੋੜ੍ਹਾ ਜਿਹਾ ਇਸ਼ਾਰਾ ਕਰ ਦਿੱਤਾ ਸੀ; ਅਖੇ, ਅਸੀਂ ਪਿੰਡ ਦੇ ਸ਼ਮਸ਼ਾਨਘਾਟ ਦੇ ਸੁਧਾਰ ਵਾਸਤੇ ‘ਕਾਰ ਸੇਵਾ’ ਅਰੰਭੀ ਹੋਈ ਹੈ, ਉਸ ਵਿਚ ਤੁਹਾਡਾ ਹਿੱਸਾ ਪੁਆਉਣਾ ਹੈ।
ਮੈਨੂੰ ਸ਼ਮਸ਼ਾਨਘਾਟ ਬਾਰੇ ਭਗਵੰਤ ਮਾਨ ਦਾ ਟੋਟਕਾ ਚੇਤੇ ਕਰ ਕੇ ਹਾਸਾ ਆ ਰਿਹਾ ਸੀ। ਇਕ ਸੀæਡੀæ ਵਿਚ ਪੇਂਡੂ ਲੋਕਾਂ ਵੱਲੋਂ ਕਿਸੇ ਐਮæਐਲ਼ਏæ ਜਾਂ ਵਜ਼ੀਰ ਕੋਲੋਂ ਸਿਵਿਆਂ ਦੇ ਸੁਧਾਰ ਲਈ ਗ੍ਰਾਂਟਾਂ ਮੰਗਣ ‘ਤੇ ਵਿਅੰਗ ਕੱਸਦਿਆਂ ਉਹ ਕਹਿੰਦਾ ਹੈ, “ਓ ਯਾਰੋ, ਐਧਰੋਂ ਉਥੇ ਨੂੰ ਕੋਈ ਜਾਣਾ ਨਹੀਂ ਚਾਹੁੰਦਾ! ਉਧਰ ਗਿਆਂ ਨੇ ਕੋਈ ਸ਼ਿਕਾਇਤ ਲੈ ਕੇ ਇੱਧਰ ਆਉਣਾ ਨਹੀਂ। ਸੋ, ਕਿਸੇ ਚੱਜ ਦੇ ਕੰਮ ਲਈ ਗ੍ਰਾਂਟ ਮੰਗ ਲਓ। ਕੋਈ ਲਾਇਬਰੇਰੀ ਹੀ ਬਣਵਾ ਲਓ ਜੋ ਜਿਉਂਦਿਆਂ ਦੀ ਜ਼ਿੰਦਗੀ ਸੁਧਾਰ ਦੇਵੇ। ਐਵੇਂ ਕਾਹਨੂੰ ਸਿਵਿਆਂ ‘ਤੇ ਪੈਸੇ ਰੋੜ੍ਹਨ ਡਹੇ ਹੋ।”
ਆਉਣ ਵਾਲੇ ਪੰਚਾਇਤੀਆਂ ਨੂੰ ਸਿਵਿਆਂ ਵਾਲੇ ਨਖੜੰਮੇ ਕੰਮ ਤੋਂ ਵਰਜਣ ਲਈ, ਮੈਂ ਮਨ ਹੀ ਮਨ ਦਲੀਲਾਂ ਦੀਆਂ ਲੜੀਆਂ ਜੋੜ ਰਿਹਾ ਸਾਂ ਕਿ ਸਾਡੇ ਗੇਟ ਦੇ ਬਾਹਰ ਕਾਰ ਦਾ ਹਾਰਨ ਵੱਜਿਆ। ਬੇਟਾ ਗੇਟ ਖੋਲ੍ਹਣ ਜਾ ਰਿਹਾ ਸੀ। ਮੈਨੂੰ ਆਪਣੇ ਆਪ ‘ਤੇ ਪਛਤਾਵਾ ਹੋਣ ਲੱਗਾ, ‘ਮਨਾ! ਅਸੀਂ ਵਿਦੇਸ਼ਾਂ ‘ਚ ਬੈਠੇ ਐਵੇਂ ਪੰਜਾਬ ਬਾਰੇ ਝੂਰੀ ਜਾਂਦੇ ਰਹਿੰਦੇ ਹਾਂ। ਪੰਜਾਬ ਡੁੱਬ ਚੱਲਿਆæææਖੁਦਕੁਸ਼ੀਆਂæææਕਰਜ਼ਾæææਨਸ਼ਿਆਂ ਨੇ ਮਾਰ’ਤਾ। ਪੰਜਾਬ ਦੇ ਤਾਂ ਪਿੰਡਾਂ ਵਿਚ ਈ ਇੰਨੀ ਅਮੀਰੀ ਆ ਗਈ ਹੈ ਕਿ ਇਹ ਹੁਣ ਪਿੰਡ ਵਿਚ ਵੀ ਕਿਸੇ ਦੇ ਘਰੇ ਜਾਣ ਲਈ ਕਾਰ ‘ਤੇ ਚੜ੍ਹ ਕੇ ਜਾਂਦੇ ਨੇ। ਇਹ ਤਾਂ ਪੂਰੇ ਰੰਗਾਂ ‘ਚ ਵਸਦੇ ਨੇ। ਅਸੀਂ ਲੋਕ ਐਵੇਂ ਪਰਦੇਸਾਂ ਵਿਚ ਬੈਠੇ ਕੁੜ੍ਹੀ ਜਾਨੇ ਹਾਂ।’
ਅਮੀਰੀ ਦੀ ਨਿਸ਼ਾਨੀ ਮੰਨੀ ਜਾਂਦੀ ਵੱਡੀ ਚਿੱਟੀ ਕਾਰ ਸਾਡੇ ਵਿਹੜੇ ‘ਚ ਆ ਕੇ ਰੁਕੀ। ਖੜੱਚ-ਖੜੱਚ ਦੀ ਆਵਾਜ਼ ਨਾਲ ਕਾਰ ਦੀਆਂ ਬਾਰੀਆਂ ਖੁੱਲ੍ਹੀਆਂ। ਗਰਾਈਆਂ ਦੀ ਥਾਂ ਕਾਰ ਵਿਚੋਂ ਓਪਰੇ ਜਿਹੇ ਚਾਰ ਬੰਦੇ ਉਤਰੇ। ਤਿੰਨ ਕਲੀਨ ਸ਼ੇਵ, ਇਕ ਸਰਦਾਰ! ਅੰਦਰ ਬੈਠਾ ਮੈਂ ਤਾਕੀ ਦੀਆਂ ਜਾਲੀਆਂ ਵਿਚੋਂ ਸਭ ਦੇਖ ਰਿਹਾ ਸਾਂ। ਚਹੁੰਆਂ ਦੇ ਹੀ ਟੌਹਰ ਟੱਪੇ ਤੋਂ ਇੰਜ ਜਾਪ ਰਿਹਾ ਸੀ, ਜਿਵੇਂ ਇਹ ਵੀ ਕੋਈ ਐਨæਆਰæਆਈæ ਹੋਣ। ਵਿਹੜੇ ਵਿਚੋਂ ਆ ਰਹੀ ਇਨ੍ਹਾਂ ਦੇ ਬੂਟਾਂ ਦੀ ਖੜੱਪ-ਖੜੱਪ ਸੁਣ ਕੇ ਮੈਂ ਅੰਦਾਜ਼ਿਆਂ ਦੇ ਘੋੜੇ ਦੁੜਾਉਣ ਲੱਗਾ, ‘ਜੇ ਇਹ ਕੋਈ ਬਾਹਰੋਂ ਆਏ ਸੱਜਣ ਹੁੰਦੇ, ਤਦ ਇਨ੍ਹਾਂ ਨੇ ਬਿਨਾਂ ਅਗਾਊਂ ਫੋਨ ਕੀਤਿਆਂ ਇੰਜ ਅਚਨਚੇਤੀ ਨਹੀਂ ਸੀ ਆਉਣਾ।æææਅਸੀਂ ਕਿਉਂਕਿ ਅਮਰੀਕਾ ਤੋਂ ਆਪਣੇ ਬੇਟੇ ਦਾ ਵਿਆਹ ਕਰਨ ਗਏ ਸੀ; ਸੋਚਿਆ, ਕੋਈ ਆਪਣੀ ਕੁੜੀ ਦਾ ਰਿਸ਼ਤਾ ਕਰਨ ਦਾ ਚਾਹਵਾਨ ਹੋਵੇਗਾ।æææਫਿਰ ਇਹ ਗੱਲ ਵੀ ਮੇਰੇ ਮਨ ਨੂੰ ਨਾ ਲੱਗੀ, ਕਿਉਂਕਿ ਇਹੋ ਜਿਹੇ ਕੰਮਾਂ ਵਿਚ ਕਿਸੇ ਨਾ ਕਿਸੇ ਵਿਚੋਲੇ ਦਾ ਹੋਣਾ ਲਾਜ਼ਮੀ ਹੁੰਦਾ ਹੈ, ਪਰ ਇਨ੍ਹਾਂ ਚਾਰੇ ਬੰਦਿਆਂ ‘ਚ ਕੋਈ ਵੀ ਸਾਡਾ ਜਾਣੂ ਨਹੀਂ ਸੀ। ਉਧੇੜ-ਬੁਣ ਵਿਚ ਪਿਆ ਮੈਂ ਉਨ੍ਹਾਂ ਬਾਰੇ ਸਿਵਲ ਕੱਪੜਿਆਂ ‘ਚ ਪੁਲਸੀਏ ਹੋਣ ਦਾ ਸ਼ੱਕ ਕਰ ਹੀ ਰਿਹਾ ਸਾਂ ਕਿ ਉਨ੍ਹਾਂ ਨੇ ਅੰਦਰ ਵੜਦਿਆਂ ਹੀ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਏ।
ਉਨ੍ਹਾਂ ਦੇ ਨਰਮ-ਨਰਮ ਨਿੱਘੇ ਹੱਥਾਂ ਤੋਂ ਭਾਵੇਂ ਇਹ ਸਾਫ ਮਲੂਮ ਹੋ ਰਿਹਾ ਸੀ ਕਿ ਉਹ ਏæਸੀæ ਗੱਡੀ ਵਿਚ ਸਫਰ ਕਰ ਕੇ ਆਏ ਹਨ, ਪਰ ਉਨ੍ਹਾਂ ਨੇ ‘ਸਤਿ ਸ੍ਰੀ ਅਕਾਲ’ ਤੋਂ ਬਾਅਦ ਬਾਹਰ ਪੈ ਰਹੀ ਕੜਾਕੇਦਾਰ ਠੰਢ ਤੇ ਸੰਘਣੀ ਧੁੰਦ ਦਾ ਜ਼ਿਕਰ ਕਰਦਿਆਂ ਗੱਲਾਂ ਦੀ ਪੂਣੀ ਛੋਹੀ। ਸਾਡੇ ਘਰ ਦੀ ਰਸੋਈ ਵਿਚ ਹੁੰਦੀ ਘੁਸਰ-ਮੁਸਰ ਮੇਰੇ ਕੰਨਾਂ ਤੱਕ ਵੀ ਪਹੁੰਚਣ ਲੱਗ ਪਈ। ਉਨ੍ਹਾਂ ਅਣਪਛਾਤੇ ਅਤੇ ਬਿਨ-ਬੁਲਾਏ ਮਹਿਮਾਨਾਂ ਦੀਆਂ ਗੱਲਾਂ ਦਾ ਦਿਲ ਰੱਖਵਾਂ ਜਿਹਾ ਹੁੰਗਾਰਾ ਭਰਦਿਆਂ ਮੈਂ ਵੀ ਉਕੋ-ਚਿੱਤੀ ਵਿਚ ਪਿਆ ਹੋਇਆ ਸਾਂ। ਉਨ੍ਹਾਂ ਦੀ ਨਕਲੋ-ਹਰਕਤ ਤੋਂ ਕਿਆਫੇ ਲਾਉਣ ਦੀ ਅੰਦਰੂਨੀ ਕਸ਼ਮਕਸ਼ ਚੱਲੀ ਜਾ ਰਹੀ ਸੀ, ਪਰ ਪੱਲੇ ਕੱਖ ਨਹੀਂ ਸੀ ਪੈ ਰਿਹਾ ਕਿ ਇਹ ਭੱਦਰਪੁਰਸ਼ ਹੋਏ ਕੌਣ?
“ਤੁਹਾਡਾ ਸਫ਼ਰ ਫੇ’ ਠੀਕ-ਠਾਕ ਰਿਹਾ ਸਰਦਾਰ ਸਾਬ੍ਹ ਜੀ?” ਉਨ੍ਹਾਂ ਵਿਚੋਂ ਇਕ, ਕਾਫ਼ੀ ਮੋਟੇ ਢਿੱਡ ਵਾਲੇ ਬਾਬੂ ਨੇ ਆਪਣੀ ਟਾਈ ਸਵਾਰ ਕੇ ਗੱਲਬਾਤ ਦਾ ਕਾਂਟਾ ਬਦਲਿਆ। ਮੈਂ ਭਾਵੇਂ ਮੂੰਹੋਂ ‘ਹਾਂ ਜੀ-ਹਾਂ ਜੀ’ ਕਹਿ ਰਿਹਾ ਸਾਂ, ਪਰ ਨਜ਼ਰ ਮੇਰੀ ਇਕ ਪਾਸੇ ਬੈਠੇ ਉਨ੍ਹਾਂ ਦੇ ਸਾਥੀ ਸਰਦਾਰ ਜੀ ਉਤੇ ਹੀ ਕੇਂਦਰਿਤ ਰਹੀ ਜੋ ਆਪਣੇ ਨਾਲ ਲਿਆਂਦੇ ਕਾਲੇ ਬੈਗ ਦੀ ਜ਼ਿੱਪ ਖੋਲ੍ਹਣ ਲੱਗ ਪਏ ਸਨ।
ਮੇਰੇ ਸਮੇਤ ਬਾਕੀ ਅਸੀਂ ਸਾਰੇ ਇਕ-ਇਕ ਬਿਸਕੁਟ ਚੁੱਕ ਕੇ ਚਾਹ ਪੀਣ ਲੱਗ ਪਏ, ਪਰ ਬੈਗ ਖੋਲ੍ਹਣ ਵਾਲੇ ਸਰਦਾਰ ਜੀ ਬੈਗ ਦੀ ਫਰੋਲਾ-ਫਰਾਲੀ ਕਰਨ ਲੱਗ ਪਏ। ਕਾਗਜ਼ ਪੱਤਰ ਜਿਹੇ ਆਸੇ-ਪਾਸੇ ਕਰਦਿਆਂ ਉਨ੍ਹਾਂ ਪਹਿਲਾਂ ਇਕ ਐਲਬਮ ਕੱਢ ਕੇ ਮੇਜ਼ ‘ਤੇ ਰੱਖੀ। ਮੇਜ਼ ‘ਤੇ ਟੇਢੀ ਪਈ ਐਲਬਮ ਉਤੋਂ ਮੈਂ ਹਾਲੇ ਵਿੰਗੀ ਜਿਹੀ ਗਰਦਨ ਕਰ ਕੇ ਅੱਖਰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਸਰਦਾਰ ਜੀ ਨੇ ਬੈਗ ਵਿਚੋਂ ਇਕ ਹੋਰ ਕਿਤਾਬ ਜਿਹੀ ਕੱਢ ਕੇ ਮੇਜ਼ ਉਪਰ ਟਿਕਾ ਦਿੱਤੀ।
ਉਹੀ ਗੱਲ ਹੋਈ। ਅਖੇ ‘ਪੁੱਟਿਆ ਪਹਾੜ ਨਿਕਲਿਆ ਚੂਹਾ!’ ਉਸ ਕਿਤਾਬ ਜਿਹੀ ਵਿਚ ਰੱਖਿਆ ਨੀਲੇ ਰੰਗ ਦਾ ਕਾਰਬਨ ਪੇਪਰ ਬਾਹਰ ਨਿਕਲਿਆ ਹੋਇਆ ਦਿਖਾਈ ਦੇ ਰਿਹਾ ਸੀ। ਮੈਨੂੰ ਸਮਝਦਿਆਂ ਇਕ ਪਲ ਵੀ ਨਾ ਲੱਗਾ ਕਿ ਰਸੀਦ ਬੁੱਕ ਅਤੇ ਐਲਬਮ ਚੁੱਕੀ ਫਿਰਦੇ ਇਹ ਕੋਈ ‘ਹਾਈ-ਫਾਈ ਕਾਰ ਸੇਵਕ’ ਨੇ।
ਉਗਰਾਹੀ ਕਰਨ ਵਾਲਿਆਂ ਸਾਰਿਆਂ ਨੂੰ ਇਕੋ ਰੱਸੇ ਤਾਂ ਨਹੀਂ ਬੰਨ੍ਹਿਆ ਜਾ ਸਕਦਾ, ਤੇ ਨਾ ਹੀ ਸਾਰੀਆਂ ਖ਼ੈਰਾਇਤੀ ਸੰਸਥਾਵਾਂ ਮਾੜੀਆਂ ਹੁੰਦੀਆਂ, ਪਰ ਇਸ ਕਾਰੋਬਾਰ ਬਾਰੇ ਮੇਰਾ ਆਪਣਾ ਤਜ਼ਰਬਾ ਬਹੁਤ ਕੌੜਾ-ਕੁਸੈਲਾ ਹੈ। ਬੱਸ, ਇਹੀ ਕਹਿ ਸਕਦਾ ਹਾਂ ਕਿ ਇਨ੍ਹਾਂ ਬੀਬੇ ਰਾਣੇ ਦਿਖਾਈ ਦਿੰਦੇ ਲੋਕਾਂ ਦੇ ਹਾਥੀ ਵਾਂਗ ਖਾਣ ਵਾਲੇ ਦੰਦ ਹੋਰ ਤੇ ਬਾਹਰ ਦਿਸਦੇ ਦੰਦ ਹੋਰ ਹੁੰਦੇ ਹਨ। ਇਹੋ ਜਿਹੇ ਕਪਟੀ ਲੋਕਾਂ ਨੂੰ ਚਾਰ ਛਿੱਲੜ ਦੇਣ ਦੀ ਬਜਾਏ ਮੈਂ ਗਰੀਬ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਲੈ ਦੇਣੀਆਂ ਜਾਂ ਉਸ ਦੀ ਸਕੂਲੀ ਫੀਸ ਦੇਣ ਨੂੰ ਚੰਗਾ ਸਮਝਦਾ ਹਾਂ।
“ਸਾਹਬ ਜੀ, ਅਸੀਂ ਇਕ ਬਹੁਤ ਸਹੂਲਤਾਂ ਵਾਲਾ ਬਿਰਧ ਘਰæææ”, ਐਲਬਮ ਖੋਲ੍ਹ ਕੇ ਮੇਰੇ ਮੋਹਰੇ ਨੂੰ ਕਰਦਿਆਂ ਇਕ ਜਣਾ ਹੁਸ਼ਿਆਰਪੁਰ ਲਾਗੇ ਕਿਸੇ ਬਿਰਧ ਆਸ਼ਰਮ ਬਾਰੇ ਚਾਨਣਾ ਪਾਉਣ ਹੀ ਲੱਗਾ ਸੀ ਕਿ ਮੈਂ ਜ਼ਰਾ ਖੁਸ਼ਕ ਭਾਸ਼ਾ ਵਿਚ ਉਨ੍ਹਾਂ ਨੂੰ ਪੁੱਛਿਆ, “ਤੁਹਾਨੂੰ ਇੱਡੀ ਦੂਰੋਂ ਮੇਰਾ ਅਮਰੀਕਾ ਤੋਂ ਆਏ ਦਾ ਮੁਸ਼ਕ ਕਿੱਦਾਂ ਆ ਗਿਆ? ਮੈਂ ਤਾਂ ਤੁਹਾਨੂੰ ਜਾਣਦਾ ਈ ਹੈ ਨ੍ਹੀਂ?”
ਸਿਰੇ ਦਾ ਚੁਸਤ ਚਲਾਕ ਜਾਪਦਾ ਟਾਈ ਵਾਲਾ ਬਾਬੂ ਮੈਨੂੰ ਫੂਕ ਛਕਾਉਂਦਿਆਂ ਕਹਿੰਦਾ, “ਲਓ ਜੀ, ਤੁਹਾਨੂੰ ਕੌਣ ਨਹੀਂ ਜਾਣਦਾ ਜਨਾਬ, ਤੁਸੀਂ ਤਾਂ ਚੋਟੀ ਦੇæææ।” ‘ਫੂਕ ਸ਼ਾਸਤਰ’ ਦੇ ਸਾਰੇ ਮੰਤਰ ਪੜ੍ਹਦਿਆਂ ਉਸ ਨੇ ਮੈਨੂੰ ਖੁਸ਼ਵੰਤ ਸਿੰਘ ਦੇ ਹਾਣ ਦਾ ਲੇਖਕ ਬਣਾ ਦਿੱਤਾ। ਸਖਤੀ ਨਾਲ ਐਲਬਮ ਦਾ ਪੋਥਾ ਬੰਦ ਕਰਦਿਆਂ ਮੈਂ ਉਨ੍ਹਾਂ ਨੂੰ ਸੌ ਦਾ ਨੋਟ ਫੜਾਉਂਦਿਆਂ ਵਿਦਾ ਹੋਣ ਲਈ ਆਖ ਦਿੱਤਾ। ਮੇਰੇ ਹੱਥ ਵਿਚ ਸੌ ਦਾ ਇਕੋ ਨੋਟ ਦੇਖ ਕੇ, ਅਮਰੀਕਾ ਦੀ ‘ਮੋਟੀ ਸਾਮੀ’ ਨੂੰ ਭੋਟਣ ਦੇ ਉਨ੍ਹਾਂ ਦੇ ਸਾਰੇ ਮਨਸੂਬੇ ਹਵਾ ਵਿਚ ਹੀ ਉਡ-ਪੁਡ ਗਏ। ਮੈਥੋਂ ਕੁਝ ਹੋਰ ‘ਝਾੜਨ’ ਦੀ ਝਾਕ ਵਿਚ ਉਨ੍ਹਾਂ ਬਹੁਤ ‘ਲੱਲੇ-ਭੱਬੇ’ ਕੀਤੇ, ਪਰ ਚਾਹ ਛਕਾਉਣ ਬਾਅਦ ਉਨ੍ਹਾਂ ਚਾਰੇ ਕਾਰ ਸੇਵਕਾਂ ਨੂੰ ਅਸੀਂ ਰਵਾਨਾ ਕਰ ਦਿੱਤਾ।
ਚੀਨੀ ਕਹਾਵਤ ਹੈ ਕਿ ਘਰੋਂ ਵਿਦਾ ਹੋਏ ਅਣਸੱਦੇ ਪ੍ਰਾਹੁਣਿਆਂ ਦੀਆਂ ਪਿੱਠਾਂ ਸੋਹਣੀਆਂ ਲਗਦੀਆਂ ਹੁੰਦੀਆਂ ਹਨ। ‘ਬੜੇ ਬੇਆਬਰੂ ਹੋ ਕਰæææ ਨਿਕਲੇ’ ਇਨ੍ਹਾਂ ਬਦੋ-ਬਦੀ ਦੇ ਮਹਿਮਾਨਾਂ ਦੀ ‘ਨਿਕਾਸੀ’ ਉਪਰੰਤ ਸਾਡੇ ਘਰ ਦੇ ਘੁੱਟੇ ਵੱਟੇ ਮਾਹੌਲ ਵਿਚ ਇਕਦਮ ਹਾਸੜ ਮੱਚ ਗਈ।
“ਟੌਪ ਦੀ ਏæਸੀæ ਗੱਡੀ ਵਿਚ ਹੁਸ਼ਿਆਰਪੁਰ ਲਾਗਿਉਂ ਬੰਦੇ ਆਏ ਚਾਰæææਤੇ ਸਹੇ ਦੇ ਕੰਨ ਵਰਗਾ ਨੋਟ ਮਿਲਿਆ ਇਕæææਆਹ ਤਾਂ ਸਾਡੇ ਘਰ ਅੱਜ ਉਹੀ ਲਤੀਫੇ ਵਾਲੀ ਗੱਲ ਹੋਈ ਐ।”
ਉਚੀ-ਉਚੀ ਠਹਾਕੇ ਮਾਰ ਕੇ ਹੱਸਦਿਆਂ ਮੇਰੇ ਬੇਟੇ ਨੇ ਲਤੀਫਾ ਸੁਣਾਇਆ; ਅਖੇ, ਬਜ਼ਾਰ ਵਿਚ ਕੋਈ ਸੂਟਿਡ-ਬੂਟਿਡ ਅਮੀਰਜ਼ਾਦਾ ਗੱਡੀ ਵਿਚੋਂ ਬਾਹਰ ਨਿਕਲਿਆ। ਉਹਦੇ ਅੱਗੇ ਭਿਖਾਰੀ ਹੱਥ ਅੱਡ ਕੇ ਬੋਲਿਆ, “ਬਾਬੂ ਜੀ, ਸੁਬ੍ਹਾ ਸੇ ਭੂਖਾ ਘੂੰਮ ਰਹਾ ਹੂੰæææਭਗਵਾਨ ਕੇ ਨਾਮ ਪਰ ਪਾਂਚ-ਦਸ ਰੁਪਏ ਦੇ ਦੋ, ਕੁਛ ਖਾ ਲੂੰਗਾ।”
ਭਿਖਾਰੀ ਦੇ ਮੂੰਹ ‘ਤੇ ਚੁਪੇੜ ਜੜਦਿਆਂ ਬਾਬੂ ਕਹਿੰਦਾ, “ਸਹੁਰਿਓ, ਮੰਗਣ ਲੱਗਿਆਂ ਅਗਲੇ ਦੀ ਸ਼ਾਨੋ-ਸ਼ੌਕਤ ਤਾਂ ਦੇਖ ਲਿਆ ਕਰੋ, ਹੂੰਅ!æææਪਾਂਚ-ਦਸ ਰੁਪਏ!”
ਭਿਖਾਰੀ ਦੀਆਂ ਅੱਖਾਂ ‘ਚ ਰਤਾ ਚਮਕ ਆ ਗਈæææ “æææ ਤੋ ਠੀਕ ਹੈ ਬਾਬੂ ਜੀ, ਪੱਚਾਸ ਰੁਪਏ ਦੇ ਦੋ ਫਿਰ?” ਇਕ ਚੁਪੇੜ ਭਿਖਾਰੀ ਦੇ ਹੋਰ ਪੈ ਗਈ।
“ਕਮ-ਬਖਤੋ, ਮੰਗਣ ਵੇਲੇ ਆਪਣੀ ਔਕਾਤ ਵੀ ਦੇਖ ਲਿਆ ਕਰੋ!” ਬਾਬੂ ਨੇ ਦੂਜੀ ਚੁਪੇੜ ਮਾਰਨ ਦਾ ਕਾਰਨ ਵੀ ਦੱਸ ਦਿੱਤਾ।
Leave a Reply