ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ

ਡਾæ ਗੁਰਨਾਮ ਕੌਰ, ਕੈਨੇਡਾ
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ॥
ਕੋਈ ਗਲਾ ਕਰੇ ਗਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ॥æææ
ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ॥
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ॥੨॥ (ਪੰਨਾ ੩੦੩)
ਇਸ ਸਲੋਕ ਵਿਚ ਗੁਰੂ ਰਾਮਦਾਸ ਜੀ ਨੇ ਮਨੁੱਖੀ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਮਨੁੱਖ ਦਾ ਮਨ ਇੱਕ ਹੈ ਅਤੇ ਇਹ ਇੱਕ ਪਾਸੇ ਹੀ ਲੱਗ ਸਕਦਾ ਹੈ ਅਤੇ ਇਹ ਮਨੁੱਖ ‘ਤੇ ਨਿਰਭਰ ਹੈ ਕਿ ਉਸ ਨੇ ਆਪਣੇ ਮਨ ਨੂੰ ਕਿਸ ਪਾਸੇ ਲਾਉਣਾ ਹੈ। ਭਾਵ ਚੰਗੇ ਪਾਸੇ ਲਾਇਆ ਮਨ ਚੰਗਿਆਈ ਵੱਲ ਲੱਗ ਜਾਂਦਾ ਹੈ ਅਤੇ ਬੁਰੇ ਪਾਸੇ ਲਾਇਆ ਮਨ ਬੁਰਾਈ ਵਿਚ ਲੱਗਿਆ ਰਹਿੰਦਾ ਹੈ।
ਵਿਸਥਾਰ ਵਿਚ ਸਮਝਾਉਂਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਮਨ ਇੱਕ ਹੈ ਅਤੇ ਇੱਕ ਪਾਸੇ ਹੀ ਲੱਗ ਲੱਗ ਸਕਦਾ ਹੈ, ਮਨ ਜਿਸ ਪਾਸੇ ਵੀ ਜੁੜ ਜਾਂਦਾ ਹੈ, ਉਥੇ ਹੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਉਪਰੋਂ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵੇ ਪਰ ਖਾ ਤਾਂ ਉਹੋ ਕੁਝ ਸਕਦਾ ਹੈ ਜੋ ਕੁਝ ਘਰ ਵਿਚ ਪ੍ਰਾਪਤ ਹੋਵੇ ਅਰਥਾਤ ਜੋ ਕੁਝ ਕੋਲ ਹੋਵੇ, ਉਹੀ ਖਾਧਾ ਜਾ ਸਕਦਾ ਹੈ। ਅਰਥਾਤ ਮਨ ਜਿਸ ਪਾਸੇ ਲੱਗਾ ਹੋਇਆ ਹੋਵੇ, ਉਸ ਨੇ ਪ੍ਰਾਪਤੀ ਵੀ ਉਹੀ ਕਰਨੀ ਹੈ। ਇਸ ਤੱਥ ਦੀ ਸੋਝੀ ਮਨੁੱਖ ਨੂੰ ਸਤਿਗੁਰੂ ਦੀ ਅਗਵਾਈ ਤੋਂ ਬਿਨਾਂ ਨਹੀਂ ਹੁੰਦੀ ਅਤੇ ਇਸ ਸੋਝੀ ਤੋਂ ਬਿਨਾ ਮਨ ਵਿਚੋਂ ਅਹੰਕਾਰ ਨੂੰ, ਹਉਮੈ ਨੂੰ ਦੂਰ ਨਹੀਂ ਕਰ ਸਕਦਾ (ਹਉਮੈ ਨੂੰ ਦੂਰ ਕੀਤੇ ਬਿਨਾ ਮਨ ਨੂੰ ਚੰਗੇ ਪਾਸੇ ਵੱਲ ਨਹੀਂ ਲਾਇਆ ਜਾ ਸਕਦਾ)। ਅਹੰਕਾਰੀ ਬੰਦਿਆਂ ਦੇ ਮਨ ਦੀ ਕਦੇ ਵੀ ਤ੍ਰਿਪਤੀ ਨਹੀਂ ਹੁੰਦੀ, ਉਨ੍ਹਾਂ ਦੇ ਮਨ ਨੂੰ ਸਦਾ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਹੋਰ ਪ੍ਰਾਪਤੀ ਭੁੱਖ ਲੱਗੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਮਨ ਤ੍ਰਿਸ਼ਨਾ ਦੀ ਅੱਗ ਕਾਰਨ ਸਦਾ ਦੁਖੀ ਰਹਿੰਦਾ ਹੈ। ਆਪਣੇ ਮਨ ਦੀ ਭੁੱਖ ਕਾਰਨ ਉਹ ਹੱਥ ਅੱਡ ਕੇ ਦਰ ਦਰ ਮੰਗਦੇ ਰਹਿੰਦੇ ਹਨ। ਉਨ੍ਹਾਂ ਦਾ ਦਿਖਾਵਾ ਲਹਿ ਜਾਂਦਾ ਹੈ ਕਿਉਂਕਿ ਕੂੜ ਅਤੇ ਠੱਗੀ ਬਹੁਤੀ ਦੇਰ ਲੁਕੇ ਨਹੀਂ ਰਹਿ ਸਕਦੇ। ਜਿਨ੍ਹਾਂ ਨੇ ਪਿਛਲੇ ਕਰਮ ਚੰਗੇ ਕੀਤੇ ਹੁੰਦੇ ਹਨ, ਉਨ੍ਹਾਂ ਦੇ ਲਿਖੇ ਚੰਗੇ ਅਤੇ ਭਲੇ ਸੰਸਕਾਰਾਂ ਕਰਕੇ ਉਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਉਹ ਚੰਗੀ ਸੰਗਤਿ ਵਿਚ ਮਿਲ ਕੇ ਆਪ ਵੀ ਚੰਗੇ ਬਣ ਜਾਂਦੇ ਹਨ, ਤਰ ਜਾਂਦੇ ਹਨ, ਉਸੇ ਤਰ੍ਹਾਂ ਜਿਸ ਤਰ੍ਹਾਂ ਪਾਰਸ ਨਾਲ ਮਿਲ ਕੇ ਲੋਹਾ ਵੀ ਸੋਨਾ ਬਣ ਜਾਂਦਾ ਹੈ। ਗੁਰੂ ਰਾਮਦਾਸ ਅਕਾਲ ਪੁਰਖ ਨੂੰ ਬੇਨਤੀ ਕਰਦੇ ਹਨ ਕਿ ਉਹ ਹੀ ਸਭ ਦਾ ਸੁਆਮੀ ਹੈ, ਮਾਲਕ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਵੇਂ ਹੀ ਜੀਵਾਂ ਨੂੰ ਤੋਰਦਾ ਹੈ।
ਇਸ ਸਲੋਕ ਤੋਂ ਬਾਅਦ ਪਉੜੀ ਵਿਚ ਵੀ ਦੱਸਿਆ ਹੈ ਕਿ ਜਿਹੜੇ ਜੀਵ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਧਿਆਨ ਧਰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਜਿਨ੍ਹਾਂ ਜੀਵਾਂ ਨੇ ਆਪਣੇ ਗੁਣਾਂ ਨਾਲ ਸਾਂਝ ਪੈਦਾ ਕੀਤੀ ਹੈ ਭਾਵ ਉਨ੍ਹਾਂ ਨੇ ਚੰਗੇ ਗੁਣੀ ਕੰਮ ਕੀਤੇ ਹਨ, ਉਨ੍ਹਾਂ ਦੇ ਸਾਰੇ ਅਉਗੁਣ ਸ਼ਬਦ ਰਾਹੀਂ ਨਸ਼ਟ ਹੋ ਜਾਂਦੇ ਹਨ, ਸਾਰੇ ਪਾਪ ਮਿਟ ਜਾਂਦੇ ਹਨ। ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਔਗੁਣ ਪਰਾਲੀ ਦੇ ਭਾਅ ਵੇਚਣ ਲਈ ਭਾਵ ਔਗੁਣਾਂ ਦਾ ਸਹਿਜੇ ਹੀ ਨਾਸ ਕਰਨ ਲਈ ਗੁਣਾਂ ਦੀ ਇਹ ਸਾਂਝ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਅਕਾਲ ਪੁਰਖ ਆਪ ਇਹ ਸਾਂਝ ਦਿੰਦਾ ਹੈ। ਭਾਵ ਮਨੁੱਖ ਆਪਣੇ ਔਗੁਣਾਂ ਦਾ ਤਿਆਗ ਕਰਕੇ ਗੁਣਾਂ ਨਾਲ ਸਾਂਝ ਪੈਦਾ ਕਰਦਾ ਹੈ, ਜਿਸ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਜਿਸ ਨੂੰ ਆਪ ਗੁਣਾਂ ਦੀ ਬਖਸ਼ਿਸ਼ ਕਰਦਾ ਹੈ।
ਗੁਰੂ ਰਾਮਦਾਸ ਕਹਿੰਦੇ ਹਨ ਕਿ ਉਹ ਆਪਣੇ ਸਤਿਗੁਰੂ ਤੋਂ ਸਦਕੇ ਜਾਂਦੇ ਹਨ ਜਿਸ ਨੇ ਜੀਵ ਦੇ ਪਾਪ ਦੂਰ ਕਰਕੇ ਗੁਣ ਪਰਗਟ ਕੀਤੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ, ਉਹ ਉਸ ਸਰਬ-ਉਚ ਅਕਾਲ ਪੁਰਖ ਦੀ ਵਡਿਆਈ ਕਰਨ ਦੇ ਰਾਹ ‘ਤੇ ਚੱਲ ਪੈਂਦਾ ਹੈ, ਉਸ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ,
ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ॥
ਗੁਣ ਕੀ ਸਾਝ ਤਿਨ ਸਿਉ ਕਰੀ ਸਭਿ ਅਵਗੁਣ ਸਬਦਿ ਜਲਾਏ॥
ਅਉਗੁਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ॥
ਬਲਿਹਾਰੀ ਗੁਰ ਆਪਣੇ ਜਿਨਿ ਅਉਗੁਣ ਮੇਟਿ ਗੁਣ ਪਰਗਟੀਆਏ॥
ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ॥੭॥ (ਪੰਨਾ ੩੦੩)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਜੀ ਨੇ ਸਤਿਗੁਰੁ ਦੇ ਗੁਣਾਂ ਦਾ ਬਿਆਨ ਕੀਤਾ ਹੈ ਕਿ ਉਸ ਵਿਚ ਕੀ ਕੀ ਵਡਿਆਈਆਂ ਹਨ। ਸਭ ਤੋਂ ਪਹਿਲਾ ਗੁਣ ਸਤਿਗੁਰ ਦਾ ਇਹ ਹੈ ਕਿ ਸਤਿਗੁਰੂ ਦਿਨ-ਰਾਤ, ਹਰ ਸਮੇਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ। ਅਕਾਲ ਪੁਰਖ ਦਾ ਨਾਮ ਸਿਮਰਨ ਕਰਨਾ ਹੀ ਸਤਿਗੁਰੂ ਵਾਸਤੇ ਸੁੱਚ ਤੇ ਸੰਜਮ (ਅਧਿਆਤਮਕ ਗੁਣ) ਆਦਿ ਗੁਣ ਹਨ ਅਤੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੀ ਉਸ ਵਾਸਤੇ ਤ੍ਰਿਪਤੀ ਦਾ ਸਾਧਨ ਹੈ। ਭਾਵ ਨਾਮ ਸਿਮਰਨ ਨਾਲ ਹੀ ਉਸ ਦੇ ਮਨ ਨੂੰ ਤ੍ਰਿਪਤੀ ਮਿਲਦੀ ਹੈ। ਅਕਾਲ ਪੁਰਖ ਦਾ ਨਾਮ ਹੀ ਉਸ ਦੀ ਤਾਕਤ ਹੈ, ਉਸ ਦਾ ਓਟ ਆਸਰਾ ਹੈ ਅਤੇ ਪਰਮਾਤਮ-ਨਾਮ ਹੀ ਉਸ ਦੀ ਰੱਖਿਆ ਕਰਨ ਵਾਲਾ ਹੈ। ਜੋ ਮਨੁੱਖ ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਅੰਦਰ ਵਸਾ ਲੈਂਦਾ ਹੈ ਅਤੇ ਆਪ ਵੀ ਇਹ ਗੁਣ ਧਾਰ ਲੈਂਦਾ ਹੈ, ਉਸ ਨੂੰ ਫਿਰ ਮਨ ਚਾਹੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ,
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ॥
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੋ ਹੀ ਤ੍ਰਿਪਤਾਵੈ॥
ਹਰਿ ਨਾਮੁ ਤਾਣੁ ਹਰਿ ਨਾਮ ਦੀਬਾਣੁ ਹਰਿ ਨਾਮੋ ਰਖ ਕਰਾਵੈ॥
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨਿ ਇਛੇ ਫਲ ਪਾਵੈ॥
ਸਤਿਗੁਰ ਦੀ ਵਡਿਆਈ, ਉਸ ਦੇ ਗੁਣ ਦੱਸਣ ਤੋਂ ਬਾਅਦ ਫਿਰ ਅੱਗੇ ਦੱਸਿਆ ਹੈ ਕਿ ਅਜਿਹੇ ਸਤਿਗੁਰੂ ਦੀ ਜੇ ਕੋਈ ਮਨੁੱਖ ਨਿੰਦਾ ਕਰਦਾ ਹੈ ਤਾਂ ਉਸ ਨਿੰਦਾ ਦਾ ਕੀ ਨਤੀਜਾ ਨਿਕਲਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜੇ ਅਜਿਹੀ ਪਹੁੰਚੀ ਹੋਈ ਅਧਿਆਤਮਕ ਹਸਤੀ, ਰੱਬ ਦੀ ਪਿਆਰੀ ਹਸਤੀ ਅਰਥਾਤ ਸਤਿਗੁਰੂ ਦੀ ਕੋਈ ਮਨੁੱਖ ਨਿੰਦਾ ਕਰਦਾ ਹੈ ਤਾਂ ਉਸ ਨੂੰ ਰੱਬ ਵੱਲੋਂ ਮਾਰ ਪੈਂਦੀ ਹੈ, ਪਰਮਾਤਮਾ ਆਪ ਅਜਿਹੇ ਨਿੰਦਕ ਨੂੰ ਮਾਰ ਪੁਆਉਂਦਾ ਹੈ। ਉਸ ਨੂੰ ਆਪਣੀ ਇਸ ਕੀਤੀ ਕਮਾਈ ਦਾ ਅਰਥਾਤ ਨਿੰਦਾ ਦਾ ਫਲ ਫਿਰ ਭੋਗਣਾ ਹੀ ਪੈਂਦਾ ਹੈ ਫਿਰ ਭਾਵੇਂ ਉਹ ਪਛਤਉਂਦਾ ਹੈ ਪਰ ਉਹ ਨਿੰਦਾ ਕਰਕੇ ਜੋ ਸਮਾਂ ਲੰਘਾ ਦਿੱਤਾ, ਉਹ ਮੁੜ ਕੇ ਹੱਥ ਨਹੀਂ ਆਉਂਦਾ। ਅਜਿਹੇ ਨਿੰਦਕ ਨੂੰ ਕਾਲਾ ਮੂੰਹ ਕਰਕੇ ਨਰਕ ਵਿਚ ਪਾਇਆ ਜਾਂਦਾ ਹੈ ਉਵੇਂ ਹੀ ਜਿਵੇਂ ਚੋਰ ਨੂੰ ਬੰਨ ਕੇ, ਗਲ ਵਿਚ ਰੱਸੀ ਪਾ ਕੇ ਲਿਜਾਇਆ ਜਾਂਦਾ ਹੈ। ਅਜਿਹਾ ਮਨੁੱਖ ਫਿਰ ਇਸ ਨਿੰਦਾ-ਰੂਪ ਡਰਾਉਣੇ ਨਰਕ ਵਿਚੋਂ ਤਾਂ ਹੀ ਬਚ ਕੇ ਨਿਕਲ ਸਕਦਾ ਹੈ ਜੇ ਸਤਿਗੁਰੂ ਦੀ ਸ਼ਰਨ ਆ ਕੇ, ਉਸ ਦੇ ਚਰਨੀਂ ਲੱਗ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ। ਗੁਰੂ ਰਾਮਦਾਸ ਇਹ ਤੱਥ ਸਪਸ਼ਟ ਕਰਦੇ ਹਨ ਕਿ ਅਕਾਲ ਪੁਰਖ ਨੂੰ ਇਵੇਂ ਹੀ ਭਾਉਂਦਾ ਹੈ ਕਿ ਮਨੁੱਖ ਨੂੰ ਮਾੜੇ ਕੰਮ ਦੀ ਸਜਾ, ਨਿੰਦਾ-ਈਰਖਾ ਆਦਿ ਭੁਗਤਣੀ ਹੀ ਪੈਂਦੀ ਹੈ,
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ॥
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ॥
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ॥
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ॥
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ॥੧॥ (ਪੰਨਾ ੩੦੩)
ਗੁਰਮਤਿ ਦਰਸ਼ਨ ਵਿਚ ਮਨੁੱਖ ਦੀਆਂ ਦੋ ਹੀ ਸ਼ੇਣੀਆਂ ਪਰਵਾਨ ਕੀਤੀਆਂ ਹਨ-ਗੁਰਮੁਖਿ ਅਤੇ ਮਨਮੁਖਿ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਗੁਰੂ ਦੇ ਸ਼ਬਦ ਅਨੁਸਾਰ ਆਪਣੀ ਜੀਵਨ-ਸ਼ੈਲੀ ਬਣਾਉਂਦੇ ਹਨ, ਉਹ ਗੁਰਮੁਖਿ ਹਨ। ਦੂਸਰੇ ਉਹ ਹਨ ਜੋ ਆਪਣੇ ਮਨ ਦੀਆਂ ਇਛਾਵਾਂ ਅਨੁਸਾਰ ਚੱਲਦੇ ਹਨ ਅਤੇ ਮਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਬਿਰਤੀਆਂ ਦੇ ਅਧੀਨ ਚੱਲਦਾ ਹੈ, ਉਸ ਨੂੰ ਮਨਮੁਖਿ ਕਿਹਾ ਹੈ। ਗੁਰਮਤਿ ਅਨੁਸਾਰ ਮਨੁੱਖ ਦੀ ਪਰਵਾਨਿਤ ਸ਼੍ਰੇਣੀ ਗੁਰਮੁਖਿ ਹੈ।
ਇਸ ਸਲੋਕ ਵਿਚ ਗੁਰੂ ਰਾਮਦਾਸ ਦੱਸਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੇ ਹੁਕਮ ਅਨੁਸਾਰ ਨਹੀਂ ਚੱਲਦਾ, ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕਰਦਾ, ਉਹ ਮਨਮੁਖਿ ਹੈ ਅਤੇ ਗਿਆਨ ਤੋਂ ਸੱਖਣਾ ਹੈ। ਅਜਿਹਾ ਗਿਆਨ-ਵਿਹੂਣਾ ਮਨੁੱਖ ਮਇਆ-ਰੂਪ ਜ਼ਹਿਰ ਦਾ ਠੱਗਿਆ ਹੋਇਆ ਹੈ ਅਤੇ ਉਸ ਦੇ ਅੰਦਰ ਝੂਠ ਹੀ ਝੂਠ ਭਰਿਆ ਹੋਇਆ ਹੈ, ਇਸ ਲਈ ਉਹ ਸੱਚ ਨੂੰ ਵੀ ਝੂਠ ਹੀ ਸਮਝਦਾ ਹੈ। ਅਕਾਲ ਪੁਰਖ ਨੇ ਉਸ ਦੇ ਇਸ ਝੂਠ ਕਰਨ ਵਿਅਰਥ ਦੇ ਝਗੜੇ ਉਸ ਦੇ ਗਲ ਪਾਏ ਹੋਏ ਹਨ। ਉਹ ਗੱਲਾਂ ਦੀ ਖੱਟੀ ਖਾਣ ਲਈ ਬਥੇਰਾ ਊਲ-ਜਲੂਲ ਬੋਲਦਾ ਹੈ ਅਤੇ ਰੋਟੀ ਕਮਾਉਣ ਦੇ ਜਤਨ ਕਰਦਾ ਹੈ, ਪਰ ਜੋ ਕੁਝ ਉਹ ਬੋਲਦਾ ਹੈ, ਕਿਸੇ ਨੂੰ ਚੰਗਾ ਨਹੀਂ ਲਗਦਾ। ਉਹ ਛੱਡੀ ਹੋਈ ਔਰਤ ਦੀ ਤਰ੍ਹਾਂ (ਜਿਸ ਦਾ ਕੋਈ ਟਿਕਾਣਾ ਨਹੀਂ ਹੁੰਦਾ) ਘਰ ਘਰ ਫਿਰਦਾ ਹੈ। ਅਜਿਹੇ ਮਨੁੱਖ ਨਾਲ ਜੋ ਕੋਈ ਵੀ ਮਿਲਣ-ਵਰਤਣ ਰੱਖਦਾ ਹੈ, ਉਸ ਦੀ ਵੀ ਬਦਨਾਮੀ ਹੁੰਦੀ ਹੈ,
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ॥
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ॥
ਓਹੁ ਘਰਿ ਘਰਿ ਹੰਢੈ ਜਿਉ ਰੰਨ ਦੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ॥
ਇਸ ਦੇ ਬਿਲਕੁਲ ਉਲਟ ਗੁਰਮੁਖਿ ਦਾ ਵਿਅਕਤਿਤਵ ਹੈ। ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਮਨਮੁਖ ਤੋਂ ਬਿਲਕੁਲ ਵੱਖਰਾ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ ਅਤੇ ਮਨਮੁਖ ਦਾ ਸਾਥ ਛੱਡ ਕੇ ਗੁਰੂ ਦੀ ਸੰਗਤਿ ਕਰਦਾ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਹੇ ਸੰਤ ਜਨੋ! ਜਿਹੜਾ ਮਨੁੱਖ ਆਪਣੇ ਗੁਰੂ ਦੀ ਨਿੰਦਾ ਕਰਦਾ ਹੈ, ਉਹ ਮਨੁੱਖ ਚੰਗਾ ਨਹੀਂ ਅਤੇ ਉਸ ਨੇ ਇਸ ਜਨਮ ਵਿਚ ਜੋ ਖੱਟਣਾ ਸੀ ਉਸ ਨੂੰ ਵੀ ਗੁਆ ਲੈਂਦਾ ਹੈ ਅਤੇ ਮੂਲ ਅਰਥਾਤ ਇਸ ਜਨਮ ਨੂੰ ਵੀ ਗੁਆ ਲੈਂਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਗੁਰੂ ਦੇ ਸਿੱਖ ਵਾਸਤੇ ਅਗਮ ਅਤੇ ਨਿਗਮ (ਵੇਦ ਅਤੇ ਸ਼ਾਸਤਰ) ਦਾ ਸਿਧਾਂਤ ਇਹੀ ਹੈ ਕਿ ਪੂਰੇ ਸਤਿਗੁਰੂ ਦਾ ਬਚਨ, ਗੁਰੂ ਦਾ ਸ਼ਬਦ ਹੀ ਸਭ ਤੋਂ ਉਤਮ ਅਤੇ ਪ੍ਰਮਾਣੀਕ ਸਿਧਾਂਤ ਹੈ। ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ, ਗੁਰੂ ਦੀ ਸ਼ੋਭਾ ਚੰਗੀ ਲਗਦੀ ਹੈ ਪਰ ਮਨਮੁਖਾਂ ਨੂੰ ਗੁਰੂ ਦੀ ਵਡਿਆਈ ਨੂੰ ਸਮਝਣ ਦਾ ਸਮਾਂ ਹੱਥ ਹੀ ਨਹੀਂ ਆਉਂਦਾ,
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ॥
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ॥
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ॥
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ॥੨॥ (ਪੰਨਾ ੩੦੩-੩੦੪)
ਅੱਗੇ ਅੱਠਵੀਂ ਪਉੜੀ ਵਿਚ ਦੱਸਿਆ ਹੈ ਕਿ ਉਹ ਸਦੀਵੀ ਕਾਇਮ ਰਹਿਣ ਵਾਲਾ ਅਕਾਲ ਪੁਰਖ ਸਭ ਤੋਂ ਉਚੀ ਅਤੇ ਵੱਡੀ ਹਸਤੀ ਹੈ। ਇਸ ਹਸਤੀ ਨਾਲ ਮਿਲਾਪ ਉਸ ਮਨੁੱਖ ਦਾ ਹੁੰਦਾ ਹੈ ਜਿਸ ਨੂੰ ਗੁਰੂ ਵੱਲੋਂ ਤਿਲਕ ਮਿਲਦਾ ਹੈ ਅਰਥਾਤ ਜਿਸ ਨੂੰ ਗੁਰੂ ਵੱਲੋਂ ਅਸੀਸ ਮਿਲਦੀ ਹੈ, ਜਿਸ ‘ਤੇ ਗੁਰੂ ਦੀ ਮਿਹਰ ਹੁੰਦੀ ਹੈ। ਇਥੇ ਗੁਰੂ ਰਾਮਦਾਸ ਨੇ ਸਤਿਗੁਰੂ ਜਾਂ ਸੱਚੇ ਗੁਰੂ ਬਾਰੇ ਵੀ ਦੱਸਿਆ ਹੈ ਕਿ ਸੱਚਾ ਗੁਰੂ ਕਿਹੋ ਜਿਹਾ ਹੁੰਦਾ ਹੈ। ਸੱਚਾ ਗੁਰੂ ਉਹ ਹੁੰਦਾ ਹੈ ਜੋ ਹਰ ਸਮੇਂ ਉਸ ਅਕਾਲ ਪੁਰਖ ਨੂੰ ਧਿਆਉਂਦਾ ਹੈ, ਉਸ ਨੂੰ ਯਾਦ ਕਰਦਾ ਹੈ ਅਤੇ ਜਿਸ ਦਾ ਆਪਣਾ ਅਕਾਲ ਪੁਰਖ ਨਾਲ ਮੇਲ ਹੋ ਗਿਆ ਹੁੰਦਾ ਹੈ, ਉਹ ਸੱਚਾ ਅਰਥਾਤ ਅਕਾਲ ਪੁਰਖ ਅਤੇ ਗੁਰੂ ਇੱਕਰੂਪ ਹੋ ਗਏ ਹਨ, ਜਿਸ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ-ਪੰਜੇ ਵੈਰੀਆਂ ਨੂੰ ਖਿੱਚ ਕੇ ਵੱਸ ਵਿਚ ਕਰ ਲਿਆ ਹੈ। ਇਥੇ ਗੁਰਮੁਖਾਂ ਦੇ ਉਲਟ ਮਨਮੁਖਾਂ ਦਾ ਕਿਰਦਾਰ ਦੱਸਿਆ ਹੈ ਕਿ ਜਿਹੜੇ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਝੇ ਰਹਿ ਜਾਂਦੇ ਹਨ, ਉਹ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਅਜਿਹੇ ਮਨੁੱਖਾਂ ਦੇ ਅੰਦਰ ਝੂਠ ਹੀ ਝੂਠ ਭਰਿਆ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦਾ ਮੁੰਹ ਫਿੱਕਾ ਰਹਿੰਦਾ ਅਰਥਾਤ ਉਨ੍ਹਾਂ ਦੇ ਚਿਹਰੇ ‘ਤੇ ਮਿਲਾਪ ਦੀ ਕੋਈ ਰੌਣਕ, ਨਾਮ-ਸਿਮਰਨ ਦੀ ਕੋਈ ਲਾਲੀ ਨਹੀਂ ਹੁੰਦੀ, ਕੋਈ ਨੂਰ ਨਹੀਂ ਹੁੰਦਾ। ਅਜਿਹੇ ਮਨਮੁਖਾਂ ਦੇ ਮੂੰਹ ‘ਤੇ ਫਿਟਕਾਰ ਪੈਂਦੀ ਹੈ ਅਤੇ ਉਨ੍ਹਾਂ ਦੇ ਬੋਲ ਵੀ ਫਿੱਕੇ ਹੁੰਦੇ ਹਨ ਕਿਉਂਕਿ ਅੰਦਰ ਝੂਠ ਹੀ ਝੂਠ ਹੁੰਦਾ ਹੈ, ਇਸ ਲਈ ਕਿਸੇ ਨੂੰ ਉਨ੍ਹਾਂ ਦੇ ਬਚਨ ਸੁਣਨੇ ਵੀ ਚੰਗੇ ਨਹੀ ਲੱਗਦੇ। ਅੰਦਰ ਕੂੜ ਦਾ ਪਾਸਾਰ ਹੋਣ ਕਰਕੇ ਉਨ੍ਹਾਂ ਦੇ ਚਿਹਰੇ ਵੀ ਭ੍ਰਿਸ਼ਟੇ ਜਾਂਦੇ ਹਨ ਕਿਉਂਕਿ ਉਹ ਸਤਿਗੁਰੂ ਤੋਂ ਭੁੱਲੇ ਹੋਏ ਹਨ,
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ॥
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ॥
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ॥
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ॥
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ॥੮॥ (ਪੰਨਾ ੩੦੪)

Be the first to comment

Leave a Reply

Your email address will not be published.