ਬਲਜੀਤ ਬਾਸੀ
ਢੇਰ ਸਮੇਂ ਤੋਂ ਪੰਜਾਬ ਦੇ ਸਿੱਖ ਅਤੇ ਸਿਆਸੀ ਹਲਕਿਆਂ ਵਿਚ ਡੇਰੇ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ। ਸਿੱਖ ਧਰਮ ਸਿਧਾਂਤਕ ਤੌਰ ‘ਤੇ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਤੇ ਕਿਸੇ ਵੀ ਦੇਹਧਾਰੀ ਗੁਰੂ ਦੀ ਪੂਜਾ ਦੇ ਵਿਰੁਧ ਹੈ। ਅਕਾਲ ਤਖਤ ਤੇ ਕੇਂਦ੍ਰਿਤ ਸਿੱਖੀ ਦੀ ਮੁਖਧਾਰਾ ਸਿੱਖ ਧਰਮ ਦੇ ਅੰਤਰਗਤ ਸਿੱਖੀ ਵੇਸ ਵਿਚ ਬੇਸ਼ੁਮਾਰ ਉਭਰ ਚੁੱਕੇ ਡੇਰਿਆਂ ਨੂੰ ਸਿੱਖੀ ਲਈ ਇਕ ਚਿਣੌਤੀ ਸਮਝਦੀ ਹੈ। ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਮੁਖਧਾਰਾ ਨਾਲ ਜੁੜੇ ਸਿੱਖਾਂ ਨਾਲ ਜ਼ਬਰਦਸਤ ਤਕਰਾਰ ਦੀਆਂ ਦੁਖਦ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਪਿਛੇ ਜਿਹੇ ਸਿਰਸੇ ਵਿਚ ਸੱਚਾ ਸੌਦਾ ਡੇਰੇ ਦੇ ਡੇਰੇਦਾਰ ਰਾਮ ਰਹੀਮ ਸਿੰਘ ਨੇ ਜਦ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਸੀ ਤਾਂ ਪੰਜਾਬ ਵਿਚ ਤਹਿਲਕਾ ਮੱਚ ਗਿਆ ਸੀ। ਡੇਰਾ ਸੱਚਖੰਡ ਬੱਲਾਂ ਵਾਲਿਆਂ ਨਾਲ ਰਹਿੰਦਾ ਟਕਰਾਓ ਵੀ ਦੁਖਾਂਤ ਰੂਪ ਧਾਰ ਚੁੱਕਾ ਹੈ। ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜਨ ਵਾਲੀ ਕਥਿਤ ਖਾੜਕੂ ਲਹਿਰ ਨੂੰ ਭੜਕਾਉਣ ਵਿਚ ਡੇਰਿਆਂ ਦਾ ਵੱਡਾ ਹੱਥ ਸੀ। ਪੰਜਾਬ ਵਿਚ ਨਵੇਂ ਤੋਂ ਨਵੇਂ ਡੇਰੇ ਸਿਰ ਚੁੱਕ ਰਹੇ ਹਨ, ਉਨ੍ਹਾਂ ਦੀ ਸਿੱਖੀ-ਸੇਵਕੀ ਵਿਸ਼ਾਲ ਹੁੰਦੀ ਜਾ ਰਹੀ ਹੈ।
ਬਹੁਤ ਪਹਿਲਾਂ ਪੰਜਾਬ ਦੀ ਇਕ ਰੋਜ਼ਾਨਾ ਅਖਬਾਰ Ḕਦੇਸ਼ ਸੇਵਕḔ ਨੇ ਪੰਜਾਬ ਵਿਚ ਇਕ ਸਰਵੇਖਣ ਕਰਾਇਆ ਸੀ ਜਿਸ ਅਨੁਸਾਰ ਪੰਜਾਬ ਵਿਚ ਡੇਰਿਆਂ ਦੀ ਗਿਣਤੀ 9000 ਹੈ ਜਦਕਿ ਪੰਜਾਬ ਵਿਚ 12000 ਪਿੰਡ ਹਨ। ਮੇਰੇ ਵਿਚਾਰ ਅਨੁਸਾਰ ਪੰਜਾਬ ਵਿਚ ਔਸਤਨ ਹਰ ਪਿੰਡ ਪਿਛੇ ਇਕ ਡੇਰਾ ਹੈ। ਡੇਰਿਆਂ ਦੇ ਵਧ ਰਹੇ ਰੁਝਾਨ ਨੂੰ ḔਡੇਰਾਵਾਦḔ ਦਾ ਸ਼ਬਦ ਦਿੱਤਾ ਗਿਆ ਹੈ। ਇਕ ਵਿਚਾਰ ਅਨੁਸਾਰ ਪੰਜਾਬ ਦੀ ਮੁਖਧਾਰਾ ਵਾਲੀ ਸਿੱਖੀ ਅਤੇ ਸਿੱਖ ਸਿਆਸਤ ਉਤੇ ਜੱਟਾਂ ਦਾ ਕਬਜ਼ਾ ਹੈ ਅਤੇ ਉਹ ਸਿੱਖੀ ਦੇ ਕੱਟੜ ਅਤੇ ਕਰਮਕਾਂਡੀ ਜਿਹੇ ਰੂਪ ਨੂੰ ਹੀ ਫੈਲਾ ਰਹੇ ਹਨ ਜਿਸ ਦੇ ਪ੍ਰਤਿਕਰਮ ਵਜੋਂ ਡੇਰਿਆਂ ਦਾ ਰੁਝਾਨ ਵਧਿਆ। ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਡੇਰਿਆਂ ਦੀ ਸਿੱਖੀ ਸੇਵਕੀ ਦਾ ਵੱਡਾ ਹਿੱਸਾ ਅਖੌਤੀ ਨਿਮਨਜਾਤੀ ਦੇ ਲੋਕਾਂ ਵਿਚੋਂ ਆਉਂਦਾ ਹੈ। ਪੰਜਾਬ ਅਤੇ ਬਾਕੀ ਦੇ ਭਾਰਤ ਵਿਚ ਹਿੰਦੂ ਧਰਮ ਨਾਲ ਸਬੰਧਤ ਡੇਰੇ ਜਾਂ ਡੇਰੇ ਜਿਹੀਆਂ ਹੋਰ ਸੰਸਥਾਵਾਂ ਜਿਵੇਂ ਅਖਾੜੇ, ਆਸ਼ਰਮ, ਪੰਥ ਆਦਿ ਦੀ ਗਿਣਤੀ ਵਧਣ ਦਾ ਰੁਝਾਨ ਘੱਟ ਨਹੀਂ ਪਰ ਉਨ੍ਹਾਂ ਦਾ ਹਿੰਦੂ ਧਰਮ ਨਾਲ ਤਣਾਅ ਅਜਿਹਾ ਗੰਭੀਰ ਰੁਖ ਅਤਿਆਚਾਰ ਨਹੀਂ ਕਰਦਾ। ਸ਼ਾਇਦ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਿੱਖ ਇਕ ਤਰ੍ਹਾਂ ਏਕੀਸ਼ਵਰਵਾਦੀ ਧਰਮ ਹੈ ਜਦਕਿ ਹਿੰਦੂ ਧਰਮ ਮੂਲ ਰੂਪ ਵਿਚ ਬਹੁਪੰਥੀ ਖਾਸੇ ਵਾਲਾ ਹੈ।
ਕੋਸ਼ਾਂ ਵਿਚ ਡੇਰਾ ਸ਼ਬਦ ਦੇ ਮੁਖ ਤੌਰ ‘ਤੇ ਦੋ ਅਰਥ ਲਭਦੇ ਹਨ। ਮਿਸਾਲ ਵਜੋਂ Ḕਮਹਾਨ ਕੋਸ਼Ḕ ਅਨੁਸਾਰ (1) ਠਹਿਰਨ ਦਾ ਸਥਾਨ, (2) ਖੇਮਾ, ਤੰਬੂ। ਉਂਜ ਦੋਹਾਂ ਅਰਥਾਂ ਨੂੰ ਤਾਰਕਿਕ ਤੌਰ ‘ਤੇ ਜੋੜਿਆ ਜਾ ਸਕਦਾ ਹੈ। ਠਹਿਰਨ ਦੇ ਸਥਾਨ ਲਈ ਮਿਸਾਲ ਦੇਖੀਏ, “ਡੱਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨ॥” -ਗੁਰੂ ਅਰਜਨ ਦੇਵ। ਇਸੇ ਅਰਥ ਵਜੋਂ ਲਾਖਣਿਕ ਵਰਤੋਂ ਦੇਖੋ,
ਮੈ ਜੋ ਤੈਨੂੰ ਆਖਿਆ ਕੋਈ ਘੱਲ ਸੁਨੇਹੜਾ।
ਚਸ਼ਮਾਂ ਸੇਜ ਵਛਾਈਆਂ, ਦਿਲ ਕੀਤਾ ਢੇਰਾ। -ਬੁਲ੍ਹੇ ਸ਼ਾਹ
ਸਰਮ ਧਰਮ ਕਾ ਡੇਰਾ ਦੂਰਿ॥ -ਗੁਰੂ ਨਾਨਕ ਦੇਵ
ਅਤੇ ਫੌਜੀ ਖੇਮੇ ਜਾਂ ਤੰਬੂ ਵਜੋਂ ਨਜਾਬਤ ਰਚਿਤ ਨਾਦਰ ਸ਼ਾਹ ਦੀ ਵਾਰ ਵਿਚ,
ਗੁਜਰਾਤੋਂ ਛੁੱਟੀ ਮੰਗੀ, ਮਿਰਜ਼ੇ ਬਦਰ ਬੇਗ
ਮੁਹਰਾਂ ਪਹੁੰਚ ਗਈਆਂ ਤਲਵੰਡੀ, ਡੇਰਾ ਸ਼ਾਹਦਰੇ।
ਡੇਰਾ ਸ਼ਬਦ ਪੰਜਾਬ, ਸਿੰਧ, ਰਾਜਸਥਾਨ, ਬਲੋਚਿਸਤਾਨ, ਇਥੋਂ ਤੱਕ ਕਿ ਇਰਾਨ ਦੇ ਬਹੁਤ ਸਾਰੇ ਸਥਾਨ ਨਾਮਾਂ ਵਿਚ ਵੀ ‘ਵਸੇਰਾ’ ਦੇ ਅਰਥਾਂ ਵਿਚ ਆਉਂਦਾ ਹੈ। ਮਿਸਾਲ ਵਜੋਂ ਡੇਰਾ ਬਾਬਾ ਨਾਨਕ, ਡੇਰਾ ਅੱਲਾ ਯਾਰ, ਡੇਰਾ ਬੁਗਤੀ, ਡੇਰਾ ਦਿਲਦਾਰ, ਡੇਰਾ ਇਸਮਾਈਲ ਖਾਂ, ਡੇਰਾ ਗਾਜ਼ੀ ਖਾਂ, ਡੇਰਾ ਮੁਰਾਦ ਜਮਾਲੀ। ਬੇਸ਼ੁਮਾਰ ਧਾਰਮਿਕ ਸਥਾਨਾਂ ਦੇ ਨਾਂਵਾਂ ਵਿਚ ਵੀ ਛੌਣੀ ਆਦਿ ਦੇ ਅਰਥਾਂ ਵਿਚ ਡੇਰਾ ਸ਼ਬਦ ਆਉਂਦਾ ਹੈ ਜਿਨ੍ਹਾਂ ਵਿਚੋਂ ਕੁਝ ਦਾ ਜ਼ਿਕਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡੇਰਾਦੂਨ ਵਿਚ ਵੀ ਡੇਰਾ ਬੋਲਦਾ ਹੈ ਜਿਸ ਦਾ ਜ਼ਿਕਰ ਵਖਰੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਡੇਰਾ ਲਾਉਣਾ ਜਾਂ ਡੇਰਾ ਜਮਾਉਣਾ ਮੁਹਾਵਰੇ ਦਾ ਅਰਥ ਹੈ-ਜੰਮ ਕੇ ਬੈਠ ਜਾਣਾ। ਡੇਰਾ-ਡੰਡਾ ਚੁੱਕਣਾ ਦਾ ਮਤਲਬ ਬੋਰੀਆ ਬਿਸਤਰਾ ਗੋਲ ਕਰਨਾ ਅਰਥਾਤ ਟਿੱਕਾਣਾ ਚੁੱਕ ਲੈਣਾ ਹੁੰਦਾ ਹੈ। ਇਕ ਕੋਸ਼ ਅਨੁਸਾਰ ਡੇਰਾ ਸ਼ਬਦ ਠਹਿਰ ਜਾਂ ਠਾਹਰ ਦਾ ਵਿਗੜਿਆ ਰੂਪ ਹੈ। ਪਰ ਇਸ ਵਿਚ ਅਸਥਾਈ ਮੁਕਾਮ ਦੇ ਭਾਵ ਉਜਾਗਰ ਨਹੀਂ ਹੁੰਦੇ। ਟਰਨਰ ਅਨੁਸਾਰ ਇਹ ਫਾਰਸੀ ਅਸਲੇ ਦਾ ਸ਼ਬਦ ਹੈ ਜਿਸ ਦਾ ਪਹਿਲਵੀ ਰੂਪ ਡੇਰੋ ਸੀ। ਪਰ ਡੇਰਾ ਸ਼ਬਦ ਵਿਚ ਮੁਢਲੇ ਤੌਰ ‘ਤੇ ਧਰਮ ਦੇ ਭਾਵ ਨਹੀਂ ਹਨ। ਹਾਂ, ਕੁਝ ਸ਼ਬਦਾਂ ਵਿਚ ਅਜਿਹਾ ਹੋ ਸਕਦਾ ਹੈ ਜਿਵੇਂ ਦੇਹਰਾਦੂਨ। ਪਹਿਲਾਂ ਅਸੀਂ ਦੇਹਰਾਦੂਨ ਨੂੰ ਨਜਿੱਠ ਲਈਏ। ਇਸ ਸ਼ਬਦ ਦੇ ਅੰਗਰੇਜ਼ੀ ਸ਼ਬਦ ਜੋੜ ਹਨ ਧeਹਰਅਦੁਨ। ਇਸ ਤੋਂ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਇਹ ਸ਼ਬਦ ḔਡੇਰਾਦੂਨḔ ਹੈ ਜਦਕਿ ਮੁਢਲੇ ਤੌਰ ‘ਤੇ ਇਹ ḔਦੇਹਰਾਦੂਨḔ ਹੀ ਹੈ। Ḕਮਹਾਨ ਕੋਸ਼Ḕ ਅਨੁਸਾਰ ḔਦੇਹਰਾḔ ਉਹ ਹੈ ਜਿਥੇ ਦੇਹ (ਸਰੀਰ) ਦਾ ਅੰਤਮ ਸੰਸਕਾਰ ਹੋਇਆ, ਸਮਾਧੀ। ਇਹੀ ਅਰਥ ਦੇਹਰਾਦੂਨ ਲਈ ਢੁਕਾਏ ਜਾਂਦੇ ਹਨ ਅਰਥਾਤ ਉਹ ਪਹਾੜੀ ਦੂਨ (ਵਾਦੀ) ਜਿਥੇ ਰਾਮ ਰਾਇ ਜੀ ਦੀ ਸਮਾਧੀ ਬਣੀ ਹੈ।
ਪਲੈਟਸ ਅਨੁਸਾਰ ਇਹ ਦੇਹਰਾ ਜਾਂ ਦੇਵਰਾ ਦਾ ਵਿਕਸਿਤ ਰੂਪ ਹੋ ਸਕਦਾ ਹੈ। ਦੇਹਰਾ ਜਾਂ ਦੇਵਰਾ ਦੇਵਾਲਾਯ ਦਾ ਬਦਲਿਆ ਰੂਪ ਹੈ। ਅਸਲ Ḕਮਹਾਨ ਕੋਸ਼Ḕ ਨੇ ਦੇਹਰਾ ਦਾ ਇਕ ਅਰਥ ਦੇਵਗ੍ਰਹਿ ਜਾਂ ਦੇਵਮੰਦਿਰ ਦੱਸਿਆ ਹੈ ਪਰ ਇਸ ਨੂੰ ਦੇਹਰਾਦੂਨ ਉਪਰ ਢੁਕਾਉਣ ਤੋਂ ਸੰਕੋਚ ਕੀਤਾ ਹੈ। ਦਰਅਸਲ ਇਸ ਦਾ ਮੁਢਲਾ ਰੂਪ ਦੇਵਘਰ ਹੈ। ਇਸ ਤਰ੍ਹਾਂ ਇਸ ਦਾ ਵਿਕਾਸ ਦੇਵਘਰ > ਦੇਵਹਰ > ਦੇਵਰਾ > ਦੇਹਰਾ ਦੀ ਤਰ੍ਹਾਂ ਹੈ। ਉਂਜ ਨਗਰ ਆਦਿ ਦੇ ਅਰਥਾਂ ਵਿਚ ḔਦੇਹਰਾḔ ਸ਼ਬਦ ਇਕ ਹੋਰ ਤਰ੍ਹਾਂ ਦੇਹ ਤੋਂ ਬਣਿਆ ਹੋ ਸਕਦਾ ਹੈ। ਜਿਵੇਂ ਪਿੰਡ ਤੇ ਪਿੰਡਾ ਸ਼ਬਦ ਵਿਚ ਸਾਂਝ ਹੈ, ਉਸੇ ਤਰ੍ਹਾਂ ਫਾਰਸੀ ਦੇਹ ਤੇ ਦੇਹਰਾ ਵਿਚ ਸਾਂਝ ਹੋ ਸਕਦੀ ਹੈ। ਦੋਨਾਂ ਵਿਚ ਕੁਝ ਨ੍ਰਿਮਿਤ ਹੋਣ ਦੇ ਭਾਵ ਹਨ। ਇਸ ਤਰ੍ਹਾਂ ਦੇਹਰਾਦੂਨ ਦਾ ਅਰਥ ਵਾਦੀ ਦਾ ਪਿੰਡ ਬਣਦਾ ਹੈ। ਉਂਜ ਦੇਹਰਾ, ਦੇਹਲੀ ਜਿਹੇ ਸ਼ਬਦਾਂ ਵਿਚ ਦਹਿਲੀਜ਼ ਦੇ ਭਾਵ ਵੀ ਹਨ ਤੇ ਇਸ ਅਨੁਸਾਰ ਦੇਹਰਾਦੂਨ ਦਾ ਅਰਥ ਘਾਟੀ ਦੀ ਦਹਿਲੀਜ਼ ਹੋ ਸਕਦਾ ਹੈ। ਇਸ ਚਰਚਾ ਨੂੰ ਅਜੇ ਖੁਲ੍ਹਾ ਛੱਡਿਆ ਜਾਂਦਾ ਹੈ। ਏਨਾ ਕੁ ਜ਼ਰੂਰ ਹੈ ਕਿ ਇਸ ਵਿਚ ਡੇਰਾ ਅਮਸ਼ ਬੋਲਦਾ ਪ੍ਰਤੀਤ ਨਹੀਂ ਹੁੰਦਾ।
ਅਜਿਤ ਵਡਨੇਰਕਰ ਦਾ ਵਿਚਾਰ ਹੈ ਕਿ ਡੇਰਾ ਬੱਦੂ ਲੋਕਾਂ ਦਾ ਸ਼ਬਦ ਹੈ ਅਤੇ ਇਸ ਦਾ ਸ੍ਰੋਤ ਸਾਮੀ ਹੈ। ਘੁਮੱਕੜ ਬੱਦੂ ਕਬੀਲਿਆਂ ਨੇ ਜਦ ਤੰਬੂ ਲਾ ਕੇ ਇਕ ਥਾਂ ਜੰਮ ਕੇ ਰਹਿਣਾ ਸਿੱਖ ਲਿਅ ਸੀ ਤਾਂ ਇਸ ਸ਼ਬਦ ਦਾ ਮੁਢਲਾ ਰੂਪ ਹੋਂਦ ਵਿਚ ਆਇਆ ਹੋਵੇਗਾ। ਕਬੀਲੇ ਦੇ ਲੋਕ ਇਕ ਗੋਲਾਕਾਰ ਦਾਇਰੇ ਵਿਚ ਰਹਿੰਦੇ ਹੋਣਗੇ ਤਾਂ ਜੁ ਇਕ ਦੂਜੇ ਦੇ ਪਾਸ ਪਾਸ ਸੁਰੱਖਿਅਤ ਰਹਿ ਸਕਣ। ਇਸ ਤਰ੍ਹਾਂ ਇਸ ਦੇ ਵਸੇਰੇ ਵਿਚ ਮੂਲ ਭਾਵ ਇਕ ਦੂਜੇ ਦੇ ਨਿਕਟ ਗੋਲ ਗੋਲ ਰਹਿਣ ਵਿਚ ਹੈ। ਸਾਮੀ ਮੂਲ ਦ-ੇ-ਰ ਵਿਚ ਘੁੰਮਣ, ਫਿਰਨ, ਗੋਲ ਗੋਲ ਚੱਲਣ ਦੇ ਭਾਵ ਹਨ। ਅਰਬੀ ਵਿਚ ਮੂਲ ਦਾ ਰੂਪ ਹੈ ਦ-ੱ-ਰ। ਇਸ ਤੋਂ ਦਾਇਰ ਸ਼ਬਦ ਬਣਿਆ ਜਿਸ ਵਿਚ ਗੋਲ, ਘੇਰਾ, ਮੰਡਲ ਆਦਿ ਜਿਹੇ ਅਰਥ ਹਨ। ਇਸ ਵਿਚ ਮਜਲਿਸ, ਸਭਾ, ਟੱਬਰ ਦੇ ਅਰਥ ਵੀ ਹਨ। ਅਸੀਂ ਇਸ ਨੂੰ Ḕਅਪੀਲ ਦਾਇਰ ਕਰਨਾḔ ਜਿਹੀ ਉਕਤੀ ਵਿਚ ਦੇਖ ਸਕਦੇ ਹਾਂ ਜਿਸ ਦਾ ਭਾਵ (ਮੁਕੱਦਮਾ) ਪੇਸ਼ ਕਰਨਾ ਹੁੰਦਾ ਹੈ। ਇਸੇ ਤੋਂ ਦਾਇਰਾ ਸ਼ਬਦ ਬਣਿਆ ਜੋ ਸਾਡੀਆਂ ਭਾਸ਼ਾਵਾਂ ਵਿਚ ਗੋਲ ਚੱਕਰ, ਪਰਿਧੀ, ਘੇਰਾ, ਚੱਕਰ ਦੇ ਅਰਥਾਂ ਵਜੋਂ ਸਮਾ ਚੁੱਕਾ ਹੈ। ਦਾਇਰਾ ਸ਼ਬਦ ਵਿਚ ਮਹੱਲਾ, ਬਸਤੀ, ਆਸ਼ਰਮ, ਖੇਮਾ ਦੇ ਭਾਵ ਹਨ। ਉਰਦੂ ਵਿਚ ਦਾਇਰਾਦਾਰ ਦਾ ਮਤਲਬ ਮਹੰਤ ਜਾਂ ਮਠਧਾਰੀ ਹੁੰਦਾ ਹੈ। ਧਿਆਨ ਦਿਓ, ਡੇਰੇਦਾਰ ਵਿਚ ਵੀ ਏਹੀ ਭਾਵ ਹਨ। ḔਦੌਰḔ ਸ਼ਬਦ ਦਾ ਅਰਥ ਵੀ ਘੁਮਾਉ, ਚੱਕਰ ਹੁੰਦਾ ਹੈ। ਇਸ ਤੋਂ ਬਣੇ ਦੌਰਾ ਸ਼ਬਦ ਵਿਚ ਵੀ ਘੁੰਮਣ, ਫਿਰਨ, ਗਸ਼ਤ ਕਰਨ ਦੇ ਭਾਵ ਹਨ। ਮਦਾਰੀ ਉਹ ਹੈ ਜੋ ਘੁੰਮ ਫਿਰ ਕੇ ਤਮਾਸ਼ਾ ਦਿਖਾਉਂਦਾ ਹੈ। ਅਸਲ ਵਿਚ ਇਸ ਧਾਤੂ ਤੋਂ ਬਣੇ ਸ਼ਬਦ ਦਰ, ਦਾਰ, ਦਾਇਰ, ਦਿਆਰ ਆਦਿ ਵਿਚ ਘਰ ਜਾਂ ਵਸੇਰਾ ਦੇ ਭਾਵ ਹਨ,
ਕਲ ਚਮਨ ਥਾ ਆਜ ਉਜੜਾ ਦਿਆਰ ਹੈ;
ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਿਆਰ ਮੇਂ।
ਡੇਰਾ ਬਣ ਕੇ ਭਾਰਤ ਪੁੱਜੇ ਇਸ ਸ਼ਬਦ ਦੇ ਅਰਥਾਂ ਵਿਚ ਹੋਰ ਵਿਸਤਾਰ ਹੋਇਆ। ਇਸ ਵਿਚ ਟਿਕਾਣਾ, ਬਸਤੀ, ਵਸੇਰਾ ਦੇ ਭਾਵ ਆਏ। ਫਿਰ ਤੰਬੂ, ਸ਼ਾਮਿਆਨਾ, ਮਠ, ਮਜਲਿਸ ਮਕਾਨ ਆਦਿ ਦੇ ਭਾਵ ਜੁੜੇ। ਡੇਰੇ ਦਾ ਕਰਤਾਧਰਤਾ ਜਾਂ ਮਠਧਾਰੀ ਡੇਰੇਦਾਰ ਹੈ। ਡੇਰਿਆਂ ਵਾਂਗ ਰਹਿਣ ਵਾਲੀ ਤਵਾਇਫ ਲਈ ਡੇਰੇਦਾਰਨ ਸ਼ਬਦ ਵੀ ਪ੍ਰਚਲਿਤ ਹੋਇਆ। ਡੇਰਾ ਗਾਜ਼ੀ ਖਾਂ ਤੇ ਡੇਰਾ ਇਸਮਾਇਲ ਖਾਂ ਦੇ ਇਲਾਕੇ ਵਾਲੇ ਲੋਕਾਂ ਨੂੰ ਡੇਰੇਵਾਲ ਕਿਹਾ ਜਾਂਦਾ ਹੈ। ਕੁਝ ਚਰਚਾ ਇਨ੍ਹਾਂ ਦੋਨਾਂ ਸਥਾਨਾਂ ਦੀ ਕਰ ਲਈਏ। ਅਸਲ ਵਿਚ 15ਵੀਂ ਸਦੀ ਵਿਚ ਬਲੋਚੀ ਯੋਧੇ ਸਰਦਾਰ ਮਲਿਕ ਸੁਹਰਾਬ ਖਾਂ ਨੇ ਸਿੰਧ ਘਾਟੀ ਦੇ ਇਸ ਇਲਾਕੇ ਨੂੰ ਹਥਿਆਇਆ ਸੀ ਤੇ ਮੁਲਤਾਨ ਦੇ ਸੁਲਤਾਨ ਨੇ ਉਸ ਨੂੰ ਇਹ ਇਲਾਕਾ ਜਗੀਰ ਵਜੋਂ ਬਖਸ਼ਿਆ ਸੀ। ਉਸ ਦੇ ਤਿੰਨ ਬੇਟਿਆਂ ਤੇ ਜਾਨਸ਼ੀਨਾਂ-ਗਾਜ਼ੀ ਖਾਂ, ਇਸਮਾਇਲ ਖਾਂ ਅਤੇ ਫਤਹਿ ਖਾਂ ਨੇ ਇਹ ਡੇਰੇ ਆਪਣੇ ਨਾਂਵਾਂ ਥੱਲੇ ਵਸਾਏ।
Leave a Reply