ਘਰ ਚੱਲੀਏ

ਇਹ ਦੋ ਸ਼ਬਦ ‘ਘਰ ਚੱਲੀਏ’ ਜਿਨ੍ਹਾਂ ਉਤੇ ਸਾਡੇ ਕਾਲਮਨਵੀਸ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਹ ਪੂਰਾ ਲੇਖ ਬੀੜਿਆ ਹੈ, ਅਸਲ ਵਿਚ ਆਪਣੇ ਅੰਦਰ ਸਦੀਆਂ ਦਾ ਫਲਸਫਾ ਸਮੋਈ ਬੈਠਾ ਹੈ। ਇਸ ਲੇਖ ਵਿਚ ਜਿਹੜੀਆਂ ਗੱਲਾਂ ਦੀ ਖਣਕਾਰ ਬਹੁਤ ਧੀਮੀ-ਧੀਮੀ ਸੁਣ ਰਹੀ ਹੈ, ਉਨ੍ਹਾਂ ਦਾ ਨਾੜੂਆ ਜ਼ਿੰਦਗੀ ਦੀ ਅਮੁੱਕ, ਅਟੁੱਟ, ਅਰੋਕ ਤੇ ਅਨੰਤ ਤਲਾਸ਼ ਨਾਲ ਜੁੜਿਆ ਹੋਇਆ ਹੈ। ਇਸ ਤਲਾਸ਼ ਵਿਚ ਹਰ ਉਸ ਜਿਉੜੇ ਦੀ ਤਾਂਘ ਉਸਲਵੱਟੇ ਲੈਂਦੀ ਰਹਿੰਦੀ ਹੈ, ਜਿਹੜਾ ਜ਼ਿੰਦਗੀ ਦੀਆਂ ਤਾਰਾਂ ਨੂੰ ਲਗਾਤਾਰ ਨੱਚਣ ਲਾਈ ਰੱਖਦਾ ਹੈ। ਇਹ ਨਾਚ ਸੰਗੀਤ ਅਤੇ ਸੰਗਤ ਦੀ ਉਹ ਸੁਰ-ਤਾਲ ਹੈ ਜਿਸ ਵਿਚੋਂ ਸਦਾ ਆਸਾਂ ਦੇ ਝਰਨੇ ਫੁੱਟੇ ਰਹਿੰਦੇ ਹਨ। -ਸੰਪਾਦਕ

ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਨਿੱਕਾ ਜਿਹਾ ਇਹ ਵਾਕ ‘ਘਰ ਚਲੀਏ’ ਅਨੰਤ ਸੁਖਦਾਤਾ ਹੈ। ਇਹ ਵਾਕ ਬੋਲਣ ਵਾਲਾ ਬੰਦਾ ਅੱਧਾ ਤਾਂ ਘਰ ਉਸੇ ਵਕਤ ਪੁੱਜ ਗਿਆ ਜਦੋਂ ਇਹ ਸ਼ਬਦ ਕਹੇ। ਇਨ੍ਹਾਂ ਬੋਲਾਂ ਦਾ ਅਰਥ ਹੈ ਕਿ ਕਥਨ ਕਰਨ ਵਾਲੇ ਦਾ ਕਿਤੇ ਕੋਈ ਘਰ ਹੈ। ਮਹਾਂਨਗਰਾਂ ਵਿਚ ਦਿਨ ਰਾਤ ਸੜਕਾਂ ਉਪਰ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਦੂਜੇ ਪਾਸੇ ਫੁੱਟਪਾਥਾਂ ਉਪਰ ਲੋਕ ਸੁੱਤੇ ਪਏ ਹਨ ਜਿਨ੍ਹਾਂ ਬਾਬਤ ਖੁਮਾਰ ਨੇ ਲਿਖਿਆ ਸੀ,
ਜੋ ਫੁਟਪਾਥੋਂ ਪੇ ਸੋਤੇ ਹੈਂ ਵੁ ਅਕਸਰ ਸੋਚਾ ਕਰਤੇ ਹੈਂ,
ਕਿ ਜਿਨ ਲੋਗੋਂ ਕੇ ਘਰ ਹੈਂ ਵੁ ਅਪਨੇ ਘਰ ਕਿਉਂ ਨਹੀਂ ਜਾਤੇ।
ਮਰਹੂਮ ਸਤਨਾਮ ਸਿੰਘ ਖੁਮਾਰ ਕੇਵਲ ਸ਼ਾਇਰ ਨਹੀਂ, ਮਨੋਵਿਗਿਆਨ ਦਾ ਬਿਹਤਰੀਨ ਅਧਿਆਪਕ ਸੀ। ਉਸ ਦੀ ਹਰ ਗੱਲ ਹਰ ਵਕਤ ਇਉਂ ਹੁੰਦੀ ਸੀ ਜਿਵੇਂ ਕਲਾਸ ਵਿਚ ਖਲੋਤਾ ਹੋਵੇ। ਸ਼ਹਿਰ ਮਿਲ ਗਿਆ, ਮੈਂ ਪੁੱਛਿਆ, ਕਿਧਰੋਂ ਆ ਰਹੇ ਹੋ ਖੁਮਾਰ ਸਾਹਿਬ? ਕਿੱਧਰ ਚੱਲੇ? ਉਸ ਨੇ ਕਿਹਾ, ਸ਼ਿਅਰ ਅਰਜ਼ ਕਰਤਾ ਹੂੰ,
ਹਵਾ ਕੇ ਦੋਸ਼ ਪਰ ਬਾਦਲ ਕੇ ਟੁਕੜੇ ਕੀ ਤਰਹ ਹਮ ਹੈਂ
ਕਿਸੀ ਝੋਂਕੇ ਸੇ ਪੂਛੋਗੇ ਕਿ ਹਮ ਕੋ ਹੈ ਕਿਧਰ ਜਾਨਾ।
ਮੈਂ ਪੁੱਛਿਆ, ਦੋਸ਼ ਮਾਇਨੇ ਕੀ ਹੋਇਆ ਇਥੇ? ਉਸ ਨੇ ਕਿਹਾ, ਫਾਰਸੀ ਵਿਚ ਦੋਸ਼ ਮਾਇਨੇ ਕੰਧਾ, ਮੋਢਾ। ਖਾਨਾਬਦੋਸ਼ ਲਫਜ਼ ਨਹੀਂ ਸੁਣਿਆ ਕਦੀ? ਖਾਨਾ ਮਾਇਨੇ ਘਰ। ਖਾਨਾਬਦੋਸ਼ ਉਹ ਲੋਕ ਹਨ ਜਿਨ੍ਹਾਂ ਨੇ ਆਪਣਾ ਘਰ ਆਪਣੇ ਮੋਢਿਆਂ ‘ਤੇ ਚੁੱਕਿਆ ਹੁੰਦਾ ਹੈ। ਪੰਜ-ਚਾਰ ਬਾਂਸ, ਇਕ-ਦੋ ਚਾਦਰਾਂ, ਬੱਸ। ਜਿਨ੍ਹਾਂ ਨੇ ਖਾਨਾਬਦੋਸ਼ ਦਾ ਅਰਥ ਟੱਪਰੀਵਾਸ ਕੀਤਾ, ਉਹ ਗਲਤ ਹਨ। ਟੱਪਰੀ/ਝੌਂਪੜੀ ਤਾਂ ਇਕ ਥਾਂ ਖਲੋਤੀ ਹੈ। ਗਰੀਬਾਂ ਦੀਆਂ ਬਸਤੀਆਂ ਹਨ ਜਿਥੇ ਉਹ ਝੌਂਪੜੀਆਂ ਵਿਚ ਰਹੀ ਜਾਂਦੇ ਹਨ। ਉਹ ਖਾਨਾਬਦੋਸ਼ ਨਹੀਂ ਹਨ। ਖਾਨਾਬਦੋਸ਼ਾਂ ਦਾ ਘਰ ਅੱਜ ਇਥੇ, ਕੱਲ੍ਹ ਉਥੇ। ਖਾਨਾਬਦੋਸ਼ ਲੋਕ ਹਮੇਸ਼ਾ ਤਾਜ਼ਾ-ਤਰੀਕ ਪਰ ਬਹੁਤ ਡੂੰਘੇ। ਇਰਾਨ ਦੇ ਬਾਦਸ਼ਾਹ ਪਹਿਲਵੀ ਨੇ ਪਹਾੜੀ ਖਾਨਾਬਦੋਸ਼ਾਂ ਨੂੰ ਜਬਰਨ ਹਥਿਆਰਬੰਦ ਫੌਜਾਂ ਦੀ ਸਹਾਇਤਾ ਨਾਲ ਜ਼ਮੀਨ ‘ਤੇ ਆਬਾਦ ਕੀਤਾ। ਘਰ ਬਣਾ ਕੇ ਦਿੱਤੇ। ਦਰਅਸਲ ਉਸ ਨੂੰ ਇਨ੍ਹਾਂ ਸੈਲਾਨੀਆਂ ਤੋਂ ਡਰ ਲਗਦਾ ਸੀ। ਜਿਹੜੇ ਕਿਸੇ ਪੱਖੋਂ ਕਿਸੇ ਹਕੂਮਤ ਦੇ ਮੁਥਾਜ ਨਹੀਂ, ਉਨ੍ਹਾਂ ਤੋਂ ਡਰ ਲੱਗਣਾ ਵਾਜਬ ਹੈ। ਜਦੋਂ ਬਾਦਸ਼ਾਹ ਦੌੜ ਗਿਆ ਤੇ ਅਮਰੀਕਾ ਵਿਚ ਸ਼ਰਨ ਲੈ ਲਈ, ਤਾਂ ਪੱਕੇ ਘਰ ਛੱਡ ਕੇ ਇਹ ਖਾਨਾਬਦੋਸ਼ ਫਿਰ ਪਹਾੜੀ ਜੰਗਲਾਂ ਵਿਚ ਜਾ ਵੜੇ। ਉਨ੍ਹਾਂ ਦੇ ਗੀਤਾਂ ਵਿਚ ਝਰਨਿਆਂ ਦੀਆਂ ਛਣਕਾਟਾਂ ਤੇ ਸ਼ੇਰਾਂ ਦੀਆਂ ਗਰਜਾਂ ਹਨ। ਪਪੀਹਿਆਂ, ਕੋਇਲਾਂ ਤੇ ਬੁਲਬੁਲਾਂ ਦੀਆਂ ਸੁਰ-ਤਾਲਾਂ ਹਨ।
ਹਾਫਿਜ਼ ਸ਼ੀਰਾਜ਼ੀ ਆਪਣੀ ਨਜ਼ਮ ਨਾਲ ਗੱਲਾਂ ਕਰਦਿਆਂ ਲਿਖਦਾ ਹੈ,
ਸ਼ਾਇਰ: ਤੂੰ ਜਨਮ ਤੋਂ ਸ਼ੁਦੈਣ ਹੈ।
ਮੈਂ ਉਸ ਦਿਨ ਸ਼ਰਾਬ ਵਧੀਕ ਪੀ ਕੇ ਬੇਹੋਸ਼ੀ ਹੋ ਗਿਆ।
ਆਪਾਂ ਨੂੰ ਘਰ ਕੌਣ ਛੱਡ ਗਿਆ ਸੀ ਫਿਰ ਉਸ ਦਿਨ?
ਕਵਿਤਾ: ਮੈਂ ਤੈਨੂੰ ਵੀਹ ਵਾਰ ਕਿਹੈ ਕਿ ਸ਼ਰਾਬ ਪੀਣੀ ਬੰਦ ਕਰ ਦੇ।
ਸ਼ਾਇਰ: ਮੈਂ ਤੈਨੂੰ ਹਜ਼ਾਰ ਵਾਰ ਕਿਹੈ ਕਿ ਪਾਗਲਪਣ ਛੱਡ ਦੇ।
ਕਵਿਤਾ: ਇਉਂ ਕਰ, ਤੂੰ ਸ਼ਰਾਬ ਨਾ ਛੱਡæææ ਮੈਨੂੰ ਪਾਗਲਪਣ ਛੱਡਣ ਲਈ ਨਾ ਕਹਿ। ਆਪਾਂ ਨੂੰ ਘਰ ਤਾਂ ਛੱਡ ਹੀ ਜਾਂਦੈ ਕੋਈ ਨਾ ਕੋਈ।
ਇਥੇ ਹਾਫਿਜ਼ ਖ਼ਤਰਨਾਕ ਹੋ ਗਿਆ। ਹੁਣ ਉਹ ਹੋਰ ਗੱਲਾਂ ਕਰ ਰਿਹੈ, ਦੁਨੀਆਂਦਾਰੀ ਤੋਂ ਪਾਰ ਦੀਆਂ। ਦੱਸਦਾ ਹਾਂ ਕਿਵੇਂæææ
ਸੰਸਾਰ ਦੇ ਹਰ ਧਰਮ ਗ੍ਰੰਥ ਵਿਚ ਇਸ ਦੁਨੀਆਂ ਨੂੰ ਘਰ ਨਹੀਂ ਮੰਨਿਆ ਗਿਆ। ਕਿਹਾ ਹੈ, ਇਹ ਸਰਾਂ ਹੈ। ਇਥੋਂ ਤਕ ਕਿ ਰੱਬ ਤੋਂ ਮੁਨਕਿਰ ਨਾਸਤਕ ਧਰਮਾਂ ਨੇ ਵੀ ਇਸ ਧਰਤੀ ਨੂੰ ਮੁਸਾਫਰਖਾਨਾ ਕਿਹਾ। ਘਰ ਕਿਤੇ ਹੋਰ ਹੈ। ਇਹ ਬਾਬਲ ਦਾ ਘਰ ਹੈ, ਪੇਕਾ ਘਰ। ਇਥੇ ਥੋੜ੍ਹੀ ਦੇਰ ਰਹਿ ਕੇ ਫਿਰ ਪੀਆ ਕੇ ਦੇਸ ਜਾਣਾ ਪਵੇਗਾ। ਹਮੇਸ਼ਾ ਲਈ।
ਬੋਧੀ ਭਿਖੂ ਅਰਦਾਸ ਕਰਦੇ ਹਨ, “ਹੇ ਭੂਤਕਾਲ ਦੇ ਬੁੱਧ, ਹੇ ਵਰਤਮਾਨ ਬੁੱਧ, ਹੇ ਭਵਿਖਕਾਲੀ ਬੁੱਧ! ਭਟਕੇ ਮੁਸਾਫਰਾਂ ਨੂੰ ਘਰ ਲਿਆ।
ਕਰੋਧਵਾਨ ਪਿਤਾ ਨੇ ਜਦੋਂ ਤਲਵੰਡੀ ਪਿੰਡ ਦੇ ਬਾਹਰ, ਛੱਪੜ ਦੇ ਕਿਨਾਰੇ ਬੰਦਗੀ ਕਰਦੇ ਗੁਰੂ ਨਾਨਕ ਨੂੰ ਚਪੇੜਾਂ ਮਾਰੀਆਂ ਤਾਂ ਉਹੀ ਹੱਥ ਆਪਣੇ ਹੱਥ ਵਿਚ ਫੜ ਕੇ ਬੀਬੀ ਨਾਨਕੀ ਨੇ ਕੇਵਲ ਇੰਨੀ ਗੱਲ ਕਹੀ, “ਪਿਤਾ ਜੀ, ਘਰ ਚੱਲੀਏ।”æææਹੁਣ ਤਾਂ ਪੰਜ ਸਦੀਆਂ ਨੇ ਦੱਸ ਦਿੱਤਾ ਹੈ ਕਿ ਗੁਰੂ ਨਾਨਕ, ਬੀਬੀ ਨਾਨਕੀ, ਭਾਈ ਮਰਦਾਨਾ, ਰਾਇਬੁਲਾਰ ਖਾਨ ਸਾਹਿਬ ਘਰ ਪੁੱਜ ਗਏ ਸਨ, ਪਿਤਾ ਨੂੰ ਸਾਰੀ ਉਮਰ ਘਰ ਦਾ ਰਸਤਾ ਨਹੀਂ ਲੱਭਿਆ ਸਾਡੇ ਸਾਰਿਆਂ ਵਾਂਗ।
ਇਕ ਰੂਸੀ ਗੀਤ ਹੈ,
ਮੈਂ ਸਾਰੇ ਜੱਗ ਦਾ ਰਾਹੀ ਮੇਰੇ ਲਾਲ।
ਮੈਂ ਗਾਹਿਆ ਕੁੱਲ ਜਹਾਨ ਸਗਲ ਸਾਇਬੇਰੀਆ।
ਪਰ ਘਰ ਦੀ ਵਾਟ ਨਾ ਪਾਈ ਮੇਰੇ ਲਾਲ।
ਮੇਰਾ ਇਕ ਮਿੱਤਰ ਵਾਸ਼ਿੰਗਟਨ ਵਿਚ ਰਹਿੰਦੈ। ਉਹਨੂੰ ਪਤਾ ਲੱਗਾ, ਮੈਂ ਨਿਊ ਯਾਰਕ ਵਿਚ ਆਂ, ਤਾਂ ਲੈਣ ਆ ਗਿਆ। ਸਾਰੀ ਉਮਰ ਮਜ਼ਦੂਰੀ ਕਰਦਿਆਂ ਕੋਠੀ ਬਣਾਈ ਸੋਹਣੀ। ਮੁੰਡਾ ਗੋਰੀ ਨੂੰ ਲੈ ਕੇ ਭੱਜ ਗਿਆ, ਕੁੜੀ ਕਾਲੇ ਨਾਲ ਦੌੜ ਗਈ। ਰੋਂਦਾ-ਰੋਂਦਾ ਕਹਿਣ ਲੱਗਾ, ਮੈਂ ਅਮਰੀਕਨਾਂ ਵਾਸਤੇ ਸਾਰੀ ਉਮਰ ਦੀ ਪੂੰਜੀ ਇਸ ਕੋਠੀ ਉਪਰ ਲਾ ਦਿੱਤੀ? ਨਾ ਮੁੰਡਾ ਇਸ ਵਿਚ ਰਹੇਗਾ, ਨਾ ਕੁੜੀ। ਇਹ ਸਰਕਾਰ ਦੀ ਜਾਇਦਾਦ ਬਣ ਜਾਏਗੀ ਬੱਸ। ਮੈਂ ਸੋਚਦਾ ਰਿਹਾ ਇਹ ਮੇਰਾ ਘਰ ਐ।
ਜੈਨ ਤੀਰਥਾਂਕਰ ਕਹਿੰਦੇ ਹੁੰਦੇ ਸਨ, ਜਿਸ ਨੇ ਸ਼ਹਿਦ ਦਾ ਛੱਤਾ ਉਜਾੜਿਆ, ਉਸ ਨੂੰ ਪੂਰਾ ਵਸਦਾ-ਰਸਦਾ ਪਿੰਡ ਉਜਾੜਨ ਦਾ ਪਾਪ ਲੱਗੇਗਾ।
ਨਾਗਸੈਨ ਨੂੰ ਨਾਲ ਲੈ ਕੇ ਮੈਂ ਆਪਣੇ ਇਕ ਪੁਰਾਣੇ ਮਿੱਤਰ ਦੇ ਪਿੰਡ ਮਿਲਣ ਗਿਆ। ਹਵੇਲੀ ਵਿਚ ਇਕ ਬਜ਼ੁਰਗ ਬੈਠਾ ਸੀ। ਅਸੀਂ ਪੁੱਛਿਆ, ਕਿਧਰ ਗਏ ਘਰ ਦੇ ਜੀਅ? ਉਹਨੇ ਕਿਹਾ, ਘਰ? ਕਿਹੜਾ ਘਰ? ਇਹ ਘਰ ਦਿਸਦੈ ਤੁਹਾਨੂੰ? ਕਬੂਤਰਖਾਨਾ ਐ ਇਹ ਕਬੂਤਰਖਾਨਾ। ਪਤਾ ਨੀ ਕਿਧਰੋਂ ਆਉਂਦੇ ਨੇ ਕਬੂਤਰ। ਰਤਾ ਕੁ ਪੰਜੇ ਜਿਹੇ ਛੁਹਾਏ ਬਨੇਰਿਆਂ ਨਾਲ, ਫਿਰ ਉਡਾਰੀ ਮਾਰ ਗਏ। ਕਿਧਰ ਜਾਂਦੇ ਨੇ ਕੋਈ ਪਤਾ ਨਹੀਂ। ਘਰ ਹੁਣ ਘਰ ਨਹੀਂ ਰਹੇ। ਕਬੂਤਰਖਾਨੇ ਨੇ ਇਹ।
ਜੋ ਮਰਜ਼ੀ ਕਹੋ, ਮਾਂ ਤੋਂ ਬਗੈਰ ਕੋਈ ਬਿਲਡਿੰਗ ਘਰ ਨਹੀਂ ਹੋ ਸਕਦੀ। ਸਾਡੀਆਂ ਮਾਂਵਾਂ ਨਹੀਂ ਰਹੀਆਂ, ਉਨ੍ਹਾਂ ਨੇ ਜਾਣਾ ਈ ਸੀ, ਸਾਡੇ ਬੱਚਿਆਂ ਦੀਆਂ ਮਾਂਵਾਂ ਤਾਂ ਹਨ। ਇਕ ਜਪਾਨੀ ਕਵਿਤਾ ਦੇ ਬੋਲ ਇਹ ਹਨ,
ਸਰਦ ਰਾਤ, ਬਿਜਲੀ ਦੀ ਲਿਸ਼ਕਾਰ, ਬੱਦਲਾਂ ਦੀ ਗਰਜ।
ਆਲ੍ਹਣੇ ਵਿਚ ਖੰਭਾਂ ਹੇਠ ਸਹਿਮੇ ਦੋ ਬੋਟਾਂ ਵਿਚੋਂ ਇਕ ਨੇ ਕਿਹਾ, ਬਚ ਜਾਵਾਂਗੇ ਅੱਜ ਦੀ ਰਾਤ ਮਾਂ?
ਚਿੜੀ ਨੇ ਕਿਹਾ, ਕਿਉਂ ਡਰਦੇ ਹੋ? ਮੈਂ ਹਾਂ ਤਾਂ ਇਥੇ ਤੁਹਾਡੇ ਕੋਲ।
ਦੋਵੇਂ ਬੋਟ ਬੇਫਿਕਰ ਹੋ ਕੇ ਸੌਂ ਗਏ।
ਚਾਲੀ ਜੁਆਨ ਬੇਦਾਵਾ ਲਿਖ ਕੇ ਆਪਣੇ ਪਿੰਡ ਪਰਤ ਆਏ। ਵਾਪਸ ਆ ਕੇ ਅਹਿਸਾਸ ਹੋਇਆ ਕਿ ਗੱਲ ਠੀਕ ਨਹੀਂ ਹੋਈ, ਵਾਪਸ ਜਾਣਾ ਪਵੇਗਾ। ਉਹ ਮਰਨ ਤੋਂ ਡਰਦੇ ਜਿਉਣ ਦੀ ਲਾਲਸਾ ਨਾਲ ਪਰਤੇ ਸਨ, ਪਰ ਮਾਈ ਭਾਗੋ ਨੇ ਜਦੋਂ ਦੱਸਿਆ ਕਿ ਆਪਣਾ ਸਭ ਦਾ ਘਰ ਤਾਂ ਦਸਮੇਸ਼ ਪਿਤਾ ਦੇ ਕਦਮਾਂ ਵਿਚ ਹੈ, ਉਹ ਮਰਨ ਵਾਸਤੇ ਵਾਪਸ ਪਰਤ ਗਏ। ਚਾਲੀਆਂ ਵਿਚੋਂ ਅਠੱਤੀ ਜਾਂ ਉਨਤਾਲੀ ਨਹੀਂ, ਇਕਤਾਲੀ ਹੋ ਕੇ ਮੁਕਤਸਰ ਪੁੱਜੇ, ਤੇ ਉਹ ਸ਼ਾਨਦਾਰ ਯੁੱਧ ਲੜਿਆ ਕਿ ਉਨ੍ਹਾਂ ਦਾ ਸ਼ਹੀਦੀ ਸਥਾਨ ਮੁਕਤੀ ਦਾ ਸਰੋਵਰ ਬਣ ਗਿਆ ਜਿਥੇ ਸਾਡੇ ਪਾਪ ਧੋਏ ਜਾਂਦੇ ਹਨ। ਟੁੱਟੀ, ਕਿਸੇ ਵਕਤ ਵੀ ਗੰਢੀ ਜਾ ਸਕਦੀ ਹੈ। ਉਹ ਘਰ ਪੁੱਜ ਗਏ।
ਇਕ ਬੁੱਢਾ ਆਦਮੀ ਹਜ਼ਰਤ ਨਿਜ਼ਾਮ-ਉਦ-ਦੀਨ ਦੇ ਦਰਬਾਰ ਵਿਚ ਪੇਸ਼ ਹੋਇਆ, ਤੇ ਅਰਜ਼ ਕੀਤੀ, ਮੇਰੇ ਗੁਨਾਹ ਪਰਵਰਦਗਾਰ ਪਾਸੋਂ ਬਖਸ਼ਣਾ ਹਜ਼ੂਰ। ਤੁਸੀਂ ਵਡੀਆਂ ਕਮਾਈਆਂ ਵਾਲੇ ਹੋ।
ਹਜ਼ਰਤ ਨਿਜ਼ਾਮ-ਉਦ-ਦੀਨ ਨੇ ਕਿਹਾ, ਹੁਣ ਸਾਰੀ ਉਮਰ ਬਿਤਾ ਕੇ ਇਥੇ ਆ ਗਏ ਹੋ। ਪਹਿਲਾਂ ਕਿਉਂ ਨਹੀਂ ਆਏ? ਇੰਨੀ ਦੇਰ ਕਿਉਂ ਕੀਤੀ?
ਬਜ਼ੁਰਗ ਨੇ ਕਿਹਾ, ਮਰਨ ਤੋਂ ਪਹਿਲਾਂ-ਪਹਿਲਾਂ ਜਿਹੜਾ ਤੁਹਾਡੇ ਦਰਬਾਰ ਵਿਚ ਹਾਜ਼ਰ ਹੋ ਜਾਏ, ਉਹ ਬਖਸ਼ੇ ਜਾਣ ਦਾ ਹੱਕਦਾਰ ਹੈ।
ਔਲੀਆ ਨੇ ਫਰਮਾਇਆ, ਇਨ੍ਹਾਂ ਨੇ ਠੀਕ ਕਿਹਾ ਭਾਈਓ। ਲੇਟ ਆ ਜਾਓ ਬੇਸ਼ਕ, ਪਰ ਘਰ ਪਰਤ ਆਇਆ ਜਿਹੜਾ, ਸੋ ਬਚ ਗਿਆ।
ਫੂਲਕੀਆਂ ਘਰਾਣਾ ਫਖ਼ਰ ਨਾਲ ਦੱਸਦਾ ਹੁੰਦਾ ਕਿ ਮਹਾਰਾਜ ਇਨ੍ਹਾਂ ਦੀ ਸੇਵਾ ਤੋਂ ਇੰਨੇ ਪ੍ਰਸੰਨ ਹੋਏ ਕਿ ਬਚਨ ਕੀਤਾ, “ਤੇਰਾ ਘਰ ਮੇਰਾ ਅਸੈ।” ਮਹਿੰਦਰਾ ਕਾਲਜ ਦਾ ਐਮਬਲਮ (ਮੁਹਰ, ਨਿਸ਼ਾਨ) ਇਨ੍ਹਾਂ ਸੁੰਦਰ ਬੋਲਾਂ ਨਾਲ ਸ਼ਿੰਗਾਰਿਆ ਹੋਇਆ ਹੈ। ਮੈਂ ਇਸ ਕਾਲਜੋਂ ਬੀæਏæ ਕੀਤੀ ਸੀ। ਅਧਿਆਪਕਾਂ ਨੂੰ ਪੁੱਛਦਾ ਸਾਂ, “ਅਸੈ” ਲਫਜ਼ ਦੇ ਕੀ ਮਾਇਨੇ ਨੇ? ਸਾਰੇ ਆਖਦੇ, ਘਰ, ਤੇਰਾ ਘਰ ਸੋ ਮੇਰਾ ਘਰ। ਕੋਸ਼ਾਂ ਵਿਚ ਤਾਂ ਅਜਿਹਾ ਅਰਥ ਲੱਭਾ ਨਹੀਂ, ਫਿਰ ਇਹ ਕੀ ਹੋਇਆ? ਮੇਰੇ ਨਾਨਕੇ ਹਰਿਆਣੇ ਵਿਚ ਹਨ, ਉਨ੍ਹਾਂ ਦੇ ਬੋਲ ਧਿਆਨ ਨਾਲ ਸੁਣੇ ਤਾਂ ਪਤਾ ਲੱਗਾ ਕਿ ਇਸ ਲਫਜ਼ ਦਾ ਅਰਥ ਹੈ “ਹੈ।” ਤੇਰਾ ਘਰ ਮੇਰਾ ਹੈ। ਖੇਤ ਵਿਚ ਕਿਸੇ ਹਰਿਆਣਵੀ ਨੇ ਪੁੱਛਿਆ, ਜੋਹ ਗੰਡਾਸਾ ਕਿਸਕੈ ਭਈ? ਜਵਾਬ ਸੀ, ਮ੍ਹਾਰਾ ਸੈ (ਸਾਡਾ ਹੈ)। ਉਹ ਸੈ ਤੋਂ ਵਰਤੇ ਜਾਂਦੇ ਪਹਿਲੇ ਅੱਖਰ ਉਪਰ ਵੱਧ ਜ਼ੋਰ ਦਿੰਦੇ ਹਨ, ਸੋ “ਸੈ” ਨੂੰ “ਅਸੈ” ਲਿਖਿਆ ਗਿਆ। ਨਾਲੇ ‘ਸ’ ਅਤੇ ‘ਹ’ ਆਪਸ ਵਿਚ ਅਕਸਰ ਥਾਂਵਾਂ ਬਦਲ ਲੈਂਦੇ ਹਨ (ਸਿੰਧ- ਹਿੰਦ, ਸਪਤਾਹ- ਹਫਤਾ, ਅਸੀਂ- ਅਹੀਂ)।
ਇਮਾਮ ਖੁਮੀਨੀ ਨੂੰ ਬਾਦਸ਼ਾਹ ਈਰਾਨ ਨੇ ਦੇਸ਼ ਨਿਕਾਲਾ ਦੇ ਦਿੱਤਾ। ਉਹਨੇ ਪੈਰਿਸ ‘ਚ ਪਨਾਹ ਲਈ ਜਿਥੇ ਪਹਿਰੇ ਹੇਠ 14 ਸਾਲ ਜਲਾਵਤਨੀ ਕੱਟੀ। ਫਿਰ ਉਹਦੀ ਬੰਦਗੀ ਰੰਗ ਲਿਆਈ। ਬਾਦਸ਼ਾਹ ਨੇ ਰੇਤ ਦੀ ਇਕ ਮੁੱਠੀ ਲਿਫਾਫੇ ਵਿਚ ਪਾ ਲਈ ਤੇ ਜਹਾਜ਼ੇ ਚੜ੍ਹ ਕੇ ਅਮਰੀਕਾ ਪਨਾਹ ਲਈ- ਇਹ ਰੇਤ ਦੇਖਿਆ ਕਰਾਂਗਾ, ਇਹ ਮੇਰਾ ਮੁਲਕ ਸੀ ਕਦੀ।æææ ਖੁਮੀਨੀ ਪੈਰਿਸ ਦੇ ਹਵਾਈ ਅੱਡੇ ਉਪਰ ਆ ਉਤਰਿਆ। ਹਵਾਈ ਅੱਡੇ ਤੋਂ ਉਹਦੇ ਪਿੰਡ ਕੁਮ ਤੱਕ ਇਰਾਨ ਸੜਕਾਂ ਉਪਰ ਉਤਰ ਆਇਆ, ਆਪਣੇ ਈਮਾਮ ਦੇ ਦੀਦਾਰ ਕਰਨ। ਉਸ ਨੂੰ ਪੁੱਛਿਆ ਗਿਆ, ਆਪਣੇ ਘਰ ਚੱਲੋਗੇ? ਇਮਾਮ ਨੇ ਕਿਹਾ, ਘਰ? ਕਿਹੜਾ ਘਰ? ਇਰਾਨ ਮੇਰਾ ਘਰ ਤਾਂ ਹੈ। ਆ ਗਿਆ ਇਥੇ ਆਪਣੇ ਘਰ, ਆਪਣੇ ਬਾਲ ਬੱਚਿਆਂ ਨੂੰ ਮਿਲਣ। ਪਹਿਲੋਂ ਮੈਨੂੰ ਕਬਰਿਸਤਾਨ ਲੈ ਚੱਲੋ, ਉਥੇ ਮੇਰੇ ਹਜ਼ਾਰਾਂ ਬੱਚੇ-ਬੱਚੀਆਂ ਸੁੱਤੇ ਪਏ ਨੇ। ਯੁੱਧ ਮੈਂ ਸ਼ੁਰੂ ਕੀਤਾ, ਉਨ੍ਹਾਂ ਨੇ ਮੇਰਾ ਆਖਾ ਮੰਨਿਆ, ਇਹ ਸੋਚ ਕੇ, ਕਿ ਜਿੱਤਾਂਗੇ। ਤੇ ਬਾਦਸ਼ਾਹ ਦੇ ਸਿਪਾਹੀਆਂ ਨੇ ਉਹ ਮਾਰ ਦਿੱਤੇ। ਮੈਂ ਉਥੇ ਉਨ੍ਹਾਂ ਨੂੰ ਸਲਾਮ ਕਰਾਂਗਾ।æææ ਕਬਰਿਸਤਾਨ ਪੁੱਜੇ। ਇਮਾਮ ਨੇ ਫਾਤਿਹਾ ਪੜ੍ਹਿਆ, ਕਿਹਾ, ਮੇਰੀ ਵਸੀਅਤ ਹੈ-ਮੇਰੀ ਕਬਰ ਇਥੇ ਬਣੇ। ਮੈਂ ਆਪਣੇ ਇਸ ਪਰਿਵਾਰ ‘ਚ ਸੌਵਾਂਗਾ।
ਕਿਤਾਬ ‘ਸੇਗਮਾਂ ਦੇ ਹੰਝੂ’ ਪੜ੍ਹਨੀ। ਸਾਲ 1857 ਦੇ ਯੁੱਧ ਤੋਂ ਬਾਅਦ ਜਦੋਂ ਗੋਰਾ ਸਾਰੇ ਹਿੰਦੁਸਤਾਨ ‘ਤੇ ਕਾਬਜ਼ ਹੋ ਗਿਆ ਤਾਂ ਫੈਸਲਾ ਹੋਇਆ ਕਿ ਜਾਰਜ ਪੰਜਵਾਂ ਦਿੱਲੀ ਆਏਗਾ। ਹੁਣ ਦੁਸ਼ਮਣੀ ਕਿਸ ਗੱਲ ਲਈ ਭਲਾ? ਸ਼ਾਹੀ ਖਾਨਦਾਨ ਦੇ ਜਿਉਂਦੇ ਬਚੇ ਹੋਏ ਬੰਦੇ ਲੱਭੋ ਅਤੇ ਉਨ੍ਹਾਂ ਨੂੰ ਦਾਅਵਤ ਦਿਓ, ਵਜ਼ੀਫੇ ਲਾਓ; ਹੁਣ ਉਹ ਸਾਡੀ ਪਰਜਾ ਹਨ। ਬਹਾਦਰ ਸ਼ਾਹ ਦੇ ਕਰੀਬੀ ਰਿਸ਼ਤੇਦਾਰਾਂ ਦੀ ਤਲਾਸ਼ ਹੋਈ।
ਪਤਾ ਲੱਗਾ ਇਕ ਬਜ਼ੁਰਗ ਔਰਤ ਗਰੀਬੀ ਵਿਚ ਦਿਨ-ਕਟੀ ਕਰ ਰਹੀ ਹੈ। ਗੋਰਾ, ਦੁਭਾਸ਼ੀਆ ਸਣੇ ਸੱਦਾ ਪੱਤਰ ਦੇਣ ਚਲਾ ਗਿਆ। ਮਾਤਾ ਨੇ ਸੱਦਾ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਗੋਰੇ ਨੇ ਪੁੱਛਿਆ, ਪਤਾ ਲੱਗਾ ਹੈ ਕਿ ਤੁਸੀਂ ਲਾਲ ਕਿਲ੍ਹੇ ਅੰਦਰ ਮਹਿਲਾਂ ਵਿਚ ਰਿਹਾ ਕਰਦੇ ਸੀ? ਹੁਣ ਦੇਖਣ ਨਹੀਂ ਆਓਗੇ ਆਪਣਾ ਪੁਰਾਣਾ ਘਰ? ਮਾਤਾ ਨੇ ਕਿਹਾ, ਮੈਂ ਉਥੇ ਚਾਲੀ ਸਾਲ ਰਹੀ, ਮੈਨੂੰ ਲਗਦਾ ਸੀ, ਇਹ ਮੇਰਾ ਘਰ ਹੈ। ਹੁਣ ਗੋਰਾ ਸਮਝਦਾ ਹੈ ਕਿ ਇਹ ਉਹਦਾ ਘਰ ਹੈ। ਮੈਨੂੰ ਤਾਂ ਸਮਝ ਆ ਗਈ ਕਿ ਉਹ ਮੇਰਾ ਘਰ ਨਹੀਂ, ਇਕ ਦਿਨ ਗੋਰੇ ਨੂੰ ਵੀ ਪਤਾ ਲੱਗ ਜਾਵੇਗਾ ਕਿ ਉਹਦਾ ਘਰ ਵੀ ਨਹੀਂ ਇਹ। ਇਹ ਤਾਂ ਅੱਲਾਹ ਪਰਵਰਦਗਾਰ ਦੀਆਂ ਨਿਸ਼ਾਨੀਆਂ ਨੇ, ਸੁਹਣੀਆਂ ਨੇ; ਘਰ ਨਹੀਂ ਇਹ। ਸਾਡਾ ਘਰ ਕਿਤੇ ਹੋਰ ਹੈ।

Be the first to comment

Leave a Reply

Your email address will not be published.