ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ

ਪਰਵਾਸੀਆਂ ਦੀ ਅੱਜ ਇਕ ਵੱਖਰੀ ਪਛਾਣ ਅਤੇ ਐਨ ਵੱਖਰਾ ਨੁਕਤਾ-ਨਿਗ੍ਹਾ ਹੈ। ਪੰਜਾਬ ਵਿਚੋਂ ਪਰਵਾਸੀ ਹੋਣ ਦੀ ਕੜੀ ਰੋਜ਼ਗਾਰ ਨਾਲ ਜੁੜੀ ਹੋਈ ਹੈ। ਆਪਣੇ ਖਾਲੀ ਪੱਲੇ ਵਿਚ ਪਰਵਾਸ ਪੁਆਉਣ ਵਾਲੇ ਇਹ ਲੋਕ ਕਿਰਤੀ-ਕਾਮੇ ਸਨ ਜਿਨ੍ਹਾਂ ਨੂੰ ਅੱਖਰਾਂ ਦਾ ਗਿਆਨ ਬੱਸ ਗੁਜ਼ਾਰੇ ਜੋਗਾ ਹੀ ਸੀ। ਪਰਾਈ ਧਰਤੀ ਉਤੇ ਅਨਜਾਣੀ ਭਾਸ਼ਾ/ਬੋਲੀ ਦੇ ਜੰਗਲ ਵਿਚ ਉਨ੍ਹਾਂ ਨੇ ਜਿਹੜੀਆਂ ਕੂਕਾਂ ਮਾਰੀਆਂ ਹੋਣਗੀਆਂ, ਉਸ ਬਾਰੇ ਸੋਚ ਕੇ ਹੀ ਕਾਲਜਾ ਮੂੰਹ ਨੂੰ ਆਉਣ ਲਗਦਾ ਹੈ। ਅੱਜ ਜੇ ਘੜੀ-ਪਲ ਲਈ ਕਿਸੇ ਨਾਲ ਫੋਨ ‘ਤੇ ਸੰਪਰਕ ਨਹੀਂ ਹੁੰਦਾ ਤਾਂ ਸਾਨੂੰ ਹੇਠਲੀ, ਉਤੇ ਹੋ ਗਈ ਜਾਪਦੀ ਹੈ; ਪਰ ਮੁਢਲੇ ਪੰਜਾਬੀਆਂ ਨੇ ਇਸ ਪੱਖੋਂ ਜਿਹੜੀਆਂ ਔਕੜਾਂ ਝਾਗੀਆਂ ਹੋਣਗੀਆਂ, ਉਨ੍ਹਾਂ ਬਾਰੇ ਸੁਹਜ ਭਰੀ ਸੂਖਮ ਚਰਚਾ ਸ਼ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਲੜੀਵਾਰ ਲੇਖ ‘ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ’ ਵਿਚ ਕੀਤੀ ਹੈ। ਇਸ ਲੇਖ ਦੀ ਪਹਿਲੀ ਕੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ

ਪੰਜਾਬੀਆਂ ਨੇ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਗੌਲਣਯੋਗ ਗਿਣਤੀ ਵਿਚ ਕੈਲੀਫੋਰਨੀਆ ਜਾਣਾ ਸ਼ੁਰੂ ਕੀਤਾ। ਉਂਜ ਯੂਬਾ ਕਾਉਂਟੀ ਵਿਚ ਇਕ ਪੰਜਾਬੀ ਦੇ 1861 ਵਿਚ ਪੁੱਜਣ ਦਾ ਵੀ ਜ਼ਿਕਰ ਮਿਲਦਾ ਹੈ। ਉਸ ਦੇ ਅਸਲ ਨਾਂ ਦਾ ਕੋਈ ਪਤਾ ਨਹੀਂ। ਉਸ ਸਮੇਂ ਛਪੀ ਉਸ ਦੀ ਅਖਬਾਰੀ ਖਬਰ ਵਿਚ ਲਿਖਿਆ ਗਿਆ ਸੀ, “ਉਸ ਦਾ ਨਾਂ ਉਚਾਰਿਆ ਨਾ ਜਾ ਸਕਣ ਵਾਲਾ ਹੋਣ ਕਰਕੇ ਉਸ ਨੂੰ ਸੈਮ ਹੀ ਕਹਿ ਲੈਂਦੇ ਹਾਂ।” ਪਤਾ ਨਹੀਂ, ਉਹ ਕੋਈ ਸਤਨਾਮ ਸਿੰਘ, ਸੁਰਮੁਖ ਸਿੰਘ ਜਾਂ ਸੁਖਮੰਦਰ ਸਿੰਘ ਹੀ ਹੋਵੇ। ਉਸ ਦੀ ਖਬਰ ਛਪਣ ਦੀ ਵੀ ਦਿਲਚਸਪ ਕਹਾਣੀ ਹੈ। ਉਸ ਦਾ ਕਿਸੇ ਸਥਾਨਕ ਆਦਮੀ ਨਾਲ ਝਗੜਾ ਹੋ ਗਿਆ। ਇਸ ਝਗੜੇ ਕਾਰਨ ਉਹਨੂੰ ਪੰਜ ਡਾਲਰ ਜੁਰਮਾਨਾ ਕੀਤਾ ਗਿਆ। ਉਹ ਕਿਸ ਨਾਲ ਝਗੜਿਆ, ਕਿਉਂ ਝਗੜਿਆ, ਕੁਝ ਨਹੀਂ ਦੱਸਿਆ ਗਿਆ। ਖਬਰ ਇਸ ਬਾਰੇ ਵੀ ਚੁੱਪ ਹੈ ਕਿ ਦੂਜੀ ਧਿਰ ਨੂੰ ਵੀ ਕੋਈ ਜੁਰਮਾਨਾ ਹੋਇਆ ਕਿ ਨਹੀਂ।
ਉਸ ਸਮੇਂ ਪਰਵਾਸੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖਦਿਆਂ, ਮੇਰਾ ਖਿਆਲ ਹੈ, ਸਥਾਨਕ ਝਗੜਾਲੂ ਨੂੰ ਕੁਝ ਨਹੀਂ ਕਿਹਾ ਗਿਆ ਹੋਵੇਗਾ। ਉਸ ਵਰਤਾਉ ਨੂੰ ਵਿਤਕਰਾ ਕਹਿਣ ਨਾਲੋਂ ਨਫਰਤ ਕਹਿਣਾ ਵਧੇਰੇ ਠੀਕ ਹੈ। ਉਦੋਂ ਤਾਂ ਖੁਲ੍ਹੇਆਮ ਮੰਗ ਕੀਤੀ ਜਾਂਦੀ ਸੀ ਕਿ ਆਵਾਸੀਆਂ ਨੂੰ ਲੁੱਟਣ-ਕੁੱਟਣ ਵਾਲਿਆਂ ਨੂੰ ਕੁਝ ਨਾ ਕਿਹਾ ਜਾਵੇ। ਇਸ ਦੀ ਇਕ ਲਿਖਤੀ ਮਿਸਾਲ ਦੇਖੋ। 1912 ਦੇ ਸ਼ੁਰੂ ਵਿਚ ਯੂਬਾ ਸਿਟੀ ਦੇ ਇਕ ਜਾਇਦਾਦੀ ਵਿਚੋਲੇ ਨੇ ਕੁਝ ਪੰਜਾਬੀਆਂ ਨੂੰ ਜ਼ਮੀਨ ਵਿਕਵਾ ਦਿੱਤੀ। ਸਥਾਨਕ ਲੋਕਾਂ ਨੇ Ḕਮੈਰਿਸਵਿਲ ਅਪੀਲḔ ਨਾਂ ਦੇ ਅਖਬਾਰ ਨੂੰ ਰੋਸ-ਪੱਤਰ ਭੇਜਿਆ। ਅਖਬਾਰ ਨੇ ਉਹ ਰੋਸ-ਪੱਤਰ ਮੁੱਖ ਪੰਨੇ ਉਤੇ ਹੂਬਹੂ ਛਾਪ ਦਿੱਤਾ। ਪੱਤਰ ਵਿਚ ਕਿਹਾ ਗਿਆ ਸੀ, “ਇੰਡੀਆ ਤੋਂ ਆਏ ਬੰਦੇ ਧਰਤੀ ਦੇ ਚਿਹਰੇ ਉਤੇ ਮਨੁੱਖਜਾਤੀ ਦਾ ਸਭ ਤੋਂ ਨਿੱਘਰਿਆ ਅਤੇ ਸਭ ਤੋਂ ਘਿਣਾਉਣਾ ਨਮੂਨਾ ਹਨ। ਉਨ੍ਹਾਂ ਨੇ ਸਾਡੇ ਛੋਟੇ ਜਿਹੇ ਸੁਖ-ਵਸਦੇ ਅਤੇ ਸੁਹਾਵਣੇ ਇਲਾਕੇ ਉਤੇ ਹੱਲਾ ਬੋਲ ਦਿੱਤਾ ਹੈ।”
ਉਸ ਸਮੇਂ ਦੇ ਆਵਾਸੀਆਂ ਦੀ ਮੰਦੀ ਹਾਲਤ ਦੀ ਇਕ ਹੋਰ ਮਿਸਾਲ ਦੇਖੋ। 1915 ਵਿਚ ਸਟਰ ਕਾਉਂਟੀ ਦੇ ਇਕ ਪੁਲਿਸ ਅਧਿਕਾਰੀ ਨੇ ਉਸੇ ਅਖਬਾਰ ਨੂੰ ਦੱਸਿਆ ਕਿ ਅਨੇਕ ਲੋਕ ਇਨ੍ਹਾਂ ਨਾਲ ਏਨੀ ਖਾਰ ਖਾਂਦੇ ਹਨ ਕਿ ਉਨ੍ਹਾਂ ਦੀ ਮੰਗ ਹੈ, ਮੈਂ ‘ਹਿੰਦੂ’ (ਉਸ ਸਮੇਂ ਸਭ ਹਿੰਦੋਸਤਾਨੀਆਂ ਨੂੰ ‘ਹਿੰਦੂ’ ਹੀ ਕਿਹਾ ਜਾਂਦਾ ਸੀ) ਕਾਮਿਆਂ ਦੇ ਕੁੱਲੇ-ਜੁੱਲੇ ਲੁੱਟਣ ਵਾਲਿਆਂ ਨੂੰ ਲੱਭਣ ਤੇ ਸਜ਼ਾ ਦੁਆਉਣ ਦੇ ਯਤਨ ਨਾ ਕਰਿਆ ਕਰਾਂ।
ਇਸ ਮਾਹੌਲ ਦੇ ਬਾਵਜੂਦ ਯੁਵਾ ਕਾਉਂਟੀ, ਸਟਰ ਕਾਉਂਟੀ ਤੇ ਫਰਿਜ਼ਨੋ ਸਮੇਤ ਅਮਰੀਕਾ ਦੇ ਪੱਛਮੀ ਇਲਾਕੇ ਵਿਚ 1910 ਤਕ ਕੋਈ ਪੰਜ ਹਜ਼ਾਰ ਪੰਜਾਬੀ ਵੱਖ ਵੱਖ ਕੰਮਾਂ ਉਤੇ ਲੱਗੇ ਹੋਏ ਸਨ। ਇਕਾ-ਦੁੱਕਾ ਪੰਜਾਬੀ ਤਾਂ ਉਚੇਰੀ ਪੜ੍ਹਾਈ ਦੇ ਉਦੇਸ਼ ਨਾਲ ਵੀ ਪੁੱਜਣ ਲੱਗੇ, ਪਰ ਬਹੁਤੇ ਪੰਜਾਬੀਆਂ ਨੂੰ ਰੁਜ਼ਗਾਰ ਦੀ ਤਲਾਸ਼ ਹੁੰਦੀ ਸੀ। ਮਸ਼ੀਨੀ ਆਰਿਆਂ ਨਾਲ ਮਹਾਂ-ਬਿਰਛਾਂ ਦੀ ਧੜਾਧੜ ਕਟਾਈ ਲਈ ਮਜ਼ਦੂਰਾਂ ਦੀ ਲੋੜ ਸੀ। ਨਵੀਆਂ ਜ਼ਮੀਨਾਂ ਹਲ ਹੇਠ ਆਉਣ ਅਤੇ ਸਿੰਜਾਈ ਸ਼ੁਰੂ ਹੋਣ ਸਦਕਾ ਖੇਤੀ ਲਈ ਕਿਸਾਨ ਚਾਹੀਦੇ ਸਨ। ਕੰਮ-ਧੰਦੇ ਦੀਆਂ ਸੰਭਾਵਨਾਵਾਂ ਦੀਆਂ ਖਬਰਾਂ ਦੇ ਖਿੱਚੇ ਹੋਏ ਇਹ ਆਵਾਸੀ ਲਗਭਗ ਸਾਰੇ ਹੀ ਅਨਪੜ੍ਹ ਜਾਂ ਬਹੁਤ ਘਟ ਪੜ੍ਹੇ ਹੋਏ ਲੋਕ ਸਨ।
ਇਨ੍ਹਾਂ ਬਾਰੇ ਸੋਚਦਿਆਂ ਹੋਰ ਗੱਲਾਂ ਤੋਂ ਇਲਾਵਾ ਮੇਰਾ ਧਿਆਨ ਉਨ੍ਹਾਂ ਦੀ ਭਾਸ਼ਾਈ ਔਕੜ ਵੱਲ ਜਾਂਦਾ। ਹਜ਼ਾਰਾਂ ਮੀਲ ਔਝੜੇ ਰਾਹਾਂ ਦੇ ਜਾਨ-ਹੂਲਵੇਂ ਸਫਰ ਦੀਆਂ ਹੋਰ ਅਨੇਕਾਂ ਮੁਸ਼ਕਲਾਂ ਤਾਂ ਇਕ ਪਾਸੇ, ਉਨ੍ਹਾਂ ਨੇ ਗੱਲਬਾਤ ਦਾ ਕੀ ਰਾਹ ਕੱਢਿਆ ਹੋਵੇਗਾ? ਜੇ ਉਨ੍ਹਾਂ ਵਿਚੋਂ ਕੁਝ ਡੰਗ ਸਾਰਨ ਜਿੰਨੇ ਅੰਗਰੇਜ਼ੀ ਸ਼ਬਦਾਂ ਦੇ ਸੂਹੇਂ ਮੰਨ ਵੀ ਲਏ ਜਾਣ, ਕਈ ਤਾਂ ਮਹੀਨਿਆਂ-ਬੱਧੀ ਅਜਿਹੇ ਇਲਾਕੇ ਵਿਚੋਂ ਦੀ ਪੈਦਲ ਤੁਰੇ ਜਿਥੇ ਸਪੇਨੀ ਜਾਂ ਸ਼ਾਇਦ ਹੋਰ ਭਾਸ਼ਾਵਾਂ ਦਾ ਬੋਲਬਾਲਾ ਸੀ।
ਬਰਕਲੇ ਯੂਨੀਵਰਸਿਟੀ ਦੇ ਪ੍ਰੋਫੈਸਰ ਬਰੂਸ ਲਾ ਬਰੈਕ ਨੂੰ ਇਕ ਪੰਜਾਬੀ ਬਜ਼ੁਰਗ ਨੇ ਦੱਸਿਆ ਸੀ, “ਮੈਂ ਹਜ਼ਾਰਾਂ ਮੀਲ ਦੂਰ ਆਇਆ। ਪਨਾਮਾ ਤੋਂ ਅਮਰੀਕਾ ਤਕ ਮੈਂ ਪੈਦਲ ਤੁਰਿਆ।” ਸਮੁੰਦਰੀ ਜਹਾਜ਼ ਰਾਹੀਂ ਉਹ ਹਿੰਦ-ਮਹਾਂਸਾਗਰ ਪਾਰ ਕਰ ਕੇ ਅਫਰੀਕਾ ਦੇ ਹੇਠਾਂ ਦੀ ਲੰਘਦਿਆਂ ਐਟਲਾਂਟਿਕ ਮਹਾਂਸਾਗਰ ਵਿਚੋਂ ਦੀ ਪਨਾਮਾ ਦੀ ਕਿਸੇ ਬੰਦਰਗਾਹ ਪੁਜਿਆ ਹੋਵੇਗਾ। ਉਥੋਂ ਉਸ ਨੂੰ ਪਨਾਮਾ, ਕੋਸਟਾਰੀਕਾ, ਨਿਕਾਰਾਗੂਆ, ਹੋਂਡੂਰਸ, ਗੁਆਟੇਮਾਲਾ ਅਤੇ ਫਿਰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਗਣਾ ਲੰਮਾ ਮੈਕਸੀਕੋ, ਉਸ ਦੇ ਕਹਿਣ ਅਨੁਸਾਰ ਪੈਦਲ, ਪਾਰ ਕਰਦਿਆਂ ਅਤੇ ਅੱਗੇ ਅਮਰੀਕਾ ਵਿਚ ਆਪਣੇ ਟਿਕਾਣੇ ਤਕ ਪੁਜਦਿਆਂ ਕਿੰਨੇ ਮਹੀਨੇ ਲੱਗੇ ਹੋਣਗੇ! ਬਿਲਕੁਲ ਓਪਰੇ ਮਾਹੌਲ ਵਿਚ ਜੇ ਉਹਦੇ ਖਾਣ-ਪੀਣ, ਰਾਤਾਂ ਕੱਟਣ ਆਦਿ ਦੀ ਗੱਲ ਰਹਿਣ ਵੀ ਦੇਈਏ, ਉਹ ਇਨ੍ਹਾਂ ਦੇਸ਼ਾਂ ਦੇ ਲੋਕਾਂ ਨਾਲ ਉਨ੍ਹਾਂ ਦੀਆਂ ਭਾਸ਼ਾਵਾਂ ਤੋਂ ਪੂਰੀ ਤਰ੍ਹਾਂ ਕੋਰਾ ਹੁੰਦਿਆਂ ḔਗੱਲਬਾਤḔ ਕਿਵੇਂ ਕਰਦਾ ਹੋਵੇਗਾ! ਤੇ ਉਹ ਅਜਿਹਾ ਯਕੀਨੋਂ-ਬਾਹਰਾ ਸਿਰੜ ਦਿਖਾਉਣ ਵਾਲਾ ਇਕੱਲਾ ਹੀ ਨਹੀਂ ਸੀ, ਹੋਰ ਬਥੇਰੇ ਇਸੇ ਰਾਹ ਗਏ ਹੋਣਗੇ।
ਅਮਰੀਕਨਾਂ ਦੀ ਅੰਗਰੇਜ਼ੀ ਬਰਤਾਨਵੀ ਅੰਗਰੇਜ਼ੀ ਨਾਲੋਂ ਉਚਾਰਨ ਦੇ ਪੱਖੋਂ ਖਾਸੀ ਵੱਖਰੀ ਹੈ। ਅਸੀਂ ਭਾਰਤੀ ਲੋਕ ਤਾਂ ਬਰਤਾਨਵੀ ਅੰਗਰੇਜ਼ੀ ਦੇ ਆਦੀ ਹੁੰਦੇ ਹਾਂ। ਅਮਰੀਕਾ ਵਿਚ ਜਦੋਂ ਅਸੀਂ ਆਪਣੀ ਕਾਰ ਦਾ ਪੱਥ-ਪ੍ਰਦਰਸ਼ਕ ਯੰਤਰ ਜੀæਪੀæਐਸ਼ ਚਾਲੂ ਕੀਤਾ, ਉਹਨੇ ਪੁੱਛਿਆ, ਅਮਰੀਕੀ ਅੰਗਰੇਜ਼ੀ ਕਿ ਬਰਤਾਨਵੀ ਅੰਗਰੇਜ਼ੀ? ਅਮਰੀਕੀ ਅੰਗਰੇਜ਼ੀ ਦਾ ਅਨੁਭਵ ਮੈਨੂੰ ਵੀਜ਼ੇ ਵਾਲੀ ਖਿੜਕੀ ਅੱਗੇ ਖਲੋਂਦਿਆਂ ਹੀ ਹੋ ਗਿਆ ਸੀ। ਅਮਰੀਕੀ ਅਧਿਕਾਰੀ ਨੇ ਪੁੱਛਿਆ, “ਹਾਵਾਯੂਅਡੇ?” ਅੰਗਰੇਜ਼ੀ ਮਾਧਿਅਮ ਨਾਲ ਦੋ ਐਮæਏæ ਕੀਤੀਆਂ ਹੋਣ ਦੇ ਬਾਵਜੂਦ ਮੈਂ ਬੌਂਦਲ ਗਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਸਵਾਲ ਦੁਹਰਾਉਣ ਦੀ ਬੇਨਤੀ ਕਰਦਾ, ਮੈਨੂੰ ਅਚਾਨਕ ਸਮਝ ਆ ਗਈ, ਇਹ ਸ਼ਿਸ਼ਟਾਚਾਰ ਦੇ ਨਾਤੇ ਹਾਲ ਪੁੱਛਣ ਵਾਂਗ ਪੁੱਛਦਾ ਹੈ, ‘ਹਾਉ ਵਾਜ਼ ਯੂਅਰ ਡੇ’, ਭਾਵ ਤੁਹਾਡਾ ਦਿਨ ਕਿਵੇਂ ਰਿਹਾ। ਮੈਂ ਮੁਸਕਰਾਇਆ, Ḕਆਲ ਇਜ਼ ਫਾਈਨ, ਥੈਂਕਯੂæææ,Ḕ ਵਧੀਆ ਰਿਹਾ, ਧੰਨਵਾਦ।
ਮੇਰੀ ਇਹ ਉਤਸੁਕਤਾ ਹੋਰ ਤਿੱਖੀ ਹੋ ਗਈ ਕਿ ਅੰਗਰੇਜ਼ੀ, ਸਪੇਨੀ ਅਤੇ ਰਾਹ ਦੀਆਂ ਹੋਰ ਬੋਲੀਆਂ ਵਾਲਿਆਂ ਨਾਲ ਵਾਹ ਪਏ ਤੋਂ ਕੋਰੇ ਅਨਪੜ੍ਹ ਪੰਜਾਬੀ ਕੀ ਕਰਦੇ ਹੋਣਗੇ? ਮੈਨੂੰ ਕਈ ਦਹਾਕੇ ਪੁਰਾਣਾ ਉਹ ਟੋਟਕਾ ਚੇਤੇ ਆ ਗਿਆ ਜੋ ਸਾਡੇ ਸਕੂਲੀ ਅਧਿਆਪਕ ਨੇ ਫਾਰਸੀ ਵਿਚ ਸਾਡੀ ਦਿਲਚਸਪੀ ਜਗਾਉਣ ਲਈ ਸੁਣਾਇਆ ਸੀ। ਕੇਵਲ ਫਾਰਸੀ ਜਾਣਨ ਵਾਲੇ ਇਕ ਵਿਦੇਸ਼ੀ ਨੇ ਹਿੰਦੋਸਤਾਨ ਆ ਕੇ ਫਾਰਸੀ ਤੋਂ ਬਿਲਕੁਲ ਕੋਰੇ ਇਕ ਪੰਜਾਬੀ ਹਲਵਾਈ ਨੂੰ ਕੁਝ ਘੋਟਦਿਆਂ ਦੇਖ ਕੇ ਪੁੱਛਿਆ, ‘ਈਂ ਚੀਸਤ?’ (ਇਹ ਕੀ ਹੈ?) ਉਤਰ ਮਿਲਿਆ, ਪੀਠੀ ਪੀਸਤ। ਉਹਨੇ ਪੁੱਛਿਆ, ‘ਚਿਹ ਮੇ ਗੋਈ?’ (ਕੀ ਕਹਿੰਦੇ ਹੈਂ?); ਹਲਵਾਈ ਨੇ ਦੱਸਿਆ, ਤੇਲ ਮੈਂ ਡੁਬੋਈ। ਫ਼ਾਰਸੀਦਾਨ ਬੋਲਿਆ, ‘ਬਾਜ਼ ਬਗੋ।’ (ਫੇਰ ਦੱਸ!) ਹਲਵਾਈ ਮੁਸਕਰਾਇਆ, ਪੈਸੇ ਦੇ ਦੋ।
ਅਨਪੜ੍ਹ ਪੰਜਾਬੀ ਹੁਣ ਵੀ ਅਮਰੀਕਾ ਜਾਂਦੇ ਹਨ, ਖਾਸ ਕਰਕੇ ਪੁੱਤਾਂ-ਧੀਆਂ ਦੇ ਬੱਚਿਆਂ ਨੂੰ ਸੰਭਾਲਣ ਲਈ। ਪਹਿਲਾਂ ਉਨ੍ਹਾਂ ਦਾ ਕੰਮ ਆਪਣੇ ਟੱਬਰਾਂ ਦੇ ਅੰਗਰੇਜ਼ੀ ਜਾਣਦੇ ਜੀਆਂ ਦੇ ਸਹਾਰੇ ਚਲਦਾ ਰਹਿੰਦਾ ਹੈ। ਫੇਰ ਭਾਸ਼ਾ ਦੇ ਕੁਦਰਤੀ ਨੇਮ ਅਨੁਸਾਰ ਉਹ ਸ਼ਬਦ ਸ਼ਬਦ ਕਰਕੇ ਟੇਢੀ-ਵਿੰਗੀ ਅੰਗਰੇਜ਼ੀ ਬੋਲਣ ਤੇ ਸਮਝਣ ਲਗਦੇ ਹਨ। ਯੂਬਾ ਸਿਟੀ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਵਸੋਂ ਹੈ। ਗੁਰਦੁਆਰੇ ਵਿਚ ਅਤੇ ਪਾਰਕਾਂ ਵਿਚ ਬੁੜ੍ਹੇ-ਬੁੜ੍ਹੀਆਂ ਦੇਖ ਕੇ ਤੁਹਾਨੂੰ ਪੰਜਾਬ ਵਿਚ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਪਤਾ ਲਗਿਆ ਕਿ ਉਥੇ ਕੁਝ ਲੋਕ ਅਜਿਹੇ ਹਨ, ਜੋ ਸਾਲਾਂ ਤੋਂ ਰਹਿੰਦੇ ਹੋਣ ਦੇ ਬਾਵਜੂਦ ਅੰਗਰੇਜ਼ੀ ਸਿਖਣ ਦੀ ਲੋੜ ਨਹੀਂ ਸਮਝਦੇ। ਉਨ੍ਹਾਂ ਦਾ ਕੰਮ ਪੰਜਾਬੀਆਂ ਨਾਲ ਵਾਹ ਰੱਖ ਕੇ ਹੀ ਸਰ ਜਾਂਦਾ ਹੈ।
ਉਥੇ ਅਨੇਕ ਪੰਜਾਬੀ ਦੁਕਾਨਾਂ ਹਨ। ਇਕ ਦੁਕਾਨ ਹਿੰਦੀ ਦੇ ਨਾਲ ਹੀ ਪੰਜਾਬੀ ਕੈਸਿਟਾਂ ਤੇ ਸੀਡੀਆਂ ਦੀ ਭਰੀ ਹੋਈ ਸੀ। ਯੂਬਾ ਸਿਟੀ ਵਿਚ ਹੀ ਮੈਂ ਇਕ ਦੁਕਾਨ ਦੇ ਬਾਹਰ ਤਿੰਨ ਕਮਰਿਆਂ ਦਾ ਮਕਾਨ ਕਿਰਾਏ ਲਈ ਖਾਲੀ ਹੋਣ ਸਬੰਧੀ ਪੰਜਾਬੀ ਵਿਚ ਹੱਥ ਨਾਲ ਲਿਖਿਆ ਹੋਇਆ ਇਸ਼ਤਿਹਾਰ ਚੇਪਿਆ ਦੇਖਿਆ। ਬੱਸ ਇਕ ਹੋਰ ਥਾਂ ਪੰਜਾਬੀ ਅੱਖਰ ਮੈਨੂੰ ਲਾਸ ਏਂਜਲਸ ਵਿਚ ਦਿਸੇ ਸਨ। ਉਥੇ ‘ਆਰਟੀਜ਼ੀਆ’ ਨਾਂ ਦਾ ਲੰਮਾ-ਚੌੜਾ, ਖੁੱਲ੍ਹਾ, ਮੋਕਲਾ ਨਿਰੋਲ ਭਾਰਤੀ ਬਾਜ਼ਾਰ ਹੈ। ਬਜਾਜਾਂ, ਸੁਨਿਆਰਿਆਂ, ਹਲਵਾਈਆਂ, ਪਨਸਾਰੀਆਂ, ਕਰਿਆਨੇ ਵਾਲਿਆਂ ਆਦਿ ਦੀਆਂ ਸ਼ਾਨਦਾਰ ਦੁਕਾਨਾਂ। ਉਤਰੀ ਤੇ ਦੱਖਣੀ ਭਾਰਤੀ ਰੈਸਟੋਰੈਂਟ। ਇਕ ਰੈਸਟੋਰੈਂਟ ਦੇ ਮੱਥੇ ਉਤੇ ਅਤੇ ਬੂਹਿਆਂ ਦੇ ਸ਼ੀਸ਼ਿਆਂ ਉਤੇ ਲਿਖੇ ਸ਼ਬਦਾਂ ਵੱਲ ਨਜ਼ਰ ਆਪੇ ਖਿਚੀ ਗਈ। ਪੰਜਾਬੀ ਵਿਚ ਲਿਖਿਆ ਹੋਇਆ ਸੀ, ਅੰਬਾਲਾ ਢਾਬਾ। ਮੈਂ ਹੈਰਾਨ ਹੋਇਆ, ਏਨੇ ਖੂਬਸੂਰਤ ਪੰਜਾਬੀ ਅੱਖਰ ਲਿਖਣ ਵਾਲਾ ਪੇਂਟਰ ਇਥੇ ਕਿਥੋਂ ਲੱਭ ਪਿਆ!
ਹੁਣ ਆਵਾਸੀ ਪੰਜਾਬੀ ਜਿਥੇ ਆਪ ਅੰਗਰੇਜ਼ੀ ਵਿਚ ਤਾਕ ਹੋਣ ਦਾ ਯਤਨ ਕਰਦੇ ਹਨ, ਨਾਲ ਹੀ ਅੰਗਰੇਜ਼ੀ ਦੇ ਭਾਸ਼ਾਈ ਮਾਹੌਲ ਵਿਚ ਪਲ ਰਹੇ ਆਪਣੇ ਬੱਚਿਆਂ ਨੂੰ ਘਰਾਂ ਵਿਚ ਪੰਜਾਬੀ ਨਾਲ ਜੋੜਨ ਲਈ ਵੀ ਵਾਹ ਲਾਉਂਦੇ ਹਨ। ਇਸ ਤੋਂ ਇਲਾਵਾ ਗੁਰਦੁਆਰਿਆਂ ਵਿਚ ਵੀ ਪੰਜਾਬੀ ਸਿਖਾਈ ਜਾਂਦੀ ਹੈ। ਵੈਸੇ ਇਹ ਯਤਨ ਬਹੁਤੇ ਸਫਲ ਨਹੀਂ ਹੁੰਦੇ। ਅੰਗਰੇਜ਼ੀ ਦੇ ਠਾਠਾਂ ਮਾਰਦੇ ਸਮੁੰਦਰ ਵਿਚ ਪੰਜਾਬੀ ਦੀ ਨਦੀ ਦਾ ਆਪਣਾ ਵੱਖਰਾ ਵਜੂਦ ਬਣੇ ਰਹਿਣਾ ਅਸੰਭਵ ਸਿੱਧ ਹੁੰਦਾ ਹੈ। ਭਾਸ਼ਾ ਦੇ ਚਾਰ ਪੱਖ ਹੁੰਦੇ ਹਨ- ਸਮਝਣਾ, ਬੋਲਣਾ, ਪੜ੍ਹਨਾ ਤੇ ਲਿਖਣਾ। ਉਧਰ ਜੰਮੇ ਜਾਂ ਨਿਆਣੀ ਉਮਰੇ ਇਧਰੋਂ ਗਏ ਬੱਚੇ, ਪੰਜਾਬੀ ਮੋਟੇ ਤੌਰ ਉਤੇ ਸਮਝ ਲੈਂਦੇ ਹਨ, ਰੁਕ ਰੁਕ ਕੇ ਬੋਲ ਲੈਂਦੇ ਹਨ, ਪਰ ਪੜ੍ਹਨ ਤੇ ਲਿਖਣ ਦੀ ਲੋੜ ਨਾ ਹੋਣ ਕਾਰਨ ਇਨ੍ਹਾਂ ਪੱਖਾਂ ਤੋਂ ਊਣੇ ਰਹਿ ਜਾਂਦੇ ਹਨ। ਉਨ੍ਹਾਂ ਤੋਂ ਅਗਲੀ ਪੀੜ੍ਹੀ ਨਿਸਚੇ ਹੀ ਚਾਰੇ ਪੱਖਾਂ ਤੋਂ ਪੰਜਾਬੀ ਨਾਲੋਂ ਟੁੱਟੀ ਹੋਈ ਹੋਵੇਗੀ।
(ਚਲਦਾ)

Be the first to comment

Leave a Reply

Your email address will not be published.