ਬਿਨਾਂ ਪੌੜੀਆਂ ਵਾਲੇ ਚੁਬਾਰੇ

ਐਸ਼ ਅਸ਼ੋਕ ਭੌਰਾ
ਜ਼ਿੰਦਗੀ ਵਿਚ ਜਵਾਨੀ ਦੇ ਦੁਬਾਰਾ ਆਉਣ ਦਾ ਕਦੇ ਸੰਕਲਪ ਹੋ ਹੀ ਨਹੀਂ ਸਕਦਾ। ਉਂਜ ਵੀ ਵਿਆਹ ਮੁਕਲਾਵਾ ਇਕ ਵਾਰੀ ਹੀ ਆਉਣਾ ਹੁੰਦਾ ਹੈ ਤੇ ਆਉਣਾ ਵੀ ਇਕ ਵਾਰ ਹੀ ਚਾਹੀਦਾ ਹੈ। ਸ਼ਾਹ ਜਹਾਨ ਨੂੰ ਜੇ ਜਿਉਂਦੇ ਜੀਅ ਦੂਜੀ ਵਾਰ ਤਾਜ ਮਹੱਲ ਬਣਾਉਣਾ ਪੈ ਜਾਂਦਾ ਤਾਂ ਇਹ ਸੰਭਵ ਹੋ ਹੀ ਨਹੀਂ ਸੀ ਸਕਦਾ, ਪਰ ਇਕ ਵਾਰ ਡਿੱਗ ਕੇ ਫਿਰ ਲੀੜੇ ਝਾੜ ਕੇ ਉਸੇ ਦਮ ਨਾਲ ਦੌੜ ‘ਚ ਸ਼ਾਮਲ ਹੁੰਦਿਆਂ ਜਿਸ ਨੂੰ ਵੇਖਿਆ ਹੈ, ਉਹ ਬੁੱਧ ਸਿੰਘ ਢਾਹਾਂ ਹੈ।
ਮੈਂ ਉਸ ਬੁੱਧ ਸਿੰਘ ਢਾਹਾਂ ਦੀ ਗੱਲ ਕਰ ਰਿਹਾ ਹਾਂ ਜਿਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ, ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਸਥਾਪਨਾ ਕੀਤੀ। ਉਹ ਬਾਬੇ ਨਾਨਕ ਤੇ ਭਾਈ ਘਨੱਈਆ ਜੀ ਦਾ ਮਿਸ਼ਨ ਲੈ ਕੇ ਇਕੱਲਾ ਤੁਰਿਆ ਸੀ, ਫਿਰ ਕਾਫਲਾ ਬਣ ਗਿਆ ਤੇ ਉਚ ਦਰਜੇ ਦੀਆਂ ਸਿਹਤ ਸਹੂਲਤਾਂ ਗਰੀਬਾਂ ਦੀ ਪਹੁੰਚ ਤੱਕ ਲੈ ਕੇ ਆਂਦੀਆਂ। ਅਸਲ ਵਿਚ ਪੰਜਾਬ ਅੰਦਰ ਸਿਹਤ ਸੰਭਾਲ ਵਿਚ ਨਵੇਂ ਅਧਿਆਇ ਜੁੜਨ ਦੀ ਗੱਲ ਬਾਬਾ ਬੁੱਧ ਸਿੰਘ ਢਾਹਾਂ ਤੋਂ ਹੀ ਚਲਦੀ ਹੈ।
ਕਦੇ ਜਲੰਧਰੋਂ ਬਰਾਸਤਾ ਫਗਵਾੜਾ ਚੰਡੀਗੜ੍ਹ ਜਾਵੋ ਤਾਂ ਬੰਗਾ ਸ਼ਹਿਰ ਤੋਂ ਤਿੰਨ ਕੁ ਮੀਲ ਪਹਿਲਾਂ ਮੁੱਖ ਮਾਰਗ ‘ਤੇ ਜਿਹੜੀ ਚਹਿਲ-ਪਹਿਲ ਸ਼ਹਿਰਾਂ ਵਰਗੀ ਦਿਸੇਗੀ, ਉਹ ਢਾਹਾਂ ਕਲੇਰਾਂ ਅੱਡੇ ਦੀ ਹੈ। ਲਾਗੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀਆਂ ਉਚੀਆਂ ਇਮਾਰਤਾਂ ਦੱਸ ਦਿੰਦੀਆਂ ਨੇ ਕਿ ਇਹ ਸਾਰਾ ਕੁਝ ਮਧਰੇ ਕੱਦ ਦੇ ਬੁੱਧ ਸਿੰਘ ਢਾਹਾਂ ਦੀ ਦੇਣ ਹੈ। ਗੱਲ ਕਰੀਬ ਪੈਂਤੀ ਸਾਲ ਪੁਰਾਣੀ ਹੈ, ਇਹ ਥਾਂ ਕੱਲਰ ਸੀ। ਜਦੋਂ ਪੰਜਾਬ ਦੇ ਰਾਜਪਾਲ ਤੋਂ ਇਸ ਥਾਂ ‘ਤੇ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਤਾਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਗੁਲਾਬ ਕੱਲਰਾਂ ‘ਚ ਵੀ ਉਗ ਸਕਦਾ ਹੈ। ਵੇਖਦਿਆਂ-ਵੇਖਦਿਆਂ ਇਹ ਹਸਪਤਾਲ ਵੱਡੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਬਾਰਵੀਂ ਤੱਕ ਦੀ ਸਕੂਲ ਸਿੱਖਿਆ ਤੇ ਲੜਕੀਆਂ ਨੂੰ ਮੈਡੀਕਲ ਕੋਰਸਾਂ ਵਿਚ ਨਿਪੁੰਨਤਾ ਦੇ ਕੇ ਨੌਕਰੀਆਂ ਕਰਨ ਦੇ ਯੋਗ ਬਣਾਉਣ ਲੱਗਾ। ਦੁਆਬੇ ਵਿਚ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਉਹੀ ਥਾਂ ਹੈ ਜੋ ਪੰਜਾਬ ਵਿਚ ਸੀæਐਮæਸੀæ ਦੀ ਹੈ ਤੇ ਅੱਖੀ ਵੇਖਦਿਆਂ ਇਹ ਵੀ ਹੋ ਗਿਆ ਕਿ ਸੰਸਥਾਵਾਂ ਦੀਆਂ ਪ੍ਰਬੰਧਕੀ ਧੜੇਬੰਦੀਆਂ ਵਿਚ ਇਸ ਹਸਪਤਾਲ ਨੂੰ ਚਲਾਉਣ ਵਾਲਾ ਟਰਸਟ ਵੀ ਧੜਿਆਂ ਵਿਚ ਵੰਡਿਆ ਗਿਆ, ਤੇ ਬਾਬਾ ਬੁੱਧ ਸਿੰਘ ਨੂੰ ਇਹ ਸੰਸਥਾ ਉਵੇਂ ਛੱਡਣੀ ਪਈ ਜਿਵੇਂ ਮਾਲੀ ਫੁੱਲਾਂ ਦੀ ਖੁਸ਼ਬੂ ਆਉਣ ਤੋਂ ਪਹਿਲਾਂ ਹੀ ਸੇਵਾ ਮੁਕਤ ਕਰ ਦਿੱਤਾ ਗਿਆ ਹੋਵੇ। ਉਸ ਨੂੰ ਇਹ ਕੁਰਬਾਨੀ ਇਸ ਕਰ ਕੇ ਕਰਨੀ ਪਈ ਕਿਉਂਕਿ ਟਰਸਟ ਲਈ ਸੁਸ਼ੀਲ ਸ਼ਰਮਾ ਤੋਂ ਸੁਸ਼ੀਲ ਕੌਰ ਬਣ ਕੇ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨ ਵਾਲੀ ਆਪਣੀ ਸਹਿਯੋਗੀ ਨੂੰ ਉਹ ਟਰਸਟ ਜਾਂ ਪ੍ਰਬੰਧਾਂ ਤੋਂ ਲਾਂਭੇ ਕਰਨ ਵਾਲੀ ਗੱਲ ਨਾਲ ਸਹਿਮਤ ਨਾ ਹੋਇਆ।
ਅੱਠ ਕੁ ਸਾਲ ਪਹਿਲਾਂ ਵਾਪਰੀ ਇਸ ਘਟਨਾ ਨਾਲ ਲਗਦਾ ਸੀ ਕਿ ਬੁੱਧ ਸਿੰਘ ਟੁੱਟ ਜਾਵੇਗਾ, ਕਿਉਂਕਿ ਉਮਰ ਦਾ ਅੱਗਾ ਨੇੜੇ ਆਉਂਦਾ ਜਾਪਦਾ ਸੀ, ਪਰ ਹਿੰਮਤੀ ਇਨਸਾਨ ਅੱਗੇ ਸਾਰੇ ਅੜਿੱਕੇ ਫਿਰ ਹਾਰ ਗਏ। ਹਾਲਾਤ ਭਾਵੇਂ ਇਹ ਬਣੇ ਸਨ, ਜਿਵੇਂ ਬੁਢਾਪੇ ਵੱਲ ਜਾਂਦੀ ਉਮਰੇ ਔਰਤ ਨੂੰ ਬੱਚਾ ਗੋਦ ਖਿਡਾਉਣਾ ਪੈ ਜਾਵੇ; ਪਰ ਬੁੱਧ ਸਿੰਘ ਨੇ ਪਹਿਲਾਂ ਕੱਲਰ ਆਬਾਦ ਕੀਤੇ, ਤੇ ਹੁਣ ਰੇਤਲੇ ਟਿੱਬੇ ਉਤੇ ਅਤਿ ਗਰੀਬ ਅਤੇ ਪਛੜੇ ਇਲਾਕੇ ਦੇ ਲੋਕਾਂ ਦੀ ਸਿਹਤ ਲਈ ਝੰਡਾ ਜਾ ਗੱਡਿਆ। ਸ੍ਰੀ ਅਨੰਦਪੁਰ ਸਾਹਿਬ ਨੂੰ ਗੜ੍ਹਸ਼ੰਕਰ ਵੱਲੋਂ ਜਾਂਦਿਆਂ ਤੇਰਵੇਂ ਕਿਲੋਮੀਟਰ ‘ਤੇ ਸਿਹਤ ਦੇ ਖੇਤਰ ਵਿਚ ਬਾਬੇ ਨਾਨਕ ਦੀ ਫਿਰ ਤੇਰਾਂ-ਤੇਰਾਂ ਕਰਵਾਉਣ ਵਾਲੇ ਬੁੱਧ ਸਿੰਘ ਨੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰੱਸਟ ਦੀ ਸਥਾਪਨਾ ਕਰ ਕੇ ਅਤੇ ਨਵੇਂ ਹਸਪਤਾਲ ਨੂੰ ਅਮਲੀ ਰੂਪ ਦੇ ਕੇ ਕੰਢੀ ਦੇ ਲੋਕਾਂ ਅੰਦਰ ਆਪਣਾ ਸੰਤਾਂ ਵਾਲਾ ਰੁਤਬਾ ਬਰਕਰਾਰ ਰੱਖਿਆ ਹੈ।
ਬਾਬਾ ਬੁੱਧ ਸਿੰਘ ਨੂੰ ਵੀ ਮੈਂ ਇੰਨੇ ਕੁ ਅਰਸੇ ਤੋਂ ਹੀ ਜਾਣਦਾ ਹਾਂ। ਢਾਹਾਂ ਕਲੇਰਾਂ ਵਿਚ ਕੀਤੀ ਸਾਰੀ ਕਾਰਜਸ਼ੈਲੀ ਮਨ ਵਿਚ ਵਸੀ ਹੋਈ ਹੈ। ਜਦੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੁੱਲਪੁਰ ਨਵਾਂ ਗਰਾਂ ਦੀ ਖ਼ਬਰ ਮਿਲੀ ਤਾਂ ਅਮਰੀਕਾ ਤੋਂ ਜਾਂਦਿਆਂ ਇਸ ਮਹਾਂਪੁਰਸ਼ ਦੇ ਦੀਦਾਰ ਕਰਨ ਲਈ ਮਨ ਫਿਰ ਕਾਹਲਾ ਪੈ ਗਿਆ। ਸੜੋਆ ਦੇ ਅੱਡੇ ਤੋਂ ਐਨ ਪਹਿਲਾਂ ਮੁੱਖ ਸੜਕ ਉਤੇ ਬਣੀ ਇਮਾਰਤ ਅੱਖੀਂ ਦੇਖੀ ਅਤੇ ਬੁਢਾਪੇ ਦੀ ਵਹੀ ਵਿਚ ਨਾਂ ਲਿਖਾਉਣ ਵਾਲੇ ਬਾਬੇ ਨੂੰ ਇਕ ਵਾਰ ਫਿਰ ਬੁਲੰਦ ਹੌਂਸਲੇ ਵਿਚ ਦੇਖਿਆ। ਕਰੀਬ ਨੌਂ ਏਕੜ ਰਕਬੇ ਵਿਚ ਬਣਨ ਵਾਲੇ ਇਸ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਬਹੁਤਾ ਕੰਮ ਭਾਵੇਂ ਹਾਲੇ ਉਸਾਰੀ ਅਧੀਨ ਹੈ, ਪਰ ਮਰੀਜ਼ਾਂ ਨੂੰ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਟਰੌਮਾ ਸੈਂਟਰ ਸ਼ੁਰੂਆਤ ਵੇਲੇ ਹੀ ਚਾਲੂ ਕਰ ਦਿੱਤਾ ਗਿਆ। ਹਸਪਤਾਲ ਦੇ ਐਨ ਪਿਛਲੇ ਪਾਸੇ ਗੁਰੂ ਘਰ ਦੀ ਉਸਾਰੀ ਹੋ ਰਹੀ ਹੈ। ਸੁਭੈਕੀ ਇਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਦਾ ਅਵਸਰ ਮਿਲ ਗਿਆ। ਦਾਨੀਆਂ ਦੀ ਹਾਜ਼ਰੀ ਅਤੇ ਦਾਨ ਦੀ ਸ਼ਰਧਾ ਦੇਖ ਕੇ ਲਗਦਾ ਸੀ ਕਿ ਚੰਗੇ ਕਾਰਜ ਬਿਨਾਂ ਰੁਕਾਵਟ ਹੀ ਸਿਰੇ ਜਾ ਲਗਦੇ ਹਨ। ਬਾਬੇ ਨੇ ਆਪਣੀ ਟੀਮ ਵਿਚ ਸੁਸ਼ੀਲ ਕੌਰ ਤੇ ਹਿਸਾਬ-ਕਿਤਾਬ ਰੱਖਣ ਵਾਲੇ ਪੁਰਾਣੇ ਸਾਥੀ ਰਘਵੀਰ ਸਿੰਘ ਨੂੰ ਨਾਲ ਹੀ ਰੱਖਿਆ ਹੈ।

ਬੰਦੇ ਦਾ ਜਿਹੋ ਜਿਹਾ ਸੁਭਾਅ ਹੋਵੇ, ਉਹੋ ਜਿਹੇ ਹੀ ਇਕੱਠ ਅਤੇ ਸੱਜਣ ਮਿੱਤਰ ਭਾਲਦੈ। ਹੁਣ ਖ਼ੈਰ ਮੇਲੇ ਲਾਉਣ ਦੀ ਹਿੰਮਤ ਤਾਂ ਨਹੀਂ ਰਹੀ, ਪਰ ਜ਼ਿੰਦਗੀ ਦਾ ਬਹੁਤਾ ਹਿੱਸਾ ਸੰਗੀਤ ‘ਚ ਗੁਜ਼ਾਰਨ ਕਰ ਕੇ ਅਜਿਹੇ ਮੌਕੇ ਲੱਭਣ ਜਾਂ ਪੈਦਾ ਕਰਨ ਦੀ ਜੁਗਤ ਮੈਂ ਹਮੇਸ਼ਾ ਕਰਦਾ ਰਿਹਾ ਹਾਂ। ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਮਖਸੂਸਪੁਰ ਕਦੇ ਬੱਬਰ ਸੁੰਦਰ ਸਿੰਘ ਕਰ ਕੇ ਮਸ਼ਹੂਰ ਸੀ, ਕਦੇ ਕਸ਼ਮੀਰਾ ਸਿੰਘ ਤੇ ਬਖਤੌਰੇ ਵਰਗੇ ਫੁੱਟਬਾਲ ਖਿਡਾਰੀਆਂ ਕਰ ਕੇ, ਪਰ ਅੱਜ ਕੱਲ੍ਹ ਇਹ ਪਿੰਡ ਸ਼ਾਇਰ ਤੇ ਗਾਇਕ ਦੇਬੀ ਮਖਸੂਸਪੁਰੀ ਕਰ ਕੇ ਵੱਧ ਜਾਣਿਆ ਜਾਂਦਾ ਹੈ। ਮੇਰਾ ਇਸ ਪਿੰਡ ਨਾਲ ਗੂੜ੍ਹਾ ਰਿਸ਼ਤਾ ਹੈ, ਇਹ ਮੇਰੇ ਬੱਚਿਆਂ ਦਾ ਨਾਨਕਾ ਪਿੰਡ ਹੈ। ਇਸ ਵਾਰ ਗਏ ਨੇ ਸੋਚਿਆ ਕਿ ਚਲੋ, ਐਤਕੀਂ ਗੀਤ-ਸੰਗੀਤ ਦੀ ਇਕ ਰਾਤ ਮਨਾ ਕੇ ਚਿੱਤ ਰਾਜ਼ੀ ਕਰਦੇ ਹਾਂ। ਬਹਾਨਾ ਭਾਵੇਂ ਪਰਿਵਾਰਕ ਸੀ, ਪਰ ਇਹ ਰਾਤ ਸੱਚੀਂ ਹੀ ਸੰਗੀਤ ਭਰੀ ਤੇ ਰੰਗੀਨ ਹੀ ਨਹੀਂ ਬਣੀ, ਸਗੋਂ ਯਾਦਗਾਰੀ ਵੀ ਬਣ ਗਈ। ਦੇਬੀ ਹੁਣ ਪਿੰਡ ਨਹੀਂ, ਫਗਵਾੜੇ ਰਹਿੰਦਾ ਹੈ ਪਰ ਉਹ ਸਭ ਤੋਂ ਪਹਿਲਾਂ ਦਿੱਤੇ ਬੁਲਾਵੇ ‘ਤੇ ਵੀ ਨਹੀਂ ਪਹੁੰਚ ਸਕਿਆ। ਮਜਬੂਰੀ ਜਾਨਣ ਲਈ ਮੈਂ ਵੀ ਕੋਈ ਉਤਸੁਕਤਾ ਨਹੀਂ ਦਿਖਾਈ।
ਅਤਿ ਦੀ ਸਰਦੀ ਨਾਲ ਗੁੰਨ੍ਹੀ ਹੋਈ ਇਸ ਰਾਤ ‘ਤੇ ਸੁਰਾਂ ਦੀ ਛਹਿਬਰ ਲਾਉਣ ਲਈ ਉਂਜ ਗਾਇਕਾ ਰਣਜੀਤ ਕੌਰ ਆਈ। ਬੱਚਿਆਂ ਦਾ ਮਾਣੋ ਬਿੱਲੀ ਅੰਕਲ ‘ਸੌਂ ਜਾ ਬੱਬੂਆ’ ਵਾਲਾ ਕਮਲਜੀਤ ਨੀਲੋਂ ਵੀ ਪੁੱਜਿਆ। ਸੁਰਜੀਤ ਬਿੰਦਰਖੀਏ ਦਾ ਬੇਟਾ ਗੀਤਾਜ ਵੀ, ‘ਬੱਗੇ ਬੱਗੇ ਬੈਲ ਰੱਖਣੇ’ ਗੀਤ ਨਾਲ ਹਿੱਟ ਹੋਇਆ ਗਵੱਈਆ ਸੋਹਣ ਸ਼ੰਕਰ ਵੀ। ਯੁੱਧਵੀਰ ਮਾਣਕ, ਸੂਫੀ ਗਾਉਣ ਵਾਲੇ ਗੱਭਰੂ ਆਸ਼ੂ ਤੇ ਰਵੀਕਾਂਤ, ਮੋਗੇ ਤੋਂ ਗਾਇਕ ਪਵਨਦੀਪ, ਗੀਤਕਾਰ ਗੁਰਮਿੰਦਰ ਕੈਂਡੋਵਾਲ, ਸ਼ਮਸ਼ੇਰ ਸੰਧੂ ਵੀ ਤੇ ਪੱਤਰਕਾਰ ਵੀ, ਸੋਫੀ ਵੀ ਸ਼ਰਾਬੀ ਵੀ, ਸਾਰੇ ਲੋਕ ਆਏ ਪਰ ਸਭ ਤੋਂ ਵੱਧ ਖਿੱਚ ਸੀ ਮਾਈ ਮੋਹਣੋ ਤੇ ਪੋਸਤੀ ਦੇ ਕਿਰਦਾਰ ਕਰ ਕੇ ਪੰਜਾਬੀਆਂ ਦੇ ਦਿਲਾਂ ‘ਚ ਵਸੇ ਕੇæ ਦੀਪ ਦੀ। ‘ਖਾਲੀ ਘੋੜੀ ਹਿਣਕਦੀ’, ‘ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ’, ‘ਹੁਣ ਕਿਉਂ ਨ੍ਹੀਂ ਦੇਦਾਂ ਮੈਨੂੰ ਆਪਣਾ ਰੁਮਾਲ ਬਈ’ ਆਦਿ ਗੀਤਾਂ ਨਾਲ ਮਖਸੂਸਪੁਰ ਦੀ ਸੰਗੀਤਕ ਰਾਤ ਨੂੰ ਚੰਨ ਤਾਂ ਨਵਾਂ ਚੜ੍ਹਿਆ, ਪਰ ਇਹ ਸੱਚ ਹੈ ਕਿ ਆਵਾਜ਼ ਭਾਵੇਂ ਗਲੇ ਦੀ ਖਰਾਬੀ ਕਰ ਕੇ ਉਹ ਨਾ ਵੀ ਰਹੀ ਹੋਵੇ, ਪਰ ਮੜ੍ਹਕ ਤੇ ਹੁਸਨ ਹਾਲੇ ਵੀ ਉਵੇਂ ਕਾਇਮ ਹੈ। ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦਾ ਪੁੱਤਰ ਯੁੱਧਵੀਰ ਤੁਰਨ-ਫਿਰਨ ਤਾਂ ਲੱਗ ਪਿਆ ਤੇ ਜਾਣਨ ਵਾਲਿਆਂ ਨੂੰ ਪਛਾਣਨ ਵੀ ਲੱਗ ਪਿਐ, ਪਰ ਉਸ ਦਿਨ ਉਹਨੇ ਚਾਰ ਗੀਤ ‘ਲੈ ਕੇ ਕਲਗੀਧਰ ਤੋਂ ਥਾਪੜਾ’, ‘ਤੇਰੇ ਟਿੱਲੇ ਤੋਂ ਬਈ ਸੂਰਤ ਦੀਹਦੀ ਐ ਹੀਰ ਦੀ’, ‘ਮਾਂ ਹੁੰਦੀ ਏ ਮਾਂ’ ਅਤੇ ‘ਮੈਂ ਚਾਦਰ ਕੱਢਦੀ ਨੀ ਉਤੇ ਪਾਵਾਂ ਵੇਲਾਂ’ ਗਾ ਕੇ ਇਹ ਤਾਂ ਯਕੀਨ ਦੁਆ ਦਿੱਤਾ ਕਿ ਉਹ ਛੇਤੀ ਰਾਜ਼ੀ ਹੋ ਜਾਵੇਗਾ, ਪਰ ਰਾਜਾ ਹਰੀਸ਼ ਚੰਦਰ ਵਾਂਗ ਮਾਣਕ ਪਰਿਵਾਰ ‘ਤੇ ਬਿਪਤਾ ਅਜੇ ਮੁੱਕੀ ਨਹੀਂ। ਇਕ ਪੁੱਤਰ, ਉਹ ਵੀ ਦਿਮਾਗੀ ਤੌਰ ‘ਤੇ ਚੇਤਨ ਨਹੀਂ ਰਿਹਾ! ਇਸ ਹੌਲ ਦੇ ਅੱਥਰੂ ਸਭ ਤੋਂ ਪਹਿਲਾਂ ਰਣਜੀਤ ਕੌਰ ਦੇ ਉਦੋਂ ਟਪਕੇ, ਜਦੋਂ ਉਹਨੇ ਸਟੇਜ ‘ਤੇ ਚੜ੍ਹ ਕੇ ਯੁਧਵੀਰ ਨੂੰ ਕਲਾਵੇ ‘ਚ ਲੈ ਲਿਆ, ਤੇ ਫਿਰ ਖੁਸ਼ੀ ਦੇ ਮਾਹੌਲ ਵਿਚ ਵੀ ਹਰ ਅੱਖ ਸਿੱਲ੍ਹੀ ਹੋ ਗਈ। ਫਿਰ ਇਸ ਉਦਾਸ ਮਾਹੌਲ ਪਿੱਛੋਂ ਪਿਆ ਗਿੱਧਾ ਅਤੇ ਸਾਰੇ ਗਾਇਕਾਂ ਵੱਲੋਂ ਰਲ ਕੇ ਪਾਈਆਂ ਬੋਲੀਆਂ ਵੀ ਫਿੱਕੀਆਂ ਹੀ ਲਗਦੀਆਂ ਰਹੀਆਂ।
ਜਗਮੋਹਣ ਕੌਰ ਅਤੇ ਕੇæ ਦੀਪ ਨਾਲ ਲਗਭਗ ਦਸ ਸਾਲ ਮੇਰੀ ਬੜੀ ਨੇੜਤਾ ਰਹੀ, ਪਰ ਹੁਣ ਜਿਸ ਪੋਸਤੀ ਨੂੰ ਮੈਂ ਕਰੀਬ ਪੰਦਰਾਂ ਸਾਲ ਬਾਅਦ ਮਿਲ ਰਿਹਾ ਸਾਂ, ਉਹ ਹੁਣ ਜਗਮੋਹਣ ਜਾਂ ਮਾਈ ਮੋਹਣੋ ਵਾਲਾ ਕੇæ ਦੀਪ ਨਹੀਂ ਸੀ ਰਿਹਾ। ਜਿਸ ਕਲਾਕਾਰ ਨੂੰ ਮਖਸੂਸਪੁਰ ਪੂਰੇ ਦਾ ਪੂਰਾ ਪਿੰਡ ਠੁਰ-ਠੁਰ ਕਰਦਿਆਂ ਅੱਧੀ ਰਾਤ ਤੱਕ ਸੁਣਨ ਤੇ ਦੇਖਣ ਲਈ ਕਾਹਲਾ ਸੀ, ਸੱਚ ਇਹ ਹੈ ਕਿ ਉਸ ਨੇ ‘ਕੱਲਾ ਨਿਰਾਸ਼ ਕੀਤਾ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਸਗੋਂ ਉਸ ਨੇ ਤਾਂ ਸਾਰੇ ਪ੍ਰੋਗਰਾਮ ਦੀ ਇਕ ਤਰ੍ਹਾਂ ਨਾਲ ਜੱਖਣਾ ਹੀ ਪੁੱਟ ਦਿੱਤੀ ਸੀ। ਇਉਂ ਲਗਦਾ ਸੀ ਕਿ ਉਹ ਧਾਰਨਾ ਸੱਚ ਹੀ ਹੁੰਦੀ ਹੈ ਕਿ ਜੇ ਪਤਨੀ ਪਹਿਲਾਂ ਤੁਰ ਜਾਵੇ, ਤਾਂ ਬੰਦਾ ਕਈ ਵਾਰ ਦਿਮਾਗੀ ਸੰਤੁਲਨ ਗੁਆ ਬੈਠਦਾ ਹੈ; ਹਾਲਾਂਕਿ ਕੇæ ਦੀਪ ਨੇ ਪਵਨਦੀਪ ਨਾਲ ‘ਬਾਬਾ ਵੇ ਕਲਾ ਮਰੋੜ’ ਜਾਂ ‘ਤੇਰਾ ਬੜਾ ਕਰਾਰ ਪੂਦਨਾ’ ਵਰਗੇ ਰੁਮਾਂਟਿਕ ਗੀਤ ਵੀ ਗਏ, ਪਰ ਦੋ ਪੈਗ ਪੀ ਕੇ ਅਧੀਏ ਜਿੰਨੀ ਖਿਲਾਰਨੀ, ਤੇ ਗਾਉਂਦਿਆਂ ਗਾਲ੍ਹਾਂ ਤੱਕ ਕੱਢ ਦੇਣੀਆਂæææ ਆਏਂ ਜਾਪਦਾ ਸੀ ਜਿਵੇਂ ਇਕ ਸਿਰੇ ਵਾਲਾ ਰੱਸਾ ਹੋਵੇ। ਹਾਂ, ਇਹ ਦਾਅਵਾ ਉਹ ਜ਼ਰੂਰ ਵਾਰ-ਵਾਰ ਕਰ ਰਿਹਾ ਸੀ ਕਿ ਸ਼ਿਵ ਨੂੰ ਪਹਿਲੀ ਵਾਰ ਮੈਂ ਹੀ ਗਾਇਆæææ ਜੋ ਕਿਸੇ ਹੱਦ ਤੱਕ ਠੀਕ ਵੀ ਸੀ। ਉਸ ਰਾਤ ਜਿਸ ਕੇæ ਦੀਪ ਨੂੰ ਮੈਂ ਬੇਸਬਰੀ ਨਾਲ ਉਡੀਕਦਾ ਰਿਹਾ ਸੀ, ਫਿਰ ਇੱਦਾਂ ਲੱਗ ਰਿਹਾ ਸੀ ਜਿਵੇਂ ਅਦਾਲਤ ‘ਚ ਤਲਾਕ ਦਾ ਮੁਕੱਦਮਾ ਹਾਰ ਕੇ ਬੰਦਾ ਨਿਕਲਦਾ ਹੈ।
ਜਿਨ੍ਹਾਂ ਨੂੰਹਾਂ ਦੀ ਕੁੱਖ ਸੁਲੱਖਣੀ ਨਹੀਂ ਹੁੰਦੀ, ਉਨ੍ਹਾਂ ਦੀਆਂ ਸੱਸਾਂ ਨੂੰ ਉਨ੍ਹਾਂ ਦਾ ਹਰ ਗੁਣ ਵੀ ਔਗੁਣ ਲੱਗਦਾ ਹੁੰਦਾ ਹੈ। ਇਸ ਲਈ ਪਰਦੇਸ ਵਸ ਕੇ ਹੋ ਸਕਦੈ, ਕਈਆਂ ਨੂੰ ਆਪਣੇ ਮੁਲਕ ਦੀ ਧੂੜ ਚੰਗੀ ਨਾ ਲਗਦੀ ਹੋਵੇ, ਰਾਜਨੀਤੀ ਫਿੱਟ ਨਾ ਬੈਠਦੀ ਹੋਵੇ, ਭ੍ਰਿਸ਼ਟਾਚਾਰ ਭੂਤ ਲਗਦਾ ਹੋਵੇ, ਪ੍ਰਬੰਧ ਜ਼ਹਿਰ ਦਿਖਾਈ ਦਿੰਦਾ ਹੋਵੇ, ਪਰ ਯਕੀਨਨ ਇਸ ਤੱਥ ਤੋਂ ਕਦੇ ਵੀ ਵੱਖ ਨਹੀਂ ਹੋਇਆ ਜਾ ਸਕਦਾ ਕਿ ਪੰਛੀ ਉਡਦਾ ਭਾਵੇਂ ਅਸਮਾਨ ‘ਚ ਹੈ ਪਰ ਆਲ੍ਹਣਾ ਧਰਤੀ ‘ਤੇ ਪਾ ਕੇ ਰੱਖਦਾ ਹੈ।
ਅੰਗਰੇਜ਼ੀ ਦਵਾਈਆਂ ਦੇ ਯੁੱਗ ਵਿਚ ਵੀ ਆਯੁਰਵੈਦ ਦੀ ਗੱਲ ਪਿੱਛੇ ਨਹੀਂ ਪਈ, ਤੇ ਪਰਦੇਸੀ ਹੋ ਕੇ ਪੀੜਾ ਦੇਸ਼ ਦੀ ਹੀ ਸੱਲ੍ਹ ਬਣੀ ਰਹਿੰਦੀ ਹੈ। ਇਸੇ ਲਈ ਹੋ ਸਕਦੈ, ਇਹ ਗੱਲਾਂ ਕਰਦਿਆਂ ਤੁਹਾਨੂੰ ਲੱਗਾ ਵੀ ਹੋਵੇ ਜਿਵੇਂ ਖੁਸਰਿਆਂ ਨਾਲ ਵਧਾਈ ਵੇਲੇ ਢੋਲਕੀ ਵਜਾਉਣ ਵਾਲਾ ਗੁਲਾਮ ਅਲੀ ਦੀ ਮਹਿਫਲ ਵਿਚ ਬੇਸੁਰਾ ਤਬਲਾ ਵਜਾਉਣ ਲੱਗ ਪਿਆ ਹੋਵੇ। ਬੰਸਰੀ ਵੱਜਦੀ ਤਾਂ ਸਿਰ ਵੱਲੋਂ ਫੂਕ ਮਾਰਨ ਨਾਲ ਹੀ ਹੈ, ਪਰ ਅਣਜਾਣ ਦੂਜੇ ਸਿਰੇ ਵੱਲ ਵੀ ਹਵਾੜ੍ਹ ਕੱਢ ਲੈਂਦੇ ਹਨ। ਇਹ ਕਹਿ ਕੇ ਗੁਸਤਾਖੀ ਮੁਆਫ ਕਹਾਂਗਾ,
ਫੁੱਲਾਂ ਦੀ ਸੁਗੰਧ ਲੈ ਕੇ
ਭੌਰੇ ਉਡ ਜਾਂਦੇ ਨੇ।
ਪੰਛੀ ਪਰਦੇਸੀ ਕਦੇ
ਬੈਠ ਕੇ ਨਾ ਖਾਂਦੇ ਨੇ।
ਜਾਂ
ਪੰਛੀਆ ਪਰਦੇਸੀਆ ਵੇ
ਉੱਡ-ਪੁੱਡ ਜਾਣਿਆ
ਏਨੀਆਂ ਪ੍ਰੀਤਾਂ ਨਾ ਜਤਾ।
ਖੌਰੇ ਕਿਹੜੇ ਵੇਲੇ
ਮਾਰ ਜਾਏਂਗਾ ਉਡਾਰੀਆਂ
ਲੁੱਟ ਲਏਂਗਾ ਜ਼ਿੰਦਗੀ ਦੇ ਚਾਅ।

Be the first to comment

Leave a Reply

Your email address will not be published.