ਸਿਆਸਤ ਜਦੋਂ ਤੋਂ ਸੇਵਾ ਦੀ ਥਾਂ ਕਾਰੋਬਾਰ ਬਣੀ ਹੈ, ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਇਸ ਨਾਲ ਆਮ ਲੋਕਾਂ ਦੀਆਂ ਔਕੜਾਂ ਅਤੇ ਔਖਾਂ ਕੌੜੀ ਵੇਲ ਵਾਂਗ ਵਧ ਰਹੀਆਂ ਹਨ। ਆਪਣੇ ਇਸ ਲੇਖ ਵਿਚ ਸ਼ ਜਸਵੰਤ ਸਿੰਘ ਸੰਧੂ ਨੇ ਸਿਆਸਤਦਾਨਾਂ ਦੀ ਉਸ ਜਮਾਤ ਦੀਆਂ ਬਾਤਾਂ ਸੁਣਾਈਆਂ ਹਨ ਜਿਨ੍ਹਾਂ ਦਾ ਅਸਲ ਮਕਸਦ ਸੱਤਾ ਹਾਸਲ ਕਰ ਕੇ ਨਿੱਜੀ ਲਾਭ ਲੈਣਾ ਹੀ ਬਣ ਗਿਆ ਹੈ। ਉਨ੍ਹਾਂ ਨੇ ਜਿਹੜੀਆਂ ਮਿਸਾਲਾਂ ਦਿੱਤੀਆਂ ਹਨ, ਉਨ੍ਹਾਂ ਬਾਰੇ ਸਾਨੂੰ ਸਭ ਨੂੰ ਪਤਾ ਹੈ, ਪਰ ਉਨ੍ਹਾਂ ਨੇ ਇਹ ਮਿਸਾਲਾਂ ਜਿਸ ਲੜੀ ਵਿਚ ਪਰੋਈਆਂ, ਉਹ ਧਿਆਨ ਮੰਗਦੀਆਂ ਹਨ। ਇਨ੍ਹਾਂ ਨੂੰ ਗੌਲੇ ਬਗੈਰ ਕਦਮ ਅਗਾਂਹ ਪੁੱਟਣੇ ਨਿਘਾਰ ਵੱਲ ਜਾ ਰਹੀ ਸਿਆਸਤ ਉਸੇ ਲੀਹ ‘ਤੇ ਪਾਈ ਰੱਖਣਾ ਹੈ। ਹੁਣ ਸਵਾਲ ਇਹ ਹੈ ਕਿ ਇਸ ਨਿਘਾਰ ਨੂੰ ਰੋਕ ਕੇ ਗੱਡੀ ਲੀਹ ਉਤੇ ਕਿਵੇਂ ਪਾਉਣੀ ਹੈ? -ਸੰਪਾਦਕ
ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971
ਸਿਆਸਤ ਸ਼ਬਦ ਦੇ ਅਰਥ ਹਨ, ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਉਣਾ ਹੈ, ਪਰ ਮੁੱਢ-ਕਦੀਮ ਤੋਂ ਹੀ ਸਿਆਸਤਦਾਨਾਂ ਨੇ ਇਸ ਨੂੰ ਆਪਣੀ ਗੱਦੀ ਕਾਇਮ ਰੱਖਣ ਅਤੇ ਖੁਦਗਰਜ਼ੀ ਵਾਸਤੇ ਵਰਤਿਆ ਹੈ। ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਇਕ ਕਲੀ ਵਿਚ ਧਾਰਮਿਕ ਅਤੇ ਸਿਆਸੀ ਲੀਡਰਾਂ ਦਾ ਕਿਰਦਾਰ ਇਉਂ ਬਿਆਨਿਆ ਹੈ,
ਜਿੰਨਾ ਦੇਣਾ ਸੀ ਉਪਦੇਸ਼ ਜਗਤ ਨੂੰ ਧਰਮ ਦਾ,
ਪੱਟੀ ਨਿੱਤ ਪੜ੍ਹਾਉਂਦੇ ਰਹਿੰਦੇ ਅਤਿਆਚਾਰ ਦੀ।
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਮਹਾਂਭਾਰਤ ਕਾਲ ਵਿਚ ਯੁਧਿਸ਼ਟਰ ਨੂੰ ਸੱਚ-ਪੁੱਤਰ ਕਿਹਾ ਜਾਂਦਾ ਹੈ। ਕਾਰਨ? ਉਸ ਦੇ ਦੁਸ਼ਮਣ ਵੀ ਉਸ ਉਤੇ ਯਕੀਨ ਕਰਦੇ ਸਨ। ਉਸ ਦਾ ਪ੍ਰਣ ਸੀ ਕਿ ਉਹ ਕਦੀ ਝੂਠ ਨਹੀਂ ਬੋਲੇਗਾ, ਪਰ ਸਿਆਸਤ ਦਾ ਸ਼ਿਕਾਰ ਹੋ ਕੇ ਉਸ ਨੇ ਵੀ ਝੂਠ ਬੋਲਿਆ। ਮਹਾਂਭਾਰਤ ਦੀ ਲੜਾਈ ਵਿਚ ਗੁਰੂ ਦਰੋਣਾਚਾਰੀਆ ਪਾਂਡਵ ਸੈਨਾ ਦੀ ਤਬਾਹੀ ਕਰ ਰਿਹਾ ਸੀ। ਕ੍ਰਿਸ਼ਨ ਨੇ ਕਿਹਾ, ਜਿੰਨਾ ਚਿਰ ਦਰੋਣਾਚਾਰੀਆ ਨੂੰ ਠੱਲ੍ਹਿਆ ਨਹੀਂ ਜਾਂਦਾ, ਪਾਂਡਵਾਂ ਦੀ ਖੈਰ ਨਹੀਂ। ਫਿਰ ਕੀਤਾ ਕੀ ਜਾਏ? ਜਵਾਬ ਮਿਲਿਆ, ਉਸ ਨੂੰ ਯਕੀਨ ਕਰਾ ਦਿਓ ਕਿ ਉਹਦਾ ਪੁੱਤਰ ਅਸ਼ਵਥਾਮਾ ਮਾਰਿਆ ਗਿਆ ਹੈ; ਉਹ ਦਿਲ ਛੱਡ ਕੇ ਹਥਿਆਰ ਸੁੱਟ ਦੇਵੇਗਾ। ਹੁਣ ਝੂਠ ਨੂੰ ਸੱਚ ਕੌਣ ਬਣਾਉਂਦਾ? ਸਾਰੇ ਜਾਣਦੇ ਸਨ ਕਿ ਦਰੋਣਾਚਾਰੀਆ ਨੇ ਯੁਧਿਸ਼ਟਰ ਤੋਂ ਬਿਨਾਂ ਹੋਰ ਕਿਸੇ ‘ਤੇ ਯਕੀਨ ਨਹੀਂ ਕਰਨਾ। ਸਾਰਿਆਂ ਨੇ ਯੁਧਿਸ਼ਟਰ ‘ਤੇ ਜ਼ੋਰ ਪਾਇਆ ਕਿ ਇਕ ਵਾਰ ਕਹਿ ਦੇਵੀਂ, ਅਸ਼ਵਥਾਮਾ ਮਾਰਿਆ ਗਿਆ ਹੈ। ਬਹਾਨੇ ਨਾਲ ਉਸ ਨੂੰ ਰਜ਼ਾਮੰਦ ਕਰ ਲਿਆ। ਮਾਲਵਾ ਦੇਸ਼ ਦੇ ਰਾਜੇ ਦੇ ਇਕ ਹਾਥੀ ਦਾ ਨਾਮ ਅਸ਼ਵਥਾਮਾ ਸੀ। ਭੀਮ ਸੈਨ ਨੇ ਉਸ ਨੂੰ ਗੁਰਜ ਮਾਰ ਕੇ ਮਾਰ ਦਿੱਤਾ, ਤੇ ਆਖਿਆ, ਅਸ਼ਵਥਾਮਾ ਮਾਰਿਆ ਗਿਆ ਹੈ। ਦਰੋਣਾਚਾਰੀਆ ਨੇ ਸੁਣ ਕੇ ਕਿਹਾ, ਯੁਧਿਸ਼ਟਰ ਤੋਂ ਬਿਨਾਂ ਕਿਸੇ ‘ਤੇ ਯਕੀਨ ਨਹੀਂ। ਯੁਧਿਸ਼ਟਰ ਨੇ ਵੀ ਕਹਿ ਦਿੱਤਾ, ਅਸ਼ਵਥਾਮਾ ਮਾਰਿਆ ਗਿਆ ਹੈ, ਤੇ ਨਾਲ ਹੀ ਹੌਲੀ ਜਿਹੀ ਕਹਿ ਦਿੱਤਾ ਕਿ ਅਸ਼ਵਥਾਮਾ ਹਾਥੀ ਮਰਿਆ ਹੈ, ਗੁਰੂ ਪੁੱਤਰ ਨਹੀਂ। ਯੁਧਿਸ਼ਟਰ ਦੀ ਜ਼ੁਬਾਨ ਉਤੇ ਇਤਬਾਰ ਕਰ ਕੇ ਦਰੋਣਾਚਾਰੀਆ ਨੇ ਹਥਿਆਰ ਸੁੱਟ ਦਿੱਤੇ। ਜੇ ਸੱਚ-ਪੁੱਤਰ ਅਖਵਾਉਣ ਵਾਲੇ ਦਾ ਇਹ ਹਾਲ ਹੈ ਤਾਂ ਆਮ ਆਦਮੀ ਨਿਰੋਲ ਸੱਚ ਬੋਲਣ ਦਾ ਦਾਅਵਾ ਕਿਵੇਂ ਨਿਭਾਅ ਸਕਦਾ ਹੈ? ਸੋ, ਹੁਣ ਸਿਆਸਤ ਦਾ ਮਤਲਬ ਹੈ ਵਿਰੋਧੀ ਨੂੰ ਧੋਖਾ ਦੇ ਆਪ ਜੇਤੂ ਬਣਨਾ!
ਸ੍ਰੀ ਗੁਰੂ ਗ੍ਰੰਥ ਵਿਚ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੀ ਸਿਆਸੀ ਦਸ਼ਾ ਦਾ ਵਰਣਨ ਇਉਂ ਆਉਂਦਾ ਹੈ,
ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦਰਮਾ ਦੀਸੈ ਨਾਹਿ ਕਹ ਚੜਿਆ॥
ਉਸ ਵਕਤ ਵੀ ਰਾਜਿਆਂ ਮਹਾਰਾਜਿਆਂ ਨੇ ਲੋਕਾਂ ਉਤੇ ਬੜੇ ਜ਼ੁਲਮ ਕੀਤੇ। ਮੁਗਲਾਂ ਦੇ ਰਾਜ ਵਿਚ ਗੱਦੀ ਵਾਸਤੇ ਭਰਾਵਾਂ ਦੇ ਕਤਲ ਹੋਏ। ਔਰੰਗਜ਼ੇਬ ਨੇ ਤਾਂ ਆਪਣੇ ਬਾਪ ਸ਼ਾਹ ਜਹਾਨ ਦਾ ਵੀ ਲਿਹਾਜ ਨਾ ਕੀਤਾ ਤੇ ਉਸ ਨੂੰ ਕੈਦ ਕਰ ਲਿਆ। ਅਠਾਰਵੀਂ ਸਦੀ ਵਿਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ, ਪਰ ਸਿੱਖ ਆਪਣੀਆਂ ਜਾਨਾਂ ਵਾਰ ਕੇ ਜ਼ੁਲਮ ਦਾ ਟਾਕਰਾ ਕਰਦੇ ਰਹੇ। ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅਖੀਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿਚ ਸਿੱਖ ਪੰਜਾਬ ਦੇ ਮਾਲਕ ਬਣ ਗਏ। ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਦੇ ਸੁਨਹਿਰੀ ਅਸੂਲ ‘ਤੇ ਚਲਦਿਆਂ ਉਹਨੇ ਪੰਜਾਬੀਆਂ ਦਾ ਰਾਜ ਕਾਇਮ ਕੀਤਾ। ਜਿਨ੍ਹਾਂ ਮੁਸਲਮਾਨਾਂ ਤੋਂ ਉਹਨੇ ਰਾਜ ਖੋਹਿਆ ਸੀ, ਉਨ੍ਹਾਂ Ḕਤੇ ਦੂਜੇ ਭਾਈਚਾਰਿਆਂ ਨੂੰ ਨਾਲ ਲੈ ਕੇ ਰਾਜ ਚਲਾਇਆ। ਹਰ ਇਕ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਬੁਨਿਆਦੀ ਸਹੂਲਤਾਂ ਤੇ ਇਨਸਾਫ ਦਿੱਤਾ। ਆਪਣੀ ਵਜ਼ਾਰਤ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਉਚ ਅਹੁਦਿਆਂ ਨਾਲ ਨਿਵਾਜਿਆ। ਚਾਲੀ ਸਾਲ ਰਾਜ ਕੀਤਾ। ਕਿਸੇ ਨੂੰ ਫਾਂਸੀ ਨਹੀਂ ਦਿੱਤੀ। ਕੋਈ ਫਿਰਕੂ ਫਸਾਦ ਨਹੀਂ ਹੋਇਆ। 27 ਜੂਨ 1839 ਨੂੰ ਮਹਾਰਾਜਾ ਸੁਰਗਵਾਸ ਹੋ ਗਿਆ। ਬੱਸ, ਇਸ ਤੋਂ ਬਾਅਦ ਲਾਹੌਰ ਦਰਬਾਰ ਵਿਚ ਖਾਨਾਜੰਗੀ ਸ਼ੁਰੂ ਹੋ ਗਈ। ਅਜਿਹੇ ਲੋਕ ਹਿਤੈਸ਼ੀ ਰਾਜ ਨੂੰ ਡੋਗਰਿਆਂ ਦੀ ਚਾਣੱਕਿਆ ਨੀਤੀ ਅਤੇ ਸਿੱਖ ਸਰਦਾਰਾਂ ਦੀ ਰਾਜ ਗੱਦੀ ਦੀ ਭੁੱਖ ਨੇ ਦਹਾਕੇ ਵਿਚ ਹੀ ਖਤਮ ਕਰ ਦਿੱਤਾ। ਇਸ ਦੌਰਾਨ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਜ਼ਰੂਰੀ ਹੈ। ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਵਿਚਕਾਰ ਪਾਟਕ ਪਾ ਕੇ ਡੋਗਰਿਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਕੈਦ ਰੱਖ ਕੇ ਉਸ ਨੂੰ ਖਾਣੇ ਵਿਚ ਸਫੈਦ ਕਸਕਰੀ ਤੇ ਰਸ ਕਪੂਰ ਦੇ ਕੇ ਖਤਮ ਕਰ ਦਿੱਤਾ। ਕੰਵਰ ਨੌਨਿਹਾਲ ਜਦ ਆਪਣੇ ਬਾਪ ਦਾ ਸਸਕਾਰ ਕਰ ਰਿਹਾ ਸੀ ਤਾਂ ਧਿਆਨ ਸਿੰਘ ਨੇ ਨੌਨਿਹਾਲ ਨੂੰ ਮਾਰਨ ਦੀ ਸਾਜ਼ਿਸ਼ ਘੜੀ। ਜਦ ਕੰਵਰ ਨੌਨਿਹਾਲ ਨੇ ਗਾਰਡਨਰ ਤੇ ਧਿਆਨ ਸਿੰਘ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖ ਲਿਆ, ਤਾਂ ਸ਼ੱਕ ਪੈ ਗਿਆ। ਉਹ ਧਿਆਨ ਸਿੰਘ ਦੇ ਭਤੀਜੇ ਊਧਮ ਸਿੰਘ ਨੂੰ ਨਾਲ ਲੈ ਕੇ ਕਿਲ੍ਹੇ ਵੱਲ ਤੁਰ ਪਿਆ। ਜਿਸ ਦਰਵਾਜ਼ੇ ਵਿਚੋਂ ਲੰਘਣਾ ਸੀ, ਡੋਗਰਿਆਂ ਨੇ ਉਸ ਦੇ ਛੱਜੇ ਦੀਆਂ ਦਾੜ੍ਹਾਂ ਪੁੱਟ ਕੇ ਵਿਚ ਬਾਰੂਦ ਭਰ ਛੱਡਿਆ ਸੀ। ਦਰਵਾਜ਼ੇ ਉਪਰ ਡੋਗਰਿਆਂ ਦੇ ਆਦਮੀ ਸਣੇ ਰਾਜਾ ਹੀਰਾ ਸਿੰਘ ਤੇ ਕਰਨਲ ਬਿਜੈ ਸਿੰਘ ਬੈਠੇ ਸਨ। ਜਦ ਉਨ੍ਹਾਂ ਤੱਕਿਆ, ਊਧਮ ਸਿੰਘ ਕੰਵਰ ਨੌਨਿਹਾਲ ਨਾਲ ਆ ਰਿਹਾ ਹੈ ਤਾਂ ਹੀਰਾ ਸਿੰਘ ਨੇ ਧਿਆਨ ਸਿੰਘ ਨੂੰ ਇਸ਼ਾਰੇ ਨਾਲ ਪੁੱਛਿਆ। ਅੱਗਿਉਂ ਧਿਆਨ ਸਿੰਘ ਨੇ ਇਸ਼ਾਰੇ ਨਾਲ ਹੀ ਉਤਰ ਦਿੱਤਾ, ‘ਸਾਡਾ ਇਕ ਊਧਮ ਸਿੰਘ ਮਰ ਜਾਵੇਗਾ, ਤਾਂ ਪ੍ਰਵਾਹ ਨਹੀਂ; ਕੰਵਰ ਜਿਉਂਦਾ ਕਿਲ੍ਹੇ ਵਿਚ ਨਹੀਂ ਜਾਣਾ ਚਾਹੀਦਾ।’ ਜਦ ਦੋਵੇਂ ਛੱਜੇ ਥੱਲੇ ਆਏ ਤਾਂ ਬਿਜੈ ਸਿੰਘ ਦੇ ਆਦਮੀਆਂ ਨੇ ਬਾਰੂਦ ਨੂੰ ਅੱਗ ਲਾ ਦਿੱਤੀ। ਊਧਮ ਸਿੰਘ ਥਾਏਂ ਮਾਰਿਆ ਗਿਆ, ਤੇ ਕੰਵਰ ਨੌਨਿਹਾਲ ਨੂੰ ਮਾਮੂਲੀ ਸੱਟ ਲੱਗੀ ਪਰ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਪਾਲਕੀ ਵਿਚ ਪਾ ਕੇ ਉਸ ਨੂੰ ਕਿਲ੍ਹੇ ਵਿਚ ਲੈ ਗਏ। ਹੋਰ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ। ਉਥੇ ਧਿਆਨ ਸਿੰਘ ਨੇ ਕੰਵਰ ਨੌਨਿਹਾਲ ਦਾ ਸਿਰ ਪੱਥਰ ਮਾਰ ਕੇ ਫੇਹ ਦਿੱਤਾ, ਤੇ ਉਹ ਸਦਾ ਦੀ ਨੀਂਦ ਸੌਂ ਗਿਆ।
ਧਿਆਨ ਸਿੰਘ ਨੇ ਸੋਚਿਆ, ਜੇ ਹੁਣ ਮੈਂ ਆਪਣੇ ਪੁੱਤਰ ਹੀਰਾ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਵਾਂ ਤਾਂ ਕਿਸੇ ਰਾਜ ਕਰਨ ਨਹੀਂ ਦੇਣਾ, ਕਿਉਂਕਿ ਅਜੇ ਸ਼ੇਰ-ਏ-ਪੰਜਾਬ ਦੇ ਛੇ ਪੁੱਤਰ ਬਾਕੀ ਹਨ। ਉਹਨੇ ਮਹਾਰਾਣੀ ਚੰਦ ਕੌਰ ਨੂੰ ਮਿਲ ਕੇ ਕਿਹਾ ਕਿ ਉਹ ਕੰਵਰ ਨੂੰ ਬਚਾ ਨਹੀਂ ਸਕਿਆ, ਪਰ ਜੇ ਤੁਸੀਂ ਕੁਝ ਦਿਨ ਮੌਤ ਦੀ ਖ਼ਬਰ ਪਰਦੇ ਵਿਚ ਰੱਖੋ, ਤਾਂ ਉਹ ਉਨ੍ਹਾਂ ਨੂੰ ਪੰਜਾਬ ਦੀ ਮਹਾਰਾਣੀ ਬਣਵਾ ਦੇਵੇਗਾ। ਰਾਜ ਗੱਦੀ ਦੇ ਲਾਲਚ ਵਿਚ ਮਹਾਰਾਣੀ ਨੇ ਤਿੰਨ ਦਿਨ ਕੰਵਰ ਦੀ ਮੌਤ ਦੀ ਖ਼ਬਰ ਨਾ ਦਿੱਤੀ। ਇਨ੍ਹਾਂ ਤਿੰਨ ਦਿਨਾਂ ਵਿਚ ਬਟਾਲੇ ਤੋਂ ਸ਼ੇਰ ਸਿੰਘ ਨੂੰ ਲਾਹੌਰ ਬੁਲਾ ਲਿਆ ਗਿਆ। ਮਹਾਰਾਣੀ ਚੰਦ ਕੌਰ ਅਤੇ ਸ਼ੇਰ ਸਿੰਘ ਦੀਆਂ ਫੌਜਾਂ ਵਿਚ ਪੰਜ ਦਿਨਾਂ ਦੀ ਲੜਾਈ ਪਿੱਛੋਂ ਡੋਗਰਿਆਂ ਨੇ ਵਿਚ ਪੈ ਕੇ ਸੁਲ੍ਹਾ ਕਰਵਾ ਦਿੱਤੀ, ਤੇ ਸ਼ੇਰ ਸਿੰਘ ਮਹਾਰਾਜਾ ਬਣ ਗਿਆ ਤੇ ਧਿਆਨ ਸਿੰਘ ਵਜ਼ੀਰ। ਇਹ ਹਨ ਸਿਆਸਤਦਾਨ ਜੋ ਆਪਣਿਆਂ ਦੀਆਂ ਲਾਸ਼ਾਂ ‘ਤੇ ਗੱਦੀਆਂ ਕਾਇਮ ਕਰਦੇ ਹਨ।
29 ਮਾਰਚ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਆਪਣੇ ਰਾਜ ਵਿਚ ਮਿਲਾ ਕੇ ਸਾਰੇ ਭਾਰਤ ਨੂੰ ਇਕ ਝੰਡੇ ਹੇਠ ਇਕੱਠਾ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਕਦੇ ਵੀ ਇਕ ਦੇਸ਼ ਨਹੀਂ ਸੀ। ਪੰਜਾਬ ਨੇ ਭਾਰਤ ਦੀ ਗੁਲਾਮੀ ਨੂੰ ਬਹੁਤਾ ਚਿਰ ਬਰਦਾਸ਼ਤ ਨਾ ਕੀਤਾ। ਇਸ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ, ਖਾਸ ਕਰ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਾਡੇ ਲੀਡਰਾਂ ਦੀ ਨਾਲਾਇਕੀ ਕਾਰਨ ਦੇਸ਼ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਲੀਡਰ ਆਸਾਨੀ ਨਾਲ ਕਰਾਚੀ ਅਤੇ ਦਿੱਲੀ ਪਹੁੰਚ ਗਏ, ਆਮ ਲੋਕਾਂ ਨੂੰ ਆਪੋ-ਆਪਣੀ ਜਨਮ ਭੂਮੀ ਛੱਡ ਕੇ ਇਧਰੋਂ ਉਧਰ ਤੇ ਉਧਰੋਂ ਇਧਰ ਆਉਣਾ ਪਿਆ। ਇਸ ਵੰਡ ਕਾਰਨ ਦਸ ਲੱਖ ਲੋਕ ਮਾਰੇ ਗਏ। ਕਰੀਬ ਡੇਢ ਕਰੋੜ ਬੇਘਰੇ ਹੋ ਗਏ। ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਉਜਾੜੇ ਦੌਰਾਨ ਅਕਹਿ ਤੇ ਅਸਹਿ ਤਕਲੀਫਾਂ ਝੱਲੀਆਂ। ਪ੍ਰਾਣਾਂ ਤੋਂ ਪਿਆਰੇ ਧਰਮ ਸਥਾਨਾਂ ਦਾ ਵਿਛੋੜਾ ਝੱਲਿਆ ਜੋ ਅੱਜ ਸਾਡੀ ਅਰਦਾਸ ਦਾ ਹਿੱਸਾ ਹੈ। ਅਸਲ ਵਿਚ ਜਦੋਂ ਵੀ ਕੋਈ ਜੁੱਗ-ਗਰਦੀ ਜਾਂ ਰਾਜ ਪਲਟਾ ਹੁੰਦਾ ਹੈ ਤਾਂ ਉਸ ਦਾ ਖਮਿਆਜ਼ਾ ਆਮ ਲੋਕਾਂ, ਤੇ ਸਭ ਤੋਂ ਵੱਧ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਸਿਆਸਤਦਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਤਾਂ ਕਦੇ ਕੰਨ ਵੀ ਤੱਤਾ ਨਹੀਂ ਹੋਇਆ।
ਦੇਸ਼ ਵੰਡ ਤੋਂ ਪਹਿਲਾਂ ਲੋਕਾਂ ਨੂੰ ਕਦੇ ਝਟਕੇ ਅਤੇ ਕਦੇ ਹਲਾਲ ਦੇ ਨਾਂ ‘ਤੇ ਲੜਾਇਆ ਜਾਂਦਾ ਸੀ। ਜਿਨ੍ਹਾਂ ਜਾਨਵਰਾਂ (ਗਾਂ ਤੇ ਸੂਰ) ਦੇ ਨਾਂ ‘ਤੇ ਲੜਾਈਆਂ ਕਰਾਈਆਂ ਜਾਂਦੀਆਂ ਸਨ, ਉਹ ਕਦੇ ਵੀ ਆਪਸ ਵਿਚ ਨਹੀਂ ਲੜੇ ਪਰ ਸਿਆਸਤਦਾਨ, ਲੋਕਾਂ ਦੇ ਜਜ਼ਬਾਤ ਨੂੰ ਭੜਕਾ ਕੇ ਅਤੇ ਮਰਵਾ ਕੇ ਸਦਾ ਆਪਣਾ ਉਲੂ ਸਿੱਧੇ ਕਰਦੇ ਰਹੇ। ਜਦ ਇੰਨਾ ਨੁਕਸਾਨ ਕਰਾ ਕੇ ਲੋਕ ਇਧਰ ਆਏ ਅਤੇ ਪੰਜਾਬੀਆਂ ਨੇ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਲੀਡਰਾਂ ਨੂੰ ਕਿਹਾ ਤਾਂ ਉਨ੍ਹਾਂ ਇਕ ਹੀ ਵਾਕ ਕਹਿ ਕੇ ਸਾਰ ਦਿੱਤਾ, ‘ਹੁਣ ਹਾਲਾਤ ਬਦਲ ਗਏ ਹਨ।’ ਇਧਰ ਆ ਕੇ ਵੀ ਲੋਕਾਂ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ। ਭਾਸ਼ਾ ਦੇ ਨਾਂ ‘ਤੇ ਵੰਡੀਆਂ ਪਾ ਦਿੱਤੀਆਂ। ਚਲਾਕ ਲੀਡਰਾਂ ਨੇ ਪੰਜਾਬੀਆਂ ਦੇ ਇਕ ਹਿੱਸੇ ਨੂੰ ਇਹ ਕਹਿ ਕੇ ਭਰਮਾ ਲਿਆ ਕਿ ਉਨ੍ਹਾਂ ਦੀ ਮਾਂ-ਬੋਲੀ ਤਾਂ ਹਿੰਦੀ ਹੈæææਹਿੰਦੂ ਭਾਈਆਂ ਦੀ ਬੋਲੀ ਹਿੰਦੀ ਹੈ ਤੇ ਸਿੱਖਾਂ ਦੀ ਪੰਜਾਬੀ। ਦੇਸ਼ ਭਰ ਵਿਚ ਭਾਸ਼ਾ ਦੇ ਆਧਾਰ ‘ਤੇ ਸੂਬੇ ਬਣਾ ਦਿੱਤੇ ਪਰ ਪੰਜਾਬੀ ਸੂਬਾ ਨਾ ਬਣਾਇਆ। ਕੁਰਬਾਨੀਆਂ ਤੋਂ ਬਾਅਦ ਪੰਜਾਬੀ ਸੂਬਾ ਬਣਿਆ, ਉਹ ਵੀ ਲੰਗੜਾ ਲੂਲਾ! ਪੰਜਾਬੀਆਂ ਨੂੰ ਇਕ-ਦੂਜੇ ਤੋਂ ਦੂਰ ਕਰ ਕੇ ਫਿਰ ਮਨੋਵਿਗਿਆਨਿਕ ਤੌਰ ‘ਤੇ ਇਹ ਦੂਰੀ ਪੱਕਿਆਂ ਕਰਨ ਲਈ ਇਹ ਗੀਤ ਗਾਇਆ ਗਿਆ, ‘ਕੌਣ ਕਹੇ ਹਿੰਦੂ ਅਤੇ ਸਿੱਖ ਵੱਖ-ਵੱਖ ਨੇ, ਭਾਰਤ ਮਾਂ ਦੀ ਦੋਵੇਂ ਸੱਜੀ ਖੱਬੀ ਅੱਖ ਨੇ।’ ਇਸ ਹਾਲਾਤ ਬਾਰੇ ਕਵੀ ਸੁਰਜੀਤ ਪਾਤਰ ਨੇ ਵੀ ਲਿਖਿਆ ਹੈ ਕਿ ਪਹਿਲੀ ਨਜ਼ਰ ਪੰਜਾਬ ਨੂੰ ਉਦੋਂ ਲੱਗੀ, ਜਦੋਂ ਅੱਧੇ ਪੰਜਾਬੀਆਂ ਪੰਜਾਬੀ ਛੱਡੀ।æææਇਉਂ ਸਾਡੇ ਸਿਆਸਤਦਾਨਾਂ ਨੇ ਪੰਜਾਬ ਦੇ ਦੋ ਵੱਡੇ ਫਿਰਕਿਆਂ ਨੂੰ ਇਕ-ਦੂਜੇ ਤੋਂ ਦੂਰ ਕਰ ਦਿੱਤਾ। ਇਸ ਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮਿਆਂ ਵਿਚ ਭੁਗਤਣਾ ਪਏਗਾ। ਜਿਸ ਘਰ, ਕੌਮ ਤੇ ਦੇਸ਼ ਦੇ ਲੋਕ ਵੰਡੇ ਹੋਣ, ਉਹ ਕਦੇ ਤਰੱਕੀ ਨਹੀਂ ਕਰ ਸਕਦੇ।
ਪੰਜਾਬੀ ਸੂਬੇ ਲਈ ਅਨੇਕਾਂ ਮੋਰਚੇ ਲੱਗੇ। ਸਾਡੇ ਸਿਆਸਤਦਾਨਾਂ ਨੇ ਇਸ ਨੂੰ ਅਨੰਦਪੁਰ ਮਤੇ ਦੇ ਨਾਂ ‘ਤੇ ਵੱਧ ਅਧਿਕਾਰ ਲੈਣ ਲਈ ਲੋਕਾਂ ਨੂੰ ਜੇਲ੍ਹਾਂ ਵਿਚ ਤੋਰਿਆ, ਪਰ ਇਹ ਮੰਗਾਂ ਕਦੇ ਵੀ ਪੂਰੀਆਂ ਨਾ ਹੋਈਆਂ। ਹਿੰਦੀ ਪੰਜਾਬੀ ਤੋਂ ਵਧਦਾ ਮਸਲਾ ਖਾੜਕੂ ਲਹਿਰ ਤੱਕ ਪੁੱਜ ਗਿਆ। ਸਿਆਸਤਦਾਨਾਂ ਨੇ ਮੰਜੀ ਸਾਹਿਬ, ਅੰਮ੍ਰਿਤਸਰ ਦੇ ਦੀਵਾਨ ਵਿਚ ਜ਼ੋਸ਼ੀਲੀਆਂ ਤਕਰੀਰਾਂ ਕਰਨੀਆਂ, ਕਿ ਜੇ ਦਰਬਾਰ ਸਾਹਿਬ ਅੰਦਰ ਪੁਲਿਸ ਦਾਖ਼ਲ ਹੋਈ ਤਾਂ ਸਾਡੀਆਂ ਲਾਸ਼ਾਂ ਉਤੋਂ ਲੰਘ ਕੇ ਦਾਖਲ ਹੋਵੇਗੀ। ਜਦ ਭਾਰਤੀ ਫੌਜ ਨੇ ਬੇਗੁਨਾਹ ਲੋਕਾਂ ਨੂੰ ਲਾਸ਼ਾਂ ਬਣਾ ਦਿੱਤਾ ਤਾਂ ਸਾਡੇ ਸਿਆਸਤਦਾਨ ਹੱਥ ਖੜ੍ਹੇ ਕਰ ਕੇ ਲੋਕਾਂ ਦੀਆਂ ਲਾਸ਼ਾਂ ਦੇ ਉਪਰੋਂ ਲੰਘ ਕੇ ਬਾਹਰ ਆ ਗਏ। ਫਿਰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ, ਉਸ ਅਨੁਸਾਰ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ। ਜਦ ਮਿਥੀ ਤਰੀਕ ਨੂੰ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਤਾਂ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਨੇ ਅਸਤੀਫਾ ਨਾ ਦਿੱਤਾ। ਕੇਂਦਰ ਸਰਕਾਰ ਨੇ ਫਿਰ ਵੀ ਉਨ੍ਹਾਂ ਨੂੰ ਪੰਜ ਸਾਲ ਪੂਰੇ ਨਾ ਕਰਨ ਦਿੱਤੇ ਤੇ ਵਜ਼ਾਰਤ ਭੰਗ ਕਰ ਦਿੱਤੀ। ਇਸ ਤੋਂ ਪਹਿਲਾਂ ਦਰਬਾਰਾ ਸਿੰਘ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਪੰਜਾਬ ਦੇ ਪਾਣੀਆਂ ਦੇ ਰਿਪੇਰੀਅਨ ਹੱਕ ਮੁਤਾਬਕ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਜਿਸ ਨਾਲ ਪੰਜਾਬ ਨੂੰ ਪਾਣੀਆਂ ਦਾ ਹੱਕ ਮਿਲਣਾ ਸੀ। ਦਰਬਾਰਾ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹੇ ‘ਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਵਾਪਸ ਲੈ ਲਈ। ਉਨ੍ਹਾਂ ਪੰਜਾਬ ਦੇ ਹਿਤਾਂ ਨਾਲੋਂ ਗੱਦੀ ਨੂੰ ਤਰਜੀਹ ਦਿੱਤੀ। ਅੰਤ ਗੱਦੀ ਵੀ ਨਾ ਰਹੀ, ਪਰ ਉਹ ਮੱਥੇ ਉਤੇ ਕਲੰਕ ਲੈ ਕੇ ਇਸ ਦੁਨੀਆਂ ਤੋਂ ਤੁਰ ਗਿਆ।
ਪੰਜਾਬ ਬਾਰੇ ਕਹਾਵਤ ਹੈ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਜਦੋਂ ਵੀ ਕੋਈ ਹਮਲਾਵਾਰ ਭਾਰਤ ‘ਤੇ ਹਮਲਾ ਕਰਨ ਆਇਆ, ਪੰਜਾਬੀਆਂ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਲੋਕਾਂ ਵਾਸਤੇ ਜਾਨਾਂ ਕੁਰਬਾਨ ਕੀਤੀਆਂ। ਸੰਸਾਰ ਜੇਤੂ ਸਿਕੰਦਰ ਵਰਗਿਆਂ ਨੂੰ ਵੀ ਪਿੱਛੇ ਮੁੜਨਾ ਪਿਆ। ਸਾਡੇ ਨਾਇਕ ਰਾਜਾ ਪੋਰਸ, ਦੁੱਲਾ ਭੱਟੀ ਤੇ ਬਾਬਾ ਬੰਦਾ ਸਿੰਘ ਬਹਾਦਰ ਹਨ। ਬੰਦਾ ਸਿੰਘ ਬਹਾਦਰ ਨੇ ਵੱਡੇ ਜ਼ਿਮੀਦਾਰਾਂ ਤੋਂ ਜ਼ਮੀਨਾਂ ਖੋਹ ਕੇ ਗਰੀਬ ਹਲ ਵਾਹਕਾਂ ਨੂੰ ਵੰਡੀਆਂ। ਪੰਜਾਬੀਆਂ ਨੇ ਹਰ ਮੁਸ਼ਕਿਲ ਦਾ ਬੜਾ ਬਹਾਦਰੀ ਨਾਲ ਟਾਕਰਾ ਕੀਤਾ ਤੇ ਜੇਤੂ ਬਣ ਕੇ ਨਿਕਲੇ; ਇਹ ਭਾਵੇਂ 1947 ਦੀ ਵੰਡ ਸੀ, ਜੰਗਾਂ ਸਨ, ਨਕਸਲੀ ਜਾਂ ਖਾੜਕੂ ਲਹਿਰ ਸੀ। ਪੰਜਾਬ ਦਾ ਬੜਾ ਨੁਕਸਾਨ ਹੋਇਆ ਪਰ ਪੰਜਾਬ ਫਿਰ ਆਪਣੇ ਪੈਰਾਂ ‘ਤੇ ਖੜ੍ਹਾ ਹੁੰਦਾ ਆਇਆ ਹੈ। ਉਂਜ ਅੱਜ ਦੇ ਨੀਤੀਵਾਨਾਂ ਨੇ ਆਪਣੀਆਂ ਲੋਕ ਮਾਰੂ ਨੀਤੀਆਂ ਨਾਲ ਜੋ ਨੁਕਸਾਨ ਪੰਜਾਬ ਦਾ ਕੀਤਾ ਹੈ, ਉਸ ਦੀ ਭਰਪਾਈ ਨੂੰ ਬੜਾ ਸਮਾਂ ਲੱਗੇਗਾ। ਹੇਰਾ-ਫੇਰੀ ਤੇ ਭ੍ਰਿਸ਼ਟਾਚਰ ਰਾਹੀਂ ਪੈਸਾ ਕਮਾਉਣ ਦੀ ਆਦਤ ਲੋਕਾਂ ਨੂੰ ਪਾ ਦਿੱਤੀ ਗਈ ਹੈ। ਬੱਚਿਆਂ ਨੂੰ ਕਿਰਤ ਕਲਚਰ ਤੋਂ ਦੂਰ ਕਰ ਦਿੱਤਾ ਗਿਆ ਹੈ ਜੋ ਬਾਬੇ ਨਾਨਕ ਨੇ ਪੰਜਾਬੀਆਂ ਨੂੰ ਦੱਸਿਆ ਸੀ। ਢਾਡੀਆਂ, ਕਵੀਸ਼ਰਾਂ ਤੇ ਵਿਦਵਾਨ ਕਥਾਵਾਚਕਾਂ ਨੂੰ ਸਾਡੀ ਨਵੀਂ ਪਨੀਰੀ ਨੇ ਸੁਣਨਾ ਹੀ ਬੰਦ ਕਰ ਦਿੱਤਾ ਹੈ ਜਿਸ ਰਾਹੀਂ ਉਹ ਅਚੇਤ ਰੂਪ ਵਿਚ ਆਪਣੇ ਵਿਰਸੇ ਨਾਲ ਜੁੜਦੇ ਸਨ। ਅੱਜ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਂ ‘ਤੇ ਸਾਡੇ ਸਿਆਸਤਦਾਨਾਂ ਤੇ ਸਰਕਾਰਾਂ ਨੇ ਗਾਇਕਾਂ ਤੇ ਗਾਇਕਾਵਾਂ ਰਾਹੀਂ ਅਸ਼ਲੀਲਤਾ ਤੇ ਨੰਗੇਜ਼ਵਾਦ ਪਰੋਸਣਾ ਸ਼ੁਰੂ ਕੀਤਾ ਹੈ। ਕੋਈ ਵਿਆਹ ਸ਼ਾਦੀ, ਪਾਰਟੀ ਜਾਂ ਖੁਸ਼ੀ ਦੇ ਮੌਕਿਆਂ ‘ਤੇ ਸ਼ਰਾਬ ਦੀ ਵਰਤੋਂ ਸ਼ੱਰ੍ਹੇਆਮ ਹੁੰਦੀ ਹੈ। ਇਨ੍ਹਾਂ ਨਸ਼ਿਆਂ ਕਾਰਨ ਅੱਜ ਪਿਉ-ਧੀ ਅਤੇ ਭੈਣ-ਭਰਾ ਦੇ ਰਿਸ਼ਤੇ ਵੀ ਤਾਰ-ਤਾਰ ਹੋ ਗਏ ਹਨ। ਇਨ੍ਹਾਂ ‘ਮਹਾਨ’ ਕਲਾਕਾਰਾਂ ਦੀ ਮਿਹਰਬਾਨੀ ਸਦਕਾ ਨੌਜਵਾਨ ਮੁੰਡੇ-ਕੁੜੀਆਂ ਘਰੋਂ ਦੌੜ ਕੇ ਰੇਲ ਗੱਡੀਆਂ ਅੱਗੇ ਸਿਰ ਦੇ ਕੇ, ਸਲਫਾਸ ਦੀ ਗੋਲੀਆਂ ਖਾ ਕੇ ਅਤੇ ਪੱਖਿਆਂ ਨਾਲ ਲਟਕ ਕੇ ਖੁਦਕੁਸ਼ੀਆਂ ਕਰ ਕੇ ਮਾਪਿਆਂ ਦੀ ਇੱਜ਼ਤ ਰੋਲ ਰਹੇ ਹਨ। ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਅਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਨ ਵਾਲੇ ਲੀਡਰਾਂ ਦਾ ਹੁਣ ਜਦੋਂ ਤਖਤ ਹਿੱਲਿਆ ਤਾਂ ਥਾਂ-ਥਾਂ ਨਸ਼ਾ ਛੁਡਾਊ ਸੈਂਟਰ ਖੋਲ੍ਹ ਕੇ ਨੌਜਵਾਨਾਂ ਨੂੰ ਚੰਗੇ ਸ਼ਹਿਰੀ ਬਣਾਉਣ ਦਾ ਨਾਟਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸਿਆਸਤਦਾਨਾਂ ਨੇ ਹਰ ਚੋਣ (ਮੈਂਬਰ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤਕ) ਜਿੱਤਣ ਵਾਸਤੇ ਲੋਕਾਂ ਨੂੰ ਨਸ਼ਿਆਂ ਦੇ ਦਰਿਆ ਵਿਚ ਤਾਰੀਆਂ ਲਾਉਣ ਦੀ ਆਦਤ ਪਾਈ। ਕਈ ਪਰਿਵਾਰਾਂ ਦੇ ਸੱਤ-ਸੱਤ ਜੀਅ ਨਸ਼ਿਆਂ ਦੀ ਭੇਟ ਚੜ੍ਹ ਗਏ। ਗੱਦੀ ਤੇ ਮਾਇਆ ਇਕੱਠੀ ਕਰਨ ਵਾਸਤੇ ਮਾਂ-ਬਾਪ, ਪਤਨੀਆਂ, ਮਾਸੂਮ ਬੱਚਿਆਂ ਤੇ ਭੈਣਾਂ-ਭਰਾਵਾਂ ਨੂੰ ਦੁੱਖਾਂ ਦੀ ਭੱਠੀ ਵਿਚ ਝੋਕ ਦਿੱਤਾ।
ਕੋਈ ਚੋਣ ਰੈਲੀ ਹੁੰਦੀ ਹੈ, ਤਾਂ ਭੀੜਾਂ ਇਕੱਠੀਆਂ ਕਰਨ ਵਾਸਤੇ ਅਸਭਿਅਕ ਗੀਤ ਗਾਉਣ ਵਾਲੀ ਕਿਸੇ ਗਾਇਕ ਬੀਬੀ ਨੂੰ ਸੱਦ ਲਿਆ ਜਾਂਦਾ ਹੈ, ਸ਼ਰਾਬ ਵਰਤਾਈ ਜਾਂਦੀ ਹੈ। ਵਿਆਹਾਂ ਤੇ ਪਾਰਟੀਆਂ ਵਿਚ ਵੀ ਇਹੋ ਹਾਲ ਹੈ। ਅਜਿਹਾ ਮਾਹੌਲ ਦੇ ਕੇ ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਸਾਡੇ ਬੱਚੇ ਆਗਿਆਕਾਰ, ਕਿਰਤ ਕਰਨ ਵਾਲੇ, ਵੱਡਿਆਂ ਦੀ ਇੱਜ਼ਤ ਕਰਨ ਵਾਲੇ, ਛੋਟਿਆਂ ਨੂੰ ਪਿਆਰ ਕਰਨ ਵਾਲੇ, ਆਮਦਨ ਵੇਖ ਕੇ ਖਰਚ ਕਰਨ ਵਾਲੇ ਤੇ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਬਣ ਜਾਣਗੇ? ਹੁਣ ਨਸ਼ਾ ਮੁਕਤੀ ਲਹਿਰ ਤਾਂ ਚਲਾਈ ਗਈ ਹੈ, ਪਰ ਵੱਡੇ ਮਗਰਮੱਛਾਂ ਨੂੰ ਤਾਂ ਹੁਣ ਵੀ ਨਹੀਂ ਫੜਿਆ ਜਾ ਰਿਹਾ। ਨਿੱਕੀਆਂ-ਨਿੱਕੀਆਂ ਚਿਚਰਾਂ (ਨਸ਼ਾ ਕਰਨ ਵਾਲੇ ਤੇ ਇਕ-ਅੱਧ ਪੁੜੀ ਵੇਚਣ ਵਾਲੇ) ਫੜ ਕੇ ਜੇਲ੍ਹਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਤਾੜੇ ਜਾ ਰਹੇ ਹਨ। ਨੀਤੀਵਾਨ ਕਹਿੰਦੇ ਹਨ ਕਿ ਨਸ਼ਾ ਸਰਹੱਦ ਪਾਰੋਂ ਆ ਰਿਹਾ ਹੈ, ਇਸ ਦੀ ਰੋਕਥਾਮ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ; ਪਰ ਜੋ ਸਿੰਥੈਟਿਕ ਨਸ਼ੇ ਪੰਜਾਬ ਵਿਚ ਬਣ ਰਹੇ ਹਨ, ਉਸ ਦੀ ਜ਼ਿੰਮੇਵਾਰੀ ਫਿਰ ਕਿਸ ਦੀ ਹੈ? ਸਿੰਥੈਟਿਕ ਨਸ਼ੇ ਬਣਾਉਣ ਵਾਲਿਆਂ ਨੂੰ ਲਾਲ ਬੱਤੀ ਲੱਗੀਆਂ ਗੱਡੀਆਂ ਅਤੇ ਬਾਡੀਗਾਰਡ ਕਿਸ ਨੇ ਦਿੱਤੇ ਹਨ?
ਹੁਣ ਜੇ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੇ ਸਿਆਸਤਦਾਨਾਂ ਤੋਂ ਬਚਣ ਲਈ ਆਪ ਤੇ ਆਪਣੇ ਬੱਚਿਆਂ ਨੂੰ ਅਸ਼ਲੀਲਤਾ, ਨੰਗੇਜ਼ਵਾਦ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਪਵੇਗਾ। ਜੇ ਮਾਂ-ਬਾਪ ਆਪ ਆਦਰਸ਼ ਬਣਨਗੇ, ਤਾਂ ਬੱਚੇ ਵੀ ਉਨ੍ਹਾਂ ਦੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਨਗੇ। ਅੱਜ ਵਾਹੀ, ਪੜ੍ਹਾਈ ਤੇ ਦਵਾਈ ਬੜੀ ਮਹਿੰਗੀ ਹੋਈ ਪਈ ਹੈ, ਸਾਨੂੰ ਫਜ਼ੂਲ-ਖਰਚੀ ਛੱਡ ਕੇ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਪੈਣਗੇ। ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਉਨ੍ਹਾਂ ਵਿਚ ਉਹ ਬੁੱਧ-ਬਿਬੇਕ ਪੈਦਾ ਕਰਨੀ ਹੋਵੇਗੀ ਜੋ ਚੰਗੇ-ਮਾੜੇ ਦੀ ਪਛਾਣ ਕਰਨਾ ਸਿਖਾਉਂਦੀ ਹੈ। ਬਾਬੇ ਨਾਨਕ ਦੀ ਕਿਰਤ ਨੂੰ ਅਪਨਾਉਣਾ ਪਵੇਗਾ। ਵੋਟ ਪਾਉਣ ਵੇਲੇ ਨਸ਼ੇ ਅਤੇ ਪੈਸੇ ਵੰਡਣ ਵਾਲਿਆਂ ਦੀ ਥਾਂ ਚੰਗੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਵੋਟ ਪਾਉਣੀ ਹੋਵੇਗੀ।
ਇਤਿਹਾਸ ਗਵਾਹ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਉਦੋਂ ਵੀ ਕੋਈ ਸਿੱਖ ਕੌਮ ਨੂੰ ਮਾਰ ਨਾ ਸਕਿਆ। ਸੱਚਾ-ਸੁੱਚਾ ਆਚਰਨ ਸਾਡੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਜੇ ਤੁਸੀਂ ਕਿਸੇ ਘਰ, ਕੌਮ ਤੇ ਦੇਸ਼ ਨੂੰ ਮਾਰਨਾ ਹੋਵੇ ਤਾਂ ਉਸ ਨੂੰ ਗਿਆਨ ਤੇ ਕਿਰਤ ਤੋਂ ਦੂਰ ਕਰ ਕੇ ਨਸ਼ਿਆਂ ‘ਤੇ ਲਾ ਦਿਓ, ਆਪਣੇ-ਆਪ ਖ਼ਤਮ ਹੋ ਜਾਵੇਗੀ। ਪੰਜਾਬੀ ਕੌਮ ਨਾਲ ਇਹੋ ਕੁਝ ਅੱਜ ਦਾ ਸਿਆਸਤਦਾਨ ਕਰ ਰਿਹਾ ਹੈ। ਫਿਰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ, ਬਾਬਾ ਨਾਨਕ ਕਹਿ ਗਿਆ ਹੈ, ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
Leave a Reply