ਚੰਡੀਗੜ: ਦੇਸ਼ ਵਿਚ ਪੰਜਾਬ ਦਾ ਪਹਿਲਾ ਨੰਬਰ ਹੈ ਜਿਥੇ ਭੰਡਾਰਨ ਦੌਰਾਨ ਸਭ ਤੋਂ ਜ਼ਿਆਦਾ ਅਨਾਜ ਗਾਇਬ (ਭੰਡਾਰਨ ਘਾਟਾ) ਹੋਇਆ ਹੈ। ਪੰਜਾਬ ਵਿਚੋਂ ਤਕਰੀਬਨ 52 ਲੱਖ ਬੋਰੀ ਅਨਾਜ ਗੁਦਾਮਾਂ ਵਿਚੋਂ ਗਾਇਬ ਹੋ ਗਿਆ ਹੈ ਜਦੋਂ ਕਿ ਪੌਣੇ ਦੋ ਲੱਖ ਬੋਰੀ ਅਨਾਜ ਰਾਹਾਂ ਵਿਚੋਂ ਉੱਡ ਗਿਆ ਹੈ। ਇਸ ਹੇਰ-ਫੇਰ ਵਿਚ ਪੰਜਾਬ ਦੀ ਅਫਸਰਸ਼ਾਹੀ ਤੋਂ ਲੈ ਕੇ ਮੰਤਰੀਆਂ ਤੱਕ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਦੀ ਤਾਜ਼ਾ ਸੂਚਨਾ ਮੁਤਾਬਕ ਇਕ ਅਪਰੈਲ 2011 ਤੋਂ ਮਈ 2014 ਤੱਕ ਪੰਜਾਬ ਦੇ ਗੁਦਾਮਾਂ ਵਿਚ ਭੰਡਾਰਨ ਦੌਰਾਨ 52æ52 ਲੱਖ ਬੋਰੀ ਅਨਾਜ ਗਾਇਬ (ਭੰਡਾਰਨ ਘਾਟਾ) ਹੋਇਆ ਹੈ ਜਦੋਂ ਕਿ ਮੂਵਮੈਂਟ ਦੌਰਾਨ 1æ83 ਲੱਖ ਬੋਰੀ ਅਨਾਜ ਚਾਰ ਵਰ੍ਹਿਆਂ ਦੌਰਾਨ ਰਾਹਾਂ ਵਿਚੋਂ ਹੀ ਗਾਇਬ ਹੋਇਆ ਹੈ। ਇਸ ਅਨਾਜ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ ਜਿਸ ਦਾ ਭਾਰ ਖ਼ਰੀਦ ਏਜੰਸੀਆਂ ਨੂੰ ਚੁੱਕਣਾ ਪੈਂਦਾ ਹੈ। ਚਾਲੂ ਮਾਲੀ ਸਾਲ ਦੇ ਦੋ ਮਹੀਨਿਆਂ ਦੌਰਾਨ 2æ20 ਲੱਖ ਬੋਰੀ ਅਨਾਜ ਗੁਦਾਮਾਂ ਵਿਚੋਂ ਉੱਡ ਗਿਆ ਹੈ ਜਦੋਂ ਕਿ ਸਾਲ 2013-14 ਵਿਚ 16æ80 ਲੱਖ ਬੋਰੀ ਅਨਾਜ ਗਾਇਬ ਹੋਇਆ ਹੈ। ਇਸੇ ਤਰ੍ਹਾਂ ਸਾਲ 2012-13 ਵਿਚ 16æ97 ਲੱਖ ਬੋਰੀ ਤੇ ਸਾਲ 2011-12 ਦੌਰਾਨ 16æ54 ਲੱਖ ਬੋਰੀ ਅਨਾਜ ਗੁਦਾਮਾਂ ਵਿਚੋਂ ਲਾਪਤਾ ਹੋਇਆ ਹੈ।
ਪੰਜਾਬ ਵਿਚ ਚਾਲੂ ਮਾਲੀ ਸਾਲ ਦੌਰਾਨ 116æ41 ਲੱਖ ਟਨ ਕਣਕ ਤੇ 77æ31 ਲੱਖ ਟਨ ਚੌਲ ਦੀ ਖ਼ਰੀਦ ਹੋਈ ਹੈ ਜਦੋਂ ਕਿ ਸਾਲ 2013-14 ਵਿਚ ਕਣਕ ਦੀ 108æ97 ਲੱਖ ਟਨ ਤੇ 85æ58 ਲੱਖ ਚੌਲ ਦੀ ਖ਼ਰੀਦ ਹੋਈ ਸੀ। ਪੰਜਾਬ ਵਿਚ ਵੇਅਰਹਾਊਸਿੰਗ ਦੇ 117 ਭੰਡਾਰਨ ਪੁਆਇੰਟ ਹਨ ਤੇ ਜ਼ਿਆਦਾ ਅਨਾਜ ਇਨ੍ਹਾਂ ਗੁਦਾਮਾਂ ਵਿਚ ਭੰਡਾਰ ਕੀਤਾ ਜਾਂਦਾ ਹੈ। ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਬਠਿੰਡਾ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਚੌਲ ਨੂੰ ਭੰਡਾਰ ਤੋਂ ਡਲਿਵਰ ਕਰਨ ਤੱਕ ਨਮੀ ਦੀ ਮਾਤਰਾ ਵਿਚ ਕਾਫੀ ਫਰਕ ਆ ਜਾਂਦਾ ਹੈ ਜਿਸ ਕਰਕੇ ਵਜ਼ਨ ਵਿਚ ਕਮੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਘਾਟਾ ਖੁਰਾਕ ਨਿਗਮ ਵੇਅਰਹਾਊਸਿੰਗ ਸਿਰ ਪਾ ਦਿੰਦਾ ਹੈ।
ਮਿਲੇ ਵੇਰਵਿਆਂ ਮੁਤਾਬਕ ਦੇਸ਼ ਭਰ ਦੇ ਗੁਦਾਮਾਂ ਵਿਚੋਂ ਚਾਲੂ ਮਾਲੀ ਸਾਲ ਦੇ ਦੋ ਮਹੀਨਿਆਂ ਦੌਰਾਨ 4æ47 ਲੱਖ ਬੋਰੀ ਅਨਾਜ ਗਾਇਬ ਹੋਇਆ ਹੈ ਜਿਸ ਵਿਚੋਂ 50 ਫ਼ੀਸਦੀ ਇਕੱਲਾ ਪੰਜਾਬ ਵਿਚੋਂ ਗਾਇਬ ਹੋਇਆ ਹੈ। ਮਾਹਿਰ ਦੱਸਦੇ ਹਨ ਕਿ ਜਦੋਂ ਝੋਨਾ ਭੰਡਾਰ ਕੀਤਾ ਜਾਂਦਾ ਹੈ ਤਾਂ ਉਦੋਂ ਨਮੀ ਦੀ ਮਾਤਰਾ 15 ਫ਼ੀਸਦੀ ਤੱਕ ਹੁੰਦੀ ਹੈ ਤੇ ਗੁਦਾਮਾਂ ਵਿਚ ਭੰਡਾਰ ਦੌਰਾਨ ਇਹ ਨਮੀ 11 ਤੋਂ 12 ਫ਼ੀਸਦੀ ਰਹਿ ਜਾਂਦੀ ਹੈ ਜਿਸ ਕਰਕੇ ਅਨਾਜ ਦਾ ਵਜ਼ਨ ਘਟ ਜਾਂਦਾ ਹੈ ਤੇ ਇਸ ਨੂੰ ਭੰਡਾਰ ਘਾਟੇ ਵਿਚ ਪਾ ਦਿੱਤਾ ਜਾਂਦਾ ਹੈ। ਪੰਜਾਬ ਦੇ ਗੁਦਾਮਾਂ ਵਿਚ ਬਹੁਤਾ ਅਨਾਜ ਕੀੜੇ-ਮਕੌੜਿਆਂ ਦੀ ਭੇਟ ਵੀ ਚੜ੍ਹ ਜਾਂਦਾ ਹੈ ਤੇ ਬਹੁਤਾ ਸੜ ਵੀ ਜਾਂਦਾ ਹੈ ਜਦਕਿ ਕੁਝ ਅਨਾਜ ਚੋਰੀ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਵਿਚੋਂ ਜਦੋਂ ਅਨਾਜ ਦੂਜੇ ਸੂਬਿਆਂ ਵਿਚ ਭੇਜਿਆ ਜਾਂਦਾ ਹੈ ਤਾਂ ਰਸਤਿਆਂ ਵਿਚ ਵੀ ਗਾਇਬ ਹੋ ਜਾਂਦਾ ਹੈ। ਪੰਜਾਬ ਵਿਚ ਅਪਰੈਲ-ਮਈ ਮਹੀਨੇ ਵਿਚ 1æ48 ਲੱਖ ਬੋਰੀ ਅਨਾਜ ਰਸਤਿਆਂ ਵਿਚੋਂ ਹੀ ਉੱਡ ਗਿਆ ਜਦੋਂ ਕਿ ਸਾਲ 2012-13 ਦੌਰਾਨ 31,980 ਬੋਰੀ ਅਨਾਜ ਰਾਹਾਂ ਵਿਚੋਂ ਗਾਇਬ ਹੋਇਆ ਸੀ। ਹਰਿਆਣਾ ਵਿਚ ਭੰਡਾਰਨ ਤੇ ਮੂਵਮੈਂਟ ਦੌਰਾਨ ਅਨਾਜ ਬਹੁਤ ਘੱਟ ਗਾਇਬ ਹੁੰਦਾ ਹੈ ਜਦਕਿ ਯੂਪੀ ਵਿਚ ਮੂਵਮੈਂਟ ਦੌਰਾਨ ਕਾਫ਼ੀ ਅਨਾਜ ਅਜਾਈਂ ਚਲਾ ਜਾਂਦਾ ਹੈ।
ਕੇਂਦਰੀ ਮੰਤਰਾਲੇ ਨੇ ਦੱਸਿਆ ਹੈ ਕਿ ਭੰਡਾਰਨ ਦੌਰਾਨ ਘਾਟੇ ਘਟਾਉਣ ਵਾਸਤੇ ਗੁਦਾਮਾਂ ਦੀ ਰਾਖੀ ਸਖ਼ਤੀ ਨਾਲ ਕੀਤੀ ਜਾਂਦੀ ਹੈ ਤੇ ਗੁਦਾਮਾਂ ਦੀ ਲਗਾਤਾਰ ਇੰਸਪੈਕਸ਼ਨ ਕੀਤੀ ਜਾਂਦੀ ਹੈ। ਜੋ ਅਨਾਜ ਚੋਰੀ ਵਗੈਰਾ ਹੋ ਜਾਂਦਾ ਹੈ, ਉਨ੍ਹਾਂ ਦੀ ਪੁਲਿਸ ਰਿਪੋਰਟ ਦਰਜ ਕਰਾਈ ਜਾਂਦੀ ਹੈ। ਇਸੇ ਤਰ੍ਹਾਂ ਅਨਾਜ ਦੀ ਸੰਭਾਲ ਵੀ ਵਿਗਿਆਨਕ ਤਰੀਕੇ ਨਾਲ ਕੀਤੀ ਜਾਂਦੀ ਹੈ। ਅਨਾਜ ਦੇ ਬਚਾਅ ਲਈ ਬਕਾਇਦਾ ਛਿੜਕਾਅ ਵਗੈਰਾ ਵੀ ਕੀਤੇ ਜਾਂਦੇ ਹਨ। ਪੰਜਾਬ ਵਿਚ ਲੰਘੇ ਸਵਾ ਤਿੰਨ ਵਰ੍ਹਿਆਂ ਵਿਚ ਹਜ਼ਾਰਾਂ ਟਨ ਅਨਾਜ ਖ਼ਰਾਬ ਹੋ ਗਿਆ ਹੈ ਜਿਸ ਨੂੰ ਸਰਕਾਰ ਨੇ ਮਨੁੱਖੀ ਵਰਤੋਂ ਲਈ ਨਾ ਖਾਣ ਯੋਗ ਐਲਾਨਿਆ ਹੈ। ਸੂਬੇ ਵਿਚ ਸਾਲ 2011-12 ਦੌਰਾਨ 37 ਮੀਟਰਕ ਟਨ, ਸਾਲ 2012-13 ਦੌਰਾਨ 123 ਮੀਟਰਕ ਟਨ, ਸਾਲ 2013-14 ਦੌਰਾਨ 72æ631 ਮੀਟਰਕ ਟਨ ਅਤੇ 2014-15 (31 ਮਈ ਤੱਕ) ਦੌਰਾਨ 37æ425 ਮੀਟਰਕ ਟਨ ਅਨਾਜ ਗੁਦਾਮਾਂ ਵਿਚ ਪਿਆ ਖ਼ਰਾਬ ਹੋਇਆ ਹੈ।
Leave a Reply