ਅਕਾਲੀ ਲਹਿਰ ਦਾ ਨਾਇਕ-ਤੇਜਾ ਸਿੰਘ ਸਮੁੰਦਰੀ

ਕੁਲਦੀਪ ਸਿੰਘ ਯੂਨੀਅਨ ਸਿਟੀ
“ਹਜ਼ਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।” (ਸਰ ਮੁਹੰਮਦ ਇਕਬਾਲ)
ਸ਼ ਤੇਜਾ ਸਿੰਘ ਸਮੁੰਦਰੀ ਅਕਾਲੀ ਲਹਿਰ ਦੇ ਨਿਡਰ, ਬੇਬਾਕ, ਗਹਿਰ-ਗੰਭੀਰ, ਮਿੱਠ ਬੋਲੜੇ, ਕਥਨੀ ਤੇ ਕਰਨੀ ਵਾਲੇ ਪੂਰਨ ਗੁਰਸਿੱਖ ਅਤੇ ਅਣਥੱਕ ਜਰਨੈਲ ਸਨ। ਉਨ੍ਹਾਂ ਆਪਣੀ ਸਾਰੀ ਉਮਰ ਸਿੱਖ ਕੌਮ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤਨ, ਮਨ ਅਤੇ ਧਨ ਨਾਲ ਸੇਵਾ ਕਰਦਿਆਂ ਨਿਛਾਵਰ ਕਰ ਦਿੱਤੀ। ਉਹ ਸਹਿਨਸ਼ੀਲਤਾ, ਦਿਆਨਤਦਾਰੀ ਨਾਲ ਭਰਪੂਰ ਸਵੱਛ ਤੇ ਕੋਮਲ ਹਿਰਦੇ ਦੇ ਮਾਲਕ ਸਨ।
ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1881 ਵਿਚ ਅੰਮ੍ਰਿਤਸਰ ਜਿਲ੍ਹੇ (ਹੁਣ ਜਿਲ੍ਹਾ ਤਰਨ ਤਾਰਨ ਸਾਹਿਬ) ਦੀ ਤਹਿਸੀਲ ਪੱਟੀ ਦੇ ਪਿੰਡ ‘ਬੁਰਜ ਰਾਏ ਕਾ’ ਵਿਚ ਰਿਸਾਲਦਾਰ ਮੇਜਰ ਸ਼ ਦੇਵਾ ਸਿੰਘ ਦੇ ਘਰ ਹੋਇਆ। ਜਦੋਂ ਅੰਗਰੇਜਾਂ ਨੇ ਸੰਦਲਬਾਰ ਦਾ ਇਲਾਕਾ ਵਸਾਇਆ ਤਾਂ ਉਨ੍ਹਾਂ ਦੇ ਪਿਤਾ ਜੀ ਨੂੰ ਫੌਜੀ ਸੇਵਾ ਦੇ ਬਦਲੇ ਜਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ, ਲਹਿੰਦਾ ਪੰਜਾਬ) ਤਹਿਸੀਲ ਸਮੁੰਦਰੀ, ਚੱਕ ਨੰਬਰ 140, ਗੋਗੇਰਾ ਬ੍ਰਾਂਚ ਵਿਚ 5 ਮੁਰੱਬੇ ਮਿਲੇ ਸਨ। ਉਹ ਕੇਵਲ ਪੰਜ ਜਮਾਤਾਂ ਹੀ ਪੜ੍ਹੇ ਸਨ। ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਡੂੰਘਾ ਪਿਆਰ ਸੀ। ਨਿਤਨੇਮ ਦੀਆਂ ਬਾਣੀਆਂ ਦੇ ਨਾਲ ਨਾਲ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਵੀ ਕੰਠ ਸਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਸੀਏ ਪਾਠੀ ਸਨ।
14 ਜਨਵਰੀ 1914 ਦੀ ਗੱਲ ਹੈ ਕਿ ਗੁਰਦੁਆਰਾ ਰਕਾਬ ਗੰਜ, ਦਿੱਲੀ ਦੀ ਕੰਧ ਸੜਕ ਸਿੱਧਿਆਂ ਕਰਨ ਵਾਸਤੇ ਅੰਗਰੇਜ਼ ਹਕੂਮਤ ਨੇ ਗਿਰਾਈ। ਇਸ ਦੇ ਵਿਰੁਧ ਉਨ੍ਹਾਂ ਮਾਸਟਰ ਮੋਤਾ ਸਿੰਘ ਅਤੇ ਸ਼ ਹਰਚੰਦ ਸਿੰਘ ਰਈਸ ਲਾਇਲਪੁਰ ਨਾਲ ਮਿਲ ਕੇ ਅੰਦੋਲਨ ‘ਚ ਵੱਧ ਚੜ੍ਹ ਕੇ ਹਿੱਸਾ ਲਿਆ। ਉਹ ਗੁਰਦੁਆਰਾ ਪ੍ਰਬੰਧ ਸੁਧਾਰ ਅੰਦੋਲਨ ਲਈ 35 ਆਦਮੀਆਂ ਦੀ ਬਣਾਈ ਪਹਿਲੀ ਮੁਢਲੀ ਕਮੇਟੀ ਦੇ ਆਗੂਆਂ ‘ਚੋਂ ਇਕ ਸਨ। ਇਸੇ ਕਮੇਟੀ ਦਾ ਨਾਮ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਪੰਜਾਬੀ ਦਾ ਰੋਜ਼ਾਨਾ ‘ਅਕਾਲੀ’ ਅਖਬਾਰ ਦੇ ਬਾਨੀਆਂ ‘ਚੋਂ ਉਹ ਇਕ ਸਨ। ਇਸ ਅਖਬਾਰ ਨੇ ਅਕਾਲੀ ਅੰਦੋਲਨ ਵਿਚ ਜਾਨ ਭਰੀ ਅਤੇ ਆਪਣੇ ਲੇਖਾਂ ਨਾਲ ਵਿਦੇਸ਼ੀ ਹਕੂਮਤ ਵਿਰੁਧ ਅਜ਼ਾਦੀ ਲਹਿਰ ਦੀ ਮੁਹਿੰਮ ਚਲਾਈ। ਜਦੋਂ ਇਸ ਅਖਬਾਰ ਨੂੰ ਮਾਲੀ ਔਕੜਾਂ ਆਈਆਂ, ਚਾਲੀ ਚਾਲੀ ਹਜ਼ਾਰ ਦੇ ਜੁਰਮਾਨੇ ਪੇਪਰ ਨੂੰ ਹੋਏ ਤਾਂ ਇਸ ਸਭ ਦਾ ਬੋਝ ਉਨ੍ਹਾਂ ਜ਼ਾਤੀ ਤੌਰ ‘ਤੇ ਆਪਣੇ ਮੋਢਿਆਂ ਉਤੇ ਉਠਾਇਆ, ਨਿਜੀ ਜਾਇਦਾਦ ਵੇਚ ਕੇ ਹਰਜਾਨਾ ਪੂਰਾ ਕੀਤਾ। ਉਹ ਪੰਜਾਬ ਕਾਂਗਰਸ ਦੀ ਵਰਕਿੰਗ ਕਮੇਟੀ ਤੇ ਸਰਬ ਹਿੰਦ ਕਾਂਗਰਸ ਦੇ ਮੈਂਬਰ ਵੀ ਰਹੇ। ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ ਅਤੇ ਗੁਰੂ ਕੇ ਬਾਗ ਦੇ ਕਠਨ ਮੋਰਚੇ ਪਿਛੋਂ ਗੁਰਦੁਆਰਾ ਖਡੂਰ ਸਾਹਿਬ ਤੇ ਗੁਰਦੁਆਰਾ ਮੁਕਤਸਰ ਦੇ ਸੁਧਾਰ ਲਈ ਉਨ੍ਹਾਂ ਬੜੀ ਦ੍ਰਿੜਤਾ ਨਾਲ ਅਗਵਾਈ ਕੀਤੀ।
ਉਹ ਦਸਵੰਧ ਤੇ ਚੜ੍ਹਾਵੇ ਦੀ ਮਾਇਆ ਨੂੰ ਵਿਦਿਆ ਦੇ ਪ੍ਰਸਾਰ, ਅਛੂਤਾਂ ਤੇ ਮਾਨਵ-ਜਾਤੀ ਦੇ ਭਲੇ ਹਿਤ ਵਰਤਣ ਦੇ ਸਦਾ ਚਾਹਵਾਨ ਰਹੇ। ਵਿਦਿਅਕ ਅਦਾਰਿਆਂ ਦੀ ਕੀਤੀ ਜਾਣ ਵਾਲੀ ਸਹਾਇਤਾ, ਉਨ੍ਹਾਂ ਦੇ ਵੱਡਦਾਨੀ ਸੁਭਾਅ ਨੂੰ ਪ੍ਰਗਟ ਕਰਦੀ ਹੈ। ਖਾਲਸਾ ਹਾਈ ਸਕੂਲ ਲਾਇਲਪੁਰ (ਹੁਣ ਫੈਸਲਾਬਾਦ), ਖਾਲਸਾ ਹਾਈ ਸਕੂਲ ਸਰਹਾਲੀ ਤੇ ਚੱਕ ਨੰਬਰ 140 ਵਾਲੇ ਸਕੂਲ ਦਾ ਸਾਰਾ ਖਰਚਾ ਆਪਣੇ ਕੋਲੋਂ ਕਰਦੇ ਸਨ।
9 ਜੁਲਾਈ 1923 ਵਿਚ ਜਦ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਉਂ ਉਤਾਰ ਦਿੱਤਾ ਗਿਆ ਤਾਂ ਸਿੱਖਾਂ ਵਿਚ ਗੁੱਸੇ ਅਤੇ ਵਿਦਰੋਹ ਦੀ ਲਹਿਰ ਫੈਲ ਗਈ। ਮਹਾਰਾਜਾ ਨਾਭਾ ਨੂੰ ਦੇਸ਼ ਪਿਆਰ ਤੇ ਆਜ਼ਾਦ-ਖਿਆਲੀ ਦੀ ਸਜ਼ਾ ਮਿਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇਸ ਵਿਰੁਧ ਮੋਰਚਾ ਲਾਇਆ ਤਾਂ ਦੋਹਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ। 4 ਨਵੰਬਰ 1923 ਨੂੰ ਸ਼ ਤੇਜਾ ਸਿੰਘ ਸਮੁੰਦਰੀ ਤੇ ਉਨ੍ਹਾਂ ਦੇ ਨਾਲ ਹੋਰ ਤਕਰੀਬਨ 60 ਆਗੂਆਂ ਨੂੰ ਅੰਗਰੇਜ਼ੀ ਸਰਕਾਰ ਦਾ ਤਖਤਾ ਉਲਟਾਉਣ ਦੀ ਸਾਜ਼ਿਸ਼ ਕਰਨ ਦੇ ਦੋਸ਼ ਤਹਿਤ ਪਹਿਲਾਂ ਅੰਮ੍ਰਿਤਸਰ ਜੇਲ੍ਹ ਅਤੇ ਬਾਅਦ ਵਿਚ ਲਾਹੌਰ ਦੇ ਇਤਿਹਾਸਕ ਕਿਲ੍ਹੇ ਦੀ ਇਕ ਪੁਰਾਣੀ ਹਵੇਲੀ ਵਿਚ ਡੱਕ ਦਿੱਤਾ ਗਿਆ। ਇਹ ਮੁਕੱਦਮਾ ਲਗਭਗ ਤਿੰਨ ਸਾਲ ਤਕ ਚਲਦਾ ਰਿਹਾ। ਇਨ੍ਹਾਂ ਹੀ ਪੰਥਕ ਆਗੂਆਂ ਵਿਚ ਪਿੰ੍ਰæ ਤੇਜਾ ਸਿੰਘ ਵੀ ਸ਼ਾਮਿਲ ਸਨ। ਪਿੰ੍ਰæ ਤੇਜਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਵਿਚ ਸ਼ ਤੇਜਾ ਸਿੰਘ ਸਮੁੰਦਰੀ ਦੇ ਠੰਢੇ ਸੁਭਾਅ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ, “ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਇਕੋ ਇਕ ਸ਼ਖਸੀਅਤ ਸੀ ਜਿਸ ਉਤੇ ਜੇਲ੍ਹ ਦੀ ਜ਼ਿੰਦਗੀ ਨੇ ਕੋਈ ਬੁਰਾ ਅਸਰ ਨਹੀਂ ਸੀ ਕੀਤਾ। ਉਹ ਨਿਤਾਪ੍ਰਤਿ ਅੰਮ੍ਰਿਤ ਵੇਲੇ ਉਠ ਕੇ 13 ਵਾਰਾਂ ਦਾ ਪਾਠ ਕਰਦੇ ਅਤੇ ਸਦਾ ਠੰਢੇ ਸੁਭਾਅ ਵਿਚ ਰਹਿੰਦੇ ਹੋਏ ਬਾਕੀ ਦਿਆਂ ਦੇ ਸਭ ਅਕੜੇਵੇਂ ਤੇ ਸੁਕੜੇਵੇ ਦੂਰ ਕਰਕੇ ਠੰਢ ਵਰਤਾਈ ਰੱਖਦੇ।”
ਇਸੇ ਜੇਲ੍ਹ ਜੀਵਨ ਦੌਰਾਨ ਅੰਗਰੇਜ਼ੀ ਸਰਕਾਰ ਅਕਾਲੀ ਆਗੂਆਂ ਦੀ ਸਲਾਹ ਨਾਲ ਗੁਰਦੁਆਰਾ ਐਕਟ ਬਣਾਉਣ ‘ਤੇ ਮਜਬੂਰ ਹੋ ਗਈ। ਐਕਟ ਪਾਸ ਹੋਣ ਬਾਅਦ ਪੰਜਾਬ ਦੇ ਚਲਾਕ ਗਵਰਨਰ ਸਰ ਮੈਲਕਮ ਹੈਲੀ ਨੇ ਇਹ ਸ਼ਰਤ ਲਾ ਦਿੱਤੀ ਕਿ ਸਾਜ਼ਿਸ਼ ਕੇਸ ਵਿਚ ਗ੍ਰਿਫਤਾਰ ਆਗੂਆਂ ਵਿਚੋਂ ਜਿਹੜਾ ਵੀ ਗੁਰਦੁਆਰਾ ਐਕਟ ਮੰਨਣ ਦੀ ਸ਼ਰਤ ਮੰਨ ਲਵੇ, ਉਸ ਨੂੰ ਰਿਹਾ ਕਰ ਦਿੱਤਾ ਜਾਵੇਗਾ। ਕੁਝ ਆਗੂਆਂ ਦਾ ਵਿਚਾਰ ਸੀ ਕਿ ਇਹ ਸ਼ਰਤ ਮੰਨਣ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਗੁਰਦੁਆਰਾ ਐਕਟ ਉਨ੍ਹਾਂ ਆਪ ਹੀ ਤਾਂ ਬਣਾਇਆਂ ਸੀ। ਉਹ ਇਹ ਸ਼ਰਤ ਮੰਨ ਕੇ ਰਿਹਾ ਹੋ ਗਏ। ਉਸ ਸਮੇਂ ਸ਼ ਤੇਜਾ ਸਿੰਘ ਸਮੁੰਦਰੀ, ਜੱਥੇਦਾਰ ਤੇਜਾ ਸਿੰਘ ਅਕਰਪੁਰੀ, ਸ਼ ਗੋਪਾਲ ਸਿੰਘ ਕੌਮੀ ਆਦਿਕ ਕੁਝ ਆਗੂਆਂ ਨੇ ਸ਼ਰਤਾਂ ਮੰਨ ਕੇ ਬਾਹਰ ਆਉਣਾ ਠੀਕ ਨਾ ਸਮਝਿਆ। ਇਸੇ ਦੌਰਾਨ 17 ਜੁਲਾਈ 1926 ਨੂੰ ਸ਼ ਸਮੁੰਦਰੀ ਦਿਲ ਦੀ ਬੀਮਾਰੀ ਨਾਲ ਜੇਲ੍ਹ ਦੇ ਅੰਦਰ ਹੀ ਸ਼ਹੀਦੀ ਪਾ ਗਏ।
ਪ੍ਰੋæ ਰੁਚੀ ਰਾਮ ਸਾਹਨੀ, ਤੇਜਾ ਸਿੰਘ ਦੀ ਲਿਆਕਤ ਬਾਰੇ ਆਪਣੀ ਪ੍ਰਸਿੱਧ ਪੁਸਤਕ ‘ਸਟ੍ਰਗਲ ਫਾਰ ਰੀਫੋਰਮ ਇਨ ਸਿੱਖ ਸ਼੍ਰਾਈਨਜ਼’ ਵਿਚ ਲਿਖਦਾ ਹੈ, “ਸ਼ ਤੇਜਾ ਸਿੰਘ ਸਮੁੰਦਰੀ ਸੱਚਮੁਚ ਹੀ ਬੜਾ ਕਮਾਲ ਦਾ ਬੰਦਾ ਸੀ, ਸਧਾਰਣ ਸ਼ਬਦਾਂ ਵਿਚ ਗੱਲ ਕੀਤਿਆਂ, ਉਹ ਪੜ੍ਹਿਆ ਲਿਖਿਆ ਬੰਦਾ ਨਹੀਂ ਸੀ, ਪਰ ਉਹ ਸਿੱਖ ਇਤਿਹਾਸ ਅਤੇ ਸਿੱਖ ਧਰਮ ਬਾਰੇ ਸਭ ਕੁਝ ਜਾਣਦਾ ਸੀ। ਮੈਂ ਉਸ ਨੂੰ ਜਦੋਂ ਕਦੇ ਗੱਲ ਕਰਦਿਆਂ ਸੁਣਿਆ, ਉਹ ਮੈਨੂੰ ਸਿੱਖ ਇਤਿਹਾਸ ਦੀ ਬੜੀ ਬਾਰੀਕ ਸੂਝ ਰੱਖਣ ਵਾਲਾ ਵਿਅਕਤੀ ਦਿਸ ਆਇਆ। ਉਸ ਦਾ ਸਿੱਖ ਇਤਿਹਾਸ ਦੇ ਉਸ ਕਾਲ ਦਾ ਗਿਆਨ ਤਾਂ ਬੜਾ ਅਦਭੁਤ ਸੀ, ਜਿਸ ਨੇ ਉਸ ਦੇ ਸਿੱਖ-ਨਿਸਚੇ ਤੇ ਆਚਰਣ ਨੂੰ ਅਮਲ ਦੀ ਕੁਠਾਲੀ ਵਿਚ ਢਾਲ ਕੇ ਕੰਚਨ ਵਰਗਾ ਬਣਾ ਦਿੱਤਾ ਸੀ। ਸਮੁੰਦਰੀ ਸਾਹਿਬ ਦੀ ਸਭ ਤੋਂ ਵੱਡੀ ਇੱਛਾ ਖਾਲਸੇ ਨੂੰ ਉਸ ਸਮੇਂ ਉਚੇ ਆਦਰਸ਼ਾਂ ਤੇ ਰਵਾਇਤਾਂ ਅਨੁਸਾਰ ਜੀਵਨ ਬਤੀਤ ਕਰਦੇ ਵੇਖਣਾ ਸੀ।”
(ਹਵਾਲਾ: ਪ੍ਰਮੁਖ ਸਿੱਖ ਸ਼ਖਸੀਅਤਾਂ, ਸੰਪਾਦਕ ਰੂਪ ਸਿੰਘ, ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1996)
ਤੇਜਾ ਸਿੰਘ ਸਮੁੰਦਰੀ ਰੱਜੇ-ਪੁੱਜੇ ਘਰਾਣੇ ਦੇ ਜ਼ਿਮੀਂਦਾਰ ਸਨ। ਉਨ੍ਹਾਂ ਦੀ ਪਹਿਲੀ ਸ਼ਾਦੀ ਬੀਬੀ ਰਾਮ ਕੌਰ ਨਾਲ ਹੋਈ। ਕੁਝ ਚਿਰ ਕੋਈ ਬੱਚਾ ਨਾ ਹੋਣ ਕਰਕੇ ਭੈਣਾਂ ਨੇ ਜੋਰ ਦੇ ਕੇ ਦੂਜੀ ਸ਼ਾਦੀ ਕਰਵਾ ਦਿੱਤੀ। ਪਹਿਲੀ ਸ਼ਾਦੀ ਵਿਚੋਂ ਉਨ੍ਹਾਂ ਦੇ ਸਪੁਤਰ ਸ਼ ਬਿਸ਼ਨ ਸਿੰਘ ਸਮੁੰਦਰੀ ਸਨ ਜਿਨ੍ਹਾਂ ਪੜ੍ਹਾਈ ਦੇ ਖੇਤਰ ‘ਚ ਨਾਮਣਾ ਖੱਟਿਆ। ਸ਼ ਬਿਸ਼ਨ ਸਿੰਘ ਸਮੁੰਦਰੀ ਪਹਿਲਾਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਅਤੇ ਬਾਅਦ ਵਿਚ ਨਵੀਂ ਕਾਇਮ ਕੀਤੀ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ-ਚਾਂਸਲਰ ਬਣੇ।
ਸ਼ਹੀਦ ਤੇਜਾ ਸਿੰਘ ਸਮੁੰਦਰੀ ਨੇ ਸਿਰਫ 44 ਸਾਲ 5 ਮਹੀਨੇ ਦੀ ਆਰਜਾ ਪਾਈ ਹੈ ਪਰ ਇਸ ਉਮਰ ਵਿਚ ਆਪਣੀ ਪੰਥ ਤੇ ਦੇਸ਼ ਪਿਆਰ ਦੀ ਲਗਨ ਕਰ ਕੇ, ਸਿਆਣੇ ਤੇ ਸੰਜੀਦਾ ਸੁਭਾਅ ਕਰ ਕੇ ਆਪਣੇ ਸਿਰੜ ਤੇ ਦ੍ਰਿੜ ਵਿਸ਼ਵਾਸ ਸਦਕਾ ਬਹੁਤ ਉਚੀ ਸੇਵਾ ਦਾ ਨਾਮਣਾ ਖਟਿਆ ਹੈ। ਅੱਜ ਦਰਬਾਰ ਸਾਹਿਬ ਕੰਪਲੈਕਸ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਇਮਾਰਤ ‘ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ’ ਸੁਭਾਇਮਾਨ ਹੈ। ਮਰਹੂਮ ਕਵੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਨਾਲ ਸ਼ਰਧਾਂਜਲੀ ਅਰਪਣ ਹੈ,
ਮਹਿਕ ਦੇਂਵਦਾ ਪੰਥ ਦੇ ਬਾਗ ਤਾਈਂ
ਕਿਸੇ ਆਖਿਆ ਫੁਲ ਗੁਲਾਬ ਦਾ ਸੀ,
ਜਲਦਾ ਵੇਖ ਕੇ ਧਰਮ ਦੀ ਸ਼ਮ੍ਹਾਂ ਉਤੇ,
ਕੋਈ ਕਹੇ ਪੰਤਗ ਇਹ ਜਾਪਦਾ ਸੀ,
ਸਿਦਕ ਧਾਰ ਬੈਠਾ ਕਤਲ-ਗਾਹ ਅੰਦਰ,
ਮਾਨੋ, ਵਾਂਗ ਮਨਸੂਰ ਸੰਝਾਪਦਾ ਸੀ,
ਕੋਈ ਮੁਖੜਾ ਵੇਖ ਕੇ ਤੇਜ ਵਾਲਾ,
ਸੁਰਖ-ਰੂ ਆਸ਼ਿਕ ਕਹਿ ਅਲਾਪਦਾ ਸੀ,
ਅਸਲ ਵਿਚ ਇਹ ਮੋਤੀ ਸਮੁੰਦਰੀ ਸੀ,
ਆਇਆ ਕੰਮ ਗਰੀਬਾਂ ਦੇ ਆਉਣ ਲਈ,
ਉਹ ਨੂੰ ਮੌਤ-ਸਲਾਈ ਦੇ ਨਾਲ ਵਿਨ੍ਹਿਆ,
ਦਾਤੇ ਆਪਣੇ ਗਲ ਵਿਚ ਪਾਉਣ ਦੇ ਲਈ।

Be the first to comment

Leave a Reply

Your email address will not be published.