ਪੰਜਾਬ ਨੂੰ ਮਿਲੀਆਂ ਪੰਜ ਨਵੀਆਂ ਰੇਲਾਂ

ਨਵੀਂ ਦਿੱਲੀ: ਨਰੇਂਦਰ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਪਲੇਠੇ ਰੇਲ ਬਜਟ ਵਿਚ ਪੰਜਾਬ ਨੂੰ ਪੰਜ ਨਵੀਂਆਂ ਰੇਲਗੱਡੀਆਂ ਦਾ ਤੋਹਫਾ ਦਿੱਤਾ ਗਿਆ ਹੈ। ਨਵੀਆਂ ਜਨ-ਸਾਧਾਰਨ ਰੇਲ ਗੱਡੀਆਂ ਵਿਚ ਪੰਜਾਬ ਲਈ ਸਹਰਸਾ-ਅੰਮ੍ਰਿਤਸਰ ਰੇਲ ਗੱਡੀ ਸ਼ੁਮਾਰ ਹੈ। ਨਾਗਪੁਰ-ਅੰਮ੍ਰਿਤਸਰ ਲਈ ਨਵੀਂ ਐਕਸਪ੍ਰੈੱਸ ਏæਸੀæ ਟਰੇਨ (ਹਫਤਾਵਾਰੀ) ਵੀ ਨਵੀਆਂ ਰੇਲਾਂ ਦੇ ਪ੍ਰਸਤਾਵ ਵਿਚ ਸ਼ਾਮਲ ਹੈ। ਐਕਸਪ੍ਰੈਸ ਗੱਡੀਆਂ ਵਿਚ ਫਿਰੋਜ਼ਪੁਰ ਚੰਡੀਗੜ੍ਹ (ਹਫਤੇ ਵਿਚ ਛੇ ਦਿਨ), ਕਾਨਪੁਰ-ਜੰਮੂ ਤਵੀ (ਹਫਤੇ ਵਿਚ ਦੋ ਵਾਰ) ਨਵੀਂ ਦਿੱਲੀ-ਬਠਿੰਡਾ ਸ਼ਤਾਬਦੀ (ਹਫਤੇ ਵਿਚ ਦੋ ਵਾਰ) ਸ਼ਾਮਲ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲਵੇ ਬਜਟ ਦਾ ਸਵਾਗਤ ਕਰਦਿਆਂ ਇਸ ਨੂੰ ਵਿਕਾਸ ਮੁਖੀ ਤੇ ਮੁਸਾਫ਼ਰ ਪੱਖੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਸਹਰਸਾ-ਅੰਮ੍ਰਿਤਸਰ ਜਨਸਧਾਰਨ ਐਕਸਪ੍ਰੈਸ, ਨਾਗਪੁਰ-ਅੰਮ੍ਰਿਤਸਰ (ਹਫਤਾਵਾਰੀ), ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈਸ (ਹਫ਼ਤੇ ਵਿੱਚ ਛੇ ਦਿਨ) ਤੇ ਨਵੀਂ ਦਿੱਲੀ-ਬਠਿੰਡਾ ਸ਼ਤਾਬਦੀ ਐਕਸਪ੍ਰੈਸ (ਹਫ਼ਤੇ ਵਿਚ ਦੋ ਵਾਰੀ) ਸਮੇਤ ਪੰਜ ਨਵੀਆਂ ਰੇਲ ਗੱਡੀਆਂ ਚਲਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ਼ ਬਾਦਲ ਨੇ ਕਿਹਾ ਕਿ ਇਹ ਰੇਲ ਗੱਡੀਆਂ ਸੂਬੇ ਵਿਚ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਹਿਲਾ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਲਵੇ ਵਿਚ 4000 ਮਹਿਲਾ ਕਾਂਸਟੇਬਲਾਂ ਦੀ ਭਰਤੀ ਤੇ ਚੋਣਵੇਂ ਸਟੇਸ਼ਨ ਤੇ ਰੇਲ ਗੱਡੀਆਂ ਵਿਚ ਇੰਟਰਨੈੱਟ ਦੀ ਵਾਈ-ਫਾਈ ਦੀ ਸਹੂਲਤ ਦੇਣ ਦੇ ਸਲਾਹੁਣਯੋਗ ਫੈਸਲੇ ਕੀਤੇ ਹਨ।
________________________________
ਪੰਜਾਬ ਬਜਟ ਵਿਚ ਸਿਹਤ ਸੇਵਾਵਾਂ ਨੂੰ ਮਿਲੇਗੀ ਤਰਜੀਹ
ਚੰਡੀਗੜ੍ਹ: ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 16 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਪੰਜਾਬ ਦੇ ਬਜਟ ਵਿਚ ਕੋਈ ਨਵਾਂ ਟੈਕਸ ਲਾਉਣ ਦੀ ਤਜਵੀਜ਼ ਨਹੀਂ ਰੱਖੀ ਜਾਵੇਗੀ। ਇਸ ਤੋਂ ਇਲਾਵਾ ਬਜਟ ਦਾ ਇਕ ਵੱਡਾ ਹਿੱਸਾ ਸਿਹਤ, ਸਿੱਖਿਆ, ਦਿਹਾਤੀ ਸੜਕਾਂ ਵਿਚ ਸੁਧਾਰ ਤੇ ਸਿੰਜਾਈ ਪ੍ਰਣਾਲੀ ਦੀ ਮਜ਼ਬੂਤੀ ਲਈ ਰੱਖਿਆ ਜਾਵੇਗਾ।
ਬਜਟ ਦਾ ਆਕਾਰ 61000 ਕਰੋੜ ਰੁਪਏ ਦੇ ਆਸ-ਪਾਸ ਹੋਵੇਗਾ ਜੋ ਪਿਛਲੇ ਸਾਲ ਦੇ ਬਜਟ 56051 ਕਰੋੜ ਰੁਪਏ ਨਾਲੋਂ ਤਕਰੀਬਨ 10 ਫੀਸਦੀ ਜ਼ਿਆਦਾ ਹੋਵੇਗਾ। ਯੋਜਨਾ ਬਜਟ ਦਾ ਆਕਾਰ ਵੀ 2013-14 ਦੇ 16125 ਕਰੋੜ ਰੁਪਏ ਨਾਲੋਂ 12 ਫੀਸਦੀ ਵੱਧ ਭਾਵ 18000 ਕਰੋੜ ਰੁਪਏ ਹੋਵੇਗਾ। ਉਂਜ, ਮਾੜੀ ਖ਼ਬਰ ਇਹ ਹੈ ਕਿ ਪੰਜਾਬ ਵਿੱਤੀ ਪਾਏਦਾਰੀ ਦੇ ਆਪਣੇ ਟੀਚੇ ਦੀ ਪ੍ਰਾਪਤੀ ਕਰਨ ਵਿਚ ਇਕ ਫਿਰ ਨਾਕਾਮ ਹੋ ਗਿਆ ਹੈ। ਸੂਬੇ ਦਾ ਵਿੱਤੀ ਘਾਟਾ 2012-13 ਵਿਚ 9395 ਕਰੋੜ ਰੁਪਏ ਤੋਂ ਵਧ ਕੇ 2013-14 ਦੌਰਾਨ 9500 ਕਰੋੜ ਰੁਪਏ ‘ਤੇ ਪੁੱਜ ਗਿਆ। ਵਿੱਤੀ ਪਾਏਦਾਰੀ ਲਈ ਇਹ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ ਦੇ ਤਿੰਨ ਫੀਸਦੀ ਤੋਂ ਵਧ ਨਹੀਂ ਹੋਣਾ ਚਾਹੀਦਾ।
ਮਾਲੀਆ ਘਾਟਾ 4632 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜਦਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਇਹ ਘਟਾ ਕੇ 1746 ਕਰੋੜ ਰੁਪਏ ‘ਤੇ ਲਿਆਉਣ ਦਾ ਟੀਚਾ ਮਿੱਥਿਆ ਸੀ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਿਛਲੇ ਸੱਤ ਸਾਲਾਂ ਦੌਰਾਨ ਮਾਲੀਆ ਪ੍ਰਾਪਤੀਆਂ ਵਿਚ ਵਾਧਾ ਸਭ ਤੋਂ ਘਟ ਦੇਖਣ ਨੂੰ ਮਿਲਿਆ ਹੈ ਪਰ ਮਾਲੀਆ ਪ੍ਰਾਪਤੀਆਂ ਵਿਚ ਕਮੀ ਦੇ ਬਾਵਜੂਦ ਅਸੀਂ ਮਾਲੀਆ ਘਾਟੇ ਵਿਚ 1000 ਕਰੋੜ ਰੁਪਏ ਦੀ ਕਮੀ ਲਿਆਉਣ ਵਿਚ ਸਫਲ ਰਹੇ ਹਾਂ। 2013-14 ਦੌਰਾਨ ਮਾਲੀਏ ਵਿਚ 17 ਫੀਸਦ ਵਾਧੇ ਦਾ ਟੀਚਾ ਰੱਖਿਆ ਗਿਆ ਸੀ ਪਰ ਇਹ 9 ਫੀਸਦ ਰਿਹਾ ਹੈ।

Be the first to comment

Leave a Reply

Your email address will not be published.