ਜ਼ਿੰਦਗੀ ਦੀ ਬਾਤ ਪਾਉਂਦੀ ਫਿਲਮ: ਲਾਈਫ ਇਜ਼ ਗੁੱਡ

ਫ਼ਿਲਮ ‘ਲਾਈਫ ਇਜ਼ ਗੁੱਡ’ ਜ਼ਿੰਦਗੀ ਵਿਚ ਨਵੇਂ-ਨਵੇਂ ਪਹਿਲੂ ਲੱਭਦੀ ਹੈ। ਇਹ ਲੇਖਕ ਸੁਜੀਤ ਸੇਨ ਦੀ ਨਿੱਜੀ ਜ਼ਿੰਦਗੀ ਵਿਚ ਹੋਈਆਂ ਘਟਨਾਵਾਂ ‘ਤੇ ਲਿਖੀ ਕਹਾਣੀ ‘ਫ੍ਰੈਂਡਸ਼ਿਪ ਵਿਦ ਏ ਗਰਲ’ ‘ਤੇ ਆਧਾਰਤ ਹੈ। ਫ਼ਿਲਮ ਦੱਸਦੀ ਹੈ ਕਿ ਜਦੋਂ ਇਨਸਾਨ ਨੂੰ ਇਹ ਲੱਗਣ ਲੱਗੇ ਕਿ ਜ਼ਿੰਦਗੀ ਵਿਚ ਹੁਣ ਕੁਝ ਨਹੀਂ ਰਿਹਾ, ਉਦੋਂ ਹੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ।
ਮਨੁੱਖੀ ਰਿਸ਼ਤਿਆਂ ‘ਤੇ ਆਧਾਰਤ ਕਈ ਫ਼ਿਲਮਾਂ ਬਣ ਚੁੱਕੀਆਂ ਹਨ ਪਰ ਰਿਸ਼ਤਿਆਂ ਦੇ ਨਾਲ-ਨਾਲ ਜ਼ਿੰਦਗੀ ਦਾ ਫਲਸਫਾ ਦੱਸਣ ਵਾਲੀਆਂ ਚੋਣਵੀਆਂ ਫ਼ਿਲਮਾਂ ਹੀ ਬਣੀਆਂ ਹਨ। ਇਕ ਲੰਬੇ ਅਰਸੇ ਪਿੱਛੋਂ ਜੈਕੀ ਸ਼ਰਾਫ ਦੇ ਮੁੱਖ ਕਿਰਦਾਰ ਨਾਲ ਇਹ ਫ਼ਿਲਮ ਸਜੀ ਹੈ। ਇਸ ਫ਼ਿਲਮ ਵਿਚ ਮਿਸ਼ਟੀ ਦੀ ਭੂਮਿਕਾ ਤਿੰਨ ਵੱਖ-ਵੱਖ ਕਲਾਕਾਰਾਂ ਤਿੰਨ ਸਾਲ ਦੀ ਸਾਨੀਆ ਅੰਕਲੇਸਰੀਆ, 13 ਸਾਲਾ ਅੰਕਿਤਾ ਸ਼੍ਰੀਵਾਸਤਵ ਤੇ 21 ਸਾਲਾ ਅਨੰਨਿਆ ਵਿੱਜ ਨੇ ਨਿਭਾਈ ਹੈ।
‘ਲਾਈਫ ਇਜ਼ ਗੁੱਡ’ ਦੇ ਨਿਰਮਾਤਾ ਆਨੰਦ ਸ਼ੁਕਲਾ ਦੱਸਦੇ ਹਨ ਕਿ ਜਦੋਂ ਵੀ ਲੱਗਦੈ ਕਿ ਜ਼ਿੰਦਗੀ ਵਿਚ ਸਭ ਕੁਝ ਖਤਮ ਹੋ ਗਿਆ, ਉਦੋਂ ਹੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਇਸ ਨਜ਼ਰੀਏ ਤੋਂ ਦੇਖਣ ‘ਤੇ ਹੀ ਜ਼ਿੰਦਗੀ ਵਿਚ ਖੁਸ਼ੀਆਂ ਆਉਂਦੀਆਂ ਹਨ। ਇਕ ਚੀਜ਼ ਖਤਮ ਤਾਂ ਦੂਜੀ ਚੀਜ਼ ਸ਼ੁਰੂ ਹੁੰਦੀ ਹੈ ਪਰ ਉਸ ਨੂੰ ਦੇਖਣਾ ਆਉਣਾ ਚਾਹੀਦਾ ਹੈ ਜਦੋਂ ਕੋਈ ਨਵਾਂ ਐਲੀਮੈਂਟ ਆਉਂਦਾ ਹੈ ਤਾਂ ਹਰ ਕੋਈ ਆਪਣੇ-ਆਪ ਉਸ ਨਾਲ ਜੁੜ ਜਾਂਦਾ ਹੈ। ਇਸ ਫ਼ਿਲਮ ਦੀ ਕਹਾਣੀ ਦੇ ਕੇਂਦਰ ਵਿਚ ਰਾਮੇਸ਼ਵਰ (ਜੈਕੀ ਸ਼ਰਾਫ) ਹੈ। ਰਾਮੇਸ਼ਵਰ ਆਪਣੀ ਜ਼ਿੰਦਗੀ ਦੇ ਉਸ ਮੁਕਾਮ ‘ਤੇ ਪਹੁੰਚ ਗਿਆ ਹੈ, ਜਿਥੇ ਉਸ ਨੂੰ ਲੱਗਦਾ ਕਿ ਹੁਣ ਉਸ ਦੀ ਜ਼ਿੰਦਗੀ ਵਿਚ ਕੁਝ ਨਹੀਂ ਬਚਿਆ ਪਰ ਉਦੋਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਅਜੇ ਤਾਂ ਜ਼ਿੰਦਗੀ ਵਿਚ ਬਹੁਤ ਕੁਝ ਹੈ ਤੇ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਬਚਪਨ ਤੋਂ ਰਾਮੇਸ਼ਵਰ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੀ ਮਾਂ ਦੇ ਪਿਆਰ ਵਿਚ ਇੰਨਾ ਕੁ ਡੁੱਬਿਆ ਹੋਇਆ ਹੈ ਕਿ ਮਾਂ ਤੋਂ ਵੱਖ ਹੋਣ ਦੀ ਕਲਪਨਾ ਤੱਕ ਨਹੀਂ ਕਰ ਸਕਦਾ।
ਇਸੇ ਕਾਰਨ ਉਹ ਵਿਆਹ ਵੀ ਨਹੀਂ ਕਰਦਾ ਪਰ ਜਦੋਂ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਹੁਣ ਮੇਰੀ ਜ਼ਿੰਦਗੀ ਵਿਚ ਕੁਝ ਨਹੀਂ ਹੈ। ਸਭ ਕੁਝ ਖਤਮ ਹੋ ਗਿਆ ਹੈ। ਉਹ ਤਣਾਅ ਵਿਚ ਪਹੁੰਚ ਜਾਂਦਾ ਹੈ। ਉਹ ਆਤਮ-ਹੱਤਿਆ ਦਾ ਯਤਨ ਕਰਦਾ ਹੈ। ਉਦੋਂ ਹੀ ਉਸ ਦੀ ਜ਼ਿੰਦਗੀ ਵਿਚ ਇਕ ਛੇ ਸਾਲ ਦੀ ਕੁੜੀ ਮਿਸ਼ਟੀ (ਸਾਨੀਆ ਅੰਕਲੇਸਰੀਆ) ਆਉਂਦੀ ਹੈ, ਬਸ ਇਥੋਂ ਹੀ ਰਾਮੇਸ਼ਵਰ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਉਹ 6 ਸਾਲ ਦੀ ਬੱਚੀ ਆਪਣੀ ਮਾਸੂਮੀਅਤ ਨਾਲ ਰਾਮੇਸ਼ਵਰ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਉਂਦੀ ਹੈ।
ਫਿਰ ਰਾਮੇਸ਼ਵਰ ਦੀ ਜ਼ਿੰਦਗੀ ਦਾ ਕੇਂਦਰ ਉਹ ਕੁੜੀ ਬਣ ਜਾਂਦੀ ਹੈ ਜਿਸ ਨੂੰ ਉਹ ਪਾਲ-ਪੋਸ ਕੇ ਨਾ ਸਿਰਫ ਵੱਡੀ ਕਰਦਾ ਹੈ ਸਗੋਂ ਉਸ ਦਾ ਵਿਆਹ ਵੀ ਕਰਦਾ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਅਨੰਤ ਨਾਰਾਇਣ ਮਹਾਦੇਵਨ ਹੁਣ ਤੱਕ ‘ਦਿਲ ਵਿਲ ਪਿਆਰ ਵਿਆਰ’, ‘ਯੇ ਦਿਲ ਮਾਂਗੇ ਮੋਰ’, ‘ਅਕਸਰ’, ‘ਵਿਕਟੋਰੀਆ ਨੰæ 203’, ‘ਅਗਰ’, ‘ਅਨਾਮਿਕਾ’, ‘ਰੈੱਡ ਅਲਰਟ’ ਤੇ ‘ਸਟੇਇੰਗ ਅਲਾਈਵ’ ਵਰਗੀਆਂ ਫ਼ਿਲਮਾਂ ਬਣਾ ਚੁੱਕਾ ਹੈ।
-ਪਰਸ਼ੋਤਮ ਸਿੰਘ

Be the first to comment

Leave a Reply

Your email address will not be published.