ਥੁੜਾਂ ‘ਚ ਗਵਾਚ ਗਈ ਸੰਜੀਵ ਦੀ ਮੁਹੱਬਤ

ਸੰਜੀਵ ਕੁਮਾਰ ਦਾ ਨਾਂ ਆਪਣੇ ਨਾਲ ਕੰਮ ਕਰਨ ਵਾਲੀਆਂ ਅਭਿਨੇਤਰੀਆਂ ਨਾਲ ਜੁੜਦਾ ਰਿਹਾ। ਸਾਇਰਾ ਬਾਨੋ ਤੇ ਆਸ਼ਾ ਪਾਰੇਖ ਅਜਿਹੀਆਂ ਨਾਇਕਾਵਾਂ ਰਹੀਆਂ ਜਿਨ੍ਹਾਂ ਪ੍ਰਤੀ ਸੰਜੀਵ ਕੁਮਾਰ ਆਕਰਸ਼ਿਤ ਹੋਏ ਪਰ ਨੂਤਨ, ਜਾਹਿਦਾ, ਹੇਮਾ ਮਾਲਿਨੀ, ਸੁਲਕਸ਼ਣਾ ਪੰਡਿਤ ਤੇ ਜੈਸ਼੍ਰੀ ਟੀ ਨਾਲ ਉਨ੍ਹਾਂ ਦੇ ਪ੍ਰੇਮ ਪ੍ਰਸੰਗ ਫਿਲਮੀ ਗਲਿਆਰਿਆਂ ਦੀਆਂ ਸੁਰਖੀਆਂ ਬਣੇ। ਅਸਲ ਵਿਚ ਉਨ੍ਹਾਂ ਦੇ ਫਿਲਮੀ ਦੁਨੀਆ ਵਿਚ ਕਦਮ ਰੱਖਣ ਤੋਂ ਪਹਿਲਾਂ ਹੀ ਇਕ ਅਜਿਹਾ ਵਾਕਿਆ ਹੋਇਆ ਸੀ ਜਿਸ ਦਾ ਪ੍ਰਭਾਵ ਹਮੇਸ਼ਾਂ ਉਨ੍ਹਾਂ ਦੇ ਜੀਵਤ ‘ਤੇ ਰਿਹਾ।
ਗੱਲ ਉਸ ਵੇਲੇ ਦੀ ਹੈ ਜਦੋਂ ਸੰਜੀਵ ਕੁਮਾਰ ਮੁੰਬਈ ਥੀਏਟਰ ਤੇ ਫਿਲਮੀ ਦੁਨੀਆ ਵਿਚ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਭੂਲੇਸ਼ਵਰ ਸਥਿਤ ਇਕ ਫਲੈਟ ਵਿਚ ਆਪਣੀ ਮਾਂ, ਭੈਣ ਤੇ ਭਰਾ ਨਾਲ ਰਹਿੰਦੇ ਸਨ। ਉਨ੍ਹਾਂ ਦੇ ਗੁਆਂਢ ਵਿਚ ਇਕ ਕੁੜੀ ਰਹਿੰਦੀ ਸੀ ਨੀਲਾ। ਉਹ ਵੀ ਗੁਜਰਾਤੀ ਸੀ ਤੇ ਉਸ ਦੇ ਪਿਤਾ ਦਾ ਬਰਤਨਾਂ ਦਾ ਕਾਰੋਬਾਰ ਸੀ। ਨੀਲਾ ਨੂੰ ਦੇਖ ਕੇ ਸੰਜੀਵ ਦੇ ਮਨ ਵਿਚ ਪਹਿਲੀ ਵਾਰ ਪਿਆਰ ਦਾ ਅਹਿਸਾਸ ਜਾਗਿਆ ਸੀ ਪਰ ਸੰਜੀਵ ਖੁੱਲ੍ਹ ਕੇ ਆਪਣੀ ਗੱਲ ਨਾ ਕਹਿ ਸਕੇ। ਨੀਲਾ ਸੰਜੀਵ ਦੀ ਭੈਣ ਗਾਇਤਰੀ ਦੀ ਸਹੇਲੀ ਸੀ ਤੇ ਉਹ ਵੀ ਸੰਜੀਵ ਨਾਲ ਪਿਆਰ ਕਰਦੀ ਸੀ। ਤਿੰਨ ਸਾਲਾਂ ਤਕ ਅੱਖਾਂ ਹੀ ਅੱਖਾਂ ਵਿਚ ਗੱਲਾਂ ਚੱਲਦੀਆਂ ਰਹੀਆਂ ਪਰ ਜਦੋਂ ਨੀਲਾ ਦੇ ਮਾਤਾ-ਪਿਤਾ ਨੇ ਉਸ ਲਈ ਵਰ ਲੱਭਣਾ ਸ਼ੁਰੂ ਕੀਤਾ ਤਾਂ ਉਸ ਨੇ ਗਾਇਤਰੀ ਨੂੰ ਆਪਣੇ ਮਨ ਦੀ ਗੱਲ ਦੱਸ ਦਿੱਤੀ।
ਗਾਇਤਰੀ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਸੰਜੀਵ ਨਾਲ ਗੱਲ ਕੀਤੀ। ਸੰਜੀਵ ਨੇ ਵੀ ਸਿਰ ਝੁਕਾ ਕੇ ਇਸ ਪਿਆਰ ਦੀ ਹਾਮੀ ਭਰੀ। ਫਿਰ ਸੰਜੀਵ ਦੀ ਮਾਂ ਨੇ ਇਹ ਗੱਲ ਨੀਲਾ ਦੀ ਮਾਂ ਨੂੰ ਦੱਸੀ ਤੇ ਸੰਜੀਵ ਦਾ ਰਿਸ਼ਤਾ ਉਨ੍ਹਾਂ ਦੇ ਸਾਹਮਣੇ ਰੱਖਿਆ ਪਰ ਮੁਸ਼ਕਲਾਂ ਬਹੁਤ ਸਨ। ਸਭ ਤੋਂ ਪਹਿਲਾਂ ਇਹੀ ਕਿ ਸੰਜੀਵ ਆਪਣਾ ਕਰੀਅਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਸਨ ਤੇ ਉਨ੍ਹਾਂ ਦੀ ਆਰਥਿਕ ਹਾਲਤ ਕਮਜ਼ੋਰ ਸੀ।  ਉਧਰ ਨੀਲਾ ਦੇ ਪਿਤਾ ਨੂੰ ਇਕ ਅਦਾਕਾਰ ਨਾਲ ਆਪਣੀ ਬੇਟੀ ਦਾ ਰਿਸ਼ਤਾ ਪਸੰਦ ਨਹੀਂ ਸੀ।
ਮਾਮਲਾ ਇਹ ਵੀ ਸੀ ਕਿ ਨੀਲਾ ਦਾ ਪਰਿਵਾਰ ਸੰਜੀਵ ਕੁਮਾਰ ਦੇ ਪਰਿਵਾਰ ਨਾਲੋਂ ਕਾਫੀ ਖੁਸ਼ਹਾਲ ਸੀ। ਸੰਜੀਵ ਦੀ ਮਾਂ ਦੀ ਇੱਛਾ ਸੀ ਕਿ ਕਿਉਂਕਿ ਉਨ੍ਹਾਂ ਦਾ ਬੇਟਾ ਸੰਘਰਸ਼ ਕਰ ਰਿਹਾ ਹੈ ਇਸ ਲਈ ਚਾਰ ਸਾਲ ਤਕ ਰੁਕ ਲਿਆ ਜਾਵੇ ਪਰ ਨੀਲਾ ਦੇ ਘਰਦਿਆਂ ਨੂੰ ਇਹ ਮਨਜ਼ੂਰ ਨਹੀਂ ਸੀ। ਕੁਝ ਦਿਨਾਂ ਪਿੱਛੋਂ ਸੰਜੀਵ ਦੇ ਦੇਖਦਿਆਂ ਹੀ ਦੇਖਦਿਆਂ ਨੀਲਾ ਦਾ ਵਿਆਹ ਕਰ ਦਿੱਤਾ ਗਿਆ। ਇਸ ਘਟਨਾ ਦਾ ਸੰਜੀਵ ਕੁਮਾਰ ਦੇ ਮਨ ‘ਤੇ ਡੂੰਘਾ ਅਸਰ ਪਿਆ ਤੇ ਉਹ ਸਿਰਫ ਆਪਣੇ ਕੰਮ ਵਿਚ ਡੁੱਬ ਗਏ। ਫਿਰ ਉਨ੍ਹਾਂ ਨੇ ਕਦੇ ਵੀ ਵਿਆਹ ਬਾਰੇ ਨਹੀਂ ਸੋਚਿਆ।

Be the first to comment

Leave a Reply

Your email address will not be published.