ਕੈਥਲ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਹਰਿਆਣਾ ਸਰਕਾਰ ਨੇ ਸੂਬੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਕਮੇਟੀ ਨੂੰ ਕਾਨੂੰਨੀ ਮਾਨਤਾ ਦੇਣ ਵਾਸਤੇ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵੱਖਰੀ ਕਮੇਟੀ ਦਾ ਐਲਾਨ ਕਰਨ ਤੋਂ ਪਹਿਲਾਂ ਪੱਟੀ ਅਫ਼ਗਾਨ ਵਿਚ ਹੋਏ ਸਿੱਖ ਸੰਮੇਲਨ ਦੌਰਾਨ ਹਾਜ਼ਰ ਸਿੱਖਾਂ ਦੀ ਹੱਥ ਖੜ੍ਹੇ ਕਰਾ ਕੇ ਸਹਿਮਤੀ ਲਈ।
ਆਪਣੇ ਸੰਖੇਪ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਵੱਖਰੀ ਕਮੇਟੀ ਬਣਾਉਣ ਦਾ ਫ਼ੈਸਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਦੇਖ ਕੇ ਲਿਆ ਗਿਆ ਹੈ। ਉਹ ਹਮੇਸ਼ਾਂ ਤੋਂ ਕਹਿੰਦੇ ਆਏ ਹਨ ਕਿ ਸੂਬਾ ਸਰਕਾਰ ਉਹੋ ਫ਼ੈਸਲਾ ਕਰੇਗੀ ਜੋ ਸਿੱਖ ਚਾਹੁੰਦੇ ਹਨ। ਵੱਖਰੀ ਕਮੇਟੀ ਬਣਾਉਣ ਦੇ ਪੱਖ ਵਿਚ ਤਿੰਨ ਲੱਖ ਤੋਂ ਵੱਧ ਸਿੱਖਾਂ ਨੇ ਆਪਣਾ ਹਲਫ਼ੀਆ ਬਿਆਨ ਦਿੱਤਾ ਹੈ ਤੇ ਇਕ ਵੀ ਹਲਫ਼ੀਆ ਬਿਆਨ ਇਸ ਦੇ ਵਿਰੋਧ ਵਿਚ ਨਹੀਂ ਆਇਆ। ਸ੍ਰੀ ਹੁੱਡਾ ਨੇ ਕਿਹਾ, “ਹਰਿਆਣਾ ਦੇ ਸਿੱਖ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲੈਣਾ ਚਾਹ ਰਹੇ ਸਨ ਤੇ ਪਿਛਲੇ ਸਮੇਂ ਤੋਂ ਇਸ ਮੰਗ ਨੇ ਜ਼ੋਰ ਫੜ ਲਿਆ ਸੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਤੇ ਇਹ ਸਿੱਖਾਂ ਦਾ ਹੱਕ ਵੀ ਬਣਦਾ ਹੈ।” ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਾਸ਼ਣ ਦੀ ਸ਼ੁਰੂਆਤ ਸਿੱਖਾਂ ਦੀ ਸ਼ਲਾਘਾ ਕਰਦਿਆਂ ਕੀਤੀ। ਉਨ੍ਹਾਂ ਕਿਹਾ, “ਸਿੱਖ ਬਹਾਦਰ ਕੌਮ ਹੈ ਤੇ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।”
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਘੇਰਦਿਆਂ ਸ੍ਰੀ ਹੁੱਡਾ ਨੇ ਕਿਹਾ ਕਿ ਉਹ ਭਾਵੇਂ ਸ਼ ਬਾਦਲ ਦੀ ਇੱਜ਼ਤ ਕਰਦੇ ਹਨ ਪਰ ਉਹ ਚਾਹੁੰਦੇ ਹਨ ਕਿ ਇਸ ਦੇ ਬਦਲੇ ਵਿਚ ਸ਼ ਬਾਦਲ ਹਰਿਆਣਾ ਦੇ ਸਿੱਖਾਂ ਦੀ ਕਦਰ ਕਰਨ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਦੀ ਗੁਰੂਆਂ ਵਿਚ ਆਸਥਾ ਘੱਟ ਨਹੀਂ ਹੈ ਤੇ ਨਾਲ ਹੀ ਉਹ ਅਕਾਲ ਤਖ਼ਤ ਦਾ ਸਤਿਕਾਰ ਵੀ ਕਰਦੇ ਹਨ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਕਿਹਾ ਕਿ ਵੱਖਰੀ ਕਮੇਟੀ ਬਣਨ ਨਾਲ ਹਰਿਆਣੇ ਦੇ ਸਿੱਖਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਸੂਬੇ ਦੇ ਗੁਰਦੁਆਰਿਆਂ ਦਾ ਪੈਸਾ ਵੀ ਇਥੇ ਹੀ ਭਲਾਈ ਦੇ ਕੰਮਾਂ ਲਈ ਵਰਤਿਆ ਜਾਣ ਲੱਗ ਪਵੇਗਾ। ਉਨ੍ਹਾਂ ਸ੍ਰੀ ਹੁੱਡਾ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਜੇਕਰ ਪਹਿਲਾਂ ਹੀ ਵੱਖਰੀ ਕਮੇਟੀ ਬਣਾ ਦਿੱਤੀ ਜਾਂਦੀ ਤਾਂ ਸਿੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਗਰ ਭੱਜਣ ਦੀ ਲੋੜ ਨਹੀਂ ਪੈਣੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਭਾਸ਼ਣ ਵਿਚ ਬਾਦਲ ਪਰਿਵਾਰ ਨੂੰ ਬੁਰੀ ਤਰ੍ਹਾਂ ਭੰਡਿਆ। ਉਨ੍ਹਾਂ ਸ੍ਰੀ ਹੁੱਡਾ ਨੂੰ ਬਾਦਲਾਂ ਤੋਂ ਨਾ ਡਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਬਾਦਲ ਸਿਰਫ ਡਰਦਿਆਂ ਨੂੰ ਡਰਾਉਂਦੇ ਹਨ। ਆਪਣੇ ਮਜ਼ਾਹੀਆ ਅੰਦਾਜ਼ ਵਿਚ ਸ੍ਰੀ ਸਰਨਾ ਨੇ ਕਿਹਾ, “ਉਹ ਹੱਟੀ ਵਾਲੇ ਹੋਣ ‘ਤੇ ਵੀ ਨਹੀਂ ਡਰਦੇ, ਹੁੱਡਾ ਜੀ ਤਾਂ ਫੇਰ ਵੀ ਹਰਿਆਣਾ ਦੇ ਜਾਟ ਹਨ।” ਉਨ੍ਹਾਂ ਸ਼੍ਰੀ ਹੁੱਡਾ ਵੱਲੋਂ ਸਿੱਖਾਂ ਦੇ ਸਿਰ ‘ਤੇ ਹੱਥ ਰੱਖਣ ਲਈ ਵੀ ਧੰਨਵਾਦ ਕੀਤਾ ਹੈ।
________________________________________________
ਸ਼੍ਰੋਮਣੀ ਕਮੇਟੀ ਦੀ ਵੰਡ ਦਾ ਰਾਹ ਪੱਧਰਾ ਹੋਇਆ
ਅੰਮਿਤਸਰ: ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਉਥੋਂ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਐਲਾਨ ਨਾਲ 1920 ਵਿਚ ਸਥਾਪਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਸ਼ ਵੰਡ ਤੋਂ ਬਾਅਦ ਇਕ ਵਾਰ ਫੇਰ ਵੰਡ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅੰਗਰੇਜ਼ ਹਕੂਮਤ ਵੇਲੇ 1920 ਵਿਚ ਹੋਈ ਸੀ ਤੇ ਉਸ ਵੇਲੇ ਇਸ ਸੰਸਥਾ ਦੀ ਸਥਾਪਨਾ ਲਈ ਸਿੱਖ ਭਾਈਚਾਰੇ ਨੂੰ ਲੰਮੀ ਜੱਦੋਜਹਿਦ ਕਰਨੀ ਪਈ ਸੀ। ਸਿੱਖਾਂ ਦੀ ਇਸ ਸੁਤੰਤਰ ਸੰਸਥਾ ਦੀ ਸਥਾਪਨਾ ਨੂੰ ਉਸ ਵੇਲੇ ਦੇਸ਼ ਲਈ ਆਜ਼ਾਦੀ ਹਾਸਲ ਕਰਨ ਦੇ ਰਾਹ ਵਿਚ ਇਕ ਮੀਲ ਪੱਥਰ ਮੰਨਿਆ ਗਿਆ ਸੀ। 1925 ਵਿਚ ਸਿੱਖ ਗੁਰਦੁਆਰਾ ਐਕਟ ਦੇ ਲਾਗੂ ਹੋਣ ਤੋਂ ਬਾਅਦ ਇਹ ਜਥੇਬੰਦੀ ਇਕ ਸੰਵਿਧਾਨਕ ਸਿੱਖ ਸੰਸਥਾ ਬਣ ਗਈ ਸੀ, ਜਿਸ ਦਾ ਮੁੱਖ ਕੰਮ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਸਿੱਖੀ ਦਾ ਪ੍ਰਚਾਰ ਕਰਨਾ ਸੀ। ਇਸ ਅਸੈਂਬਲੀ ਐਕਟ ਤਹਿਤ ਸ਼੍ਰੋਮਣੀ ਕਮੇਟੀ ਦਾ ਘੇਰਾ ਅਣਵੰਡਿਆ ਪੰਜਾਬ ਸੀ।
1999 ਵਿਚ ਪਾਕਿਸਤਾਨ ਵਿਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਾਉਣ ਤੋਂ ਬਾਅਦ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲੋਂ ਖੁੱਸ ਗਿਆ। ਹੁਣ 15 ਵਰ੍ਹਿਆਂ ਬਾਅਦ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵੱਖਰੀ ਕਮੇਟੀ ਬਣਾਉਣ ਦੇ ਐਲਾਨ ਨਾਲ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਖੁੱਸ ਜਾਵੇਗਾ। ਇਸ ਵੇਲੇ ਹਰਿਆਣਾ ਵਿਚ ਸ਼੍ਰੋਮਣੀ ਕਮੇਟੀ ਦੇ 11 ਮੈਂਬਰ ਹਨ, ਜਿਨ੍ਹਾਂ ਦੀ ਪੰਜ ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਾਲ ਹੀ ਚੋਣ ਹੁੰਦੀ ਹੈ। ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ ਕਾਇਮੀ ਮੌਕੇ ਵੀ ਇੰਨਾ ਹੀ ਵਿਵਾਦ ਖੜ੍ਹਾ ਹੋਇਆ ਸੀ।
_________________________________________
ਰਾਜਸਥਾਨ ਲਈ ਵੀ ਮੰਗ ਉਠੀ
ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਲਾਨ ਤੋਂ ਬਾਅਦ ਰਾਜਸਥਾਨ ਵਿਚ ਵੀ ਵੱਖਰੀ ਕਮੇਟੀ ਲਈ ਮੰਗ ਉਠੀ ਹੈ। ਸਮਾਗਮ ਵਿਚ ਪੁੱਜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਮੁੱਦੇ ਲਈ ਉਥੋਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਲਈ ਗਈ ਹੈ ਤੇ ਵਿਸਥਾਰ ਵਿਚ ਵਿਚਾਰ ਵਟਾਂਦਰੇ ਲਈ ਸਮਾਂ ਮੰਗਿਆ ਗਿਆ ਹੈ। ਰਾਜਸਥਾਨ ਵਿਚ 15 ਲੱਖ ਤੋਂ ਵੱਧ ਸਿੱਖ ਰਹਿ ਰਹੇ ਹਨ ਤੇ ਵਿਧਾਨ ਸਭਾ ਦੀਆਂ 25 ਸੀਟਾਂ ‘ਤੇ ਫ਼ੈਸਲਾ ਸਿੱਖਾਂ ਦੇ ਹੱਥ ਵਿਚ ਹੁੰਦਾ ਹੈ। ਹਰਿਆਣਾ ਵਿਚ ਵੱਖਰੀ ਕਮੇਟੀ ਦਾ ਐਲਾਨ ਹੋਣ ਨਾਲ ਬੈਰੀਕੇਡ ਖੁੱਲ੍ਹ ਗਿਆ ਹੈ।
_____________________________________________
18 ਸਾਲ ਪਹਿਲਾਂ ਬੱਝਾ ਸੀ ਵੱਖਰੀ ਕਮੇਟੀ ਦਾ ਮੁੱਢ
ਅੰਮ੍ਰਿਤਸਰ: ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਦਾ ਮੁੱਢ 1996 ਵਿਚ ਉਸ ਵੇਲੇ ਬੱਝਾ ਸੀ ਜਦੋਂ ਜਗਦੀਸ਼ ਸਿੰਘ ਝੀਂਡਾ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਹੋਣ ਦੇ ਬਾਵਜੂਦ ਹਰਾਉਣ ਦਾ ਯਤਨ ਕੀਤਾ ਗਿਆ ਸੀ। ਇਸ ਧੱਕੇਸ਼ਾਹੀ ਖਿਲਾਫ਼ ਹੀ ਉਸ ਨੇ ਹਰਿਆਣਾ ਦੇ ਸਿੱਖਾਂ ਨੂੰ ਜਾਗਰੂਕ ਕਰਦਿਆਂ ਹਰਿਆਣਾ ਲਈ ਵੱਖਰੀ ਕਮੇਟੀ ਬਣਾਉਣ ਦਾ ਮੁੱਦਾ ਉਭਾਰਿਆ ਸੀ। 1996 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਜਗਦੀਸ਼ ਸਿੰਘ ਝੀਂਡਾ ਨੇ ਸਿਮਰਨਜੀਤ ਸਿੰਘ ਮਾਨ ਧੜੇ ਵੱਲੋਂ ਚੋਣ ਲੜੀ ਸੀ।
ਝੀਂਡਾ ਦੇ ਖਿਲਾਫ਼ ਮੁਕਾਬਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਘੁਜੀਤ ਸਿੰਘ ਵਿਰਕ ਮੈਦਾਨ ਵਿਚ ਸਨ। ਇਸ ਹਲਕੇ ਵਿਚ ਕੁੱਲ 65000 ਸਿੱਖ ਵੋਟਾਂ ਸਨ ਤੇ ਇਹ ਵੋਟਾਂ ਪੰਜ ਜ਼ਿਲ੍ਹਿਆਂ ਵਿਚ ਸਨ। ਵੋਟਾਂ ਵਾਲੇ ਦਿਨ ਦੋ ਜ਼ਿਲ੍ਹਿਆਂ ਸੋਨੀਪਤ ਤੇ ਰੋਹਤਕ ਵਿਚ ਬੈਲਟ ਪੇਪਰਾਂ ਵਿਚ ਗਲਤੀ ਸੀ, ਜਿਸ ਕਾਰਨ ਇਹ ਚੋਣ ਦੋ ਜ਼ਿਲ੍ਹਿਆਂ ਵਿਚ ਮੁੜ ਕਰਾਉਣ ਦਾ ਐਲਾਨ ਕੀਤਾ ਗਿਆ ਪਰ ਹਾਕਮ ਧਿਰ ਦੇ ਪ੍ਰਭਾਵ ਕਾਰਨ ਵੋਟਾਂ ਪੈਣ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਇਹ ਚੋਣ ਨਵੇਂ ਸਿਰਿਓਂ ਕਰਾਉਣ ਦਾ ਐਲਾਨ ਕਰ ਦਿੱਤਾ, ਜਿਸ ਦਾ ਝੀਂਡਾ ਸਮਰਥਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਚੋਣ ਦਾ ਝੀਂਡਾ ਸਮਰਥਕਾਂ ਨੇ ਬਾਈਕਾਟ ਕੀਤਾ ਜਿਸ ਕਾਰਨ ਹਾਕਮ ਧਿਰ ਦਾ ਉਮੀਦਵਾਰ ਜਿੱਤ ਗਿਆ। ਇਸ ਬਾਰੇ ਝੀਂਡਾ ਨੇ ਦੱਸਿਆ ਕਿ ਪਹਿਲਾਂ ਪਈਆਂ ਵੋਟਾਂ ਦੌਰਾਨ ਕਰਨਾਲ, ਪਾਣੀਪਤ ਤੇ ਝੱਜਰ ਜ਼ਿਲ੍ਹਿਆਂ ਵਿਚ ਬੈਲਟ ਪੇਪਰ ਠੀਕ ਸਨ ਤੇ ਉਹ ਉਥੋਂ ਆਪਣੇ ਵਿਰੋਧੀ ਉਮੀਦਵਾਰ ਨਾਲੋਂ 2800 ਵੋਟਾਂ ਤੋਂ ਅੱਗੇ ਸਨ ਜਦੋਂ ਕਿ ਬਾਕੀ ਦੋ ਜ਼ਿਲ੍ਹਿਆਂ ਵਿਚ ਸਿਰਫ ਤਿੰਨ ਹਜ਼ਾਰ ਵੋਟਾਂ ਸਨ। ਹਾਕਮ ਧਿਰ ਨੂੰ ਆਪਣੀ ਹਾਰ ਸਪਸ਼ਟ ਨਜ਼ਰ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਸਿਆਸੀ ਅਸਰ-ਰਸੂਖ ਵਰਤਦਿਆਂ ਨਿਯਮਾਂ ਦੇ ਉਲਟ ਪ੍ਰਭਾਵਿਤ ਦੋ ਜ਼ਿਲ੍ਹਿਆਂ ਦੀ ਥਾਂ ਸਮੁੱਚੇ ਹਲਕੇ ਵਿਚ ਹੀ ਨਵੇਂ ਸਿਰਿਓਂ ਚੋਣ ਕਰਾਉਣ ਦਾ ਐਲਾਨ ਕਰ ਦਿੱਤਾ।
1996 ਤੋਂ ਬਾਅਦ 1999 ਤੱਕ ਉਨ੍ਹਾਂ ਹਰਿਆਣਾ ਵਿਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹਾਕਮ ਧਿਰ ਦੀ ਧੱਕੇਸ਼ਾਹੀ ਤੋਂ ਜਾਣੂ ਕਰਾਇਆ ਤੇ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਪ੍ਰੇਰਿਆ। ਸਿੱਟੇ ਵਜੋਂ ਸਨ 2000 ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਮੁੜ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਸਮੇਂ ਵੀ ਉਭਾਰਿਆ ਗਿਆ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਤੇ ਉਨ੍ਹਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਇਸ ਮੁੱਦੇ ਨੂੰ ਸ਼ਾਮਲ ਕੀਤਾ ਸੀ। ਹਰਿਆਣਾ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਸਿੱਖ ਰਾਏ ਜਾਨਣ ਵਾਸਤੇ ਚੱਠਾ ਕਮੇਟੀ ਬਣਾਈ ਗਈ, ਜਿਸ ਨੂੰ ਹਰਿਆਣਾ ਦੇ ਸਿੱਖਾਂ ਨੇ ਇਕ ਲੱਖ ਹਲਫੀਆ ਬਿਆਨ ਦੇ ਕੇ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਸਮਰਥਨ ਕੀਤਾ ਸੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਦੇ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਥਾਂ ਉਥੇ ਇਕ ਸਬ ਕਮੇਟੀ ਜਾਂ ਐਡਹਾਕ ਕਮੇਟੀ ਬਣਾਉਣ ਦੀ ਵੀ ਯੋਜਨਾ ਬਣਾਈ ਗਈ ਪਰ ਸਮੇਂ ਦੇ ਨਾਲ ਇਸ ਯੋਜਨਾ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। 2011 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਨ ਵਾਲੇ ਭਾਵੇਂ ਹਾਰ ਗਏ ਸਨ ਪਰ ਉਨ੍ਹਾਂ ਦੀ ਇਹ ਮੰਗ ਨੇ 2014 ਵਿਚ ਉਸ ਵੇਲੇ ਮੁੜ ਜ਼ੋਰ ਫੜ ਲਿਆ ਜਦੋਂ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ।
Leave a Reply