ਡਾæ ਗੁਰਨਾਮ ਕੌਰ, ਕੈਨੇਡਾ
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ॥
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ॥
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ॥
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ॥
ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ।੪॥ (ਪੰਨਾ ੩੦੧-੩੦੨)
ਚੌਥੀ ਪਉੜੀ ਵਿਚ ਗੁਰੂ ਰਾਮਦਾਸ ਜੀ ਨੇ ਕਰਤਾ ਪੁਰਖ ਦੀ ਉਸਤਤਿ ਕਰਦਿਆਂ ਉਸ ਦੇ ਕਰਤਾਰੀ ਗੁਣਾਂ ਨੂੰ ਬਿਆਨ ਕੀਤਾ ਹੈ। ਇਸ ਵਿਚ ਅਕਾਲ ਪੁਰਖ ਅੱਗੇ ਇੱਕ ਤਰ੍ਹਾਂ ਨਾਲ ਅਰਦਾਸ ਕਰਦਿਆਂ ਕਿਹਾ ਹੈ ਕਿ ਉਹ ਕਰਤਾਰ ਜੋ ਸ੍ਰਿਸ਼ਟੀ ਦੇ ਰਚਣ ਵਾਲਾ ਹੈ, ਅਭੁੱਲ ਹੈ ਅਤੇ ਭੁੱਲਣ ਵਿਚ ਨਹੀਂ ਆਉਂਦਾ। ਉਸ ਸਦਾ ਕਾਇਮ ਰਹਿਣ ਵਾਲੇ ਪਰਮ ਸਰੂਪ ਨੂੰ ਕਿਹਾ ਹੈ ਕਿ ਉਹ ਜੋ ਕੁਝ ਵੀ ਕਰਦਾ ਹੈ, ਚੰਗਾ ਹੀ ਕਰਦਾ ਹੈ ਅਤੇ ਇਹ ਗੱਲ ਮਨੁੱਖ ਨੂੰ ਉਹ ਸਤਿਗੁਰੁ ਦੇ ਸ਼ਬਦ ਰਾਹੀਂ ਸਮਝਾਉਂਦਾ ਹੈ। ਅਰਥਾਤ ਸਿਰਜਣਹਾਰ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਇਸ ਗੱਲ ਦੀ ਸਮਝ ਮਨੁੱਖ ਨੂੰ ਸਤਿਗੁਰੁ ਦੇ ਸ਼ਬਦ ਰਾਹੀਂ ਆਉਂਦੀ ਹੈ। ਇਸ ਸ੍ਰਿਸ਼ਟੀ ਦਾ, ਬ੍ਰਹਿਮੰਡ ਦਾ ਕਾਰਨ ਜਾਂ ਮੂਲ ਉਹ ਅਕਾਲ ਪੁਰਖ ਆਪ ਹੈ ਅਤੇ ਹੋਰ ਕੋਈ ਵੀ ਉਸ ਦੇ ਬਰਾਬਰ ਜਾਂ ਉਸ ਦਾ ਸ਼ਰੀਕ ਨਹੀਂ ਹੈ, ਉਹ ਸਰਬ-ਕਲਾ ਸਮਰੱਥ ਹੈ ਅਰਥਾਤ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਕਰਤਾ ਪੁਰਖ ਮਿਹਰਬਾਨ ਸਭ ਦਾ ਮਾਲਕ ਹੈ ਜੋ ਜੀਵਾਂ ਤੇ ਦਇਆ ਕਰਦਾ ਹੈ, ਪਰ ਉਹ ਅਗਮ ਹੈ ਅਰਥਾਤ ਉਸ ਤੱਕ ਪਹੁੰਚ ਹੋ ਸਕਣੀ ਮੁਸ਼ਕਿਲ ਹੈ, ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਸਾਰੇ ਜੀਵ ਉਸ ਦਾ ਸਿਮਰਨ ਕਰਦੇ ਹਨ। ਸਾਰੀ ਸ੍ਰਿਸ਼ਟੀ ਉਸੇ ਦੀ ਰਚੀ ਹੋਈ ਹੈ, ਇਸ ਲਈ ਸਾਰੇ ਜੀਵ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਪ੍ਰਤਿਪਾਲਕ ਹੈ। ਉਹ ਸਾਰੇ ਜੀਵਾਂ ਦੇ ਕਸ਼ਟਾਂ ਨੂੰ ਆਪ ਦੂਰ ਕਰਦਾ ਹੈ ਅਤੇ ਦੁੱਖਾਂ ਤੋਂ ਨਵਿਰਤੀ ਦੁਆਉਂਦਾ ਹੈ।
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਨੇ ਗੁਰੂ ਦੀ ਵਡਿਆਈ ਦੱਸੀ ਹੈ ਜੋ ਮਨੁੱਖ ਨੂੰ ਆਪਣੇ ਪਿਆਰੇ ਪ੍ਰੀਤਮ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ, ਉਸ ਨੂੰ ਮਿਲਣ ਦਾ ਰਸਤਾ ਦੱਸਦਾ ਹੈ। ਗੁਰੂ ਰਾਮਦਾਸ ਦੱਸਦੇ ਹਨ ਕਿ ਜਿਨ੍ਹਾਂ ਜੀਵਾਂ ਦੀਆਂ ਅੱਖਾਂ ਵਿਚ ਉਸ ਆਪਣੇ ਮਿੱਤਰ ਪਿਆਰੇ ਅਕਾਲ ਪੁਰਖ ਦਾ ਪਿਆਰ ਭਰਿਆ ਸੰਦੇਸ਼ ਸੁਣ ਕੇ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਗੁਰੂ ਨੇ ਉਨ੍ਹਾਂ ਦੇ ਪ੍ਰੇਮ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਸੱਜਣ ਨਾਲ ਮਿਲਾ ਦਿੱਤਾ ਹੈ, ਉਨ੍ਹਾਂ ਦਾ ਪਰਮਾਤਮਾ ਨਾਲ ਮੇਲ ਕਰਾ ਦਿੱਤਾ ਹੈ ਅਤੇ ਉਹ ਸੁਖ ਵਿਚ ਲੀਨ ਰਹਿੰਦੇ ਹਨ ਭਾਵ ਉਨ੍ਹਾਂ ਵਿਚ ਸਹਿਜ ਆ ਗਿਆ ਹੈ,
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ॥
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ॥੧॥ (ਪੰਨਾ ੩੦੨)
ਅਗਲੇ ਸਲੋਕ ਵਿਚ ਵੀ ਗੁਰੂ ਰਾਮਦਾਸ ਜੀ ਨੇ ਇਹ ਬਿਆਨ ਕੀਤਾ ਹੈ ਕਿ ਸਤਿਗੁਰੁ ਜੋ ਕਿ ਮਨੁੱਖ ਨੂੰ ਪਰਮਾਤਮਾ ਦੇ ਘਰ ਦਾ ਰਾਹ ਦੱਸਣ ਵਾਲਾ ਹੈ, ਉਸ ਵਿਚ ਕੀ ਕੀ ਗੁਣ ਹੁੰਦੇ ਹਨ। ਉਸ ਦੇ ਗੁਣਾਂ ਦਾ ਬਿਆਨ ਕਰਦਿਆਂ ਗੁਰੂ ਸਾਹਿਬ ਨੇ ਫੁਰਮਾਇਆ ਹੈ ਕਿ ਸਤਿਗੁਰੁ ਦਇਆ ਦਾ ਭੰਡਾਰ ਹੈ ਅਤੇ ਦਾਤਾਂ ਬਖਸ਼ਣ ਵਾਲਾ ਹੈ। ਸਤਿਗੁਰੂ ਨੂੰ ਹਰ ਇੱਕ ਵਿਚ ਅਕਾਲ ਪੁਰਖ ਦੀ ਵਿਆਪਕਤਾ ਨਜ਼ਰ ਆਉਂਦੀ ਹੈ ਅਰਥਾਤ ਉਹ ਸਭ ਵਿਚ ਪਰਮ ਸੱਤਾ ਨੂੰ ਵੱਸ ਰਿਹਾ ਦੇਖਦਾ ਹੈ ਇਸ ਲਈ ਉਸ ਦੇ ਮਨ ਵਿਚ ਕਿਸੇ ਲਈ ਵੈਰ ਨਹੀਂ ਹੁੰਦਾ। ਪਰ ਕਈ ਬੇਸਮਝ ਮਨੁੱਖ ਗੁਰੂ ਨਾਲ ਜੋ ਕਿ ਕਿਸੇ ਨਾਲ ਵੀ ਵੈਰ ਨਹੀਂ ਰੱਖਦਾ, ਵੈਰ ਕਰਦੇ ਹਨ ਅਤੇ ਅਜਿਹੇ ਮਨੁੱਖਾਂ ਦੇ ਮਨ ਵਿਚ ਕਦੇ ਵੀ ਸ਼ਾਂਤੀ ਨਹੀਂ ਟਿਕਦੀ (ਕਿਸੇ ਦਾ ਬੁਰਾ ਤੱਕਣ ਵਾਲੇ ਮਨੁੱਖ ਦੇ ਮਨ ਨੂੰ ਸਦੀਵੀ ਭਟਕਣਾ ਲੱਗੀ ਰਹਿੰਦੀ ਹੈ)। ਭਾਵ ਜਿਹੜੇ ਮਨੁੱਖ ਨਿਰਵੈਰ ਨਾਲ ਵੀ ਵੈਰ ਕਰਨ ਉਹ ਸ਼ਾਂਤ-ਚਿੱਤ ਨਹੀਂ ਰਹਿ ਸਕਦੇ। ਗੁਰੂ ਹਰ ਇੱਕ ਦਾ ਭਲਾ ਕਰਨਾ ਚਾਹੁੰਦਾ ਹੈ ਅਤੇ ਫਿਰ ਉਸ ਦਾ ਬੁਰਾ ਕਿਵੇਂ ਹੋ ਸਕਦਾ ਹੈ ਅਰਥਾਤ Ḕਸਰਬੱਤ ਦਾ ਭਲਾḔ ਚਾਹੁਣ ਵਾਲੇ ਦਾ ਬੁਰਾ ਹੋ ਹੀ ਨਹੀਂ ਸਕਦਾ। ਗੁਰੂ ਕੋਲ ਜਿਸ ਕਿਸਮ ਦੇ ਮਨੋਭਾਵ ਲੈ ਕੇ ਮਨੁੱਖ ਜਾਂਦਾ ਹੈ ਉਸ ਨੂੰ ਉਸ ਕਿਸਮ ਦਾ ਹੀ ਫਲ ਮਿਲ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਹਨ ਕਿ ਕਰਤਾ ਪੁਰਖ ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਕੋਲੋਂ ਕੋਈ ਵੀ ਗੱਲ ਛੁਪਾਈ ਨਹੀਂ ਜਾ ਸਕਦੀ, ਉਹ ਸਭ ਕੁਝ ਜਾਣਦਾ ਹੈ,
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ॥
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ॥
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ॥
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ॥
ਸਤਿਗੁਰਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ॥
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ॥੨॥ (ਪੰਨਾ ੩੦੨)
ਅੱਗੇ ਪਉੜੀ ਵਿਚ ਫੁਰਮਾਇਆ ਗਿਆ ਹੈ ਕਿ ਮਨੁੱਖ ਆਪਣੇ ਆਪ ਵਿਚ ਵੱਡਾ ਨਹੀਂ ਹੁੰਦਾ, ਵੱਡਾ ਉਦੋਂ ਹੁੰਦਾ ਹੈ ਜਦੋਂ ਅਕਾਲ ਪੁਰਖ ਕਿਸੇ ਨੂੰ ਵਡਿਆਈ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਜਿਸ ਨੂੰ ਸਿਰਜਣਹਾਰ ਵੱਡਾ ਕਰੇ ਉਸੇ ਨੂੰ ਹੀ ਵੱਡਾ ਕਰਕੇ ਜਾਣਨਾ ਚਾਹੀਦਾ ਹੈ। ਜੋ ਮਨੁੱਖ ਅਕਾਲ ਪੁਰਖ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਉਹ ਬਖਸ਼ ਲੈਂਦਾ ਹੈ ਅਤੇ ਉਹ ਅਕਾਲ ਪੁਰਖ ਦੇ ਮਨ ਨੂੰ ਭਾਅ ਜਾਂਦਾ ਹੈ, ਉਸ ਨੂੰ ਪਿਆਰਾ ਲੱਗਦਾ ਹੈ। ਪਰ ਕੋਈ ਦੂਸਰਾ ਮਨੁੱਖ ਜੇ ਅਜਿਹੇ ਰੱਬ ਦੇ ਪਿਆਰੇ ਦੀ ਰੀਸ ਕਰਨ ਦੀ ਕੋਸਿਸ਼ ਕਰੇ ਤਾਂ ਉਹ ਮੂਰਖ ਅਤੇ ਅਣਜਾਣ ਹੈ ਕਿਉਂਕਿ ਰੀਸ ਕੀਤਿਆਂ ਕੋਈ ਪ੍ਰਾਪਤੀ ਨਹੀਂ ਹੁੰਦੀ। ਕਿਸੇ ਵੀ ਪ੍ਰਾਪਤੀ ਲਈ ਮਨੁੱਖ ਨੂੰ ਉਦਮ ਕਰਨਾ ਪੈਂਦਾ ਹੈ। ਜਿਸ ‘ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਉਸ ਮਨੁੱਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਅਤੇ ਅਜਿਹਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਗੁਣਾਂ ਦਾ ਗਾਇਨ ਕਰਦਾ ਹੈ ਅਤੇ ਦੂਸਰਿਆਂ ਨੂੰ ਪ੍ਰਭੂ ਦੇ ਗੁਣ ਦੱਸਦਾ ਹੈ।
ਗੁਰੂ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ, ਇਸ ਗੱਲ ਨੂੰ ਸਮਝ ਕੇ ਅਜਿਹਾ ਮਨੁੱਖ ਉਸ ਸੱਚੇ ਅਰਥਾਤ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਵਿਚ ਲੀਨ ਹੋ ਜਾਂਦਾ ਹੈ,
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ॥
ਜਿਸੁ ਸਾਹਿਬੁ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ॥
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ॥
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ॥
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ॥੫॥ (ਪੰਨਾ ੩੦੨)
ਅਗਲੇ ਸਲੋਕ ਵਿਚ ਚੌਥੀ ਨਾਨਕ ਜੋਤਿ ਨੇ ਅਕਾਲ ਪੁਰਖ ਦੇ ਗੁਣਾਂ ਦਾ ਬਿਆਨ ਕਰਦਿਆਂ ਦੱਸਿਆ ਹੈ ਕਿ ਉਸ ਅਕਾਲ ਪੁਰਖ ਦੀ ਹੋਂਦ ਹੈ, ਉਹ ਸੱਚ ਹੈ, ਉਹ ਨਿਰੰਜਨ ਅਰਥਾਤ ਮਾਇਆ ਤੋਂ ਨਿਰਲੇਪ ਹੈ, ਉਹ ਕਾਲ-ਰਹਿਤ ਹੈ, ਉਹ ਭੈ ਤੋਂ ਅਤੇ ਵੈਰ ਤੋਂ ਰਹਿਤ ਹੈ ਅਤੇ ਉਸ ਦਾ ਕੋਈ ਆਕਾਰ ਨਹੀਂ ਹੈ (ਕਰਤਾ ਪੁਰਖ ਦੇ ਇਨ੍ਹਾਂ ਗੁਣਾਂ ਦਾ ਬਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਮੂਲ ਮੰਤਰ ਵਿਚ ਕੀਤਾ ਹੋਇਆ ਹੈ)। ਜਿਨ੍ਹਾਂ ਜੀਵਾਂ ਨੇ ਅਜਿਹੇ ਗੁਣਾਂ ਵਾਲੇ ਅਕਾਲ ਪੁਰਖ ਦਾ ਸਿਮਰਨ ਇੱਕ-ਮਨ, ਇੱਕ-ਚਿੱਤ ਹੋ ਕੇ ਕੀਤਾ ਹੈ, ਉਨ੍ਹਾਂ ਦੇ ਮਨ ਤੋਂ ਹਉਮੈ ਦਾ ਭਾਰ ਲੱਥ ਗਿਆ ਹੈ ਅਰਥਾਤ ਉਨ੍ਹਾਂ ਦੇ ਮਨ ਤੇ ḔਮੈਂḔ ਦਾ ਕੋਈ ਬੋਝ ਨਹੀਂ ਰਿਹਾ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਉਸ ਦੇ ਨਾਮ ਦੀ ਅਰਾਧਨਾ ਕੀਤੀ ਹੈ, ਉਨ੍ਹਾਂ ਗੁਰਮੁਖਾਂ, ਸੰਤ-ਜਨਾਂ ਨੂੰ ਵਡਿਆਈ ਮਿਲੀ ਹੈ, ਸ਼ੋਭਾ ਮਿਲੀ ਹੈ। ਜੋ ਕੋਈ ਵੀ ਪੂਰੇ ਗੁਰੂ ਦੀ, ਸਤਿਗੁਰੁ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰੀ ਦੁਨੀਆਂ ਫਿਟਕਾਰਾਂ ਪਾਉਂਦੀ ਹੈ, ਅਜਿਹੇ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ ਕਿਉਂਕਿ ਅਕਾਲ ਪੁਰਖ ਜੋ ਸਭ ਦੀ ਰੱਖਿਆ ਕਰਨ ਵਾਲਾ ਹੈ, ਆਪ ਗੁਰੂ ਦੇ ਅੰਦਰ ਵੱਸਦਾ ਹੈ। ਗੁਰੂ ਧੰਨ ਹੈ ਜੋ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਅਤੇ ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਜਿਹੇ ਪਰਮਾਤਮ-ਭਗਤਾਂ ਦੇ ਸਦਕੇ ਜਾਂਦੇ ਹਨ ਜਿਨ੍ਹਾਂ ਨੇ ਉਸ ਸਭ ਦੇ ਸਿਰਜਣਹਾਰ ਅਕਾਲ ਪੁਰਖ ਦਾ ਨਾਮ ਸਿਮਰਨ ਕੀਤਾ ਹੈ, ਉਸ ਦੀ ਅਰਾਧਨਾ ਕੀਤੀ ਹੈ,
ਹਰਿਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ॥
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ॥
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ॥
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ॥
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ॥
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ॥
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ॥੧॥ (ਪੰਨਾ ੩੦੨)
ਅਗਲੇ ਸਲੋਕ ਵਿਚ ਇਸੇ ਵਿਚਾਰਧਾਰਾ ਨੂੰ ਪਰਗਟ ਕਰਦੇ ਹੋਏ ਗੁਰੂ ਰਾਮਦਾਸ ਅਕਾਲ ਪੁਰਖ ਨੂੰ ਹੀ ਸੰਬੋਧਨ ਕਰਦਿਆਂ ਬਿਆਨ ਕਰਦੇ ਹਨ ਕਿ ਉਸ ਕਰਤਾ ਪੁਰਖ ਨੇ ਹੀ ਧਰਤੀ ਅਤੇ ਆਕਾਸ਼ ਅਰਥਾਤ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਸ ਸ੍ਰਿਸ਼ਟੀ ਦੀ ਸਾਜਨਾ ਕਰਕੇ ਫਿਰ ਆਪ ਹੀ ਇਸ ਵਿਚ ਹਰ ਤਰ੍ਹਾਂ ਦੇ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹ ਲਈ ਗਰਾਹੀ ਦਿੰਦਾ ਹੈ ਅਰਥਾਤ ਹਰ ਇੱਕ ਜੀਵ ਦੇ ਜਿਉਣ ਦਾ ਸਾਧਨ ਵੀ ਆਪ ਹੀ ਪੈਦਾ ਕਰਦਾ ਹੈ। ਉਹ ਆਪ ਹੀ ਸਾਰੇ ਸੰਸਾਰ ਵਿਚ ਵਿਆਪਕ ਹੈ ਅਤੇ ਸਭ ਦੇ ਅੰਦਰ ਵਰਤ ਰਿਹਾ ਹੈ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਉਸ ਦੇ ਨਾਮ ਦਾ ਸਿਮਰਨ ਕਰਨ ਦੀ ਪ੍ਰੇਰਨਾ ਕਰਦੇ ਹਨ ਜਿਸ ਨਾਮ ਦੇ ਸਿਮਰਨ ਨਾਲ ਸਾਰੇ ਦੁੱਖ ਅਤੇ ਪਾਪ ਅਕਾਲ ਪੁਰਖ ਦੂਰ ਕਰ ਦਿੰਦਾ ਹੈ,
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ॥
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ॥
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ॥੨॥ (ਪੰਨਾ ੩੦੨)
ਛੇਵੀਂ ਪਉੜੀ ਵਿਚ ਉਸ ਅਕਾਲ ਪੁਰਖ ਦੀ ਸਦੀਵੀ ਹੋਂਦ ਦਾ ਜ਼ਿਕਰ ਕੀਤਾ ਹੈ ਕਿ ਉਹ ਹਮੇਸ਼ਾ ਰਹਿਣ ਵਾਲੀ ਹਸਤੀ ਹੈ ਜੋ ਸਭ ਦਾ ਮਾਲਕ ਹੈ ਅਤੇ ਉਸ ਨੂੰ ਸੱਚ ਹੀ ਪਿਆਰਾ ਲੱਗਦਾ ਹੈ। ਜਿਹੜੇ ਉਸ ਸਦਾ ਕਾਇਮ ਰਹਿਣ ਵਾਲੀ ਹਸਤੀ ਦਾ ਧਿਆਨ ਧਰਦੇ ਹਨ, ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਕਰਦੇ ਹਨ ਜਮਦੂਤ ਉਨ੍ਹਾਂ ਦੇ ਨੇੜੇ ਨਹੀਂ ਢੁੱਕਦਾ, ਅਰਥਾਤ ਉਨ੍ਹਾਂ ਦੇ ਮਨ ਵਿਚੋਂ ਮੌਤ ਦਾ ਭੈ ਸਦਾ ਸਦਾ ਲਈ ਦੂਰ ਹੋ ਜਾਂਦਾ ਹੈ। ਜਿਨ੍ਹਾਂ ਦੇ ਮਨ ਦੇ ਅੰਦਰ ਉਸ ਸੱਚੇ ਅਕਾਲ ਪੁਰਖ ਦਾ ਪ੍ਰੇਮ ਹੈ, ਜਿਨ੍ਹਾਂ ਨੂੰ ਉਹ ਪਿਆਰਾ ਲੱਗਦਾ ਹੈ ਉਨ੍ਹਾਂ ਦੇ ਮੁੱਖ ਉਸ ਦੀ ਦਰਗਾਹ ਵਿਚ ਸਦਾ ਉਜਲੇ ਹੁੰਦੇ ਹਨ, ਉਨ੍ਹਾਂ ਦੇ ਮੁੱਖ ਤੇ ਸਦਾ ਨੂਰ ਅਤੇ ਖੇੜਾ ਰਹਿੰਦਾ ਹੈ। ਪਰ ਜਿਹੜੇ ਮਨੁੱਖ ਝੂਠ ਦਾ ਵਪਾਰ ਕਰਦੇ ਹਨ, ਝੂਠ ਕਮਾਉਂਦੇ ਹਨ, ਉਨ੍ਹਾਂ ਦੇ ਮਨ ਵਿਚ ਝੂਠ ਅਤੇ ਕਪਟ ਹੋਣ ਕਰਕੇ ਉਨ੍ਹਾਂ ਨੂੰ ਪਿੱਛੇ ਸੁੱਟ ਦਿੱਤਾ ਜਾਂਦਾ ਹੈ ਅਤੇ ਉਹ ਸਦਾ ਬਹੁਤ ਦੁੱਖ ਪਾਉਂਦੇ ਹਨ। ਅਜਿਹੇ ਕੂੜ ਕਮਾਉਣ ਵਾਲਿਆਂ ਦੇ ਮੁੱਖ ‘ਤੇ ਸਦਾ ਕਾਲਖ ਮਲੀ ਜਾਂਦੀ ਹੈ, ਉਨ੍ਹਾਂ ਦੇ ਮੂੰਹ ਰੱਬ ਦੀ ਦਰਗਾਹ ਵਿਚ ਕਾਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ,
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ॥
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ॥
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ॥
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ॥
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ॥੬॥ (ਪੰਨਾ ੩੦੨)
ਗੁਰੂ ਰਾਮਦਾਸ ਜੀ ਦੀ ਰਚੀ ਗਉੜੀ ਦੀ ਇਸ ਵਾਰ ਵਿਚ ਸਲੋਕ ਵੀ ਗੁਰੂ ਰਾਮਦਾਸ ਜੀ ਦੇ ਹਨ ਅਤੇ ਇਸ ਵਾਰ ਵਿਚ ਗੁਰੂ ਦੀ ਮਹੱਤਤਾ ਅਤੇ ਗੁਰੂ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ‘ਤੇ ਜ਼ੋਰ ਦਿੱਤਾ ਹੈ, ਜਿਸ ਰਾਹੀਂ ਮਨੁੱਖ ਦੇ ਸਾਰੇ ਕਲੇਸ਼ ਅਤੇ ਦਰਦ ਕੱਟੇ ਜਾਂਦੇ ਹਨ। ਇਸ ਸਲੋਕ ਵਿਚ ਗੁਰੂ ਰਾਮਦਾਸ ਦੱਸਦੇ ਹਨ ਕਿ ਜਿਸ ਤਰ੍ਹਾਂ ਧਰਤੀ ਦਾ ਸੁਭਾਅ ਹੈ ਇਸੇ ਤਰ੍ਹਾਂ ਸਤਿਗੁਰੂ ਦਾ ਸੁਭਾਅ ਵੀ ਧਰਮ ਦੀ ਜ਼ਮੀਨ ਹੈ। ਇਸ ਵਿਚ ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਕੋਈ ਬੀਜ ਬੀਜਦਾ ਹੈ, ਉਸੇ ਕਿਸਮ ਦਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਅੰਮ੍ਰਿਤ ਫਲ ਮਿਲ ਗਿਆ ਹੈ। ਅਜਿਹੇ ਗੁਰਮੁਖਾਂ ਦੇ ਮੁੱਖ ਇਸ ਸੰਸਾਰ ਵਿਚ ਵੀ ਉਜਲੇ ਹਨ ਅਤੇ ਰੱਬ ਦੀ ਦਰਗਾਹ ਵਿਚ ਵੀ ਉਜਲੇ ਹਨ ਅਰਥਾਤ ਉਨ੍ਹਾਂ ਨੂੰ ਇਸ ਦੁਨੀਆਂ ਵਿਚ ਵੀ ਸਤਿਕਾਰ ਮਿਲਦਾ ਹੈ ਅਤੇ ਉਹ ਅਕਾਲ ਪੁਰਖ ਦੇ ਸੱਚੇ ਦਰਬਾਰ ਵਿਚ ਵੀ ਸਤਿਕਾਰ ਪਾਉਂਦੇ ਹਨ।
ਇੱਕ ਦੂਸਰੀ ਤਰ੍ਹਾਂ ਦੇ ਮਨੁੱਖ ਵੀ ਹਨ ਜਿਨ੍ਹਾਂ ਦੇ ਮਨ ਵਿਚ ਕਪਟ ਹੈ, ਖੋਟ ਹੈ ਅਤੇ ਉਹ ਖੋਟ ਦਾ ਹੀ ਵਪਾਰ ਕਰਦੇ ਹਨ ਭਾਵ ਦੂਸਰਿਆਂ ਨਾਲ ਵੀ ਖੋਟਾ ਹੀ ਵਰਤਦੇ ਹਨ, ਉਨ੍ਹਾਂ ਦੀ ਇਸ ਖੋਟ ਦਾ ਫਲ ਵੀ ਖੋਟ ਵਿਚ ਹੀ ਮਿਲਦਾ ਹੈ ਕਿਉਂਕਿ ਜਿਹੋ ਜਿਹਾ ਕੋਈ ਬੀਜਦਾ ਹੈ, ਉਸ ਨੂੰ ਉਸੇ ਕਿਸਮ ਦਾ ਫਲ ਪ੍ਰਾਪਤ ਹੁੰਦਾ ਹੈ। ਜਦੋਂ ਸਤਿਗੁਰੂ ਸਰਾਫ਼ ਅਜਿਹੇ ਬੰਦਿਆਂ ਦੀ ਡੂੰਘੀ ਨਜ਼ਰ ਨਾਲ ਪਰਖ ਕਰਦਾ ਹੈ ਤਾਂ ਇਸ ਕਿਸਮ ਦੇ ਖ਼ੁਦਗਰਜ਼ ਇਨਸਾਨ ਛੁਪੇ ਨਹੀਂ ਰਹਿੰਦੇ, ਸਭ ਉਘੜ ਆਉਂਦੇ ਹਨ ਭਾਵ ਸਾਰਿਆਂ ਦੇ ਸਾਹਮਣੇ ਸਪੱਸ਼ਟ ਹੋ ਜਾਂਦੇ ਹਨ। ਜਿਹੋ ਜਿਹੀ ਉਨ੍ਹਾਂ ਦੇ ਮਨ ਦੀ ਕਾਮਨਾ ਹੁੰਦੀ ਹੈ ਅਰਥਾਤ ਮਨ ਵਿਚ ਕੂੜ ਹੁੰਦਾ ਹੈ ਉਹੋ ਜਿਹਾ ਹੀ ਉਨ੍ਹਾਂ ਨੂੰ ਫਲ ਮਿਲ ਜਾਂਦਾ ਹੈ ਅਤੇ ਅਕਾਲ ਪੁਰਖ ਵੱਲੋਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਰਾ ਖੇਲ, ਸਾਰਾ ਕੌਤਕ ਰੱਬ ਸੱਚਾ ਆਪ ਹੀ ਕਰ ਕੇ ਦੇਖਦਾ ਹੈ ਕਿਉਂਕਿ ਉਹ ਆਪ ਹੀ ਖਰੇ ਅਤੇ ਖੋਟੇ ਵਿਚ, ਹਰ ਥਾਂ ਮੌਜੂਦ ਹੈ,
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ॥
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ॥
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ॥
ਇਕਨਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ॥
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ॥
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ॥੧॥ (ਪੰਨਾ ੩੦੨-੩੦੩)
Leave a Reply