ਬਠਿੰਡਾ: ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਨੂੰ ਚੋਣ ਫੰਡ ਦੇਣ ਵਿਚ ਰੱਜ ਕੇ ਕੰਜੂਸੀ ਵਿਖਾਈ। ਜ਼ਿਆਦਾਤਾਰ ਉਮੀਦਵਾਰਾਂ ਨੇ ਆਪਣੇ ਦਮ ‘ਤੇ ਹੀ ਚੋਣ ਲੜੀ। ਸ਼੍ਰੋਮਣੀ ਅਕਾਲੀ ਦਲ ਨੇ ਇਕੱਲੀ ਹਰਸਿਮਰਤ ਕੌਰ ਬਾਦਲ ਨੂੰ ਪੰਜ ਲੱਖ ਰੁਪਏ ਦਾ ਚੋਣ ਫੰਡ ਦਿੱਤਾ ਜਦੋਂ ਕਿ ਬਾਕੀ ਉਮੀਦਵਾਰਾਂ ਨੂੰ ਕੁਝ ਨਾ ਮਿਲਿਆ। ਇਵੇਂ ਹੀ ਕਾਂਗਰਸ ਨੇ ਸੰਗਰੂਰ ਤੋਂ ਵਿਜੇਇੰਦਰ ਸਿੰਗਲਾ ਨੂੰ 15 ਲੱਖ ਰੁਪਏ ਤੇ ਆਨੰਦਪੁਰ ਸਾਹਿਬ ਤੋਂ ਸ੍ਰੀਮਤੀ ਅੰਬਿਕਾ ਸੋਨੀ ਨੂੰ 50 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਬਾਕੀ ਉਮੀਦਵਾਰਾਂ ਦੀ ਪਾਰਟੀ ਨੇ ਬਾਂਹ ਨਹੀਂ ਫੜੀ। ਦੂਜੇ ਪਾਸੇ ਭਾਜਪਾ ਨੇ ਅਰੁਣ ਜੇਤਲੀ ਨੂੰ 30 ਲੱਖ ਤੇ ਵਿਨੋਦ ਖੰਨਾ ਨੂੰ 4æ63 ਲੱਖ ਰੁਪਏ ਦਾ ਚੋਣ ਫੰਡ ਦਿੱਤਾ।
ਬਠਿੰਡਾ ਤੋਂ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਨਾ ਤਾਂ ਕਾਂਗਰਸ ਨੇ ਕੋਈ ਚੋਣ ਫੰਡ ਦਿੱਤਾ ਤੇ ਨਾ ਹੀ ਲੋਕਾਂ ਨੇ। ਉਨ੍ਹਾਂ ਨੇ ਆਪਣੀ ਜੇਬ੍ਹ ਵਿਚੋਂ ਹੀ 13æ89 ਲੱਖ ਰੁਪਏ ਚੋਣਾਂ ‘ਤੇ ਖਰਚ ਕੀਤੇ। ਆਮ ਆਦਮੀ ਪਾਰਟੀ ਨੇ ਆਪਣੇ ਹਰ ਉਮੀਦਵਾਰ ਨੂੰ ਚੋਣ ਫੰਡ ਦਿੱਤਾ। ਇਵੇਂ ਹੀ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਨੂੰ ਪਾਰਟੀ ਤੇ ਲੋਕਾਂ ਤਰਫ਼ੋਂ ਕੋਈ ਚੰਦਾ ਨਹੀਂ ਮਿਲਿਆ। ਉਨ੍ਹਾਂ ਨੇ ਆਪਣੀ ਜੇਬ੍ਹ ਵਿਚੋਂ 40æ10 ਲੱਖ ਰੁਪਏ ਖਰਚ ਕੀਤੇ। ‘ਆਪ’ ਦੇ ਭਗਵੰਤ ਮਾਨ ਅਜਿਹੇ ਇਕਲੌਤੇ ਉਮੀਦਵਾਰ ਹਨ, ਜਿਨ੍ਹਾਂ ਨੇ ਚੋਣਾਂ ਵਿਚ ਆਪਣੀ ਜੇਬ੍ਹ ਵਿਚੋਂ ਸਿਰਫ਼ ਇਕ ਹਜ਼ਾਰ ਰੁਪਏ ਖਰਚ ਕੀਤੇ। ਪਾਰਟੀ ਨੇ ਭਗਵੰਤ ਮਾਨ ਨੂੰ 11æ74 ਲੱਖ ਰੁਪਏ ਤੇ ਲੋਕਾਂ ਨੇ 8æ30 ਲੱਖ ਰੁਪਏ ਦਾ ਚੰਦਾ ਦਿੱਤਾ। ਚੋਣ ਕਮਿਸ਼ਨ ਕੋਲ ਉਮੀਦਵਾਰਾਂ ਨੇ ਖਰਚ ਦੇ ਜਿਹੜੇ ਆਖਰੀ ਵੇਰਵੇ ਜਮ੍ਹਾਂ ਕਰਾਏ ਹਨ, ਉਨ੍ਹਾਂ ਤੋਂ ਸਾਫ ਹੋਇਆ ਹੈ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਚੋਣ ਖਰਚ ਗੁਰਦਾਸਪੁਰ ਤੋਂ ਵਿਨੋਦ ਖੰਨਾ ਨੇ 63æ95 ਲੱਖ ਰੁਪਏ ਕੀਤਾ ਹੈ। ਅਕਾਲੀ ਦਲ ਦੇ 10 ਉਮੀਦਵਾਰਾਂ ਵਿਚੋਂ ਸਭ ਤੋਂ ਜ਼ਿਆਦਾ ਚੋਣ ਖਰਚ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਦਾ 58æ69 ਲੱਖ ਰੁਪਏ ਰਿਹਾ ਹੈ ਜਦੋਂ ਕਿ ਹਰਸਿਮਰਤ ਕੌਰ ਬਾਦਲ ਨੇ 52æ28 ਲੱਖ ਰੁਪਏ ਚੋਣ ਖਰਚ ਕੀਤਾ। ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਦਾ ਚੋਣ ਖਰਚ 49æ29 ਲੱਖ ਰੁਪਏ ਰਿਹਾ। ਕਾਂਗਰਸ ਵਿਚੋਂ ਸਭ ਤੋਂ ਜ਼ਿਆਦਾ ਚੋਣ ਖਰਚ ਆਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ ਦਾ 54æ80 ਲੱਖ ਰਿਹਾ ਹੈ।
ਲੋਕਾਂ ਤਰਫ਼ੋਂ ਮਿਲੇ ਚੋਣ ਚੰਦੇ ‘ਤੇ ਨਜ਼ਰ ਮਾਰੀਏ ਤਾਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 154 ਲੋਕਾਂ ਨੇ 32æ70 ਲੱਖ ਰੁਪਏ ਫੰਡ ਵਜੋਂ ਦਿੱਤੇ। 154 ਲੋਕਾਂ ਵਿਚ ਸਿਰਫ਼ ਦੋ ਔਰਤਾਂ ਹੀ ਸ਼ਾਮਲ ਹਨ ਜਿਨ੍ਹਾਂ ਵਿਚ ਹਰਪਾਲ ਕੌਰ ਲੰਬੀ ਤੇ ਸਿਮਰਨਜੀਤ ਕੌਰ ਲੰਬੀ ਨੇ ਇਕ-ਇਕ ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ। ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਣ ਮੁਹਿੰਮ ਵਾਸਤੇ ਬੀæਐਸ਼ ਭੁੱਲਰ ਨਾਂ ਦੇ ਵਿਅਕਤੀ ਤੋਂ 40 ਲੱਖ ਰੁਪਏ ਦਾ ਕਰਜ਼ਾ ਚੁੱਕਿਆ। ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੁਹਿੰਮ ਵਾਸਤੇ 48 ਲੱਖ ਰੁਪਏ ਦਾ ਕਰਜ਼ਾ ਚੁੱਕਣਾ ਪਿਆ। ਬਿੱਟੂ ਨੇ ਆਰæਕੇæਐਫ਼ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੇ ਮੈਸਰਜ਼ ਮੈਮੋਰੇਬਲ ਮੋਮੈਂਟਸ ਚੰਡੀਗੜ੍ਹ ਤੋਂ ਇਹ ਕਰਜ਼ਾ ਲਿਆ ਹੈ। ਬਿੱਟੂ ਦੀ ਪਤਨੀ ਅਨੂਪਮਾ ਨੇ ਵੀ ਚੋਣ ਫੰਡ ਵਜੋਂ ਪੰਜ ਹਜ਼ਾਰ ਰੁਪਏ ਆਪਣੇ ਪਤੀ ਨੂੰ ਦਿੱਤੇ।
ਭਾਜਪਾ ਦੇ ਉਮੀਦਵਾਰਾਂ ਵਿਚੋਂ ਅਰੁਣ ਜੇਤਲੀ ਨੂੰ ਆਮ ਲੋਕਾਂ ਤਰਫ਼ੋਂ ਕੋਈ ਚੰਦਾ ਨਹੀਂ ਮਿਲਿਆ ਜਦੋਂ ਕਿ ਵਿਨੋਦ ਖੰਨਾ ਨੂੰ 24æ15 ਲੱਖ ਰੁਪਏ ਤੇ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਨੂੰ ਚਾਰ ਲੱਖ ਰੁਪਏ ਦੇ ਫੰਡ ਆਮ ਲੋਕਾਂ ਨੇ ਦਿੱਤੇ ਹਨ। ਅਰੁਣ ਜੇਤਲੀ ਨੇ ਆਪਣੀ ਜੇਬ੍ਹ ਵਿਚੋਂ ਸਿਰਫ਼ 50 ਹਜ਼ਾਰ ਰੁਪਏ ਖਰਚ ਕੀਤੇ ਹਨ। ਉਨ੍ਹਾਂ ਨੇ ਮੋਦੀ ਰੈਲੀ ‘ਤੇ 4æ64 ਲੱਖ ਰੁਪਏ ਤੇ ਸੁਖਬੀਰ ਦੀ ਫੇਰੀ ਲਈ ਹੈਲੀਕਾਪਟਰ ਦਾ ਖਰਚ 75 ਹਜ਼ਾਰ ਰੁਪਏ ਦਿਖਾਇਆ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਫਰੀਦਕੋਟ ਤੋਂ ਪ੍ਰੋæ ਸਾਧੂ ਸਿੰਘ ਨੇ 30æ76 ਲੱਖ ਰੁਪਏ, ਪਟਿਆਲਾ ਤੋਂ ਡਾæ ਧਰਮਵੀਰ ਗਾਂਧੀ ਨੇ 36æ15 ਲੱਖ ਰੁਪਏ, ਸੰਗਰੂਰ ਤੋਂ ਭਗਵੰਤ ਮਾਨ ਨੇ 17æ43 ਲੱਖ ਰੁਪਏ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੇ 28æ64 ਲੱਖ ਰੁਪਏ ਦਾ ਚੋਣ ਖਰਚ ਕੀਤਾ।
___________________________________
ਕੈਪਟਨ ਸਮੇਤ ਕਈ ਉਮੀਦਵਾਰਾਂ ਨੇ ਲਿਆ ਕਰਜ਼ਾ
ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਵਾਸਤੇ ਰਾਣਾ ਗੁਰਜੀਤ ਸਿੰਘ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਜਦੋਂ ਕਿ ਅਤੁਲ ਨੰਦਾ ਤੇ ਸ੍ਰੀਮਤੀ ਰਮੀਜ਼ਾ ਹਕੀਮ ਨੇ ਕੈਪਟਨ ਨੂੰ 15 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ। ਕਾਂਗਰਸ ਦੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ 32æ17 ਲੱਖ ਰੁਪਏ ਆਪਣੀ ਜੇਬ੍ਹ ਵਿਚੋਂ ਫਿਰੋਜ਼ਪੁਰ ਤੋਂ ਸੁਨੀਲ ਜਾਖੜ ਨੇ ਖਰਚ ਕੀਤੇ ਹਨ ਜਦੋਂ ਕਿ ਅਕਾਲੀ ਦਲ ਦੇ ਕੁਲਵੰਤ ਸਿੰਘ ਫਤਹਿਗੜ੍ਹ ਸਾਹਿਬ ਨੇ 40 ਲੱਖ ਰੁਪਏ ਜੇਬ੍ਹ ਵਿਚੋਂ ਖਰਚੇ ਹਨ। ਪਟਿਆਲਾ ਤੋਂ ਪ੍ਰਨੀਤ ਕੌਰ ਦਾ 52æ45 ਲੱਖ ਰੁਪਏ ਤੇ ਸੰਗਰੂਰ ਤੋਂ ਵਿਜੇਇੰਦਰ ਸਿੰਗਲਾ ਦਾ 23æ02 ਲੱਖ ਰੁਪਏ ਖਰਚਾ ਹੋਇਆ। ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਖਰਚ 28æ15 ਲੱਖ ਰੁਪਏ ਤੇ ਪ੍ਰਤਾਪ ਸਿੰਘ ਬਾਜਵਾ ਦਾ 29æ97 ਲੱਖ ਰੁਪਏ ਚੋਣ ਖਰਚ ਆਇਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੇਬ੍ਹ ਵਿਚੋਂ ਪੰਜ ਲੱਖ ਰੁਪਏ ਤੇ ਪ੍ਰਤਾਪ ਸਿੰਘ ਬਾਜਵਾ ਨੇ 25æ30 ਲੱਖ ਰੁਪਏ ਜੇਬ ਵਿਚੋਂ ਖਰਚ ਕੀਤੇ।
Leave a Reply