ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਜਿਹੜੀਆਂ ਕੌਮਾਂ ਆਪਣੇ ਇਤਿਹਾਸਕ ਵਿਰਸੇ ਤੋਂ ਸੱਖਣੀਆਂ ਹੋ ਜਾਂਦੀਆਂ ਹਨ, ਉਹ ਘੁੱਪ ਹਨੇਰੇ ਵਿਚ ਭਟਕ ਕੇ ਕਿਸੇ ਅਥਾਹ ਸਾਗਰ ਵਿਚ ਗਰਕ ਹੋ ਜਾਂਦੀਆਂ ਹਨ। ਗ੍ਰੰਥ ਅਤੇ ਪੰਥ ਦੀ ਸੋਚ ਤੋਂ ਸੱਖਣੀ ਹੋਈ ਸਿੱਖ ਕੌਮ ਅਜੋਕੇ ਦੌਰ ਅੰਦਰ ਰਾਹੋਂ ਕੁਰਾਹੇ ਪੈ ਗਈ ਹੈ। ਸੰਸਾਰਕ ਵਪਾਰੀਕਰਨ ਦੀ ਸੋਚ ਨੇ ਸਿੱਖੀ ਮਾਨਸਿਕਤਾ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ। ਸੋਚੀ ਸਮਝੀ ਵਿਉਂਤ ਰਾਹੀਂ ਲੰਬੇ ਅਰਸੇ ਤੋਂ ਸਿੱਖ ਇਤਿਹਾਸਕ ਅਸਥਾਨਾਂ ਦਾ ਮੁਹਾਂਦਰਾ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। “ਕਿਸੇ ਕੌਮ ਨੂੰ ਨਸ਼ਟ ਕਰਨ ਵਿਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਮੇਟਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਸਭਿਆਚਾਰ ਅਤੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਪੁਸਤਕਾਂ ਲਿਖਵਾ ਲਵੋ, ਨਵਾਂ ਸਭਿਆਚਾਰਕ ਘੜ ਲਵੋ, ਨਵਾਂ ਇਤਿਹਾਸ ਰਚ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਹੀ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ?” (ਮਿਲਾਨ ਕੁੰਦਰਾ)
ਵਪਾਰਕ ਅਤੇ ਆਧੁਨਿਕ ਸੋਚ ਅਧੀਨ ਆਪਣੇ ਇਤਿਹਾਸਕ ਵਿਰਸੇ ਤੋਂ ਮੂੰਹ ਮੋੜਨਾ, ਗੁਰੂਆਂ-ਪੀਰਾਂ, ਯੋਧਿਆਂ ਅਤੇ ਆਪਣੇ ਸੂਰਬੀਰਾਂ ਨੂੰ ਭੁੱਲ ਜਾਣਾ ਅੱਜ ਸਿੱਖ ਜਗਤ ਦੀ ਵੱਡੀ ਤ੍ਰਾਸਦੀ ਹੈ। ਪੀਰੀ ਨੂੰ ਵਿਸਾਰ ਕੇ ਮੀਰੀ ਦਾ ਪੱਲਾ ਫੜ ਲੈਣਾ ਬੱਜਰ ਭੁੱਲ ਹੈ। ਇਹ ਵਰਤਾਰਾ ਹਰ ਪਲ, ਹਰ ਘੜੀ ਅਤੇ ਹਰ ਰੋਜ਼ ਹੋ ਰਿਹਾ ਹੈ। ਹੋਰ ਵਰਗਾਂ ਵਾਂਗ ਸਿੱਖ ਜਗਤ ਵੀ ਦੌਲਤ, ਸ਼ੋਹਰਤ, ਵਡਿਆਈ, ਰੁਤਬੇ ਤੇ ਚੌਧਰ ਦੀ ਲਾਲਸਾ ਦਾ ਸ਼ਿਕਾਰ ਹੋ ਗਿਆ ਹੈ। ਸਿੱਖ ਧਰਮ ਦੀਆਂ ਇਤਿਹਾਸਕ ਥਾਂਵਾਂ ਦੀ ਮੌਲਿਕਤਾ ਖਤਮ ਕਰ ਕੇ, ਆਧੁਨਿਕ ਸੋਚ ਅਧੀਨ ਉਨ੍ਹਾਂ ਦਾ ਵਿਨਾਸ਼ ਕੀਤਾ ਜਾ ਰਿਹਾ ਹੈ ਤੇ ਸਾਰਾ ਸਿੱਖ ਜਗਤ ਇਹ ਤਮਾਸ਼ਾ ਦੇਖ ਰਿਹਾ ਹੈ। ਗੁੰਗੇ ਤੇ ਬਹਿਰੇ ਲੋਕਾਂ ਤੋਂ ਭਲਾ ਕੀ ਆਸ ਕੀਤੀ ਜਾ ਸਕਦੀ ਹੈ?
ਵੈਦਿਕ ਸਮੇਂ ਤੋਂ ਹੀ ਸਨਾਤਨੀ ਧਰਮ ਕਿਸੇ ਹੋਰ ਧਰਮ ਦੀ ਸੋਚ ਨਾਲ ਸਬੰਧਤ ਇਤਿਹਾਸਕ ਥਾਂਵਾਂ ਨੂੰ ਮਲੀਆਮੇਟ ਕਰਨ ਲਈ ਯਤਨਸ਼ੀਲ ਰਿਹਾ ਹੈ। ਹਿੰਦੂ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਵਿਰੋਧੀ ਧਰਮ ਨੂੰ ਪ੍ਰੇਮ, ਸਹਿਣਸ਼ੀਲਤਾ ਅਤੇ ਚਾਣੱਕਿਆ ਨੀਤੀ (ਸਾਮ, ਦਾਮ, ਦੰਡ, ਭੇਦ) ਨਾਲ ਖਤਮ ਕਰਨ ਦਾ ਉਪਰਾਲਾ ਕਰਦਾ ਹੈ। ਇਸ ਨੀਤੀ ਅਧੀਨ ਹੀ ਸਿੱਖਾਂ ਦੀਆਂ ਇਤਿਹਾਸਕ ਥਾਂਵਾਂ ਦੀ ਮੌਲਿਕਤਾ ਨਸ਼ਟ ਕੀਤੀ ਜਾ ਰਹੀ ਹੈ। ਖੇਡਣ ਵਾਲੇ ਹੋਰ ਨੇ, ਤੇ ਖਿਡਾਉਣ ਵਾਲੇ ਕੋਈ ਹੋਰ ਨੇ। “ਇਤਿਹਾਸ ਗਵਾਹ ਹੈ ਕਿ ਫਿਰਕਾਪ੍ਰਸਤ ਸੰਗਠਨ ਜਦੋਂ ਸਿੱਖਾਂ ਦੀ ਨਿਆਰੀ ਹੋਂਦ ‘ਤੇ ਬੌਧਿਕ ਹਮਲੇ ਕਰਦੇ ਹਨ ਤਾਂ ਸਿੱਖ ਇਸ ਮਾਰੂ ਹਮਲੇ ਦੀ ਗਹਿਰਾਈ ਦੀ ਦੂਰ-ਅੰਦੇਸ਼ ਮਾਰ ਨਾ ਸਮਝਦੇ ਹੋਏ ਇਸ ਦੇ ਮੋਹਰੇ ਬਣ ਜਾਂਦੇ ਹਨ, ਤੇ ਜਦੋਂ ਵਕਤ ਹੱਥੋਂ ਨਿਕਲ ਜਾਂਦਾ ਹੈ, ਫਿਰ ਝੂਰਦੇ ਰਹਿੰਦੇ ਹਨ।” (ਡਾæ ਸੁਖਪ੍ਰੀਤ ਸਿੰਘ ਉਦੋਕੇ ‘ਤਬੈ ਰੋਸ ਜਾਗਯੋ’)
ਵੈਦਿਕ ਕਾਲ ਸਮੇਂ ਸਨਾਤਨੀ ਧਰਮ ਦੀਆਂ ਕੁਟਲ ਨੀਤੀਆਂ, ਜਾਤ-ਪਾਤ ਅਤੇ ਵਰਨ ਵਿਵਸਥਾ ਦਾ ਵਿਰੋਧ ਕਰਨ ਲਈ ਭਾਰਤ ਵਿਚ ਬੁੱਧ ਮਤ ਅਤੇ ਜੈਨ ਮਤ ਦਾ ਉਦੈ ਹੋਇਆ। ਇਹ ਦੋਵੇਂ ਮਤ ਕਰਮ ਕਾਂਡਾਂ, ਬਲੀਆਂ, ਯੱਗਾਂ ਅਤੇ ਵੇਦਾਂ ਦਾ ਭਰਪੂਰ ਖੰਡਨ ਕਰਦੇ ਸਨ। ਇਸ ਵਿਚਾਰਧਾਰਾ ਨੂੰ ਸ੍ਰੱਮਣ ਵਿਚਾਰਧਾਰਾ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਈਸਾ ਤੋਂ 2000 ਸਾਲ ਪਹਿਲਾਂ ਜਦੋਂ ਵੇਦਾਂ ਦੀ ਰਚਨਾ ਹੋ ਚੁੱਕੀ ਸੀ, ਉਸ ਤੋਂ ਪਹਿਲਾਂ ਗੈਰ-ਵੈਦਿਕ ਸ੍ਰੱਮਣ ਪਰੰਪਰਾ ਮੌਜੂਦ ਸੀ। ਆਰੀਆ ਲੋਕਾਂ ਦੀ ਵਿਚਾਰਧਾਰਾ ਨੂੰ ਸਨਾਤਨੀ ਜਾਂ ਬ੍ਰਾਹਮਣ ਕਿਹਾ ਜਾਂਦਾ ਸੀ ਤੇ ਗੈਰ-ਆਰੀਅਨ ਲੋਕਾਂ ਦੀ ਵਿਚਾਰਧਾਰਾ ਨੂੰ ਸ੍ਰੱਮਣ। ਆਰੀਆ ਲੋਕਾਂ ਦੇ ਸ੍ਰੱਮਣ ਵਿਚਾਰਧਾਰਾ ਨੂੰ ਨਾਸਤਿਕ ਕਿਹਾ। ਉਸ ਸਮੇਂ ਨਾਸਤਿਕ ਸ਼ਬਦ ਦਾ ਅਰਥ ਰੱਬ ਦੀ ਹਸਤੀ ਤੋਂ ਮੁਨਕਰ ਹੋਣਾ ਨਹੀਂ ਲਿਆ ਜਾਂਦਾ ਸੀ। ਨਾਸਤਿਕ ਉਹ ਸੀ ਜੋ ਵੇਦਾਂ ਵਿਚ ਵਿਸ਼ਵਾਸ ਨਾ ਰੱਖੇ। ਬੁੱਧ ਅਤੇ ਜੈਨ ਧਰਮ ਕਿਉਂਕਿ ਵੇਦਾਂ ਦੀ ਸ਼ਕਤੀ ਤੋਂ ਇਨਕਾਰੀ ਹਨ, ਇਸ ਕਰ ਕੇ ਇਨ੍ਹਾਂ ਧਾਰਮਿਕ ਪਰੰਪਰਾਵਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। “ਨਾਸਤਿਕੋ ਵੇਦਨਿੰਦਕਹ” ਭਾਵ ਨਾਸਤਿਕ ਉਹ ਹੈ ਜੋ ਵੇਦਾਂ ਦਾ ਨਿੰਦਕ ਹੋਵੇ (ਮਨੂ)। “ਵੇਦਾਂ ਵਿਚ ਵਿਸ਼ਵਾਸ ਰੱਖਣ ਤੋਂ ਮੁਨਕਿਰ ਨਰਕਾਂ ਵਿਚ ਅਵੱਸ਼ ਜਾਣਗੇ” (ਨਾਗਰਾਜਨ)। ਸਾਂਖ ਮਤ (ਭੋਗਵਾਦੀ ਜਾਂ ਸੁਖਵਾਦੀ) ਭਾਵੇਂ ਪਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੈ, ਪਰ ਵੇਦ ਬਾਣੀ ਵਿਚ ਵਿਸ਼ਵਾਸ ਰੱਖਣ ਕਾਰਨ ਉਹ ਨਾਸਤਿਕ ਨਹੀਂ ਹੈ।
ਮਹਾਤਮਾ ਬੁੱਧ ਦੀ ਮੌਤ ਪਿੱਛੋਂ ਹਿੰਦੂ ਧਰਮ ਨੇ ਬੁੱਧ ਧਰਮ ਨੂੰ ਹੱੜਪਣ ਦੇ ਚਾਲੇ ਅਰੰਭ ਦਿੱਤੇ। ਬੁੱਧ ਮਤ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਕਬੀਲਿਆਂ ਦੇ ਮੁਖੀ ਅਤੇ ਰਾਜ ਸਥਾਪਤੀ ਲਈ ਬ੍ਰਾਹਮਣਾਂ ਦੀ ਥਾਂ ਖੱਤਰੀਆਂ ਨੂੰ ਉਤਸ਼ਾਹਿਤ ਕੀਤਾ। ਜਗੀਰਦਾਰੀ ਪ੍ਰਬੰਧ ਵਿਚੋਂ ਬ੍ਰਾਹਮਣ ਖਾਰਜ ਹੋ ਗਏ। ਸ਼ੂਦਰਾਂ ਨੂੰ ਕਾਮਿਆਂ ਵਜੋਂ ਸਹਾਇਕ ਸਮਝ ਕੇ ਉਨ੍ਹਾਂ ਨੂੰ ਵੀ ਸਮਾਜਕ ਪਛਾਣ ਦੇਣ ਹਿੱਤ ਬੁੱਧ ਮਤ ਦਾ ਯੋਗਦਾਨ ਪ੍ਰਸ਼ੰਸਾ ਦਾ ਹੱਕਦਾਰ ਹੈ।
ਸਨਾਤਨੀ ਧਰਮ ਦੀਆਂ ਕੁਟਲ ਨੀਤੀਆਂ ਕਾਰਨ ਸਮੇਂ ਦੇ ਬੀਤਣ ਨਾਲ ਬੁੱਧ ਮਤ ਵਿਚੋਂ ‘ਮਹਾਯਾਨ’ ਅਤੇ ‘ਹੀਨਯਾਨ’ ਦੋ ਫਿਰਕੇ ਪੈਦਾ ਹੋਏ। ਇਨ੍ਹਾਂ ਵਿਚੋਂ ਨਾਗਾਰਾਜੁਨ ਦਾ ਸੂਨਯਵਾਦ, ਅਸ਼ਵਘੋਸ਼ ਦਾ ਗਿਆਨਵਾਦ, ਵਸੂਬੰਧ ਦਾ ਵੈਭਾਸਿਕ ਮਤ ਪ੍ਰਚਲਿਤ ਹੋਏ। ਮਹਾਯਾਨ ਵਿਚੋਂ ਵੱਜਰਯਾਨ ਪੈਦਾ ਹੋਇਆ। ਵੱਜਰਯਾਨੀਆਂ ਵਿਚ ਮਹਾਂ ਮੁਦ੍ਰਾ ਦੀ ਸਾਧਨਾ ਬਣੀ। ਇਸ ਨਾਲ ਬਹੁਤ ਨਿਘਾਰ ਪੈਦਾ ਹੋਇਆ। ਇਸੇ ਨਿਘਾਰ ਵਿਚੋਂ ਸਹਿਜਯਾਨ ਦਾ ਜਨਮ ਹੋਇਆ। ਬੁੱਧ ਦੁਆਰਾ ਦਰਸਾਏ ਗਏ ਸਦਾਚਾਰਕ ਜੀਵਨ ਦੀ ਥਾਂ ਹਿੰਦੂ ਮਤ ਦੀ ਘੁਸਪੈਠ ਕਾਰਨ ਬੁੱਧ ਦੀਆਂ ਮੂਰਤੀਆਂ ਬਣਾ ਕੇ ਪੂਜਾ ਹੋਣੀ ਸ਼ੁਰੂ ਹੋ ਗਈ। ਉਸ ਨੂੰ ਵਿਸ਼ਨੂੰ ਦਾ ਅਵਤਾਰ ਕਿਹਾ ਜਾਣ ਲੱਗਾ। ਪ੍ਰਚਾਰ ਵਿਚ ਲੋਕ ਬੋਲੀ ਪਾਲੀ ਦੀ ਥਾਂ ਮੁੜ ਸੰਸਕ੍ਰਿਤ ਆਣ ਬੈਠੀ। ਮੂਰਤੀ ਪੂਜਾ ਅਤੇ ਜਾਦੂ ਟੂਣਿਆਂ ਨੇ ਮੁੜ ਲੋਕਾਂ ਦੀ ਮਤ ਮਾਰ ਦਿੱਤੀ। ਲੋਕ ਮਾਨਿਸਕਤਾ ਨੂੰ ਦੂਸ਼ਤ ਕਰਨ ਲਈ ਬੁੱਧ ਦੀਆਂ ਸਿਖਿਆਵਾਂ ਤੋਂ ਦੂਰ ਕਰਨ ਲਈ ਹਿੰਦੂਆਂ ਨੇ ਆਪਣੇ ਧਾਰਮਿਕ ਗ੍ਰੰਥ ਜਿਵੇਂ ਰਮਾਇਣ, ਗੀਤਾ, ਮਨੂੰ ਸਮਰਿਤੀ ਅਤੇ ਪੁਰਾਨਾਂ ਆਦਿ ਦੀ ਰਚਨਾ ਨਵੇਂ ਢੰਗ ਨਾਲ ਸ਼ੁਰੂ ਕਰ ਦਿੱਤੀ। ਕੁਟੱਲਿਆ ਨੀਤੀ (ਸਾਮ, ਦਾਮ, ਦੰਡ, ਭੇਦ) ਦੇ ਆਖਰੀ ਹਥਿਆਰ ਦੀ ਵਰਤੋਂ ਕਰ ਕੇ ਬੁੱਧ ਮਤ ਦੇ ਰਾਜਿਆਂ ਨੂੰ ਮਾਰਿਆ ਗਿਆ। ਈਸਵੀ ਸੰਨ ਦੀ ਪਹਿਲੀ ਸ਼ਤਾਬਦੀ ਵਿਚ ਕੁਸ਼ਾਨ ਰਾਜਾ ਕਨਿਸ਼ਕ ਬ੍ਰਾਹਮਣੀ ਮਤ ਤਿਆਗ ਕੇ ਬੋਧੀ ਬਣ ਗਿਆ ਸੀ, ਪਰ ਉਸ ਨੂੰ ਵੀ ਸੁੱਤੇ ਪਏ ਨੂੰ ਕਤਲ ਕਰਵਾ ਦਿੱਤਾ ਗਿਆ। ਬੁੱਧ ਮਤ ਦੇ ਇਤਿਹਾਸਕ ਅਸਥਾਨਾਂ ਜਿਵੇਂ ਬੋਧ ਗਯਾ ਅਤੇ ਸਾਰਨਾਥ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਬੁੱਧ ਮਤ ਦੇ ਸਤੂਪਾਂ ਨੂੰ ਹਿੰਦੂ ਮੰਦਰਾਂ ਵਿਚ ਬਦਲ ਦਿੱਤਾ ਗਿਆ। ਬੰਗਾਲ ਦੇ ਹਿੰਦੂ ਰਾਜੇ ਸੰਸਾਗ ਨੇ ਉਸ ਪਿੱਪਲ ਦੇ ਦਰਖਤ ਨੂੰ ਵੀ ਜੜ੍ਹੋਂ ਪੁਟਵਾ ਦਿੱਤਾ ਜਿਸ ਹੇਠ ਬੈਠ ਕੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਸੰਨ 185 ਈਸਾ ਪੂਰਵ (ਬੀæਸੀæ) ਵਿਚ ਮੋਰੀਆ ਬੰਸ ਦੇ ਆਖਰੀ ਰਾਜੇ ਬਰਿਹਦਰੱਥ ਨੂੰ ਉਸ ਦੇ ਹਿੰਦੂ ਫੌਜੀ ਜਰਨੈਲ ਨੇ ਧੋਖੇ ਨਾਲ ਮਾਰ ਕੇ ਖੁਦ ਰਾਜ-ਭਾਗ ਸੰਭਾਲ ਲਿਆ ਸੀ।
ਵੈਦਿਕ ਕਾਲ (1000-600 ਈਸਾ ਪੂਰਵ) ਭਾਰਤ ਵਿਚ ਜੈਨ ਧਰਮ ਦਾ ਜਨਮ ਹੋਇਆ। ਜੈਨ ਸ਼ਬਦ ਜਿੰਨ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਵਿਜਈ। ਉਹ ਮਨੁੱਖ ਜਿਸ ਨੇ ਆਪਣੀਆਂ ਵਾਸਨਾਵਾਂ, ਇੰਦਰੀਆਂ ‘ਤੇ ਜਿੱਤ ਪ੍ਰਾਪਤ ਕਰ ਲਈ ਹੋਵੇ। ਇਸ ਧਰਮ ਦੇ 23 ਪ੍ਰਚਾਰਕ (ਤੀਰਥੰਕਰ) ਮਹਾਂਵੀਰ ਤੋਂ ਪਹਿਲਾਂ ਵੀ ਹੋਏ ਹਨ। ਮਹਾਂਵੀਰ (ਮਹਾਨ ਵੀਰਤਾ ਵਾਲਾ, 599-529 ਈਸਾ ਪੂਰਵ) ਨੂੰ ਇਸ ਧਰਮ ਦਾ ਮੋਢੀ ਮੰਨਿਆ ਜਾਂਦਾ ਹੈ। ਜੈਨ ਧਰਮ ਅਨੁਸਾਰ ਜੀਵਨ ਦਾ ਮਨੋਰਥ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਾ ਤਿਆਗ ਕਰ ਕੇ ਹੀ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਹੀ ਵਿਹਾਰ, ਗਿਆਨ, ਭਰੋਸਾ, ਸੱਚਾਈ, ਪਿਆਰ ਤੇ ਦੂਜਿਆਂ ਦੀਆਂ ਭੁੱਲਾਂ ਲਈ ਖਿਮਾ ਅਤੇ ਬ੍ਰਹਮਚਾਰ ਦੀ ਇਮਾਨਦਾਰੀ ਵਾਲੀ ਜ਼ਿੰਦਗੀ ਮੁਕਤੀ ਦੇ ਉਦੇਸ਼ ਹਨ। ਜੈਨ ਮਤ ਨਾ ਜਾਤਾਂ-ਪਾਤਾਂ ਵਿਚ ਅਤੇ ਨਾ ਹੀ ਯੱਗ, ਕੁਰਬਾਨੀ ਜਾਂ ਬਲੀ ਦੇਣ ਵਿਚ ਵਿਸ਼ਵਾਸ ਰੱਖਦਾ ਹੈ। ਬੁੱਧ ਮਤ ਵਾਂਗ ਜੈਨ ਮਤ ਸਨਾਤਨੀ ਧਰਮ ਉਪਰ ਭਾਰੂ ਹਮਲਾ ਸੀ। ਸੋਚੀ ਸਮਝੀ ਸਕੀਮ ਅਧੀਨ ਜੈਨ ਮਤ ਵਿਚ ਫੁੱਟ ਪਾਉਣ ਦੀ ਨੀਤੀ ਘੜੀ ਗਈ। ਉਹ ਸੰਨਿਆਸੀ ਜਿਹੜੇ ਭਾਰਤ ਦੇ ਦੱਖਣ ਵਲ ਧਕੇਲੇ ਗਏ, ਉਨ੍ਹਾਂ ਨੂੰ ਦਿਗੰਬਰ (ਨਾਂਗੇ ਜਾਂ ਆਕਾਸਧਾਰੀ) ਬਣਾ ਦਿੱਤਾ ਗਿਆ ਅਤੇ ਜਿਹੜੇ ਬ੍ਰਾਹਮਣ ਦੀ ਈਨ ਮੰਨ ਕੇ ਉਤਰੀ ਭਾਰਤ ਵਿਚ ਰਹਿ ਗਏ, ਉਹ ਸਵੇਤੰਬਰ ਜਾਣੇ ਜਾਣ ਲੱਗੇ। ਉਨ੍ਹਾਂ ਨੇ ਬ੍ਰਾਹਮਣਾਂ ਵਾਂਗ ਸਫੈਦ ਵਸਤਰ ਧਾਰਨ ਕਰ ਲਏ। ਬ੍ਰਾਹਮਣਾਂ ਦੇ ਢਹੇ ਚੜ੍ਹੇ ਜੈਨੀਆਂ ਦਾ ਇਹ ਫਿਰਕਾ ਬ੍ਰਾਹਮਣਾਂ ਵਾਂਗ ਮੂਰਤੀ ਪੂਜਾ ਕਰਦਾ ਹੈ ਜਿਸ ਨੂੰ ਤੇਰਾ ਪੰਥ ਕਰ ਕੇ ਜਾਣਿਆ ਜਾਂਦਾ ਹੈ। ਆਲੀਸ਼ਾਨ ਜੈਨ ਮੰਦਰਾਂ ਵਿਚ ਮਹਾਂਵੀਰ ਦੀਆਂ ਸੰਗਮਰਮਰ ਦੀਆਂ ਮੂਰਤੀਆਂ ਆਣ ਵੜੀਆਂ। ਔਰੰਗਾਬਾਦ ਵਿਖੇ ਅਲੋਰਾ ਦੀਆਂ ਇਤਿਹਾਸਕ ਗੁਫਾਵਾਂ ਇਸ ਗੱਲ ਦੀਆਂ ਗਵਾਹ ਹਨ।
ਭਾਰਤ ਦੇ ਚਾਰ ਮੁੱਖ ਧਰਮਾਂ ਵਿਚੋਂ ਸਿਰਫ਼ ਸਿੱਖ ਮਤ ਹੀ ਵਿਸ਼ੇਸ਼ ਰਹਿ ਗਿਆ ਜਿਸ ‘ਤੇ ਹਿੰਦੂ ਧਰਮ ਲੰਬੇ ਸਮੇਂ ਤੋਂ ਆਪਣੀਆਂ ਕੋਝੀਆਂ ਨੀਤੀਆਂ ਰਾਹੀਂ ਹਮਲਾਵਰ ਰੁਖ ਧਾਰਨ ਕਰੀ ਬੈਠਾ ਹੈ। ਚਾਹੇ ਇਹ ਹਮਲਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋ ਕੇ ਲਗਾਤਾਰ ਜਾਰੀ ਰਿਹਾ, ਪਰ ਜਿਸ ਤੀਬਰਤਾ ਨਾਲ ਅੱਜ ਇਹ ਮਾਰੂ ਰੂਪ ਧਾਰਨ ਕਰੀ ਬੈਠਾ ਹੈ, ਲਗਦਾ ਹੈ ਇਸ ਨਾਲ ਸਿੱਖੀ ਦੇ ਕਿੰਗਰਿਆਂ ਨੂੰ ਸੱਟ ਜ਼ਰੂਰ ਲੱਗੇਗੀ।
ਸਿੱਖ ਗੁਰੂ ਆਪਣੀ ਵਿਲੱਖਣ ਲਹਿਰ ਨੂੰ ਸਨਾਤਨੀ ਧਰਮ ਦੇ ਘੇਰੇ ਵਿਚ ਸੀਮਤ ਨਹੀਂ ਰੱਖਣਾ ਚਾਹੁੰਦੇ ਸਨ। ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਧਾਰਮਿਕ, ਸਮਾਜਕ, ਆਰਥਿਕ ਤੇ ਰਾਜਨੀਤਕ ਪੱਧਰ ‘ਤੇ ਨਜਿੱਠਣਾ ਉਨ੍ਹਾਂ ਦੇ ਧਰਮ ਦਾ ਵਿਸ਼ੇਸ਼ ਅੰਗ ਸੀ। ਧਰਮ ਦਾ ਨਿਸ਼ਾਨਾ ਸਿਰਫ ਬੰਦੇ ਦੇ ਚਰਿੱਤਰ ਨੂੰ ਬਦਲਣਾ ਨਹੀਂ, ਸਗੋਂ ਉਸ ਦੇ ਸਮਾਜੀ, ਆਰਥਿਕ, ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਚਰਿੱਤਰ ਨੂੰ ਵੀ ਬਦਲਣਾ ਹੈ, ਕਿਉਂਕਿ ਇਹ ਵਾਤਾਵਰਨ ਹੀ ਬੰਦੇ ਦੇ ਚਰਿੱਤਰ ਦੀ ਸਿਰਜਣਾ ਕਰਦਾ ਹੈ। ਜਾਤ-ਪਾਤੀ, ਵਰਨ ਆਸ਼ਰਮ ਅਤੇ ਹਿੰਸਕ ਰਾਜ ਪ੍ਰਬੰਧ ਦੀਆਂ ਸਥਾਪਤ ਸੰਸਥਾਵਾਂ ਖਤਮ ਕਰਨ ਲਈ ਲਾਜ਼ਮੀ ਸੀ ਕਿ ਇਨ੍ਹਾਂ ਦੇ ਮੁਕਾਬਲੇ ਨਵੀਆਂ ਸੰਸਥਾਵਾਂ ਖੜ੍ਹੀਆਂ ਕੀਤੀਆਂ ਜਾਣ। ਮੱਧ ਯੁੱਗੀ ਭਗਤੀ ਲਹਿਰ ਜਾਂ ਉਨ੍ਹਾਂ ਦੇ ਪੈਰੋਕਾਰਾਂ ਨੇ ਸਨਾਤਨੀ ਸਮਾਜ ਤੋਂ ਬਾਹਰ ਨਵੀਆਂ ਸੰਸਥਾਵਾਂ ਖੜ੍ਹੀਆਂ ਕਰਨ ਦਾ ਕੋਈ ਵੀ ਯਤਨ ਨਹੀਂ ਕੀਤਾ। ਇਹ ਠੀਕ ਹੈ ਕਿ ਉਨ੍ਹਾਂ ਦੇ ਵਿਚਾਰਾਂ ਨੇ ਦੱਬੇ-ਕੁਚਲੇ ਲੋਕਾਂ ਦੇ ਮਨਾਂ ਵਿਚ ਉਮੰਗਾਂ ਭਰ ਦਿੱਤੀਆਂ, ਪਰ ਉਨ੍ਹਾਂ ਉਮੰਗਾਂ ਨੂੰ ਪੂਰਾ ਕਰਨ ਦਾ ਕੋਈ ਜਥੇਬੰਦ ਯਤਨ ਨਹੀਂ ਕੀਤਾ ਗਿਆ। ਇਨ੍ਹਾਂ ਭਗਤਾਂ ਦੇ ਉਪਦੇਸ਼ ਕੇਵਲ ਨਿੱਜਵਾਦ ਅਤੇ ਧਾਰਮਿਕ ਪ੍ਰੇਰਨਾ ਤੱਕ ਹੀ ਸੀਮਤ ਰਹੇ। ਮੀਰਾ ਬਾਈ ਦੀ ਭਗਤੀ ਨਿੱਜਵਾਦੀ ਸੀ। ਉਹ ਆਪਣੀ ਭਗਤੀ ਵਿਚ ਇੰਨੇ ਮਸਤ ਰਹੇ ਕਿ ਉਨ੍ਹਾਂ ਨੇ ਉਸ ਸਮੇਂ ਦੇ ਸਮਾਜਕ ਅਤੇ ਰਾਜਨੀਤਕ ਮਸਲਿਆਂ ਵੱਲ ਧਿਆਨ ਹੀ ਨਹੀਂ ਦਿੱਤਾ। ਕੁਝ ਭਗਤ ਸੁਧਾਰਕ ਸਨ ਜਿਨ੍ਹਾਂ ਨੇ ਜਾਤ-ਪਾਤੀ ਪ੍ਰਬੰਧ ਦੀ ਵਿਚਾਰਧਾਰਾ ਵਿਚ ਛੋਟੇ-ਮੋਟੇ ਸੁਧਾਰ ਕਰਨ ਦੇ ਸੁਝਾਅ ਦਿੱਤੇ ਸਨ, ਪਰ ਹਿੰਦੂ ਧਰਮ ਦੇ ਮੂਲ ਢਾਂਚੇ ਨੂੰ ਵੰਗਾਰਨ ਦਾ ਕੋਈ ਯਤਨ ਨਹੀਂ ਕੀਤਾ। ਕਬੀਰ, ਨਾਮਦੇਵ, ਰਾਮਾਨੰਦ ਰਵਿਦਾਸ ਅਤੇ ਹੋਰ ਭਗਤਾਂ ਨੇ ਚਾਹੇ ਜਾਤ-ਪਾਤ ਦੀ ਵਿਚਾਰਕ ਬੁਨਿਆਦ ਨੂੰ ਵੰਗਾਰਿਆ ਪਰ ਉਨ੍ਹਾਂ ਨੇ ਜਾਤ-ਪਾਤੀ ਸਮਾਜ ਨੂੰ ਬਦਲਣ ਦਾ ਨਾ ਕੋਈ ਯਤਨ ਕੀਤਾ ਅਤੇ ਨਾ ਹੀ ਜਾਤ-ਪਾਤੀ ਸਮਾਜ ਤੋਂ ਬਾਹਰ ਕੋਈ ਨਵਾਂ ਸਮਾਜੀ ਪ੍ਰਬੰਧ ਉਸਾਰਨ ਦਾ ਯਤਨ ਕੀਤਾ। ਉਹ ਸ਼ੁੱਧ ਰਹੱਸਵਾਦੀ ਸਨ ਜਿਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦਾ ਰੱਬ ਨਾਲ ਮੇਲ-ਮਿਲਾਪ ਹੈ। ਉਨ੍ਹਾਂ ਦੇ ਰਹੱਸਵਾਦੀ ਤਜਰਬੇ ਵਿਚੋਂ ਹੀ ਉਨ੍ਹਾਂ ਦਾ ਸਰਬੱਤ ਲਈ ਪਿਆਰ, ਦਇਆ ਤੇ ਮਾਨਵਾਦ ਫੁੱਟਦਾ ਸੀ। ਨਾ ਉਹ ਕਿਸੇ ਸੰਪਰਦਾ ਦੀ ਨੁਕਤਾਚੀਨੀ ਕਰਨਾ ਚਾਹੁੰਦੇ ਸਨ ਅਤੇ ਨਾ ਹੀ ਆਪਣੀ ਕੋਈ ਨਵੀਂ ਸੰਪਰਦਾ ਚਲਾਉਣਾ ਚਾਹੁੰਦੇ ਸਨ। ਉਹ ਸਿਰਫ਼ ਮਾਨਵਵਾਦ ਵਿਚ ਆਪਣਾ ਯਕੀਨ ਪ੍ਰਗਟ ਕਰਨ ‘ਤੇ ਤੁਲੇ ਹੋਏ ਸਨ। ਜੋ ਵੀ ਉਨ੍ਹਾਂ ਦੇ ਪੈਂਤੜੇ ਨਾਲ ਮਿਲਦਾ-ਜੁਲਦਾ ਸੀ, ਉਸ ਨੂੰ ਉਹ ਪ੍ਰਵਾਨ ਕਰ ਲੈਂਦੇ ਸਨ, ਉਸ ਦਾ ਸੋਮਾ ਭਾਵੇਂ ਕੋਈ ਵੀ ਹੋਵੇ; ਤੇ ਜੋ ਨਹੀਂ ਸੀ ਮਿਲਦਾ, ਉਸ ਨੂੰ ਉਹ ਰੱਦ ਕਰ ਦਿੰਦੇ ਸਨ। ਇਸੇ ਕਰ ਕੇ ਅੱਲਾ ਜਾਂ ਰਾਮ ਦੀ ਭਗਤੀ ਉਨ੍ਹਾਂ ਲਈ ਇਕ ਬਰਾਬਰ ਸੀ, ਬਸ਼ਰਤੇ ਉਨ੍ਹਾਂ ਦਾ ਅੱਲਾ ਜਾਂ ਰਾਮ, ਭਗਤਾਂ ਦੇ ਰੱਬ ਦੇ ਵਿਚਾਰ ਨਾਲ ਮੇਲ ਖਾਂਦਾ ਹੋਵੇ। ਸਮੁੱਚੇ ਤੌਰ ‘ਤੇ ਇਨ੍ਹਾਂ ਭਗਤਾਂ ਦਾ ਉਪਦੇਸ਼ ਵੱਧ ਤੋਂ ਵੱਧ ਸਿਰਫ਼ ਧਾਰਮਿਕ ਪ੍ਰੇਰਨਾ ਤੱਕ ਹੀ ਸੀਮਤ ਰਿਹਾ।
ਮੁੱਧ ਯੁੱਗ ਵਿਚ ਸਿਰਫ਼ ਸਿੱਖ ਲਹਿਰ ਹੀ ਅਜਿਹੀ ਲਹਿਰ ਸੀ ਜਿਸ ਨੇ ਜਾਤ-ਪਾਤੀ ਸਮਾਜ ਤੋਂ ਬਾਹਰ ਸਿੱਖ ਪੰਥ ਕਾਇਮ ਕਰਨ ਦੀ ਯੋਜਨਾ ਬਣਾਈ ਜਿਸ ਵਿਚ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੇ ਅੰਸ਼ ਮੌਜੂਦ ਸਨ। ਉਸ ਸਮੇਂ ਤੱਕ ਭਾਰਤ ਵਿਚ ਕੋਈ ਵੀ ਹੋਰ ਧਾਰਮਿਕ ਲਹਿਰ ਨਹੀਂ ਸੀ ਜਿਸ ਨੇ ਆਪਣੇ ਵੇਲੇ ਦੀਆਂ ਰਾਜਸੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਜੁਗਤ ਦਿਖਾਈ ਹੋਵੇ। ਕੋਈ ਵੀ ਅਜਿਹੀ ਲਹਿਰ ਨਹੀਂ ਸੀ ਜਿਸ ਨੇ ਗਰੀਬ ਜਨਤਾ ਨੂੰ ਆਪਣੀ ਹੋਣੀ ਦਾ ਆਪ ਮਾਲਕ ਬਣਾਉਣ ਬਾਰੇ ਸੋਚਿਆ ਵੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਆਜ਼ਾਦੀ ਅਤੇ ਬਰਾਬਰੀ ਦੇ ਉਚੇ ਆਦਰਸ਼ ਪੂਰੇ ਕਰਨ ਵਾਸਤੇ ਹੀ ਇਸ ਲਹਿਰ ਨੂੰ ਫੌਜੀ ਰੂਪ ਦਿੱਤਾ। ਚੋਪਾ ਸਿੰਘ ਦੇ ਸ਼ਬਦਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, “ਜੇ ਰਾਜ ਵਿਚ ਸਿੱਖੀ ਰਹੇਗੀ, ਤਾਂ ਮਿਹਰ ਹੈ ਅਤੇ ਸਿੱਖੀ ਜਾਵੇ ਤਾਂ ਕਹਿਰ ਹੈ।”
ਬਦਲਦੇ ਸਮੇਂ ਦੀ ਨੁਹਾਰ ਦੇਖੋæææਅੱਜ ਸਿੱਖ ਹੀ ਸਿੱਖੀ ਨੂੰ ਖੋਰਾ ਲਾ ਰਹੇ ਹਨ। ਆਪਣੀਆਂ ਇਤਿਹਾਸਕ ਯਾਦਗਾਰਾਂ ਦੀ ਮੌਲਿਕਤਾ ਨੂੰ ਸੰਗਮਰਮਰੀ ਲਿਬਾਸ ਵਿਚ ਲਿਪਟਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਗੁਰੂਆਂ, ਪੀਰਾਂ, ਯੋਧਿਆਂ ਤੇ ਸੁਰਬੀਰਾਂ ਦੀਆਂ ਮੌਲਿਕ ਯਾਦਗਾਰਾਂ ਤੋਂ ਪਾਸਾ ਵੱਟ ਲੈਣਾ, ਕੌਮ ਦੀ ਨਿਘਰਦੀ ਮਾਨਸਿਕਤਾ ਦੀ ਸੂਚਕ ਹੈ। ਜਿਹੜੀ ਜ਼ਮੀਨ ‘ਤੇ ਗੁਰੂਆਂ, ਪੀਰਾਂ ਨੇ ਪੈਰ ਪਾਏ; ਜਿਨ੍ਹਾਂ ਵਿਹੜਿਆਂ ਵਿਚ ਸ਼ਹੀਦਾਂ ਦਾ ਖੂਨ ਡੁੱਲ੍ਹਿਆ; ਜਿਥੇ ਮਾਈਆਂ-ਬੀਬੀਆਂ ਤੇ ਬੱਚਿਆਂ ਨੇ ਅਦੁੱਤੀ ਕੁਰਬਾਨੀ ਦਿੱਤੀ; ਅੱਜ ਉਨ੍ਹਾਂ ਦੀਆਂ ਯਾਦਾਂ ਉਤੇ ਸੰਗਮਰਮਰੀ ਪੋਚਾ ਫੇਰਿਆ ਜਾ ਰਿਹਾ ਹੈ। ਸਿੱਖ ਇਤਿਹਾਸ ਦਾ ਦਬਿਆ ਅਦੁੱਤੀ ਖ਼ਜ਼ਾਨਾ ਆਪਣੇ ਆਖਰੀ ਸਾਹਾਂ ‘ਤੇ ਹੈ। ਪੱਛਮੀ ਸੱਭਿਅਤਾ ਦੇ ਰਖਵਾਲੇ ਆਪਣੀਆਂ ਇਤਿਹਾਸਕ ਯਾਦਗਾਰਾਂ ਨੂੰ ਸੁਰਜੀਤ ਰੱਖਣ ਲਈ ਹਰ ਹੀਲਾ ਵਰਤਦੇ ਹਨ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਤੀਤ ਦੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾ ਸਕਣ, ਤੇ ਅਸੀਂ ਕੁਹਾੜੇ ‘ਤੇ ਪੈਰ ਮਾਰ ਰਹੇ ਹਾਂ।
ਉਦਾਹਰਣਾਂ ਤਾਂ ਬਹੁਤ ਹਨ, ਸਿਰਫ਼ ਇਕ ਦਾ ਵਰਣਨ ਕਰਾਂਗਾ। ਇਸ ਸਾਲ ਪੰਜਾਬ ਦੀ ਫੇਰੀ ਸਮੇਂ ਉਸ ਮਹਾਨ ਇਤਿਹਾਸਕ ਅਸਥਾਨ ‘ਤੇ ਜਾਣ ਦਾ ਮੌਕਾ ਨਸੀਬ ਹੋਇਆ ਜਿਥੇ ਅਣਗਿਣਤ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਸਿੱਖੀ ਦੀ ਆਨ ਤੇ ਸ਼ਾਨ ਬਰਕਰਾਰ ਰੱਖੀ ਸੀ। 50 ਸਾਲ ਦੇ ਵਕਫੇ ਪਿੱਛੋਂ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨ ‘ਤੇ ਪਹੁੰਚਿਆ ਤਾਂ ਮਨ ਪਰੇਸ਼ਾਨ ਤੇ ਪਸ਼ੇਮਾਨ ਹੋ ਉਠਿਆ ਕਿਉਂਕਿ ਉਸ ਮਹਾਨ ਯੋਧੇ ਦੀ ਇਤਿਹਾਸਕ ਯਾਦਗਾਰ ਦਾ ਮੁਹਾਂਦਰਾ ਹੀ ਬਦਲ ਚੁੱਕਿਆ ਸੀ। ਦੁਨੀ ਚੰਦ ਦੀ ਹਵੇਲੀ ਅਤੇ ਉਸ ਲੰਬੇ-ਚੌੜੇ ਰੇਤ ਦੇ ਟਿੱਬੇ ਜਿਥੇ ਸਿੰਘਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਦਾ ਨਾਮੋ-ਨਿਸ਼ਾਨ ਬਾਕੀ ਨਹੀਂ ਸੀ ਰਿਹਾ। ਸਿੰਘਾਂ ਦੀਆਂ ਅਸਥੀਆਂ ‘ਤੇ ਲੋਕਾਂ ਨੇ ਸੁਹਾਗਾ ਮਾਰ ਕੇ ਕਣਕਾਂ ਬੀਜ ਦਿੱਤੀਆਂ ਹਨ। ਸੰਗਮਰਮਰੀ ਗੁਰਦੁਆਰੇ ਦਾ ਨਿਰਮਾਣ ਕਰ ਦਿੱਤਾ ਗਿਆ ਹੈ ਜਿਸ ਨੂੰ ਬਾਬੇ ਦਾ ਗੁਰਦੁਆਰਾ ਕਿਹਾ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਬਾਬਾ ਬੰਦਾ ਬਹਾਦਰ ਬਾਰੇ ਜਾਣਕਾਰੀ ਨਾਂਹ ਦੇ ਬਰਾਬਰ ਹੈ। ਗੁਰਦਾਸ-ਨੰਗਲ ਦੀ ਲੜਾਈ ਦਾ ਕੋਈ ਵੀ ਨਿਸ਼ਾਨ ਬਾਕੀ ਨਹੀਂ ਰਿਹਾ। ਗੁਰਦਾਸ-ਨੰਗਲ ਦਾ ਇਤਿਹਾਸ ਕਬਰਾਂ ਦੀ ਭੇਟ ਚੜ੍ਹ ਗਿਆ ਹੈ। ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦੀ ਸੜਕ ਉਪਰ ਕਿਧਰੇ ਵੀ ਪਿੰਡ ਦੇ ਨਾਂ ਦਾ ਫੱਟਾ ਨਜ਼ਰ ਨਹੀਂ ਆਉਂਦਾ।
Leave a Reply