ਚੰਡੀਗੜ੍ਹ: ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ‘ਕਾਲਿਆਂ ਵਾਲੇ ਖੂਹ’ ਵਿਚੋਂ ਮਿਲੀਆਂ ਅਸਥੀਆਂ ਬਾਰੇ ਕਈ ਸਵਾਲ ਖੜੇ ਹੋ ਗਏ ਹਨ। ਕੇਂਦਰੀ ਪੁਰਾਲੇਖ ਵਿਭਾਗ ਨਵੀਂ ਦਿੱਲੀ ਦੇ ਇਤਿਹਾਸਕ ਖ਼ਜ਼ਾਨੇ ਵਿਚੋਂ ਇਸ ਦੀ ਖੋਜ ਕਰਨ ਗਈ ਪੰਜਾਬ ਸਰਕਾਰ ਦੇ ਪੁਰਾਲੇਖ ਵਿਭਾਗ ਦੀ ਟੀਮ ਬੇਰੰਗ ਮੁੜ ਆਈ ਹੈ। ਟੀਮ ਨੇ ਕੁਝ ਦਿਨ ਦਿੱਲੀ ਰਹਿ ਕੇ ਵਿਭਾਗ ਕੋਲ ਮੌਜੂਦ ਬੇਸ਼ੁਮਾਰ ਇਤਿਹਾਸਕ ਰਿਕਾਰਡ ਦੀ ਬਾਰੀਕੀ ਨਾਲ ਛਾਣਬੀਣ ਕੀਤੀ। ਇਸ ਛਾਣਬੀਣ ਦੌਰਾਨ ਟੀਮ ਨੇ 1857 ਤੇ ਉਸ ਸਮੇਂ ਦੇ ਨੇੜੇ-ਤੇੜੇ ਦੇ ਕਈ ਫ਼ਾਰਸੀ ਤੇ ਉਰਦੂ ਅਖਬਾਰ ਵੀ ਛਾਣ ਮਾਰੇ ਤੇ ਕਈ ਪੁਸਤਕਾਂ ਤੇ ਤਤਕਰੇ ਵੀ ਘੋਖੇ।
ਸੂਤਰਾਂ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੇ ਭਾਰਤੀ ਫੌਜੀ ਹੋਣ ਬਾਰੇ ਤੇ ਅੰਗਰੇਜ਼ਾਂ ਹੱਥੋਂ ਸ਼ਹੀਦ ਹੋਣ ਦੀ ਗੱਲ ਇਤਿਹਾਸਕਾਰਾਂ ਦੇ ਇਕ ਧੜੇ ਵੱਲੋਂ ਕੀਤੀ ਜਾ ਰਹੀ ਹੈ, ਰਿਕਾਰਡ ਵਿਚ ਟੀਮ ਨੂੰ ਉਨ੍ਹਾਂ ਫੌਜੀਆਂ ਬਾਰੇ ਤਾਂ ਦੂਰ ਦੀ ਗੱਲ, ਬਲਕਿ ਅਜਨਾਲਾ ਨਾਲ ਜੁੜੀ ਅਜਿਹੀ ਕਿਸੇ ਘਟਨਾ ਤੱਕ ਦਾ ਜ਼ਿਕਰ ਮਾਤਰ ਵੀ ਨਹੀਂ ਮਿਲਿਆ। ਰਿਕਾਰਡ ਵਿਚ ਅੰਬਾਲਾ, ਲਾਹੌਰ ਤੇ ਹੋਰ ਖੇਤਰਾਂ ਨਾਲ ਜੁੜੇ ਘਟਨਾਕ੍ਰਮਾਂ ਦਾ ਜ਼ਿਕਰ ਤਾਂ ਮਿਲਿਆ ਪਰ ਅੰਮ੍ਰਿਤਸਰ ਨਾਲ ਸਬੰਧਤ ਉਪਰੋਕਤ ਵੇਰਵੇ ਨਹੀਂ ਮਿਲ ਸਕੇ। ਕੁਝ ਇਤਿਹਾਸਕਾਰਾਂ ਵੱਲੋਂ ਅਜਨਾਲਾ ਦੇ ਖੂਹ ਬਾਰੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਉਸ ਹਿਸਾਬ ਨਾਲ ਤਾਂ ਦਿੱਲੀਓਂ ਇਸ ਮਾਮਲੇ ਬਾਰੇ ਕੋਈ ਥਹੁ-ਪਤਾ ਮਿਲਣਾ ਚਾਹੀਦਾ ਸੀ। ਟੀਮ ਨੇ ਸਰਕਾਰ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਭਾਰਤੀ ਪੁਰਾਲੇਖ ਵਿਭਾਗ ਦੇ ਰਿਕਾਰਡ ਵਿਚੋਂ ਅਜਨਾਲਾ ਖੂਹ ਬਾਰੇ ਵੇਰਵੇ ਨਹੀਂ ਮਿਲੇ ਹਨ। ਭਾਰਤੀ ਪੁਰਾਲੇਖ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਰਾਜਮਣੀ ਮੁਤਾਬਕ ਵੀ ਟੀਮ ਜੋ ਭਾਲਣ ਆਈ ਸੀ, ਕਾਫੀ ਖੋਜਬੀਣ ਦੇ ਬਾਵਜੂਦ ਉਹ ਵੇਰਵੇ ਉਸ ਨੂੰ ਨਹੀਂ ਮਿਲੇ। ਟੀਮ ਵਿਚ ਪੰਜਾਬ ਪੁਰਾਲੇਖ ਵਿਭਾਗ ਦੇ ਅਧਿਕਾਰੀ ਮੁਹੱਈਊਦੀਨ ਫਾਰੂਖ਼ ਵੀ ਸ਼ਾਮਲ ਸਨ।
ਮਿਲੀ ਜਾਣਕਾਰੀ ਮੁਤਾਬਕ ਲੰਘੇ ਫਰਵਰੀ ਮਹੀਨੇ ਦੌਰਾਨ ਅਜਨਾਲਾ ਦੇ ਖੂਹ ਦੀ ਕੀਤੀ ਖੁਦਾਈ ਦੌਰਾਨ ਉਥੋਂ ਸੈਂਕੜੇ ਵਿਅਕਤੀਆਂ ਦੀਆਂ ਅਸਥੀਆਂ ਤੇ ਹੋਰ ਸਾਮਾਨ ਮਿਲਣ ‘ਤੇ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਜਨਤਕ ਤੌਰ ‘ਤੇ ਇਹ ਦਾਅਵਾ ਕੀਤਾ ਸੀ ਕਿ ਇਹ ਅਸਥੀਆਂ ਉਨ੍ਹਾਂ ਸ਼ਹੀਦ ਫੌਜੀਆਂ ਦੀਆਂ ਹਨ, ਜਿਨ੍ਹਾਂ ਨੇ 1857 ਦੇ ਵਿਦਰੋਹ ਦੌਰਾਨ ਬ੍ਰਿਟਿਸ਼ ਫੌਜ ਵਿਚ ਹੁੰਦਿਆਂ ਅੰਗਰੇਜ਼ੀ ਹਕੂਮਤ ਖਿਲਾਫ਼ ਬਗਾਵਤ ਕੀਤੀ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਫੌਜ ਨੇ ਇਸ ਖੂਹ ਵਿਚ ਦੱਬ ਦਿੱਤਾ ਸੀ ਪਰ ਪ੍ਰੋਫੈਸਰ ਆਫ਼ ਸਿੱਖਇਜ਼ਮ ਦੀ ਉਪਾਧੀ ਨਾਲ ਸਨਮਾਨਤ ਉਘੇ ਇਤਿਹਾਸਕਾਰ ਡਾæ ਕ੍ਰਿਪਾਲ ਸਿੰਘ ਹਿਸਟੋਰੀਅਨ, ਡਾæ ਗੁਰਦਰਸ਼ਨ ਸਿੰਘ ਢਿੱਲੋਂ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੀ ਡਾæ ਬੀਰਇੰਦਰਾ ਕੌਰ ਤੇ ਹੋਰ ਇਤਿਹਾਸਕਾਰਾਂ ਦਾ ਕਹਿਣਾ ਸੀ ਕਿ ‘ਕਾਲਿਆਂ ਵਾਲਾ ਖੂਹ’ ਵਿਚ ‘ਕਾਲਾ’ ਸ਼ਬਦ ਉਸ ਵੇਲੇ ਪੂਰਬੀਏ ਫੌਜੀਆਂ ਲਈ ਵਰਤਿਆ ਗਿਆ ਸੀ ਜਿਹੜੇ 1857 ਤੋਂ ਪਹਿਲਾਂ ਬ੍ਰਿਟਿਸ਼ ਫੌਜ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਖਿਲਾਫ਼ ਲੜਦੇ ਰਹੇ ਸਨ ਤੇ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਦਾ ਉਜਾੜਾ ਕੀਤਾ ਸੀ ਤੇ ਸਿੱਖ ਬੀਬੀਆਂ ਦੀ ਇੱਜ਼ਤ ਰੋਲੀ ਸੀ। ਡਾæ ਹਿਸਟੋਰੀਅਨ ਦਾ ਕਹਿਣਾ ਸੀ ਕਿ ਜਿਨ੍ਹਾਂ ਦੀਆਂ ਅਸਥੀਆਂ ਇਸ ਖੂਹ ਵਿਚੋਂ ਮਿਲੀਆਂ ਹਨ, ਇਹ ਲਾਹੌਰ ਵਿਚ ਬ੍ਰਿਟਿਸ਼ ਫੌਜ ਵਿਚ ਸ਼ਾਮਲ ਸਨ, ਪਰ ਚਰਬੀ ਵਾਲੇ ਕਾਰਤੂਸਾਂ ਨੂੰ ਲੈ ਕੇ ਇਹ ਬ੍ਰਿਟਿਸ਼ ਫੌਜ ਤੋਂ ਬਾਗੀ ਹੋ ਗਏ ਸਨ ਤੇ ਇਨ੍ਹਾਂ ਬਾਗੀ ਪੂਰਬੀਆਂ ਦਾ ਆਜ਼ਾਦੀ ਦੀ ਲੜਾਈ ਨਾਲ ਕੋਈ ਸਰੋਕਾਰ ਨਹੀਂ ਸੀ ਤੇ ਨਾ ਹੀ 1857 ਦਾ ਵਿਦਰੋਹ ‘ਆਜ਼ਾਦੀ ਦੀ ਪਹਿਲੀ ਲੜਾਈ’ ਸੀ। ਖੂਹ ਦੇ ਇਸ ਵਧਦੇ ਵਿਵਾਦ ਨੂੰ ਵੇਖਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਨੀਅਰ ਆਈæਏæਐਸ਼ ਅਧਿਕਾਰੀ ਐਸ਼ ਐਸ਼ ਚੰਨੀ ਸਮੇਤ ਪੰਜਾਬ ਪੁਰਾਲੇਖ ਵਿਭਾਗ ਨੂੰ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਹੁਕਮ ਦਿੱਤੇ ਸਨ।
________________________________________
ਪੁਰਾਲੇਖ ਵਿਭਾਗ ‘ਤੇ ਗੁੰਮਰਾਹ ਕਰਨ ਦੇ ਦੋਸ਼
ਇਤਿਹਾਸਕਾਰ ਸੁਰਿੰਦਰ ਕੋਛੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਪੁਰਾਲੇਖ ਵਿਭਾਗ ਵੱਲੋਂ ਕੇਂਦਰੀ ਪੁਰਾਲੇਖ ਵਿਭਾਗ ਨਵੀਂ ਦਿੱਲੀ ਦੇ ਇਤਿਹਾਸਕ ਖ਼ਜ਼ਾਨੇ ਦੀ ਖੋਜ ਕਰ ਕੇ ਉਸ ਵਿਚੋਂ 1857 ਦੇ ਅਜਨਾਲੇ ਦੇ ਖ਼ੂਨੀ ਸਾਕੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਾ ਕਰ ਸਕਣਾ, ਪੰਜਾਬ ਪੁਰਾਲੇਖ਼ ਵਿਭਾਗ ਦੀ ਇਤਿਹਾਸ ਬਾਰੇ ਗਿਆਨ ਦੀ ਕਮੀ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਵਿਭਾਗ ਜਿਨ੍ਹਾਂ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਛਾਣਬੀਣ ਕਰਨ ਹਿੱਤ ਕਈ ਦਿਨਾਂ ਤੱਕ ਸਰਕਾਰੀ ਖਰਚੇ ਦੀ ਦੁਰਵਰਤੋਂ ਕਰ ਕੇ ਦਿੱਲੀ ਖੱਜਲ-ਖ਼ੁਆਰ ਹੁੰਦਾ ਰਿਹਾ ਹੈ, ਉਸ ਬਾਰੇ ਤਕਰੀਬਨ ਇਕ ਦਰਜਨ ਤੋਂ ਵਧੇਰੇ ਪ੍ਰਮਾਣਿਕ ਦਸਤਾਵੇਜ਼ ਉਹ ਚਾਰ ਮਹੀਨੇ ਪਹਿਲਾਂ ਸੌਂਪ ਚੁੱਕੇ ਹਨ। ਸ੍ਰੀ ਕੋਛੜ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਪਰੋਕਤ ਵਿਭਾਗ ਨੇ ਜਿਨ੍ਹਾਂ ਨਿੱਜੀ ਸਵਾਰਥਾਂ ਕਰ ਕੇ ਇਹ ਗੁੰਮਰਾਹ ਕਰਨ ਵਾਲਾ ਬਿਆਨ ਜਾਰੀ ਕੀਤਾ ਹੈ, ਇਸ ਲਈ ਇਸ ਬਾਰੇ ਜਾਂਚ ਕਰਵਾਈ ਜਾਵੇ।
Leave a Reply