ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਿੱਖ ਇਤਿਹਾਸ ਦੇ ਵੇਰਵਿਆਂ ਦਾ ਭਰ ਵਗਦਾ ਦਰਿਆ ਸੀ ਗਿਆਨੀ ਦਇਆ ਸਿੰਘ ਦਿਲਬਰ। ਕੇਵਲ ਸਿੱਖ ਇਤਿਹਾਸ ਹੀ ਕਿਉਂ, ਸਗੋਂ ਜਦ ਉਹ ਮੰਤਰ-ਮੁਗਧ ਹੋਏ ਬੈਠੇ ਸਰੋਤਿਆਂ ਦੇ ਸਨਮੁਖ ਰਾਏ ਭੋਇੰ ਦੀ ਤਲਵੰਡੀ ਵਿਖੇ ਪ੍ਰਗਟੇ ਗੁਰੂ ਨਾਨਕ ਦੇਵ ਜੀ ਦੀ ਅਕੱਥ-ਕਥਾ ਛੋਂਹਦਾ, ਤਦ ਨਾਲ ਹੀ ‘ਪਾਪ ਕੀ ਜੰਞ’ ਲੈ ਕੇ ਹਿੰਦ ‘ਤੇ ਚੜ੍ਹੇ ਬਾਬਰ ਦੇ ਨਾਨਕੇ ਦਾਦਕੇ ਵੀ ਗਿਣ ਦਿੰਦਾ। ਦਸ ਗੁਰੂ ਸਾਹਿਬਾਨ ਦੇ ਇਤਿਹਾਸਕ ਪ੍ਰਸੰਗ ਸੁਣਾਉਂਦਿਆਂ ਉਹ ਤਤਕਾਲੀ ਮੁਗਲ ਬਾਦਸ਼ਾਹਾਂ ਦੇ ਕੁਰਸੀਨਾਮੇ ਇਉਂ ਫੋਲ ਸੁੱਟਦਾ ਜਿਵੇਂ ਹਰਿਦੁਆਰ ਦੇ ਪ੍ਰੋਹਤ ਆਪਣੇ ਜਜ਼ਮਾਨ ਦੀਆਂ ਕਈ-ਕਈ ਪੀੜ੍ਹੀਆਂ ਦੇ ਵਡਾਰੂਆਂ ਦੇ ਨਾਂ ਇਕੋ ਸਾਹੇ ਬੋਲ ਦਿੰਦੇ ਨੇ। ਮੁਸਲਿਮ ਹਾਕਮਾਂ ਦੇ ਗਜ-ਗਜ ਲੰਮੇ ਨਾਂ ਗਿਆਨੀ ਜੀ ਇਉਂ ਪਾਣੀ ਵਾਂਗ ਬੋਲਦੇ ਜਾਂਦੇ, ਜਿਵੇਂ ਕਿਤੇ ਇਹ ਉਨ੍ਹਾਂ ਦੇ ਸਾਹਮਣੇ ਬਲੈਕ ਬੋਰਡ ‘ਤੇ ਲਿਖੇ ਹੋਏ ਹੋਣ।
ਜਦੋਂ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕਰ ਰਹੇ ਹੁੰਦੇ ਤਾਂ ਲਾਮਿਸਾਲ ਯਾਦਦਾਸ਼ਤ ਦਾ ਪ੍ਰਗਟਾਵਾ ਕਰਦਿਆਂ, ਉਹ ਇਕੱਲੇ-ਇਕੱਲੇ ਗੁਰੂ ਪੁੱਤਰ ਦੀ ਜਨਮ ਤਰੀਕ ਦੱਸ ਕੇ, ਸ਼ਹਾਦਤ ਸਮੇਂ ਉਨ੍ਹਾਂ ਦੀ ਉਮਰ ਦੇ ਕੁੱਲ ਸਾਲ, ਮਹੀਨੇ ਅਤੇ ਦਿਨਾਂ ਤੱਕ ਦੀ ਗਿਣਤੀ ਵੀ ਦੱਸ ਦਿੰਦੇ। ਅਜਿਹੇ ਵੇਰਵੇ ਦਿੰਦਿਆਂ ਜਦ ਉਹ ਦੇਸੀ ਪ੍ਰਵਿਸ਼ਟੇ ਦੀਆਂ ਤਿੱਥਾਂ ਦੇ ਨਾਲ-ਨਾਲ ਈਸਵੀ ਸੰਨ ਦੇ ਅੰਗਰੇਜ਼ੀ ਮਹੀਨੇ ਵੀ ਠਾਹ-ਠਾਹ ਗਿਣਾਉਂਦੇ, ਤਾਂ ਹੈਰਾਨ ਹੋਏ ਸਰੋਤੇ ਅੱਖਾਂ ਅੱਡ-ਅੱਡ ਕੇ ਇਕ-ਦੂਜੇ ਵੱਲ ਦੇਖਣ ਲਗਦੇ; ਮਾਨੋ ਉਹ ਇਕ-ਦੂਜੇ ਤੋਂ ਪੁੱਛ ਰਹੇ ਹੋਣ ਕਿ ਸਾਹਮਣੇ ਕੋਈ ਇਨਸਾਨ ਬੋਲ ਰਿਹਾ ਹੈ ਕਿ ਟੇਪ ਰਿਕਾਰਡਰ ਚੱਲ ਰਹੀ ਹੈ?
ਕੋਈ ਬਾਤ ਨਈ ਨਹੀਂ ਹੋਤੀ ਐ ‘ਹਾਲੀ’
ਨਈ ਬਨਾ ਦੇਤਾ ਹੈ ਅੰਦਾਜ਼ਿ-ਬਿਆਂ ਉਸਕੋ!
ਸ਼ਾਇਰ ਦਾ ਇਹ ਸ਼ਿਅਰ ਦਇਆ ਸਿੰਘ ਦਿਲਬਰ ਦੀ ਵਿਲੱਖਣ ਪ੍ਰਚਾਰ ਸ਼ੈਲੀ ‘ਤੇ ਪੂਰਾ-ਪੂਰਾ ਢੁੱਕਦਾ ਸੀ। ਅਨੇਕਾਂ ਵਾਰੀ ਪਹਿਲੋਂ ਸੁਣੇ ਹੋਏ ਇਤਿਹਾਸਕ ਬਿਰਤਾਂਤ ਉਨ੍ਹਾਂ ਦੇ ਮੂੰਹੋਂ ਦੁਬਾਰਾ ਸੁਣਦਿਆਂ ਇੰਜ ਮਹਿਸੂਸ ਹੁੰਦਾ ਸੀ ਕਿ ਜਿਵੇਂ ਇਹ ਪਹਿਲੀ ਵਾਰ ਹੀ ਸੁਣੇ ਹੋਣ।
ਇਸ ਪੱਖੋਂ ਮੈਂ ਖੁਦ ਨੂੰ ਸੁਭਾਗਾ ਸਮਝਦਾ ਹਾਂ ਕਿ ਢਾਡੀ ਰਾਗ, ਰੀਝ ਨਾਲ ਸੁਣਨ ਤੇ ਪਸੰਦ ਕਰਨ ਦੀ ਦਾਤ ਮੈਨੂੰ ਵਿਰਸੇ ਵਿਚ ਹੀ ਮਿਲੀ। ਕੱਟੜ ਸਿੰਘ ਸਭੀਏ ਵਿਚਾਰਾਂ ਦੇ ਧਾਰਨੀ ਮੇਰੇ ਭਾਈਆ ਜੀ ਭਾਵੇਂ ਖੁਦ ਰਾਗੀ ਨਹੀਂ ਸਨ, ਪਰ ਉਹ ਰਾਗੀਆਂ ਪ੍ਰਚਾਰਕਾਂ, ਖਾਸ ਕਰ ਕੇ ਢਾਡੀਆਂ ਦੇ ਬੇਹੱਦ ਕਦਰਦਾਨ ਸਨ। ਇਸੇ ਕਾਰਨ ਉਨ੍ਹਾਂ ਦਾ ਸਾਡੇ ਨਜ਼ਦੀਕ ਪਿੰਡ ਸਲੋਹ ਵਸਦੇ ਗਿਆਨੀ ਦਇਆ ਸਿੰਘ ਦਿਲਬਰ ਸਿੰਘ ਨਾਲ ਗੂੜ੍ਹਾ ਪ੍ਰੇਮ ਪਿਆਰ ਸੀ। ਬੁਲੰਦੀਆਂ ‘ਤੇ ਪਹੁੰਚ ਕੇ ਫਿਰ ਭਾਵੇਂ ਗਿਆਨੀ ਦਿਲਬਰ ਲਗਜ਼ਰੀ ਕਾਰਾਂ ਵਿਚ ਸਫਰ ਕਰ ਕੇ ਦੂਰ-ਦੁਰਾਡੇ ਥਾਂਵਾਂ ‘ਤੇ ਜਥੇ ਸਮੇਤ ਪ੍ਰਚਾਰ ਕਰਨ ਜਾਂਦੇ ਰਹੇ ਅਤੇ ਹਵਾਈ ਜਹਾਜ਼ਾਂ ਰਾਹੀਂ ਉਨ੍ਹਾਂ ਦੇਸ਼-ਵਿਦੇਸ਼ ਵੀ ਗਾਹਿਆ ਪਰ ਮੈਂ ਖੁਦ ਉਨ੍ਹਾਂ ਨੂੰ ਪੁਰਾਣੇ ਜਿਹੇ ਸਾਈਕਲ ਉਤੇ ਸਲੋਹ ਤੋਂ ਨਵਾਂ ਸ਼ਹਿਰ ਜਾਂਦਿਆਂ ਨੂੰ ਦੇਖਦਾ ਰਿਹਾ ਹਾਂ। ਉਨ੍ਹਾਂ ਦਿਨਾਂ ਵਿਚ ਮੈਂ ਨਵਾਂ ਸ਼ਹਿਰ ਦੇ ਸਲੋਹ ਰੋਡ ‘ਤੇ ਵਾਕਿਆ ਦੋਆਬਾ ਸਿੱਖ ਨੈਸ਼ਨਲ ਹਾਈ ਸਕੂਲ ‘ਚ ਪੜ੍ਹਦਾ ਹੁੰਦਾ ਸੀ।
ਜਿਵੇਂ ਅਜੋਕੇ ਸਮੇਂ ਦੇ ਨਾਮੀ-ਗਰਾਮੀ ਗਾਇਕ ਕਲਾਕਾਰਾਂ ਦੇ ਸਰੋਤੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਸੁਣਨ ਦੇਖਣ ਵਾਸਤੇ ਲੰਮੇ ਸਮੇਂ ਸਫਰ ਕਰ ਕੇ ਵੱਖ-ਵੱਖ ਸ਼ਹਿਰਾਂ ਥਾਂਵਾਂ ਨੂੰ ਵਹੀਰਾਂ ਘੱਤਦੇ ਨੇ, ਐਨ ਇਸੇ ਤਰ੍ਹਾਂ ਮੇਰੇ ਪਿਤਾ ਜੀ ਨੂੰ ਦਿਲਬਰ ਸਾਹਿਬ ਦੇ ਪ੍ਰੋਗਰਾਮ ਦੀ ਕਿਤਿਉਂ ਭਿਣਕ ਪੈਣ ਦੀ ਦੇਰ ਹੁੰਦੀ, ਉਹ ਉਸੇ ਵੇਲੇ ਤਿਆਰੀਆਂ ਕੱਸਣੀਆਂ ਸ਼ੁਰੂ ਕਰ ਦਿੰਦੇ। ਸਾਨੂੰ ਭਰਾਵਾਂ ਨੂੰ ਆਪਣੇ ਹਰਕੁਲੀਸ ਸਾਈਕਲ ਦੇ ਅੱਗੇ ਪਿੱਛੇ ਬਿਠਾ ਕੇ, ਇਕ-ਦੋ ਹੋਰ ਸਾਥੀਆਂ ਸਮੇਤ ਜਾ ਪਹੁੰਚਦੇ ਸਮਾਗਮ ਵਾਲੀ ਥਾਂ। ਇਸ ਕਾਫਲੇ ਦਾ ਬਾਲ ਸਾਥੀ ਬਣ ਕੇ ਮੈਂ ਨਵਾਂ ਸ਼ਹਿਰ, ਗੜ੍ਹਸ਼ੰਕਰ, ਬੰਗੇ, ਅਲਾਚੌਰ, ਅਕਾਲਗੜ੍ਹ, ਦੌਲਤਪੁਰ, ਬਲਾਚੌਰ, ਮਜਾਰਾ ਨੌ ਅਬਾਦ, ਖਟਕੜਾਂ, ਨੌਰਾ, ਰਾਹੋਂ ਆਦਿਕ ਪਿੰਡਾਂ/ਸ਼ਹਿਰਾਂ ਵਿਚ ਹੋਣ ਵਾਲੇ ਸਮਾਗਮਾਂ ਮੌਕੇ ਦਿਲਬਰ ਸਾਹਿਬ ਨੂੰ ਸੁਣਦਾ ਰਿਹਾ ਹਾਂ। ਇਨ੍ਹਾਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਸਾਲਾਨਾ ਸਭਾ ਅਤੇ ਹੋਰ ਇਤਿਹਾਸਕ ਅਸਥਾਨਾਂ ਦੇ ਜੋੜ ਮੇਲੇ ਇਨ੍ਹਾਂ ਤੋਂ ਵੱਖਰੇ। ਮੈਨੂੰ ਯਾਦ ਹੈ, ਭਾਈਆ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਮੌਕੇ ਸਜੇ ਵੱਖ-ਵੱਖ ਦੀਵਾਨਾਂ ਵਿਚ ਜਾ ਕੇ ਸਟੇਜ ਸਕੱਤਰਾਂ ਨੂੰ ਦਿਲਬਰ ਸਾਹਿਬ ਦੇ ਟਾਈਮ ਬਾਰੇ ਉਚੇਚਾ ਪੁੱਛਦੇ। ਲਾਊਡ ਸਪੀਕਰਾਂ ‘ਚ ਵੱਜਦੀ ਢੱਡ ਸਾਰੰਗੀ ਸੁਣ ਕੇ ਉਹ ਥਾਂਏਂ ਪੈਰ ਗੱਡ ਲੈਂਦੇ ਸਨ। ਮੈਨੂੰ ਇਹ ਵੀ ਯਾਦ ਹੈ ਕਿ ਦਿਲਬਰ ਸਾਹਿਬ ਦੋਹਰ ਬਹੁਤ ਘੱਟ ਪਾਇਆ ਕਰਦੇ ਸਨ। ਹਰ ਵਾਰ ਨਵੇਂ ਤੋਂ ਨਵਾਂ ਪ੍ਰਸੰਗ ਹੀ ਪੇਸ਼ ਕਰਦੇ ਸਨ।
ਮੇਰੇ ਪਿਤਾ ਜੀ ਦੇ ‘ਦਿਲਬਰ ਪ੍ਰੇਮ’ ਦੀਆਂ ਜੇ ਮਿਸਾਲਾਂ ਦੇਣੀਆਂ ਹੋਣ ਤਾਂ ਵੱਖਰਾ ਲੇਖ ਲਿਖਿਆ ਜਾ ਸਕਦਾ ਹੈ। 1967-68 ਵਿਚ ਮੇਰੀਆਂ ਵੱਡੀਆਂ ਭੈਣਾਂ ਦੇ ਅਨੰਦ ਕਾਰਜ ਦਿਲਬਰ ਸਾਹਿਬ ਨੇ ਕਰਵਾਏ। 1979 ਵਿਚ ਮੇਰੇ ਆਪਣੇ ਵਿਆਹ ‘ਤੇ ਦਿਲਬਰ ਸਾਹਿਬ ਦਾ ਜਥਾ ਹੀ ਗੱਜਿਆ ਸੀ। ਸਾਡੇ ਆਲੇ-ਦੁਆਲੇ ਦੇ ਅੱਠਾਂ-ਦਸਾਂ ਪਿੰਡਾਂ ਵਿਚ ਮੇਰੇ ਪਿਤਾ ਜੀ ਨੂੰ ਲੋਕ ਗਿਆਨੀ ਜੀ ਕਹਿ ਕੇ ਬੁਲਾਉਂਦੇ ਸਨ। ਇਸ ਇਲਾਕੇ ਦੇ ਸਿੱਖ ਪਰਿਵਾਰਾਂ ਦੇ ਗਮੀ-ਖੁਸ਼ੀ ਮੌਕੇ ਕੋਈ ਰਾਗੀ ਪ੍ਰਚਾਰਕ ਲਿਆਉਣ ਦੀ ਜ਼ਿੰਮੇਵਾਰੀ ਭਾਈਆ ਜੀ ਦੀ ਹੀ ਹੁੰਦੀ ਸੀ, ਤੇ ਉਹ ਹਮੇਸ਼ਾਂ ਗਿਆਨੀ ਦਿਲਬਰ ਨੂੰ ਪਹਿਲ ਦਿੰਦੇ।
ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਲੋਕਾਂ ਨੂੰ ਗੰਦ-ਮੰਦ ਸੁਣਨ ਦਾ ਲੱਚ ਨਹੀਂ ਸੀ ਪਿਆ ਅਤੇ ਨਾ ਹੀ ਕਲਾਕਾਰਾਂ ਦੀਆਂ ਅਜੋਕੀਆਂ ਹੇੜ੍ਹਾਂ ਵਾਂਗ ਲੁੱਚੇ-ਲਫੰਗਿਆਂ ਦੀ ਕੋਈ ਸੱਦ-ਪੁੱਛ ਹੀ ਹੁੰਦੀ ਸੀ। ਕਹਿਣ ਦਾ ਭਾਵ, ਵਿਆਹ ਸ਼ਾਦੀਆਂ ‘ਤੇ ਦਿਲਬਰ ਸਾਹਿਬ ਦਾ ਜਥਾ ਮੰਗਵਾਉਣਾ ‘ਸਟੇਟਸ ਸਿੰਬਲ’ ਸਮਝਿਆ ਜਾਂਦਾ ਸੀ ਉਦੋਂ।
ਟੇਪ ਰਿਕਾਰਡਰ ਦਾ ਯੁੱਗ ਆਇਆ ਤਾਂ ਅਸੀਂ ਭਰਾਵਾਂ ਨੇ ਭਾਈਆ ਜੀ ਦੀ ਇੱਛਾ ਪੂਰੀ ਕਰਦਿਆਂ ਗਿਆਨੀ ਦਿਲਬਰ ਦੇ ਜਥੇ ਦੇ ਗਾਏ ਹੋਏ ਵੱਧ ਤੋਂ ਵੱਧ ਪ੍ਰਸੰਗਾਂ ਦੀਆਂ ਕੈਸਟਾਂ ਇਕੱਠੀਆਂ ਕੀਤੀਆਂ। ਇੱਧਰੋਂ ਉਧਰੋਂ ਯਤਨ ਕਰ ਕੇ ਅਸੀਂ ਬੜੀ ਮਿਹਨਤ ਨਾਲ ਲਗਭਗ ਸਮੁੱਚੇ ਸਿੱਖ ਇਤਿਹਾਸ ਦੀ ਰਿਕਾਰਡਿੰਗ (ਦਿਲਬਰ ਜੀ ਦੀ ਜ਼ੁਬਾਨੀ) ਸੰਗ੍ਰਿਹ ਕਰ ਲਈ। ਬੱਸ ਫਿਰ ਸਾਡੇ ਘਰ ਦਾ ਇਹ ਦਸਤੂਰ ਹੀ ਬਣ ਗਿਆ ਕਿ ਸਾਡੇ ਘਰੇ ਆਇਆ ਕੋਈ ਵੀ ਮਹਿਮਾਨ ਲੰਗਰ-ਪਾਣੀ ਅਤੇ ਦਿਲਬਰ ਸੁਣਨ ਤੋਂ ਵਾਂਝਾ ਨਹੀਂ ਸੀ ਜਾ ਸਕਦਾ। ਸ਼ਾਮ ਨੂੰ ਸੁਵਖਤੇ ਹੀ ਰੋਟੀ ਪਾਣੀ ਖਾ ਪੀ ਕੇ ਸਾਰੇ ਜਣੇ ਮੰਜਿਆਂ ‘ਤੇ ਬਹਿ ਜਾਂਦੇ। ਭਾਈਆ ਜੀ ਦੀ ਫਰਮਾਇਸ਼ ਮੁਤਾਬਕ ਚੋਣਵੀਂ ਟੇਪ ਲਗਾਈ ਜਾਂਦੀ। ਪੂਰੀ ਸ਼ਰਧਾ ਤੇ ਇਕਾਗਰਤਾ ਨਾਲ ਪੂਰਾ ਪ੍ਰਸੰਗ ਸੁਣਿਆ ਜਾਂਦਾ। ਇਸ ਦੌਰਾਨ ਹਰ ਇਕ ਨੂੰ ਗੰਭੀਰ ਸਰੋਤਾ ਬਣ ਕੇ ਬੈਠਣਾ ਲਾਜ਼ਮੀ ਹੁੰਦਾ ਸੀ। ਕੋਈ ਨਿਆਣਾ ਵੀ ਚੂੰ-ਚਰਾਂ ਨਹੀਂ ਸੀ ਕਰ ਸਕਦਾ।
ਸਾਡੇ ਘਰ ਵਿਚ ਸਜਣ ਵਾਲੇ ਇਨ੍ਹਾਂ ਰਾਤਰੀ ਦੀਵਾਨਾਂ ਵਿਚ ਹਾਜ਼ਰੀ ਭਰਨ ਵਾਲੇ ਕਿਸੇ ਬਾਹਰੋਂ ਆਏ ਮਹਿਮਾਨ ਬਾਰੇ ਜੇ ਕਿਤੇ ਭਾਈਆ ਜੀ ਨੂੰ ਇਹ ਮਹਿਸੂਸ ਹੋਣਾ ਕਿ ਇਸ ਨੇ ਲੋੜੀਂਦੀ ਤਵੱਜੋ ਨਾਲ ਦਿਲਬਰ ਸਾਹਿਬ ਨੂੰ ਨਹੀਂ ਸੁਣਿਆ। ਤਦ ਅੱਗੇ ਪਿੱਛੇ ਬੁੜ-ਬੁੜ ਕਰਦਿਆਂ ਉਨ੍ਹਾਂ ਆਖਣਾ, “ਬਾਂਦਰ ਕਿਆ ਜਾਣੇ ਅਦਰਕ ਦਾ ਸਵਾਦ।” ਮੇਲੇ-ਮਸ੍ਹਾਵੇ ਤੋਂ ਮੁੜੇ ਭਾਈਆ ਜੀ ਦੇ ਕਿਸੇ ਦੋਸਤ ਨੇ ਜੇ ਕਿਸੇ ਹੋਰ ਰਾਗੀ ਢਾਡੀ ਦੀਆਂ ਸਿਫ਼ਤਾਂ ਕਰਨੀਆਂ, ਤਾਂ ਭਾਈਆ ਜੀ ਨੇ ਉਹਦੀ ਗੱਲ ਨੂੰ ਅਣਗੌਲਿਆਂ ਜਿਹਾ ਕਰ ਕੇ ਕਹਿਣਾ, “ਓ ਆਹੋ ਜੀ, ਪਰ ਦਿਲਬਰ ਦੀ ਰੀਸ ਕੋਈ ਨਹੀਂ ਕਰ ਸਕਦਾ।” ਦਿਲਬਰ ਸਾਹਿਬ ਵੱਲੋਂ ਬੋਲੇ ਗਏ ਵਿਅੰਗ ਟੋਟਕੇ ਸਾਡੇ ਭਾਈਆ ਜੀ ਅਕਸਰ ਹੀ ਯਾਰਾਂ ਬੇਲੀਆਂ ਨੂੰ ਸੁਣਾਉਂਦੇ ਰਹਿੰਦੇ ਸਨ।
ਇਹ ਵੀ ਸਾਡੇ ਪਰਿਵਾਰਕ ਜੀਆਂ ਦੇ ਦਿਲਾਂ ‘ਚ ਧਸ ਚੁੱਕੇ ਸਿੱਖ ਇਤਿਹਾਸ ਦੇ ਇਸ ਅਦੁੱਤੀ ਬੁਲਾਰੇ ਪ੍ਰਤੀ ਪਿਆਰ ਸਤਿਕਾਰ ਹੀ ਸਮਝੋ ਕਿ ਜਿਥੇ ਵੀ ਸਾਡੇ ਟੱਬਰ ਦਾ ਕੋਈ ਮੈਂਬਰ ਕਿਤੇ ਦੂਰ-ਦਰਾਜ ਗਿਆ, ਉਹ ਦਿਲਬਰ ਸਾਹਿਬ ਦੀ ਯਾਦ ਨਾਲ ਲੈ ਕੇ ਗਿਆ। ਮੇਰਾ ਛੋਟਾ ਭਰਾ ਜਦੋਂ 1985-86 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਨ ਗਿਆ, ਤਦ ਉਥੇ ਸਿੱਖ ਪਰਿਵਾਰਾਂ ਦੇ ਵਿਦਿਆਰਥੀਆਂ ਨੇ ਰਲ-ਮਿਲ ਕੇ ਅਖੰਡ ਪਾਠ ਕਰਵਾਉਣ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਸਾਰਿਆਂ ਇਹ ਮਤਾ ਪਕਾਇਆ ਕਿ ਭੋਗ ਮੌਕੇ ਚੋਟੀ ਦਾ ਕੀਰਤਨੀਆ, ਚੋਟੀ ਦਾ ਢਾਡੀ ਅਤੇ ਕੋਈ ਕਵੀ ਵੀ ਚੋਟੀ ਦਾ ਹੀ ਬੁਲਾਇਆ ਜਾਵੇ।
ਫਰਵਰੀ ਮਹੀਨੇ ਦੀ ਨਿੱਘੀ-ਨਿੱਘੀ ਧੁੱਪ ਬਸੰਤ ਦੀ ਸੁਹਾਵਣੀ ਰੁੱਤ, ਯੂਨੀਵਰਸਿਟੀ ਦੇ ਗਾਂਧੀ ਭਵਨ ਲਾਗਲੇ ਪਾਰਕ ਵਿਚ ਸ਼ਾਨਦਾਰ ਪੰਡਾਲ ਸਜਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਅਤੇ ਉਘੇ ਸ਼ਾਇਰ ਸਾਬਰ ਹੁਸੈਨ ਸਾਬਰ ਤੋਂ ਬਾਅਦ ਗਿਆਨੀ ਦਇਆ ਸਿੰਘ ਦਿਲਬਰ ਦਾ ਜਥਾ ਸਟੇਜ ‘ਤੇ ਆਇਆ। ਸੰਗਤ ਵਿਚ ਬੈਠੇ ਦੇ ਮੇਰੇ ਮਨ ‘ਚ ਧੁਕ-ਧੁਕੀ ਜਿਹੀ ਲੱਗ ਗਈ। ਮੈਂ ਸੋਚਣ ਲੱਗਾ ਕਿ ਢਾਡੀ ਰਾਗ ਨੂੰ ਜ਼ਿਆਦਾਤਰ ਪੇਂਡੂ ਲੋਕ ਹੀ ਪਸੰਦ ਕਰਦੇ ਨੇ, ਚੰਡੀਗੜ੍ਹ ਦੇ ਸ਼ਹਿਰ ਜਿਹੀ ਸਟੇਜ ‘ਤੇ ਸ਼ਾਇਦ ਗਿਆਨੀ ਦਿਲਬਰ ਆਪਣਾ ਪ੍ਰਭਾਵ ਜਮਾ ਨਹੀਂ ਸਕਣਗੇ ਪਰ ਉਸ ਦਿਨ ਦਿਲਬਰ ਸਾਹਿਬ ਨੇ ਸਾਕਾ ਚਮਕੌਰ ਸਾਹਿਬ ਇਤਨੇ ਜੋਸ਼ੀਲੇ ਅੰਦਾਜ਼ ਨਾਲ ਸੁਣਾਇਆ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਅਤੇ ਸਮੂਹ ਵਿਦਿਆਰਥੀ ਅਸ਼-ਅਸ਼ ਕਰ ਉਠੇ। ਸਮਾਪਤੀ ਤੋਂ ਬਾਅਦ ਕਈ ਗੈਰ-ਸਿੱਖ ਸਰੋਤੇ ਇਹ ਕਹਿੰਦੇ ਸੁਣੇ ਗਏ, “ਸਾਨੂੰ ਨਹੀਂ ਸੀ ਪਤਾ ਕਿ ਸਿੱਖਾਂ ਵਿਚ ਇਹੋ ਜਿਹੇ ਵਿਦਵਾਨ ਢਾਡੀ ਵੀ ਹੈਗੇ ਨੇ!”
ਯੂਨੀਵਰਸਿਟੀ ਵਿਚ ਹੋਏ ਆਪਣੀ ਕਿਸਮ ਦੇ ਇਸ ਪਹਿਲੇ ਪ੍ਰੋਗਰਾਮ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਬਾਅਦ ਵਿਚ ਵੀ ਕਈ ਸਾਲ ਇਹ ਪਰੰਪਰਾ ਚਲਦੀ ਰਹੀ। ਗਿਆਨੀ ਦਿਲਬਰ ਦਾ ਜਥਾ ਵੀ ਹਰ ਸਾਲ ਨਵੇਂ ਤੋਂ ਨਵਾਂ ਪ੍ਰਸੰਗ ਲੈ ਕੇ ਹਾਜ਼ਰ ਹੁੰਦਾ ਰਿਹਾ। ਇਥੇ ਹੀ ਇਕ ਵਰ੍ਹੇ ਲੈਕਚਰ ਵਿਚ ਮੱਸੇ ਰੰਘੜ ਦਾ ਪ੍ਰਸੰਗ ਸੁਣਾਉਂਦਿਆਂ ਉਨ੍ਹਾਂ ਵਿਅੰਗਮਈ ਢੰਗ ਨਾਲ ਇੰਦਰਾ ਗਾਂਧੀ ਦਾ ਜ਼ਿਕਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਢਾਈ ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ, ਪਰ ਜੇਲ੍ਹ ਵੀ ਉਨ੍ਹਾਂ ਨੂੰ ਡਰਾ ਨਾ ਸਕੀ। ਬਾਹਰ ਆ ਕੇ ਉਨ੍ਹਾਂ ਉਸੇ ਜੋਸ਼ੋ-ਖਰੋਸ਼ ਨਾਲ ਪ੍ਰਚਾਰ ਜਾਰੀ ਰੱਖਿਆ।
ਜੂਨ 2004 ਵਿਚ ਮੇਰੇ ਵੱਡੇ ਭਰਾਵਾਂ ਜਿਹੇ ਦੋਸਤ ਸ਼ ਹਰਦੇਵ ਸਿੰਘ ਕਾਹਮਾ ਨੇ ਨਵਾਂ ਸ਼ਹਿਰ ਵਿਖੇ ਮੇਰੇ ਪਰਿਵਾਰ ਨੂੰ ਵਿਦਾਇਗੀ ਪਾਰਟੀ ਦਿੱਤੀ ਕਿਉਂਕਿ ਸਾਡਾ ਅਮਰੀਕਾ ਦਾ ਵੀਜ਼ਾ ਲੱਗ ਚੁੱਕਾ ਸੀ ਤੇ ਅਸੀਂ ਜਲਦੀ ਹੀ ਪਰਵਾਸੀ ਬਣ ਰਹੇ ਸਾਂ। ਇਲਾਕੇ ਭਰ ਤੋਂ ਇਕੱਠੇ ਹੋਏ ਦੋਸਤਾਂ, ਸ਼ੁਭ-ਚਿੰਤਕਾਂ ਦੇ ਭਰਵੇਂ ਇਕੱਠ ਦੇ ਰੂ-ਬ-ਰੂ ਹੁੰਦਿਆਂ, ਖਰਾਬ ਸਿਹਤ ਦੇ ਬਾਵਜੂਦ ਦਿਲਬਰ ਸਾਹਿਬ ਨੇ ਬੜੀ ਭਾਵਪੂਰਤ ਤਕਰੀਰ ਕੀਤੀ, “æææਸਾਡੇ ਦੇਸ਼ ਦੀਆਂ ਸਵਾਣੀਆਂ ਦਰ ਆਏ ਮੰਗਤਿਆਂ ਨੂੰ ਸੁੱਚੇ ਮੋਤੀਆਂ ਦੇ ਥਾਲ ਭਰ-ਭਰ ਖੈਰ ਪਾਉਂਦੀਆਂ ਰਹੀਆਂ ਨੇ!æææ ਪਰ ਅੱਜ ਸਾਡੇ ਦੇਸ਼ ਦਾ ਹਰ ਨੌਜਵਾਨ ‘ਬਾਹਰ’ ਜਾਣ ਨੂੰ ਕਾਹਲਾ ਪਿਆ ਹੋਇਆ ਹੈ। ਪਤਾ ਜੇ ਕਿਉਂ?” ਫਿਰ ਇਸ ਸਵਾਲ ਦੇ ਜਵਾਬ ਵਿਚ ਉਹ ਦਰਿਆ ਦੇ ਪਾਣੀ ਦੀ ਰਵਾਨੀ ਵਾਂਗ ਲਗਾਤਾਰ ਬੋਲਦੇ ਨੇ, “æææਸਾਡੇ ਦੇਸ਼ ਨੂੰ ਮੁਗਲਾਂ ਲੁੱਟਿਆ, ਪਠਾਣਾਂ ਲੁੱਟਿਆ, ਲੋਧੀਆਂ ਲੁੱਟਿਆ, ਤੁਗਲਕਾਂ ਲੁੱਟਿਆ, ਦੁਰਾਨੀਆਂ ਲੁੱਟਿਆ, ਈਰਾਨੀਆਂ ਲੁੱਟਿਆ, ਯੂਨਾਨੀਆਂ ਲੁੱਟਿਆ, ਗੁਲਾਮਾਂ ਲੁੱਟਿਆ, ਅੰਗਰੇਜ਼ਾਂ ਲੁੱਟਿਆæææ ਤੇ ਰਹਿੰਦੀ ਕਸਰ ਸਾਡੇ ਆਪਣਿਆਂ ਨੇ ਕੱਢ’ਤੀ। ਸੋਨੇ ਦੀ ਚਿੜੀ ਅਖਵਾਉਂਦਾ ਸਾਡਾ ਦੇਸ਼ ਬਿਚਾਰਾ ਮਿੱਟੀ ਦੀ ਚਿੜੀ ਬਣ ਕੇ ਰਹਿ ਗਿਆæææ!”
ਇਸ ਤੋਂ ਬਾਅਦ ਉਨ੍ਹਾਂ ਹਿੰਦੁਸਤਾਨ ਨੂੰ ਲੁੱਟਣ ਆਏ ਸਾਰੇ ਹਮਲਾਵਰਾਂ ਦਾ ਪੂਰੇ ਸੰਨ-ਸਿੱਕੇ ਦੱਸਦਿਆਂ ਵੇਰਵਾ ਦਿੱਤਾ; ਮਸਲਨ ਯੂਨਾਨ ਤੋਂ ਆਇਆ ਸਿਕੰਦਰ, 712 ਈਸਵੀ ਵਿਚ ਮੁਹੰਮਦ ਬਿਨ-ਕਾਸਮ, ਸੰਨ 1000 ਤੋਂ 1026 ਤੱਕ ਸਤਾਰਾਂ ਵਾਰ ਮਹਿਮੂਦ ਗਜ਼ਨਵੀ, 16 ਵਾਰੀ ਮੁਹੰਮਦ ਗੌਰੀ, ਤੈਮੂਰ ਲੰਗ, ਪੰਜ ਵਾਰੀ ਬਾਬਰ, ਨਾਦਰ ਸ਼ਾਹ ਇਰਾਨੀ ਅਤੇ ਅਹਿਮਦ ਸ਼ਾਹ ਅਬਦਾਲੀ ਗਿਆਰਾਂ ਵਾਰ ਦੇਸ਼ ਨੂੰ ਲੁੱਟਣ ਆਇਆ।
ਆਪਣੇ ਇਸ ਵਿਦਾਇਗੀ ਸਮਾਰੋਹ ਦੀ ਰਿਕਾਰਡ ਕੀਤੀ ਹੋਈ ਟੇਪ, ਜਦ ਕਦੇ ਫੁਰਸਤ ਦੇ ਪਲਾਂ ‘ਚ ਸੁਣਦਾ ਹਾਂ ਅਤੇ ਗਿਆਨੀ ਦਿਲਬਰ ਦੇ ਇਹ ਬੋਲ ਕੰਨੀਂ ਪੈਂਦੇ ਨੇ, “æææਦੁਪਾਲਪੁਰੀ ਜੀ ਤੁਸੀਂ ਸਾਥੋਂ ਦੂਰ ਜਾ ਰਹੇ ਓ, ਸ਼ੁਭ ਕਾਮਨਾਵਾਂ ਵਜੋਂ ਇਹ ਸ਼ਿਅਰ ਅਰਜ਼ ਕਰਦਾ ਹਾਂ, ਜਾਨੇ ਵਾਲੇ ਜਾਓ, ਕਭੀ ਹਮੇਂ ਯਾਦ ਕਰਨਾæææ। ਜਬ ਹਮ ਯਾਦ ਆਏਂ, ਤੋ ਮਿਲਨੇ ਕੀ ਦੁਆ ਕਰਨਾ।”
ਤਦ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ, ਕਿਉਂਕਿ ਮੇਰਾ ਦਿਲਬਰ ਸਾਹਿਬ ਨਾਲ ਇਹ ਆਖਰੀ ਮੇਲਾ ਹੋ ਨਿਬੜਿਆ। ਢਾਡੀ ਜਗਤ ਦਾ ਇਹ ਧਰੂ ਤਾਰਾ 26 ਜਨਵਰੀ 2005 ਨੂੰ ਆਪਣੇ ਲੱਖਾਂ ਹਜ਼ਾਰਾਂ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ।
Leave a Reply