ਨਕਸਲੀਆਂ ਵੱਲੋਂ ਬੱਚਿਆਂ ਦੀ ਭਰਤੀ ਤੋਂ ਸੰਯੁਕਤ ਰਾਸ਼ਟਰ ਫਿਕਰਮੰਦ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਮਾਓਵਾਦੀਆਂ ਵੱਲੋਂ ਬੱਚਿਆਂ ਨੂੰ ਢਾਲ ਬਣਾ ਕੇ ਵਰਤਣ, ਉਨ੍ਹਾਂ ਦੀ ਭਰਤੀ ਕਰਨ ਜਾਂ ਫਿਰ ਉਨ੍ਹਾਂ ‘ਤੇ ਹੋਰ ਤਸ਼ੱਦਦ ਕਰਨ ‘ਤੇ ਫਿਕਰ ਜ਼ਾਹਰ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵੱਲੋਂ ‘ਬੱਚੇ ਤੇ ਹਥਿਆਰਬੰਦ ਸੰਘਰਸ਼’ ਉਤੇ ਜਾਰੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਨਕਸਲੀਆਂ ਵੱਲੋਂ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਭਰਤੀ ਤੇ ਵਰਤੋਂ 2013 ਵਿਚ ਵੀ ਜਾਰੀ ਸੀ। ਭਾਰਤ ਵਿਚ ਹਥਿਆਰਬੰਦ ਦਲਾਂ ਨਾਲ ਜੁੜੇ ਬੱਚਿਆਂ ਬਾਰੇ ਅੰਕੜੇ ਭਾਵੇਂ ਸੰਯੁਕਤ ਰਾਸ਼ਟਰ ਕੋਲ ਉਪਲਬਧ ਨਹੀਂ ਪਰ ਇਸ ਦਾ ਕਹਿਣਾ ਹੈ ਕਿ ਆਜ਼ਾਦਾਨਾ ਕਿਆਸਿਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਕੋਈ 2500 ਬੱਚੇ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਹਥਿਆਰਬੰਦ ਦਲਾਂ ਨਾਲ ਜੁੜੇ ਹੋਏ ਹਨ।
ਰਿਪੋਰਟ ਵਿਚ ਬਾਲ ਅਪਰਾਧੀਆਂ ਨੂੰ ਜੇਲ੍ਹਾਂ ਵਿਚ ਬਾਲਗਾਂ ਨਾਲ ਰੱਖੇ ਜਾਣ ਤੇ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਸਕੂਲਾਂ ਵਿਚ ਫੌਜ ਤੇ ਸੁਰੱਖਿਆ ਬਲਾਂ ਦੇ ਟਿਕਣ ‘ਤੇ ਵੀ ਫਿਕਰ ਪ੍ਰਗਟਾਇਆ ਹੈ। ਰਿਪੋਰਟ ਵਿਚ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਪੇਸ਼ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਵਿਸ਼ੇਸ਼ ਬਾਲ ਯੂਨਿਟਾਂ ਜਿਵੇਂ ‘ਬਾਲ ਦਸਤਾ’ ਤੇ ‘ਬਾਲ ਸੰਘਮ’ ਨਾਮ ਹੇਠ ਬਿਹਾਰ, ਝਾਰਖੰਡ, ਛਤੀਸਗੜ੍ਹ ਤੇ ਉੜੀਸਾ ਜਿਹੇ ਸੂਬਿਆਂ ਵਿਚ ਛੇ ਤੋਂ 12 ਸਾਲ ਤੱਕ ਦੇ ਲੜਕੀਆਂ-ਲੜਕੇ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਪੁਲਿਸ ਜਾਂ ਸੁਰੱਖਿਆ ਬਲਾਂ ਅੱਗੇ ਵੀ ਮਾਨਵੀ ਢਾਲ ਵਜੋਂ ਕੀਤੇ ਜਾਣਾ ਜਾਰੀ ਹੈ। ਰਿਪੋਰਟ ਵਿਚ ਨਕਸਲੀ ਦਲਾਂ ਨਾਲ ਪਿਛਲੇ ਸਮੇਂ ਜੁੜੀਆਂ ਰਹੀਆਂ ਔਰਤਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਨ੍ਹਾਂ ਕੈਂਪਾਂ ਵਿਚ ਔਰਤਾਂ ਤੇ ਲੜਕੀਆਂ ਨਾਲ ਜਿਣਸੀ ਹਿੰਸਾ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।
ਸੁਰੱਖਿਆ ਕਾਨੂੰਨਾਂ ਅਧੀਨ ਗ੍ਰਿਫਤਾਰ ਬੱਚੇ ਅਕਸਰ ਬਾਲਗਾਂ ਨਾਲ ਰੱਖੇ ਜਾਂਦੇ ਹਨ ਤੇ ਉਨ੍ਹਾਂ ਵਿਰੁੱਧ ਬਾਲ ਨਿਆਂ ਪ੍ਰਣਾਲੀ ਤਹਿਤ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਹ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਹਨ। ਜਾਣਕਾਰੀ ਮੁਤਾਬਕ ਬਾਲਾਂ ਤੋਂ ਜਾਸੂਸੀ ਦਾ ਕੰਮ ਲਿਆ ਜਾਂਦਾ ਹੈ ਤੇ ਉਹ ਸੋਟੀਆਂ ਆਦਿ ਨਾਲ ਲੜਦੇ ਹਨ। ਉਨ੍ਹਾਂ ਨੂੰ ਹਥਿਆਰਾਂ ਦੀ ਸਿਖਲਾਈ ਤੇ ਬੰਬ ਚਲਾਉਣੇ ਸਿਖਾਏ ਜਾ ਰਹੇ ਹਨ। ਨਕਸਲੀਆਂ ਦੇ ਸਕੂਲਾਂ ‘ਤੇ ਹਮਲੇ ਕਰਨ ਕਰਕੇ ਉਹ ਪੜ੍ਹਨੋਂ ਵੀ ਵਿਹਲੇ ਹੋ ਰਹੇ ਹਨ। ਰਿਪੋਰਟ ਵਿਚ ਇਹ ਫਿਕਰ ਵੀ ਪ੍ਰਗਟਾਇਆ ਹੈ ਕਿ ਫੌਜ ਸਕੂਲਾਂ ਨੂੰ ਬੈਰਕਾਂ ਤੇ ਬੇਸ ਕੈਂਪਾਂ ਵਜੋਂ ਵਰਤ ਰਹੀ ਹੈ ਜਾਂ ਸਰਕਾਰੀ ਸੁਰੱਖਿਆ ਬਲ ਸਕੂਲਾਂ ਵਿਚ ਠਹਿਰਦੇ ਹਨ। ਬਾਲਾਂ ਤੇ ਹਥਿਆਰਬੰਦ ਸੰਘਰਸ਼ਾਂ ਬਾਰੇ ਸਕੱਤਰ ਜਨਰਲ ਦੀ ਵਿਸ਼ੇਸ਼ ਪ੍ਰਤੀਨਿਧ ਲੀਲਾ ਜ਼ਿਰਾਓਗੀ ਨੇ ਇਰਾਕ, ਸੀਰੀਆ, ਦੱਖਣੀ ਸੁਡਾਨ, ਨਾਇਜੀਰੀਆ ਤੇ ਸੈਂਟਰਲ ਅਫਰੀਕਨ ਰਿਪਬਲਿਕ ਦਾ ਵੀ ਇਸ ਪੱਖੋਂ ਜ਼ਿਕਰ ਕੀਤਾ ਤੇ ਵੱਖ-ਵੱਖ ਮੁਲਕਾਂ ਵਿਚ ਬੱਚਿਆਂ ਦੀ ਹੋ ਰਹੀ ਦੁਰਗਤੀ ਬਾਰੇ ਦੱਸਿਆ।
ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਤਿਵਾਦੀ ਗਰੁੱਪਾਂ ਸਮੇਤ ਤਾਲਿਬਾਨ ਨੇ ਕੋਈ 97 ਲੜਕੇ ਭਰਤੀ ਕੀਤੇ ਸਨ, ਜਿਨ੍ਹਾਂ ਵਿਚੋਂ ਕਈ ਤਾਂ ਅੱਠ-ਅੱਠ ਸਾਲ ਦੇ ਸਨ ਤੇ ਉਨ੍ਹਾਂ ਨੂੰ ਲੜਨ ਤੇ ਖੁਦਕੁਸ਼ ਹਮਲੇ ਕਰਨ ਲਈ ਵਰਤਿਆ ਜਾਂਦਾ ਹੈ। ਮਈ 2013 ਵਿਚ 15 ਸਾਲਾ ਲੜਕੇ ਨੇ ਇਕ ਸਥਾਨਕ ਅਫਗਾਨ ਕਮਾਂਡਰ ਵਿਰੁੱਧ ਗਜ਼ਨੀ ਸੂਬੇ ਵਿਚ ਹਮਲਾ ਕਰਕੇ ਤਿੰਨ ਏæਐਨæਪੀ ਅਧਿਕਾਰੀ, ਦੋ ਸਿਵਲੀਅਨ ਮਾਰ ਦਿੱਤੇ ਸਨ ਤੇ 16 ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਹ ਬੱਚੇ ਬੰਬ ਬਣਾਉਣ ਤੇ ਬਾਰੂਦੀ ਸੁਰੰਗਾਂ ਵਿਛਾਉਣ ਲਈ ਲੜਾਕੂਆਂ ਵਜੋਂ ਤੇ ਸੈਕਸ ਗੁਲਾਮਾਂ ਵਜੋਂ ਵੀ ਵਰਤੇ ਜਾਂਦੇ ਹਨ। ਤਾਲਿਬਾਨ ਨੇ ਇਹ ਦੋਸ਼ ਰੱਦ ਕੀਤੇ ਹਨ। ਰਿਪੋਰਟ ਮੁਤਾਬਕ 790 ਦਰਜ ਘਟਨਾਵਾਂ ਵਿਚ 545 ਬੱਚੇ ਮਾਰੇ ਗਏ ਸਨ ਤੇ 1149 ਜ਼ਖ਼ਮੀ ਹੋ ਗਏ ਸਨ।

Be the first to comment

Leave a Reply

Your email address will not be published.