ਬਲਜੀਤ ਬਾਸੀ
ਕੋਈ ਚਾਰ ਕੁ ਸਾਲ ਦੀ ਗੱਲ ਹੈ, ਮੈਂ ਸ਼ਾਮ ਦੀ ਰੋਟੀ ਖਾ ਰਿਹਾ ਸਾਂ ਕਿ ਫੋਨ ਦੀ ਘੰਟੀ ਖੜਕੀ। ਮੈਂ ਰੋਟੀ ਛੱਡ ਫੋਨ ਚੁੱਕ ਲਿਆ। ਅੱਗੋਂ ਆਵਾਜ਼ ਆਈ, “ਹੈਲੋ, ਬਲਜੀਤ ਬਾਸੀ?” “ਜੀ ਬੋਲ ਰਿਹਾਂ।”
“ਉਹ ਕੀ ਹਾਲ ਏ ਕਾਕੇ ਤੇਰਾ, ਬੜੀ ਸ਼ਬਦਾਂ ਦੀ ਮਿਝ ਕਢਦੈਂ?” ਕਈ ਪਾਠਕ ਬੜੀ ਅਪਣੱਤ ਜਿਤਾਉਂਦੇ ਹਨ। ਇਹ ਕੰਬਦੀ ਅਤੇ ਅਸਪਸ਼ਟ ਜਿਹੀ ਆਵਾਜ਼ ਕਿਸੇ ਬੁੱਢੇ ਦੀ ਲਗਦੀ ਸੀ। ਉਂਜ ਥੋੜ੍ਹੀ ਜਾਣੀ-ਪਛਾਣੀ ਵੀ ਲਗਦੀ ਸੀ। ਪਰ ਕਿਸ ਦੀ ਹੋ ਸਕਦੀ ਹੈ, ਦਿਮਾਗ ਦੀ ਬੱਤੀ ਨਹੀਂ ਸੀ ਜਗ ਰਹੀ। ਕੋਈ ਨੀਮ-ਪਛਾਣੀ ਆਵਾਜ਼ ਸੁਣ ਕੇ ਇਹ ਕਹਿਣਾ, ਜੀ ਤੁਹਾਨੂੰ ਪਛਾਣਿਆ ਨਹੀਂ, ਅਗਲੇ ਦੀ ਹੇਠੀ ਹੀ ਤਾਂ ਹੈ। ਮੈਂ ਜੱਕੋ-ਤੱਕੇ ਵਿਚ ਸਾਂ ਕਿ ਉਨ੍ਹਾਂ ਆਪ ਹੀ ਕਹਿ ਦਿੱਤਾ, “ਮੈਂ ਸਰਜੀਤ ਸਿੰਘ ਸੰਧੂ ਹਾਂ, ਤੇਰੇ ਭਰਾ ਪਰਮਜੀਤ ਬਾਸੀ ਦਾ ਰਹਿ ਚੱਕਾ ਕੁਲੀਗ।” ਦਿਮਾਗ ਵਿਚ ਫੱਟ ਚਾਨਣ ਹੋ ਗਿਆ, ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਨਾ ਪਛਾਨਣ ਲਈ ਮੁਆਫੀ ਮੰਗੀ। ਉਂਜ ਏਡੀ ਗੱਲ ਵੀ ਨਹੀਂ ਸੀ, ਅਸੀਂ ਕਿਹੜਾ ਏਨੀ ਵਾਰੀ ਮਿਲੇ ਸਾਂ ਕਿ ਮੈਂ ਉਨ੍ਹਾਂ ਦੀ ਆਵਾਜ਼ ਚੇਤੇ ਰੱਖਦਾ।
ਮੇਰੇ ਵੱਡੇ ਭਰਾ ਪਰਮਜੀਤ ਬਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਰਸਾਇਣ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ। ਸੰਧੂ ਸਾਹਿਬ ਵੀ ਉਸੇ ਵਿਭਾਗ ਵਿਚ ਪ੍ਰੋਫੈਸਰ ਰਹੇ ਸਨ। ਉਹ ਮੇਰੇ ਭਰਾ ਦੇ ਸਹਿਕਰਮੀ ਹੋਣ ਦੇ ਨਾਲ ਨਾਲ ਦੋਸਤ ਵੀ ਬਣ ਗਏ ਸਨ। ਮੈਂ ਇਕ ਦੋ ਵਾਰੀ ਉਨ੍ਹਾਂ ਨੂੰ ਭਰਾ ਦੇ ਘਰ ਮਿਲ ਚੁੱਕਾ ਸਾਂ। ਇਕ ਵਾਰੀ ਦੋਵੇਂ ਜਣੇ ਚੰਡੀਗੜ੍ਹ ਵਿਚ ਮੇਰੇ ਘਰ ਵੀ ਆਏ ਸਨ ਪਰ ਇਹ ਘੱਟੋ ਘੱਟ ਤੀਹ ਸਾਲ ਪੁਰਾਣੀਆਂ ਗੱਲਾਂ ਹਨ। ਸੰਧੂ ਸਾਹਿਬ ਇਕ ਵਧੀਆ, ਹਰਮਨਪਿਆਰੇ ਟੀਚਰ, ਚੋਟੀ ਦੇ ਸਾਇੰਸਦਾਨ, ਚੋਖੇ ਗਿਆਨਵਾਨ ਅਤੇ ਅਤਿ ਦਰਜੇ ਦੇ ਦਿਲਚਸਪ ਇਨਸਾਨ ਸਨ। ਸਭ ਤੋਂ ਵੱਡੀ ਗੱਲ ਇਹ ਕਿ ਉਹ ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਦਾ ਡੂੰਘਾ ਗਿਆਨ ਰੱਖਦੇ ਸਨ। ਸਾਇੰਸਦਾਨਾਂ ਵਿਚ ਇਹ ਗੁਣ ਘੱਟ ਹੀ ਹੁੰਦੇ ਹਨ। ਕੋਈ ਪੱਚੀ ਕੁ ਸਾਲ ਤੋਂ ਉਹ ਅਮਰੀਕਾ ਵਿਚ ਰਹਿ ਰਹੇ ਸਨ ਤੇ ਉਨ੍ਹਾਂ ਦਿਨਾਂ ਵਿਚ ਓਰੇਗਾਨ ਸਟੇਟ ਵਿਚ ਆਪਣੇ ਤਿੰਨ ਲੜਕਿਆਂ ਨਾਲ ਰਹਿੰਦੇ ਸਨ। ਮਾੜੀ ਖਬਰ ਇਹ ਹੈ ਕਿ ਪਿਛਲੇ ਦਿਨੀਂ ਉਹ 84 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਚੁੱਕੇ ਹਨ।
ਡਾæ ਸੰਧੂ 1930 ਵਿਚ ਲਾਇਲਪੁਰ ਜ਼ਿਲੇ ਦੇ ਕਿਸੇ ਪਿੰਡ ਵਿਚ ਪੈਦਾ ਹੋਏ। ਮੁਢਲੀ ਵਿਦਿਆ ਉਥੋਂ ਹੀ ਪ੍ਰਾਪਤ ਕੀਤੀ। ਬਟਵਾਰੇ ਪਿਛੋਂ ਉਨ੍ਹਾਂ ਕਾਲਜੀ ਵਿਦਿਆ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਹਸਿਲ ਕੀਤੀ। ਉਪਰੰਤ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਰਸਾਇਣ ਦੀ ਪੀæਐਚæਡੀæ ਕੀਤੀ। ਚੰਡੀਗੜ੍ਹ ਲੈਕਚਰਰ ਲੱਗਣ ਪਿਛੋਂ ਛੇਤੀ ਹੀ ਉਨ੍ਹਾਂ ਨੂੰ ਕਾਮਨਵੈਲਥ ਸਕਾਲਰਸ਼ਿਪ ਦੀ ਪੇਸ਼ਕਸ਼ ਹੋਈ। ਇਸ ਖੋਜ ਵਿਚ ਕੰਮ ਕਰਦਿਆਂ ਉਨ੍ਹਾਂ ਲੰਡਨ ਯੂਨੀਵਰਸਿਟੀ ਤੋਂ ਦੂਜੀ ਪੀæਐਚæਡੀæ ਕੀਤੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਫੀ ਸਮਾਂ ਰੀਡਰ ਰਹੇ। 1970 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਹੋਣ ਨਾਲ ਉਨ੍ਹਾਂ ਨੂੰ ਇਥੋਂ ਦੇ ਰਸਾਇਣ ਵਿਭਾਗ ਨੂੰ ਪੱਕੀਆਂ ਨੀਂਹਾਂ ‘ਤੇ ਕਾਇਮ ਕਰਨ ਲਈ ਇਸ ਦਾ ਪ੍ਰੋਫੈਸਰ ਅਤੇ ਮੁਖੀ ਥਾਪਿਆ ਗਿਆ। ਇਸ ਪੋਸਟ ‘ਤੇ ਉਹ 1990 ਤੱਕ ਰਿਟਾਇਰ ਹੋਣ ਦੇ ਸਮੇਂ ਤੱਕ ਰਹੇ। ਉਪਰੰਤ ਆਪਣੇ ਤਿੰਨ ਪੁੱਤਰਾਂ ਕੋਲ ਅਮਰੀਕਾ ਆ ਕੇ ਰਹਿਣ ਲੱਗ ਪਏ। ਆਪਣੇ ਕਾਰਜ ਕਾਲ ਦੌਰਾਨ ਉਨ੍ਹਾਂ ਆਪਣੇ ਯਤਨਾਂ ਨਾਲ ਵਿਭਾਗ ਨੂੰ ਕੌਮੀ ਪੱਧਰ ਦਾ ਬਣਾ ਦਿੱਤਾ। ਉਹ ਅਨੇਕਾਂ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਨਾਲ ਜੁੜੇ ਰਹੇ। ਉਹ ਪੰਜਾਬ ਰਾਜ ਦੀ ਸਾਇੰਸ ਅਤੇ ਤਕਨਾਲੋਜੀ ਕੌਂਸਲ ਦੇ ਸੰਸਥਾਪਕ ਅਤੇ ਡਾਇਰੈਕਟਰ ਰਹੇ ਹਨ। ਉਨ੍ਹਾਂ ਅਨੇਕਾਂ ਪੀæਐਚæਡੀæ ਪੈਦਾ ਕੀਤੇ ਹਨ। ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਚੀਨ ਆਦਿ ਕਈ ਦੇਸ਼ਾਂ ਵਿਚ ਹੋਈਆਂ ਕਾਨਫਰੰਸਾਂ ਵਿਚ ਉਨ੍ਹਾਂ ਦੇ ਪਰਚੇ ਪੜ੍ਹੇ ਗਏ ਅਤੇ ਪ੍ਰਤਿਸ਼ਠਿਤ ਜਨਰਲਾਂ ਵਿਚ ਛਪੇ। ਬਹੁਤ ਸਾਰੀਆਂ ਕਿਤਾਬਾਂ ਵਿਚ ਉਨ੍ਹਾਂ ਦੀਆਂ ਖੋਜਾਂ ਦਾ ਜ਼ਿਕਰ ਆਉਂਦਾ ਹੈ। ਉਹ ਰਸਾਇਣ ਅਤੇ ਸਾਇੰਸ ਨਾਲ ਸਬੰਧਤ ਅਨੇਕਾਂ ਰਾਜਸੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਰਗਰਮ ਮੈਂਬਰ ਰਹੇ ਹਨ। ਉਨ੍ਹਾਂ ਬੇਸ਼ੁਮਾਰ ਇਨਾਮ ਅਤੇ ਸਨਮਾਨ ਪ੍ਰਾਪਤ ਕੀਤੇ ਅਤੇ ਆਪਣੇ ਵਿਸ਼ੇ ਦੀ ਰੱਜ ਕੇ ਸੇਵਾ ਕੀਤੀ। ਉਨ੍ਹਾਂ ਦੇ ਪੈਦਾ ਕੀਤੇ ਸੈਂਕੜੇ ਵਿਦਿਆਰਥੀ ਵੱਡੀਆਂ ਵੱਡੀਆਂ ਅਕਾਦਮਿਕ ਪੋਸਟਾਂ ‘ਤੇ ਲੱਗੇ ਹੋਏ ਹਨ।
ਐਪਰ ਅਮਰੀਕਾ ਆ ਕੇ ਉਨ੍ਹਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿੱਖ ਧਰਮ ਅਤੇ ਗੁਰਬਾਣੀ ਨਾਲ ਜੋੜ ਲਿਆ। ਉਹ ਗੁਰੂ ਗ੍ਰੰਥ ਸਾਹਿਬ ਦੇ ਉਪਲਭਦ ਕਈ ਅੰਗਰੇਜ਼ੀ ਅਨੁਵਾਦਾਂ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਆਪ ਹੀ ਇਹ ਕੰਮ ਵਿੱਢ ਦਿੱਤਾ। ਉਨ੍ਹਾਂ ਹਰਕੁਲੀਸ, ਕੈਲੀਫੋਰਨੀਆ ਵਿਚ ਸਿੱਖ ਖੋਜ ਅਤੇ ਸਿੱਖਿਆ ਬਾਰੇ ਇਕ ਅੰਤਰਰਾਸ਼ਟਰੀ ਸੰਸਥਾ ਖੜ੍ਹੀ ਕਰ ਦਿੱਤੀ। ਇਸ ਸੰਸਥਾ ਰਾਹੀਂ ਉਨ੍ਹਾਂ ਸਿੱਖੀ ਦੇ ਵਿਸ਼ੇ ‘ਤੇ ਪੰਜ ਕਿਤਾਬਾਂ ਅੰਗਰੇਜ਼ੀ ਵਿਚ ਪ੍ਰਕਾਸ਼ਤ ਕਰਾਈਆਂ। ਕੈਨੇਡਾ ਅਤੇ ਅਮਰੀਕਾ ਦੇ ਅਨੇਕਾਂ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਵਿਚ ਸਿੱਖੀ ਬਾਰੇ ਖੋਜ ਭਰਪੂਰ ਭਾਸ਼ਣ ਦਿੱਤੇ। ਵਿਗਿਆਨੀ ਹੋਣ ਦੇ ਨਾਤੇ ਉਨ੍ਹਾਂ ਦੀ ਪਹੁੰਚ ਵੀ ਵਿਗਿਆਨਕ ਅਤੇ ਮੌਲਿਕ ਹੁੰਦੀ ਸੀ। ਉਹ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਇਸ ਦੇ ਅੰਦਰੂਨੀ ਪਰਿਪੇਖ ਵਿਚ ਰੱਖ ਕੇ ਕਰਨ ਦੇ ਹੱਕ ਵਿਚ ਸਨ। ਉਨ੍ਹਾਂ ‘ਸਿੱਖ ਮਾਰਗ’ ਨਾਂ ਦੇ ਵੈਬਮੈਗਜ਼ੀਨ ਵਿਚ ਕੋਈ ਤੇਈ ਖੋਜ ਭਰਪੂਰ ਲੇਖ ਲਿਖੇ। ਉਨ੍ਹਾਂ ਅਨੁਸਾਰ ਮੂਲਮੰਤਰ ੴ ਦਾ ਉਚਾਰਣ “ਇਕ ਓਅੰਕਾਰ” ਨਹੀਂ ਬਲਕਿ ‘ਇੱਕੋ’ ਹੈ। ਉਹ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਸਨ ਮੰਨਦੇ। ਉਨ੍ਹਾਂ ਗੁਰਬਾਣੀ ਦੇ ਪ੍ਰਚਲਿਤ ਕਈ ਟੀਕਿਆਂ ਵਿਚ ਕਈ ਘਾਟਾਂ ਵੱਲ ਧਿਆਨ ਵੀ ਦਿਵਾਇਆ। ਸੰਧੂ ਸਾਹਿਬ ਸਾਹਿਤ ਰਸੀਏ ਹੀ ਨਹੀਂ ਸਾਹਿਤ ਰਚੈਤਾ ਵੀ ਸਨ। ਉਨ੍ਹਾਂ ਦੇ ਦੋ ਕਾਵਿ-ਸੰਗ੍ਰਿਹ ਵੀ ਪ੍ਰਕਾਸ਼ਤ ਹੋ ਚੁੱਕੇ ਹਨ।
ਮੇਰੇ ਨਾਲ ਪਹਿਲੇ ਦਿਨ ਹੋਈ ਗੱਲ ਬਾਤ ਤੋਂ ਬਾਅਦ ਉਹ ਅਕਸਰ ਹੀ ਸ਼ਾਮ ਨੂੰ ਸੱਤ ਵਜੇ ਮੈਨੂੰ ਫੋਨ ਕਰਦੇ ਤੇ ਕਈ ਗੱਲਾਂ ਬਾਰੇ ਗਿਆਨ ਚਰਚਾ ਹੁੰਦੀ। ਉਨ੍ਹਾਂ ਮੈਨੂੰ ਦੱਸਿਆ ਕਿ ਓਰੇਗਾਨ ਸਟੇਟ ਵਿਚ ਜਿਸ ਥਾਂ ਮੈਂ ਰਹਿੰਦਾ ਹਾਂ, ਉਥੇ ‘ਪੰਜਾਬ ਟਾਈਮਜ਼’ ਨਹੀਂ ਪੁੱਜਦਾ ਜਿਸ ਵਿਚ ਮੇਰਾ ਸ਼ਬਦਾਂ ਦੀ ਵਿਉਤਪਤੀ ਵਾਲਾ ਕਾਲਮ ‘ਸ਼ਬਦ ਝਰੋਖਾ’ ਛਪਦਾ ਹੈ। ਉਨ੍ਹਾਂ ਨੂੰ ਹਰ ਹਫਤੇ ਕੈਲੀਫੋਰਨੀਆ ਵਿਚ ਰਹਿੰਦਾ ਉਨ੍ਹਾਂ ਦਾ ਕੋਈ ਦੋਸਤ ਟੈਲੀਫੋਨ ‘ਤੇ ਮੇਰਾ ਕਾਲਮ ਪੜ੍ਹ ਕੇ ਸੁਣਾਉਂਦਾ ਹੈ। ਮੇਰੇ ਲਈ ਇਹ ਇੱਕ ਵੱਡੇ ਮਾਣ ਵਾਲੀ ਗੱਲ ਸੀ। ਸੰਧੂ ਸਾਹਿਬ ਨਾਲ ਮੇਰਾ ਫੋਨ ਅਤੇ ਈਮੇਲ ਰਾਹੀਂ ਰਾਬਤਾ ਬਹੁਤਾ ਚਿਰ ਨਾ ਰਹਿ ਸਕਿਆ। ਫੋਨ ‘ਤੇ ਇਸ ਕਰਕੇ ਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ, ਉਨ੍ਹਾਂ ਦੀ ਆਵਾਜ਼ ਬਹੁਤੀ ਸਪਸ਼ਟ ਨਹੀਂ ਸੀ ਤੇ ਉਹ ਕਾਹਲੀ-ਕਾਹਲੀ ਵੀ ਬੋਲਦੇ ਸਨ। ਮੈਨੂੰ ਅਤੇ ਮੇਰੀ ਪਤਨੀ ਨੂੰ ਉਨ੍ਹਾਂ ਦੀਆਂ ਗੱਲਾਂ ਸਮਝਣ ਵਿਚ ਬਹੁਤ ਕਠਿਨਾਈ ਹੋਣ ਲੱਗੀ। ਸ਼ਾਇਦ ਉਨ੍ਹਾਂ ਨੂੰ ਆਪ ਵੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ। ਇਸ ਉਮਰ ਵਿਚ ਉਹ ਕੰਪਿਊਟਰ ‘ਤੇ ਬਹੁਤਾ ਚਿਰ ਨਹੀਂ ਸਨ ਬੈਠ ਸਕਦੇ ਅਤੇ ਇਸ ਤਰ੍ਹਾਂ ਸਾਡਾ ਆਪਸੀ ਰਾਬਤਾ ਹੌਲੀ ਹੌਲੀ ਖਤਮ ਹੋ ਗਿਆ।
ਪਰ ਥੋੜੇ ਜਿਹੇ ਸੰਪਰਕ ਦੌਰਾਨ ਹੀ ਉਨ੍ਹਾਂ ਮੈਨੂੰ ਗੁਰਬਾਣੀ, ਪੰਜਾਬੀ ਭਾਸ਼ਾ ਅਤੇ ਆਮ ਜੀਵਨ ਬਾਰੇ ਢੇਰ ਗਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਸ਼ਬਦਾਂ, ਨਾਂਵਾਂ ਤੇ ਥਾਂਵਾਂ ਦਾ ਪਿਛੋਕੜ ਜਾਣਨ ਦਾ ਝੱਲ ਹੈ।
ਉਹ ਕਿਤਾਬਾਂ, ਟੀæਵੀæ, ਰੇਡੀਓ ਤੇ ਆਮ ਲੋਕਾਂ ਦੀ ਗੱਲਬਾਤ ਤੋਂ ਇਸ ਸਭ ਕੁਝ ਦੇ ਵੇਰਵੇ ਇਕੱਠੇ ਕਰਦੇ ਰਹਿੰਦੇ ਹਨ। ਉਨ੍ਹਾਂ ਇਹ ਕਹਿ ਕੇ ਮੈਨੂੰ ਚਕ੍ਰਿਤ ਕਰ ਦਿੱਤਾ ਕਿ ਉਨ੍ਹਾਂ ਨੇ ਸ਼ਬਦਾਂ ਤੇ ਨਾਂਵਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਏਨੀਆਂ ਪਰਚੀਆਂ ਬਣਾ ਲਈਆਂ ਹਨ ਕਿ ਦੋ-ਤਿੰਨ ਬੋਰੀਆਂ ਭਰੀਆਂ ਜਾ ਸਕਦੀਆਂ ਹਨ। ਉਹ ਕਿਸੇ ਸੁਣੇ ਨਾਂ ਤੋਂ ਝੱਟ ਅਨੁਮਾਨ ਲਾ ਲੈਂਦੇ ਸਨ ਕਿ ਇਹ ਬੰਦਾ ਦੁਨੀਆਂ ਦੇ ਕਿਹੜੇ ਕੋਨੇ ਵਿਚ ਰਹਿੰਦਾ ਹੈ। ਉਂਜ ਮੈਂ ਦੇਖਿਆ ਇਹ ਤੱਥਤਾਮਕ ਵੇਰਵੇ ਹੀ ਸਨ। ਉਹ ਇਨ੍ਹਾਂ ਵੇਰਵਿਆਂ ਦਾ ਭਾਸ਼ਾ-ਵਿਗਿਆਨਕ ਵਿਸ਼ਲੇਸ਼ਣ ਨਹੀਂ ਸਨ ਕਰ ਸਕਦੇ, ਇਸ ਲਈ ਕਈ ਵਾਰੀ ਕੱਢੇ ਨਤੀਜੇ ਗਲਤ ਵੀ ਹੋ ਸਕਦੇ ਹਨ। ਪਰ ਏਨੀ ਸਾਰੀ ਹਾਸਿਲ ਕੀਤੀ ਸਮੱਗਰੀ ਵਿਚੋਂ ਹੋਰ ਬੜਾ ਕੁਝ ਕੰਮ ਦਾ ਨਿਕਲ ਸਕਦਾ ਹੈ।
ਰਸਾਇਣ ਵਿਭਾਗ ਦਾ ਮੇਰੇ ਤੇ ਮੇਰੇ ਭਰਾ ਦਾ ਇਕ ਹੋਰ ਕੁਲੀਗ ਸੀ ਡਾæ ਨਾਜ਼ਰ ਸਿੰਘ। ਉਹ ਕਾਮਰੇਡੀ ਖਿਆਲਾਂ ਦਾ ਸੀ ਤੇ ਉਸ ਨੂੰ ਭਾਸ਼ਾ ਦਾ ਕੱਚਘਰੜ ਗਿਆਨ ਛਾਂਟਣ ਦੀ ਆਦਤ ਸੀ। ਇਕ ਵਾਰੀ ਉਹ ਚੰਡੀਗੜ੍ਹ ਮੇਰੇ ਵਿਭਾਗ ਵਿਚ ਆਏ ਤਾਂ ਮੈਂ ਆਪਣੇ ਸਹਿਕਰਮੀ ਡਾæ ਬਖਸ਼ੀਸ਼ ਸਿੰਘ ਜੌਹਲ ਦਾ ਉਨ੍ਹਾਂ ਨਾਲ ਤੁਆਰਫ ਕਰਾਇਆ। ‘ਜੌਹਲ’ ਗੋਤ ਸੁਣਦੇ ਹੀ ਡਾæ ਨਾਜ਼ਰ ਸਿੰਘ ਕਹਿੰਦੇ ਕਿ ਜੌਹਲ ਸ਼ਬਦ ਜ਼ੁਲੂ ਤੋਂ ਆਇਆ ਹੈ ਤੇ ਇਸੇ ਦਾ ਵਿਗੜਿਆ ਰੂਪ ਹੈ। ਅਸੀਂ ਉਨ੍ਹਾਂ ਨੂੰ ਵਿਆਖਿਆ ਕਰਨ ਲਈ ਕਿਹਾ ਤਾਂ ਉਹ ਸਾਡੀ ਤਸੱਲੀ ਨਾ ਕਰਵਾ ਸਕੇ। ਇਕ ਸ਼ਬਦ ਦਾ ਦੂਜੇ ਨਾਲ ਸਬੰਧ ਦਰਸਾਉਣ ਲਈ ਕੇਵਲ ਧੁਨੀ ਦਾ ਸਮਾਨ ਹੋਣਾ ਹੀ ਕਾਫੀ ਨਹੀਂ ਹੁੰਦਾ, ਹੋਰ ਭਾਸ਼ਾ-ਵਿਗਿਆਨਕ ਅਤੇ ਇਤਿਹਾਸਕ ਤੱਥ ਵੀ ਦੱਸਣੇ ਜ਼ਰੂਰੀ ਹੁੰਦੇ ਹਨ। ਡਾæ ਨਾਜ਼ਰ ਸਿੰਘ ਵਾਲੀ ਇਹ ਗੱਲ ਮੈਂ ਇਕ ਦਿਨ ਸਰਜੀਤ ਸੰਧੂ ਹੁਰਾਂ ਨੂੰ ਦੱਸੀ ਤੇ ਨਾਲ ਹੀ ਮਖੌਲ ਕੀਤਾ ਕਿ ਤੁਹਾਨੂੰ ਕੈਮਿਸਟਰੀ ਵਾਲਿਆਂ ਨੂੰ ਭਾਸ਼ਾ-ਵਿਗਿਆਨ ਵਿਚ ਮੂੰਹ ਮਾਰਨ ਦੀ ਆਦਤ ਕਿਉਂ ਪੈ ਗਈ ਹੈ? ਉਹ ਉਦੋਂ ਤਾਂ ਚੁੱਪ ਰਹੇ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਈ-ਮੇਲ ਆਈ, “ਪਿਆਰੇ ਬਲਜੀਤ ਬਾਸੀ, ਗੁਰੂ ਫਤਹਿ। ਤੈਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਤੂੰ ਮੈਨੂੰ ਦੱਸਿਆ ਸੀ ਕਿ ਡਾæ ਨਾਜ਼ਰ ਸਿੰਘ ਨੇ ਤੁਹਾਨੂੰ ਜੌਹਲ ਗੋਤ ਦੇ ਨਿਕਾਸ ਬਾਰੇ ਗੱਲ ਕਰਦਿਆਂ ਇਹ ਕਿਹਾ ਕਿ ਇਹ ਅਫਰੀਕਾ ਦੇ ਇਕ ਕਬੀਲੇ ‘ਜ਼ੁਲੂ’ ਨਾਲ ਸਬੰਧਤ ਹੈ ਪਰ ਇਸ ਦੀ ਕੋਈ ਇਤਿਹਾਸਕ ਗਵਾਹੀ ਪੇਸ਼ ਨਹੀਂ ਕੀਤੀ। ਫਿਰ ਤੂੰ ਗੱਲ ਉਥੇ ਹੀ ਛੱਡ ਦਿੱਤੀ। ਮੈਂ ਟੀæਵੀæ ਦੇਖਦਾ ਅਤੇ ਪ੍ਰਾਚੀਨ ਕਿਤਾਬਾਂ ਅਤੇ ਰਸਾਲਿਆਂ ਦਾ ਅਧਿਐਨ ਕਰਦਾ ਰਹਿੰਦਾ ਹਾਂ। ਅੱਜ ਹੀ ਮੈਂ ਟੀæਵੀæ ‘ਤੇ ਇਕ ਮਿਸਰ ਦੇ ਸ਼ਖਸ ਬਾਰੇ ਜਾਣਕਾਰੀ ਲਈ ਹੈ ਜੋ ਮਿਸਰ ਦੇ ਪੁਰਾਤਤਵ ਇਤਿਹਾਸ ਦਾ ਅਧਿਐਨ ਕਰਦਾ ਹੈ। ਉਸ ਦਾ ਨਾਂ ਹੈ ਜ਼ਾਹਲ ਅੱਬਾਸ। ਇਸ ਨਾਮ ਤੋਂ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ “ਜ਼ੁਲੂ” ਸ਼ਬਦ ਕਿਵੇਂ ਮਿਸਰ ਵਿਚ ਪਹੁੰਚਿਆ ਤੇ ਉਥੋਂ ਚੱਲ ਕੇ ਅਰਬ ਦੇਸ਼ਾਂ ਵਿਚ ਪ੍ਰਚਲਿਤ ਹੋਇਆ।
ਅਰਬ ਦੇਸ਼ਾਂ ਤੋਂ ਇਹ ਜਾਹਲ/ਜੌਹਲ ਰੂਪ ਵਿਚ ਇਰਾਨ ਆ ਗਿਆ ਤੇ ਉਥੋਂ ਹੋਰ ਅੱਗੇ ਵਧਦਾ ਪੰਜਾਬ ਵਿਚ ਆ ਗਿਆ। ਪ੍ਰੋਫੈਸਰ ਬੁਧ ਪ੍ਰਕਾਸ਼ ਨੇ ਆਪਣੀ ਰਚਨਾ ਪ੍ਰਾਚੀਨ ਪੰਜਾਬ ਦੇ ਇਤਿਹਾਸ ਵਿਚ ਇਕ ‘ਜਵਾਲਾ’ ਕਬੀਲੇ ਦਾ ਜ਼ਿਕਰ ਕੀਤਾ ਹੈ। ਪੁਰਾਣੀਆਂ ਭਾਸ਼ਾਵਾਂ ਵਿਚ “ਹ” ਧੁਨੀ “ਵ” ਵਿਚ ਬਦਲ ਜਾਂਦੀ ਹੈ। ਧਿਆਨ ਦਿਓ, ਇਥੇ ਭਾਵੇਂ ਸੰਧੂ ਸਾਹਿਬ ਨੇ ਜੌਹਲ ਗੋਤ ਬਾਰੇ ਕਈ ਸਬੰਧਤ ਤੱਥ ਦਰਸਾਏ ਹਨ ਪਰ ਇਸ ਦਾ ਮੁਢ ਜਾਨਣ ਬਾਰੇ ਇਹ ਸਭ ਵੀ ਕਾਫੀ ਨਹੀਂ ਹਨ। ਉਨ੍ਹਾਂ ਆਖਰਕਾਰ ਸ਼ਬਦ ਦੀ ਧੁਨੀ ਸਮਾਨਤਾ ਤੋਂ ਹੀ ਅਨੁਮਾਨ ਲਾਇਆ ਹੈ। ਇਸੇ ਤਰ੍ਹਾਂ ਉਨ੍ਹਾਂ ਮੈਨੂੰ ਇਕ ਵਾਰੀ ਕਿਹਾ ਸੀ ਕਿ ਗੰਗਾ ਸ਼ਬਦ ਚੀਨ ਤੋਂ ਆਇਆ ਹੈ ਪਰ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ ਹੋ ਸਕਿਆ। ਪਰ ਉਨ੍ਹਾਂ ਦੀਆਂ ਸਾਰੀਆਂ ਲੱਭਤਾਂ ਦਾ ਖਜ਼ਾਨਾ ਫਰੋਲਿਆਂ ਜ਼ਰੂਰ ਕਈ ਬਹੁਮੁੱਲੇ ਹੀਰੇ ਲੱਭ ਸਕਦੇ ਹਨ। ਸੰਧੂ ਸਾਹਿਬ ਇਕ ਸਿਰੜੀ ਵਿਦਵਾਨ ਸਨ। ਉਨ੍ਹਾਂ ਦੇ ਬਹੁਤ ਸਾਰੇ ਨੋਟਸ ਖਿਲਰੇ ਪੱਤਰੇ ਪਏ ਹਨ। ਉਨ੍ਹਾਂ ਦੇ ਲੜਕਿਆਂ ਨੇ ਉਨ੍ਹਾਂ ਦੇ ਸਾਰੇ ਛਪੇ ਅਤੇ ਚੋਣਵੇਂ ਅਣਛਪੇ ਕੰਮ ਨੂੰ ਇੰਟਰਨੈਟ ‘ਤੇ ਮੁਹੱਈਆ ਕਰਨ ਦਾ ਫੈਸਲਾ ਕੀਤਾ ਹੈ। ਸੰਧੂ ਸਾਹਿਬ ਲਈ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।
Leave a Reply