ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸਿਖਰ ਦੁਪਹਿਰ, ਅਤਿ ਦੀ ਗਰਮੀ। ਉਤੋਂ ਬਿਜਲੀ ਦੇ ਲੰਮੇ ਕੱਟਾਂ ਨੇ ਲੋਕਾਂ ਦਾ ਜਿਉਣਾ, ਮਰਨ ਨਾਲੋਂ ਵੀ ਮਾੜਾ ਕੀਤਾ ਹੋਇਆ ਸੀ। ਮੱਲ ਬਾਬਾ ਪੱਕੇ ਦਰਵਾਜ਼ੇ ਦੀਆਂ ਪੌੜੀਆਂ ਚੜ੍ਹਦਾ ਆ ਰਿਹਾ ਸੀ, “ਮਾਰ’ਤਾ ਓਏ ਇਸ ਗਰਮੀ ਨੇ! ਕਿਤੇ ਪੱਤਾ ਵੀ ਨਹੀਂ ਹਿੱਲਦਾ। ਐਨੀ ਗਰਮੀ ਪਹਿਲਾਂ ਕਦੇ ਨਹੀਂ ਪਈ ਸੀ।”
“ਬਾਬਾ! ਤੂੰ ਸਿਖਰ ਦੁਪਹਿਰੇ ਕਿਧਰੋਂ ਕਿੱਲੀ ਨੱਪੀ ਆ ਰਿਹਾਂ।” ਦੀਪਾ ਬੋਲਿਆ।
“ਜੰਝ ਦੀ ਰੋਟੀ ਫੜਾ ਕੇ ਆਇਆਂ। ਸਾਲਿਆਂ ਨੇ ਪੁੱਠਾ ਹੀ ਰਿਵਾਜ ਪਾ ਦਿੱਤਾ, ਅਖੇ ਰੋਟੀ ਤੁਸੀਂ ਆਪ ਪਕਾ ਕੇ ਦੇਵੋ।” ਬਾਬੇ ਨੇ ਦੁਪੱਟਾ ਲਾਹੁੰਦਿਆਂ ਕਿਹਾ।
“ਬਾਬਾ ਕਿਹੜੀ ਜੰਝ ਆ ਗਈ? ਦੀਪਾ ਘੁੰਨਾ ਬਣਦਾ ਬੋਲਿਆ।
“ਬਿਹਾਰੀ ਭੱਈਏ ਲੱਗੇ ਹੋਏ ਨੇ ਝੋਨਾ ਲਾਉਣ, ਉਨ੍ਹਾਂ ਦੀ ਗੱਲ ਕਰਦਾਂ। ਬਾਰਾਂ ਪੜ੍ਹ ਕੇ ਖੂਹ ਵਿਚ ਪਾ ਦਿੱਤੀਆਂ ਤੈਂ ਤਾਂæææ ਸਮਝ ਨਹੀਂ ਆਉਂਦੀ? ਸੁਆਲਾਂ ਦਾ ਜਵਾਬ ਸੁਆਹ ਦਿੰਦਾ ਹੋਵੇਂਗਾ?” ਬਾਬਾ ਬੋਲਿਆ।
“ਬਾਬਾ, ਬਿਹਾਰੀ ਤਾਂ ਆਪ ਰੋਟੀ ਬਣਾਉਂਦੇ ਨੇ। ਫਿਰ ਤੁਸੀਂ ਕਿਉਂ ਰੋਟੀ ਬਣਾ ਕੇ ਦਿੰਦੇ ਓ?” ਜਿਉਣੇ ਕਾ ਚਿੜੀ ਬੋਲਿਆ।
“ਚਿੜਿਆ! ਉਹ ਦਿਨ ਲੰਘ ਗਏ, ਜਦੋਂ ਉਹ ਸਾਡੀਆਂ ਮਿੰਨਤਾਂ ਕਰਦੇ ਹੁੰਦੇ ਸੀ। ਹੁਣ ਤਾਂ ਲੁਧਿਆਣੇ ਦੇ ਰੇਲਵੇ ਸਟੇਸ਼ਨ ‘ਤੇ ਜ਼ਿਮੀਦਾਰ ਭੱਈਆਂ ਨੂੰ ਇੰਜ ਉਡੀਕਦੇ ਆ ਜਿਵੇਂ ਪਰਦੇਸੀ ਪੁੱਤਾਂ ਨੂੰ ਮਾਂਵਾਂ ਉਡੀਕਦੀਆਂ ਹੋਣ।” ਬਾਬਾ ਬੋਲਿਆ।
“ਬਾਬਾ! ਗਲਤੀ ਸਾਡੀ ਵੀ ਆ। ਜਦੋਂ ਭੱਈਏ ਕਣਕ ਦੇ ਸੀਜ਼ਨ ਵੇਲੇ ਆਉਂਦੇ ਆ, ਅਸੀਂ ਇਨ੍ਹਾਂ ਵੱਲ ਦੇਖਦੇ ਵੀ ਨਹੀਂ। ਕੰਬਾਈਨ ਨਾਲ ਕਣਕ ਵਢਾਈ, ਤੇ ਪਿੱਛੋਂ ਤੂੜੀ ਵਾਲੀ ਮਸ਼ੀਨ ਨਾਲ ਤੂੜੀ ਬਣਾ ਲਈ। ਤਿੰਨਾਂ ਦਿਨਾਂ ਵਿਚ ਹਾੜ੍ਹੀ ਸਾਂਭੀ ਗਈ।æææ ਤੇ ਸਾਉਣੀ ਦੀ ਬਿਜਾਈ ਲਈ ਕੋਈ ਅਜਿਹੀ ਮਸ਼ੀਨ ਨਹੀਂ ਆਈ ਕਿ ਉਹ ਭੱਈਆਂ ਦਾ ਰੁਜ਼ਗਾਰ ਹੜੱਪ ਸਕੇ, ਤੇ ਝੋਨੇ ਮੌਕੇ ਸਾਨੂੰ ਫਿਰ ਇਨ੍ਹਾਂ ਦੇ ਹਾੜ੍ਹੇ ਕੱਢਣੇ ਪੈਂਦੇ ਆ।” ਬੂਟਾ ਬੋਲਿਆ।
“ਬੂਟਿਆ, ਹਰ ਕੋਈ ਆਪਣੇ ਘਰ ਸਿਆਣੈਂ। ਹਾੜ੍ਹੀ ਮੌਕੇ ਅਸੀਂ ਕਹਿ ਦਿੰਨੇ ਆਂ, ਪਈ ਭੱਈਆਂ ਦੇ ਵੱਗ ਤੋਂ ਕੀ ਕਰਵਾਉਣਾ, ਤੇ ਮਸ਼ੀਨਾਂ ਰਾਹੀਂ ਛੇਤੀ ਸੁਖਾਲੇ ਤੇ ਵਿਹਲੇ ਹੋ ਜਾਂਦੇ ਆਂ, ਤੇ ਹੁਣ ਝੋਨਾ ਲਾਉਣ ਵੇਲੇ ਕਿਹੜਾ ਕੋਡਾ ਹੋਵੇ। ਫਿਰ ਹੁਣ ਇਸ ਵੱਗ ਨੂੰ ਮੋਮਬੱਤੀ ਲੈ ਕੇ ਲੱਭਣ ਤੁਰੇ ਰਹਿੰਦੇ ਆਂ।” ਬਾਬਾ ਬੋਲਿਆ।
“ਤਾਇਆ! ਮਜ਼ਦੂਰਾਂ ਦੀ ਘਾਟ ਇਸ ਕਰ ਕੇ ਵੀ ਹੋ ਗਈ ਆ, ਕਿਉਂਕਿ ਬਿਹਾਰ ਅਤੇ ਯੂæਪੀæ ਵਿਚ ਹੁਣ ਇਨ੍ਹਾਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ। ਸੂਬਾ ਸਰਕਾਰਾਂ ਨੇ ਰੋਜ਼ਗਾਰ ਦੇ ਚੰਗੇ ਢੰਗ-ਤਰੀਕੇ ਲੱਭ ਕੇ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਛੱਤਰੀ ‘ਤੇ ਹੀ ਬਿਠਾ ਲਿਆ ਹੈ।” ਮਾਸਟਰ ਵੀ ਆਪਣੀ ਹਜ਼ਾਰੀ ਲੁਆ ਗਿਆ।
“ਜਿੱਦਾਂ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਹੋਏ ਆ।” ਜਿਉਣੇ ਕਾ ਚਿੜੀ ਬੋਲਿਆ।
“ਕਿਹੜਾ ਰੋਜ਼ਗਾਰ? ਤੂੰ ਗੱਲ ਗੋਲ-ਮੋਲ ਕਰ ਕੇ ਸਾਡੇ ਢਿੱਡ ਫਲਾਉਣਾ ਚਾਹੁੰਨਾਂ ਏਂ।” ਬੂਟਾ ਬੋਲਿਆ।
“ਆਹ ਨਸ਼ੇ ਕਰਨੇ ਵੀ ਧੰਦੇ ਲਾਉਣਾ ਨਹੀਂ? ਹਰ ਨੌਜਵਾਨ ਨਸ਼ੇ ਕਰਨ ਲੱਗਿਆ ਰਹਿੰਦਾ। ਗੱਲ ਵੱਖਰੀ ਐ ਕਿ ਇਸ ਰੋਜ਼ਗਾਰ ਵਿਚ ਪੈਸੇ ਬਣਦੇ ਨਹੀਂ, ਉਜੜਦੇ ਆ।” ਚਿੜੀ ਬੋਲਿਆ।
“ਬੂਟਿਆ! ਤੇਰੇ ਭਤੀਜੇ ਦਾ ਕੀ ਹਾਲ ਐ? ਸੁਣਿਆ ਲਾਲ ਲਕੀਰ ‘ਤੇ ਪਹੁੰਚ ਗਿਆ।” ਬਾਬੇ ਨੇ ਪੁੱਛਿਆ।
“ਬਾਬਾ! ਆਪਣੀ ਤਾਂ ਬੋਲ-ਚਾਲ ਬੰਦ ਐ। ਇੰਨਾ ਪਤਾ ਲੱਗਿਐ, ਪਈ ਨਸ਼ਾ ਛਡਾਊ ਕੈਂਪ ਵਿਚ ਛੱਡ ਕੇ ਆਏ ਸੀ, ਉਥੇ ਜਾ ਕੇ ਗੁੰਮ ਜਿਹਾ ਹੋ ਗਿਆ। ਹੁਣ ਹਸਤਪਾਲ ਦਾਖਲ ਕਰਵਾਇਆ।” ਬੂਟੇ ਦਾ ਜਵਾਬ ਸੀ।
“ਬੂਟਿਆ ਜਦੋਂ ਤੈਂ ਆਪਣੇ ਭਰਾ ਨੂੰ ਮੁੰਡੇ ਦੇ ਨਸ਼ੇ ਬਾਰੇ ਦੱਸਿਆ ਸੀ, ਉਦੋਂ ਵਕਤ ਸਾਂਭ ਲੈਂਦਾ ਤਾਂ ਚੰਗਾ ਸੀ। ਹੁਣ ਇਕਲੌਤੇ ਮੁੰਡੇ ਤੋਂ ਵੀ ਹੱਥ ਧੋ ਬੈਠੇਗਾ।” ਦੀਪਾ ਬੋਲਿਆ।
“ਦੀਪਾ ਸਿਆਂ! ਤੀਵੀਂ ਦੀ ਮੱਤ ਗੁੱਤ ਪਿੱਛੇ ਹੁੰਦੀ ਆæææ ਭਰਾ ਤਾਂ ਸੁਣਦਾ ਸੀ ਗੱਲ ਮੇਰੀ, ਪਰ ਭਰਜਾਈ ਕਹਿੰਦੀ, ਮੇਰੇ ਇਕਲੌਤੇ ਜਵਾਕ ਨੂੰ ਦੇਖ ਕੇ ਜਰਦੇ ਨਹੀਂ। ਕਹਿੰਦੀ, ਮੱਚ ਪਏ ਨੇ ਕਿ ਮੇਰਾ ਪੁੱਤ ਬੁਲਟ ‘ਤੇ ਕਿਉਂ ਜਾਂਦਾ। ਚੋਰੀ-ਚੋਰੀ ਰੁਪਏ ਦਿੰਦੀ ਗਈ, ਤੇ ਮੁੰਡਾ ਨਸ਼ੇ ਦਾ ਆਦੀ ਹੋ ਗਿਆ।” ਬੂਟੇ ਦਾ ਗੱਚ ਭਰ ਆਇਆ।
“ਉਏ ਮੁੰਡਿਓ! ਆਹ ਨਸ਼ੇ ਦੀ ਬਿਮਾਰੀ ਨੇ ਸਾਰਾ ਦਰਵਾਜ਼ਾ ਖਾਲੀ ਕਰ’ਤਾ। ਪਹਿਲਾਂ ਤਾਂ ਛੁੱਟੀਆਂ ਮੌਕੇ ਇਥੇ ਬੈਠਣ ਨੂੰ ਥਾਂ ਨਹੀਂ ਸੀ ਲੱਭਦੀ ਹੁੰਦੀ। ਦਸ-ਬਾਰਾਂ ਸਾਲ ਦਾ ਜੁਆਕ ਵੀ ਇਥੇ ਬਜ਼ੁਰਗਾਂ ਦੀ ਢਾਣੀ ਵਿਚ ਬੈਠ ਕੇ ਕੁਝ ਸਿੱਖ ਜਾਂਦਾ ਸੀ। ਹੁਣ ਤਾਂ ਤਾਸ਼ ਲਈ ਚਾਰ ਹਾਣੀ ਵੀ ਪੂਰੇ ਨਹੀਂ ਹੁੰਦੇ, ਰੌਣਕ ਸੁਆਹ ਲੱਗਣੀ ਆਂ।” ਬਾਬਾ ਦੁਖੀ ਹੋਇਆ ਬੋਲਿਆ।
“ਬਾਬਾ! ਕੁਝ ਗੱਭਰੂ ਪਰਦੇਸੀਂ ਚਲੇ ਗਏ, ਬਾਕੀ ਰਹਿੰਦੇ ਨਸ਼ੇ ਦੀ ਮੰਡੀ ਵਿਚ ਵਿਕ ਗਏ। ਜਿਹੜੇ ਮਾੜੇ ਮੋਟੇ ਬਚੇ ਨੇ, ਕੰਨਾਂ ਨਾਲੋਂ ਫੋਨ ਲਾਹੁੰਦੇ ਹੀ ਨਹੀਂ। ਪੱਕੇ ਦਰਵਾਜ਼ੇ ਰੌਣਕਾਂ ਫਿਰ ਕਿਥੋਂ ਆਉਣੀਆਂ ਨੇ।” ਬੂਟਾ ਬੋਲਿਆ।
“ਬੂਟਿਆ! ਨਸ਼ਾ ਸਾਡੀ ਉਮਰੇ ਵੀ ਹੁੰਦਾ ਸੀ, ਪਰ ਅੱਜ ਵਾਂਗ ਨਹੀਂ, ਵਧੀਆ ਅਫੀਮ ਮਿਲ ਜਾਂਦੀ ਸੀ। ਟਾਵਾਂ-ਟੱਲਾ ਬੰਦਾ ਭੁੱਕੀ ਛਕਦਾ ਸੀ। ਅਫੀਮ ਖਾ ਕੇ ਬੰਦਾ ਦੋਂਹ ਬੰਦਿਆਂ ਜਿੰਨਾ ਕੰਮ ਕਰਦਾ ਸੀ। ਬੱਸ ਸਰੋਂ ਦੇ ਦਾਣੇ ਜਿੰਨੀ ਖਾਂਦੇ ਸੀ, ਤੇ ਸਾਰਾ ਦਿਨ ਧੁੱਪ ਦੀ ਛੱਤਰੀ ਥੱਲੇ ਕੰਮ ਕਰਨਾ। ਜਦੋਂ ਕੰਮ ਦੀ ਰੁੱਤ ਲੰਘ ਗਈ, ਤਾਂ ਨਸ਼ਾ ਵੀ ਛੱਡ ਦੇਣਾ। ਹੁਣ ਤਾਂ ਗੱਭਰੂ ਖਾਂਦੇ ਵੀ ਮਹਿੰਗਾ ਨਸ਼ਾ, ਤੇ ਕੰਮ ਦਾ ਡੱਕਾ ਵੀ ਨਹੀਂ ਤੋੜਦੇ।” ਬਾਬੇ ਨੇ ਆਪਣੀ ਅਗਲੀ ਸੁਣਾ ਦਿੱਤੀ।
“ਬਾਬਾ, ਇਹਦਾ ਹੱਲ ਕਿਵੇਂ ਨਿਕਲੂ?” ਦੀਪਾ ਪਾਣੀ ਦਾ ਜੱਗ ਭਰ ਲਿਆਇਆ ਸੀ।
“ਜੇ ਸਰਕਾਰ ਚਾਹੇ, ਤਾਂ ਚਹੁੰ ਦਿਨਾਂ ਵਿਚ ਪੰਜਾਬ ਸਾਫ਼-ਸੁਥਰਾ ਹੋ ਸਕਦਾ।” ਮਾਸਟਰ ਬੋਲਿਆ।
“ਉਹ ਕਿਵੇਂ ਮਾਸਟਰਾ?” ਬਾਬੇ ਨੇ ਪੁੱਛਿਆ।
“ਆਹ ਜਿਵੇਂ ਬਿਜਲੀ ਦਾ ਕੱਟ ਲੱਗ ਜਾਂਦੈ, ਆਪਾਂ ਕਹਿ ਦਿੰਨੇ ਆਂ, ਪਈ ਭਾਖੜਾ ਡੈਮ ਤੋਂ ਬਿਜਲੀ ਦਾ ਸਵਿੱਚ ਬੰਦ ਕਰ ਦਿੱਤਾ ਹੈ, ਇਸੇ ਤਰ੍ਹਾਂ ਹੀ ਉਪਰੋਂ ਨਸ਼ੇ ਦਾ ਸਵਿੱਚ ਬੰਦ ਹੋ ਜਾਵੇ। ਜਿਵੇਂ ਸਾਨੂੰ ਮੋਮਬੱਤੀਆਂ ਲਾਉਣ ਦੀ ਜਾਚ ਆ ਗਈ, ਉਸੇ ਤਰ੍ਹਾਂ ਨਸ਼ੇੜੀ ਵੀ ਹੌਲੀ-ਹੌਲੀ ਸੋਫੀ ਰਹਿਣ ਦੀ ਜਾਚ ਸਿੱਖ ਜਾਣਗੇ।” ਮਾਸਟਰ ਗੱਲ ਪਤੇ ਦੀ ਕਰ ਗਿਆ ਸੀ।
“ਲੈ ਬਾਬਾ! ਠੰਢਾ ਪਾਣੀ ਪੀ ਦਿਮਾਗ ਟਿਕਾਣੇ ਆਵੇ!” ਦੀਪੇ ਨੇ ਬਾਬੇ ਨੂੰ ਗਲਾਸ ਫੜਾਉਂਦਿਆਂ ਕਿਹਾ।
“ਬਾਬਾ! ਮੋਟਰ ‘ਤੇ ਕਰੰਟ ਸੀ।” ਚਿੜੀ ਨੇ ਪੁੱਛਿਆ।
“ਚਿੜਿਆ! ਹਟ ਜਾ ਹਟæææ ਨਾ ਕਰ ਗੋਲ-ਮੋਲ ਗੱਲਾਂ।” ਬਾਬਾ ਬੋਲਿਆ।
“ਸਰਕਾਰ ਕਹਿੰਦੀ ਆ, ਕਿਸਾਨਾਂ ਨੂੰ ਮੁਫ਼ਤ ਬਿਜਲੀ ਮਿਲਦੀ ਆ, ਪਰ ਬਿਜਲੀ ਤਾਂ ਆਉਂਦੀ ਨਹੀਂ। ਹੁਣ ਭਾਵੇਂ ਤੁਸੀਂ ਘਰਾਂ ਦੀ ਬਿਜਲੀ ਵੀ ਮੁਫ਼ਤ ਕਰ ਦੇਵੋ, ਕਿਉਂਕਿ ਬਿਜਲੀ ਆਉਣੀ ਤਾਂ ਹੈ ਨਹੀਂ। ਜਿਉਂਦਾ ਰਹੇ ਸਾਡਾ ਭਤੀਜ ਦਿਉਲ ਸਾਬ੍ਹ। ਜਿੰਨਾ ਚਿਰ ਉਹ ਅਫ਼ਸਰ ਲੱਗਿਆ ਰਿਹਾ, ਚੌਵੀ ਘੰਟੇ ਬਿਜਲੀ ਆਉਂਦੀ ਸੀ ਪਿੰਡਾਂ ਨੂੰ। ਹੁਣ ਪਤਾ ਨਹੀਂ ਬਿਜਲੀ ਵੀ ਨਸ਼ੇ ਕਰਨ ਲੱਗ ਪਈ ਆ।” ਬਾਬਾ ਪਾਣੀ ਪੀ ਕੇ ਸੁਰਤ ਫੜ ਆਇਆ ਸੀ।
“ਬਾਬਾ! ਆਹ ਚਾਰ-ਪੰਜ ਬਜ਼ੁਰਗ ਤਾਂ ਜਿਵੇਂ ਤਾਸ਼ ਨਾਲ ਹੀ ਲੈ ਗਏ ਹੋਣ। ਨਾ ਤਾਂ ਆਪ ਮੁੜੇ ਨੇ, ਨਾ ਤਾਸ਼ ਮੁੜੀ ਐ।” ਦੀਪਾ ਬੋਲਿਆ।
“ਨਿੱਕੂ ਕਾ ਬਹਾਦਰ, ਨਾਹਰੂ ਫੌਜੀ, ਜੀਤਾ ਮਾਸਟਰ, ਨਾਜ਼ਰ ਹੋਰਾਂ ਦਾ ਬਾਪੂ, ਸਰਦਾਰਾ ਸਿਉਂæææ ਸਾਰੇ ਤਾਸ਼ ਦੇ ਚੋਟੀ ਦੇ ਖਿਡਾਰੀ ਸਨ। ਸਾਥ ਛੱਡਗੇ। ਜਿਥੇ ਹੋਣ ਪਰਮਾਤਮਾ ਉਨ੍ਹਾਂ ਦਾ ਭਲਾ ਕਰੇ।” ਬਾਬੇ ਨੇ ਆਪਣੇ ਹਾਣੀਆਂ ਨੂੰ ਯਾਦ ਕਰਦੇ ਹੋਏ ਅੱਖਾਂ ਨਮ ਕਰ ਲਈਆਂ।
“ਬਾਬਾ ਜਦੋਂ ਮੇਰਾ ਨਵਾਂ-ਨਵਾਂ ਵਿਆਹ ਹੋਇਆ, ਤਾਂ ਮੇਰਾ ਸਹੁਰਾ ਪੱਕੇ ਦਰਵਾਜ਼ੇ ਅੱਗਿਉਂ ਦੀ ਲੰਘਿਆ। ਘਰੇ ਜਾਂਦਾ ਹੀ ਮੈਨੂੰ ਪੁੱਛਣ ਲੱਗਿਆ, ਪੁੱਤ ਦੀਪ ਸੁੱਖ ਐæææ ਸੱਥ ਵਿਚ ਬੰਦੇ ਬੈਠੇ ਨੇ।”
ਮੈਂ ਕਿਹਾ, “ਇਥੇ ਵੀਹ-ਪੰਝੀ ਬੰਦੇ ਤਾਂ ਦਰਵਾਜ਼ੇ ਉਂਜ ਹੀ ਬੈਠੇ ਰਹਿੰਦੇ ਨੇæææ ਤੁਸੀਂ ਫਿਕਰ ਨਾ ਕਰੋ, ਕੋਈ ਮਰਗ ਨਹੀਂ ਹੋਈæææਤਾਂ ਕਿਤੇ ਜਾ ਕੇ ਸਹੁਰੇ ਨੇ ਪਾਣੀ ਪੀਤਾ। ਉਹ ਵਿਚਾਰਾ ਸਮਝ ਬੈਠਾ ਕਿ ਕਿਸੇ ਗੱਭਰੂ ਦੀ ਮੌਤ ਦੇ ਸਬੰਧ ਵਿਚ ਦਰਵਾਜ਼ੇ ਬੰਦੇ ਇਕੱਠੇ ਹੋਏ ਬੈਠੇ ਨੇ।”
“ਬਾਬਾ! ਆਹ ਜੱਗੀ ਹੋਰਾਂ ਨੂੰ ਫੋਨ ਕਰ ਕੇ ਕਹਿੰਦੇ ਆਂ, ਪਈ ਸਾਨੂੰ ਗਰਮੀਆਂ ਵਿਚ ਦਰਵਾਜ਼ੇ ਜਨਰੇਟਰ ਲੁਆ ਕੇ ਦੇਵੋ, ਤੇ ਮਿੱਠੇ ਪਾਣੀ ਦਾ ਵੀ ਪ੍ਰਬੰਧ ਕਰ ਦੇਵੋ। ਫਿਰ ਸ਼ਾਇਦ ਪੱਕੇ ਦਰਵਾਜ਼ੇ ਰੌਣਕ ਪਰਤ ਆਵੇ। ਪਿੰਡ ਦੀ ਸੱਥ ਵੀ ਕਿਸੇ ਸਕੂਲ ਨਾਲੋਂ ਘੱਟ ਨਹੀਂ ਹੁੰਦੀ। ਇਥੇ ਰੌਣਕ ਪਰਤੂਗੀ, ਤਾਂ ਨਵੇਂ ਮੁੰਡੇ ਕੁਝ ਸਿੱਖ ਲੈਣਗੇ। ਆਪਾਂ ਵੀ ਸਾਧਾਂ ਦੇ ਡੇਰਿਆਂ ਵਾਂਗ ਕੁਝ ਲਾਲਚ ਦੇਈਏ, ਫਿਰ ਹੀ ਸਾਧ ਦੀ ਭੂਰੀ ‘ਤੇ ਇਕੱਠ ਹੋਵੇਗਾ।” ਬੂਟਾ ਬੋਲਿਆ।
“ਆ ਗਈ ਬਾਬਾ! ਆ ਗਈ ਬਾਬਾ!!” ਦੀਪੇ ਨੇ ਪੱਖਾ ਘੁੰਮਦਾ ਦੇਖ ਕੇ ਉਚੀ-ਉਚੀ ਕਹਿਣਾ ਸ਼ੁਰੂ ਕੀਤਾ, ਪਰ ਪੱਖਾ ਘੁੰਮ ਕੇ ਬੰਦ ਹੋ ਗਿਆ। ਦੀਪੇ ਨੂੰ ਅੰਤਾਂ ਦੀ ਖਿਝ ਆਈ। ਖਿਝ ਵਿਚੋਂ ਹੀ ਉਸ ਤੋਂ ਮੰਦਾ ਬੋਲਿਆ ਗਿਆ।
“ਮਾਸਟਰਾ, ਸੁਣਾ ਕੋਈ ਨਵੀਂ ਤਾਜ਼ੀ?” ਬਾਬਾ ਆਪਣੇ ਰੰਗ ਵਿਚ ਸੀ।
“ਬਾਬਾ ਨਵੀਂ ਤਾਜ਼ੀ ਤਾਂ ਕੋਈ ਨਹੀਂ, ਬੱਸ ਪੁਰਾਣੀਆਂ ਨੂੰ ਹੀ ਸਾਗ ਵਾਂਗ ਤੜਕਾ ਲਾ ਲਈਦਾ। ਸਾਡੇ ਹੈਡਮਾਸਟਰ ਦਾ ਇਕੱਲਾ ਪੁੱਤ ਸੀ, ਐਕਸੀਡੈਂਟ ਵਿਚ ਮਾਰਿਆ ਗਿਆ। ਹੈਡਮਾਸਟਰ ਕਹਿੰਦਾ, ਇਹ ਐਕਸੀਡੈਂਟ ਜਾਣ ਬੁੱਝ ਕੇ ਕਰਵਾਇਆ ਗਿਆ ਹੈ। ਮੈਂ ਪੁੱਛਿਆ, ਉਹ ਕਿਵੇਂ ਜੀ?
ਹੈਡਮਾਸਟਰ ਨੇ ਫਿਰ ਦੱਸਿਆ, æææਕੁਲਵੰਤ ਮੇਰਾ ਇਕਲੌਤਾ ਪੁੱਤ ਸੀ। ਮੈਂ ਸਾਰੀ ਉਮਰ ਇਮਾਨਦਾਰੀ ਨਾਲ ਕੰਮ ਕੀਤਾ। ਪੁੱਤ ਪੜ੍ਹਾਈ ਵਿਚ ਬੜਾ ਹੁਸ਼ਿਆਰ ਸੀ। ਜਦੋਂ ਕਾਲਜ ਦਾਖ਼ਲ ਕਰਵਾਇਆ ਤਾਂ ਜਵਾਨੀ ਨੇ ਹਾਣੀ ਨਾਲ ਅੱਖਾਂ ਮਿਲਾ ਲਈਆਂ। ਕੁੜੀ ਕਿਸੇ ਬ੍ਰਾਹਮਣਾਂ ਦੀ ਇਕਲੌਤੀ ਧੀ ਸੀ। ਕੁੜੀ ਦਾ ਚਾਚਾ ਕਿਸੇ ਲੀਡਰ ਦਾ ਚਮਚਾ ਸੀ। ਹੌਲੀ-ਹੌਲੀ ਗੱਲ ਚਾਚੇ ਕੋਲ ਪਹੁੰਚ ਗਈ। ਉਸ ਨੂੰ ਲੱਗਾ ਕਿ ਉਨ੍ਹਾਂ ਦੀ ਇੱਜ਼ਤ ਨਾਲ ਮੁੰਡਾ ਖਿਲਵਾੜ ਕਰਦਾ ਹੈ, ਪਰ ਮੇਰਾ ਪੁੱਤ ਤਾਂ ਵਿਆਹ ਕਰਵਾਉਣ ਲਈ ਵੀ ਤਿਆਰ ਸੀ। ਅਸੀਂ ਵੀ ਪੁੱਤ ਦੀ ਖੁਸ਼ੀ ਵਿਚ ਸ਼ਰੀਕ ਹੋਣਾ ਮੰਨ ਗਏ, ਪਰ ਇਕ ਦਿਨ ਉਸ ਕੁੜੀ ਦਾ ਚਾਚਾ ਮੇਰੇ ਸਕੂਲ ਆਇਆ ਤੇ ਧਮਕੀ ਦੇ ਕੇ ਗਿਆ ਸੀ। ਅਗਲੇ ਹਫ਼ਤੇ ਪੁੱਤ ਪੂਰਾ ਹੋ ਗਿਆ, ਪਰ ਚਾਚੇ ਦੇ ਕਹੇ ਸ਼ਬਦ ਮੈਨੂੰ ਅੱਜ ਵੀ ਯਾਦ ਨੇ, ਅਖੇ, ਮਾਸਟਰਾ! ਤੁਸੀਂ ਤਾਂ ਹਿੰਦੂਆਂ ਦੀਆਂ ਧੀਆਂ ਮੁਗਲਾਂ ਕੋਲੋਂ ਛੁਡਾ ਲਿਆਉਂਦੇ ਸੀ, ਅੱਜ ਉਨ੍ਹਾਂ ਹੀ ਹਿੰਦੂਆਂ ਦੀਆਂ ਧੀਆਂ ਨਾਲ ਇਸ਼ਕ-ਪੇਚੇ ਪਾਉਣ ਲੱਗ ਪਏ। ਹਿੰਦੂ ਤਾਂ ਦੂਰ, ਤੁਸੀਂ ਤਾਂ ਆਪਣੀਆਂ ਧੀਆਂ ਦੀ ਵੀ ਰਾਖੀ ਨਹੀਂ ਕਰ ਸਕਦੇ। ਤੁਹਾਡੇ ਆਪਣੇ ਸਿੱਖ ਮੁੰਡੇ ਸਿੱਖ ਧੀਆਂ ਨੂੰ ਸ਼ੱਰ੍ਹੇਆਮ ਚੁੱਕ ਲੈਂਦੇ ਆ, ਪਰ ਅਸੀਂ ਹੁਣ ਧੀਆਂ ਦੀ ਰਾਖੀ ਕਰਨਾ ਸਿੱਖ ਗਏ ਹਾਂæææ।”
“ਮਾਸਟਰਾ, ਗੱਲ ਤੇਰੀ ਨੇ ਤਾਂ ਮੇਰੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ।” ਬਾਬਾ ਬੋਲਿਆ।
“ਬਾਕੀ ਬਾਬਾ ਰਹਿੰਦੀ-ਖੂੰਹਦੀ ਕਸਰ ਸਾਡੇ ਗੀਤਕਾਰਾਂ ਤੇ ਗਾਇਕਾਂ ਨੇ ਪੂਰੀ ਕਰ ਦਿੱਤੀ ਆ।” ਦੀਪਾ ਬੋਲਿਆ।
“ਮੈਂ ਨਹੀਂ ਮੰਨਦਾ, ਪਈ ਇਨ੍ਹਾਂ ਦਾ ਕੋਈ ਕਸੂਰ ਐ।” ਬੂਟਾ ਬੋਲਿਆ।
“ਇਨ੍ਹਾਂ ਨੂੰ ਮਹਿੰਗੇ ਮੁੱਲ ਕੌਣ ਬੁੱਕ ਕਰਦਾæææਅਸੀਂ। ਇਨ੍ਹਾਂ ਦੇ ਅਖਾੜੇ ਸੁਣਨ ਕੌਣ ਜਾਂਦਾæææਅਸੀਂ। ਇਨ੍ਹਾਂ ਦੇ ਗਾਣਿਆਂ ‘ਤੇ ਨੱਚਦਾ ਕੌਣ ਐæææਅਸੀਂ; ਤੇ ਇਨ੍ਹਾਂ ਨੂੰ ਸਿਰ ਕੌਣ ਚਾੜ੍ਹਦਾæææਅਸੀਂ। ਫਿਰ ਇਨ੍ਹਾਂ ਦਾ ਕੀ ਕਸੂਰ ਹੋਇਆ ਭਲਾ? ਦੀਪਿਆ, ਤੁਸੀਂ ਗੁਰਦਾਸ ਮਾਨ ਲੁਆਇਆæææਕਿੰਨੇ ਰੁਪਏ ਦਿੱਤੇæææਸੱਤ ਲੱਖ ਦੋ ਘੰਟਿਆਂ ਦਾ। ਵਿਆਹ ਦੀ ਮੂਵੀ ਵਿਚ ਗੁਰਦਾਸ ਮਾਨ ਬੰਦ ਕਰ ਲਿਆ, ਤੇ ਟਰੰਕ ਵਿਚ ਮੂਵੀ ਰੱਖ ਲਈ। ਜੇ ਇਹੀ ਸੱਤ ਲੱਖ ਵਿਹੜੇ ਵਾਲਿਆਂ ਦੇ ਵਿਹੜੇ ਲਾਇਆ ਹੁੰਦਾ, ਘੱਟੋ-ਘੱਟ ਪੰਜਾਹ ਬੰਦਿਆਂ ਨੂੰ ਰਹਿਣ ਲਈ ਛੱਤ ਮਿਲ ਜਾਣੀ ਸੀ, ਤੇ ਅਗਲਿਆਂ ਨੇ ਸੱਤ ਪੁਸ਼ਤਾਂ ਤੁਹਾਨੂੰ ਯਾਦ ਰੱਖਣਾ ਸੀ। ਗੁਰਦਾਸ ਮਾਨ ਤਾਂ ਕਾਰ ਵਿਚ ਬੈਠ ਕੇ ਹੀ ਤੁਹਾਨੂੰ ਭੁੱਲ ਗਿਆ ਹੋਣਾ।” ਮਾਸਟਰ ਸੱਚੀ ਗੱਲ ਕਹਿ ਗਿਆ ਸੀ।
“ਹੋਰ ਦੇਖ ਲਓ ਕਰੋੜਾਂ ਦੀ ਕਬੱਡੀ ਕਰਵਾਉਣ ਵਾਲੇ, ਕਰੋੜਾਂ ਦੇ ਮੁੱਲ ਦੀ ਜਵਾਨੀ ਨੂੰ ਤਾਂ ਸਾਂਭ ਨਹੀਂ ਸਕਦੇ।” ਬੂਟਾ ਆਪਣੀ ਛੱਡ ਗਿਆ।
“ਮੈਨੂੰ ਲੱਗਦਾæææਅੱਜ ਨਹੀਂ ਬਿਜਲੀ ਆਉਂਦੀ। ਜਿਉਂਦੇ ਰਹੋ ਓਏ ਸਾਡੇ ਵੱਡੇ-ਵਡੇਰਿਓ! ਜਿਨ੍ਹਾਂ ਨੇ ਇਹ ਪੱਕਾ ਦਰਵਾਜ਼ਾ ਬਣਾਇਆ। ਕੁਝ ਮਰਜ਼ੀ ਹੋਵੇ, ਪਰ ਪੱਕੇ ਦਰਵਾਜ਼ੇ ਆ ਕੇ ਜਾਨ ਵਿਚ ਜਾਨ ਪੈ ਜਾਂਦੀ ਆ।” ਬਾਬਾ ਸੱਚ ਕਹਿ ਗਿਆ ਸੀ।
“ਬਾਬਾ! ਜੱਗੀ ਹੋਰਾਂ ਨੂੰ ਕਹਿਣਾæææਸਿਆਲਾਂ ਵਿਚ ਗੇੜੀ ਮਾਰ ਜਾਂਦੇ ਹੋ, ਕਦੇ ਗਰਮੀ ਦੀਆਂ ਛੁੱਟੀਆਂ ਕੱਟਣ ਵੀ ਪੱਕੇ ਦਰਵਾਜ਼ੇ ਆ ਜਾਓæææਟੋਰਾਂਟੋ ਨੂੰ ਭੁੱਲ ਜਾਵੋਗੇæææਤਾਂ ਹੀ ਤਾਂ ਕਹਿੰਦੇ ਨੇ, ਮਰਨ ਵਾਲੀ ਥਾਂ ਦਾ ਪਤਾ ਨਹੀਂ, ਪਰ ਬੰਦਾ ਆਪਣੀ ਜੰਮਣ ਭੋਇੰ ਨਹੀਂ ਭੁੱਲ ਸਕਦਾ।” ਮਾਸਟਰ ਨੇ ਆਪਣੀ ਸੁਣਾ ਦਿੱਤੀ। ਦੀਪੇ ਨੇ ਚਾਰ ਥਾਂਈਂ ਤਾਸ਼ ਵੰਡ ਦਿੱਤੀ ਜਿਵੇਂ ਸਾਨੂੰ ਪਰਮਾਤਮਾ ਨੇ ਪਰਦੇਸਾਂ ਵਿਚ ਵੰਡਿਆ ਹੈ।
Leave a Reply