ਗਲਤੀ ਵੱਡਾ ਬੰਦਾ ਹੀ ਮੰਨ ਸਕਦਾ ਹੈ!

ਗੁਰਬਚਨ ਸਿੰਘ ਭੁੱਲਰ
ਆਜ਼ਾਦੀ ਮਿਲਣ ਮਗਰੋਂ ਰਾਜਾਸ਼ਾਹੀ ਨੂੰ ਖ਼ਤਮ ਕਰਨ ਲਈ ਰਿਆਸਤਾਂ ਨੂੰ ਭਾਰਤ ਵਿਚ ਮਿਲਾਉਣ ਦਾ ਸਵਾਲ ਉਭਰ ਕੇ ਸਾਹਮਣੇ ਆ ਗਿਆ। ਪੰਜਾਬ ਵਿਚ ਪਹਿਲੇ ਕਦਮ ਵਜੋਂ 15 ਜੁਲਾਈ 1948 ਨੂੰ ਪਟਿਆਲਾ ਅਤੇ ਸੱਤ ਹੋਰ ਰਿਆਸਤਾਂ-ਨਾਭਾ, ਸੰਗਰੂਰ, ਫ਼ਰੀਦਕੋਟ, ਕਪੂਰਥਲਾ, ਮਾਲੇਰਕੋਟਲਾ, ਨਾਲਾਗੜ੍ਹ ਤੇ ਕਲਸੀਆ ਮਿਲਾ ਕੇ ‘ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ’ ਨਾਂ ਦਾ ਇਕ ਨਵਾਂ ਰਾਜ ਕਾਇਮ ਕਰ ਦਿੱਤਾ ਗਿਆ। ਆਮ ਬੋਲਚਾਲ ਵਿਚ ਇਹਨੂੰ ਪੈਪਸੂ ਕਿਹਾ ਜਾਂਦਾ ਸੀ। ਪਟਿਆਲਾ ਰਾਜਧਾਨੀ ਰੱਖ ਕੇ ਮਹਾਰਾਜਾ ਪਟਿਆਲਾ, ਯਾਦਵਿੰਦਰ ਸਿੰਘ ਨੂੰ ਰਾਜਪ੍ਰਮੁੱਖ ਥਾਪ ਦਿੱਤਾ ਗਿਆ ਜੋ ਅਜੋਕੇ ਰਾਜਪਾਲ ਵਾਂਗ ਸੀ। ਮਹਾਰਾਜਾ ਕਪੂਰਥਲਾ, ਜਗਤਜੀਤ ਸਿੰਘ ਉਪ-ਰਾਜਪ੍ਰਮੁੱਖ ਸੀ। ਇਹ ਐਵੇਂ ਸਮਾਂ-ਲੰਘਾਊ ਪ੍ਰਬੰਧ ਹੋਣ ਕਰਕੇ ਪੈਪਸੂ ਨੂੰ ਪਹਿਲੀ ਨਵੰਬਰ 1956 ਨੂੰ ਪੰਜਾਬ ਵਿਚ ਰਲਾ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਅੱਜ ਦੀ ਵਾਰਤਾ ਇਸ ਰਲੇਵੇਂ ਨਾਲ ਹੀ ਸਬੰਧਤ ਹੈ।
ਮੈਂ ਉਦੋਂ ਪੈਪਸੂ ਵਿਚ ਸਰਕਾਰੀ ਸਕੂਲ ਅਧਿਆਪਕ ਸੀ। ਪੈਪਸੂ ਵਿਚ ਰਿਆਸਤਾਂ ਵੇਲੇ ਦੀ ਪਰੰਪਰਾ ਅਨੁਸਾਰ ਬਹੁਤੇ ਅਧਿਆਪਕ ਕਿਸੇ ਕੋਰਸ ਤੋਂ ਬਿਨਾਂ ਹੀ ਨੌਕਰੀ ਕਰ ਰਹੇ ਸਨ। ਉਨ੍ਹਾਂ ਨੂੰ ‘ਅਨਟਰੇਂਡ ਟੀਚਰ’ ਕਿਹਾ ਜਾਂਦਾ ਸੀ। ਉਹ ਅਨਟਰੇਂਡ ਭਰਤੀ ਹੋ ਕੇ ਨੌਕਰੀ ਮੁੱਕੀ ਤੋਂ ਅਨਟਰੇਂਡ ਹੀ ਸੇਵਾ-ਮੁਕਤ ਹੋ ਜਾਂਦੇ। ਅੱਜ ਦੇ ਘੋਰ ਬੇਰੁਜ਼ਗਾਰੀ ਦੇ ਜ਼ਮਾਨੇ ਵਿਚ ਜਦੋਂ ਮੈਂ ਆਪਣਾ ਅਧਿਆਪਕ ਲੱਗਣਾ ਚੇਤੇ ਕਰਦਾ ਹਾਂ ਤਾਂ ਹੈਰਾਨੀ ਹੁੰਦੀ ਹੈ।
ਮੈਂ ਉਸ ਸਮੇਂ ਸਿਰਫ ਐਫ਼æ ਐਸ-ਸੀæ ਕੀਤੀ ਹੋਈ ਸੀ, ਪੜ੍ਹਾਉਣ ਦਾ ਕੋਈ ਕੋਰਸ ਨਹੀਂ ਸੀ ਕੀਤਾ ਹੋਇਆ। ਕਾਗ਼ਜ਼ਾਂ ਦੀ ਜਨਮ-ਤਾਰੀਖ਼ ਅਨੁਸਾਰ ਜਿਉਂ ਹੀ 17 ਮਾਰਚ 1954 ਨੂੰ 18 ਸਾਲ ਦਾ ਹੋਇਆ, ਮੈਂ ਬਾਰ੍ਹਵੀਂ ਦਾ ਸਰਟੀਫ਼ੀਕੇਟ ਝੋਲ਼ੇ ਵਿਚ ਪਾਇਆ ਅਤੇ ਰਾਮਪੁਰਾ ਫੂਲ ਤੋਂ ਸਵੇਰ ਦੀ ਗੱਡੀ ਫੜ੍ਹ ਕੇ ਪਟਿਆਲੇ ਦੇ ਕਿਲ਼ਾ ਮੁਬਾਰਕ ਵਿਚ ਸਕੂਲਾਂ ਦੇ ਡਾਇਰੈਕਟਰ ਦੇ ਮੇਜ਼ ਉਤੇ ਜਾ ਰੱਖਿਆ। ਉਹ ਕਹਿੰਦਾ, “ਕਾਕਾ, ਬਾਹਰ ਬੈਠ, ਕਾਗ਼ਜ਼ ਬਣੇ ਤੋਂ ਤੈਨੂੰ ਬੁਲਾ ਲਵਾਂਗੇ।”
ਅੱਧੇ ਘੰਟੇ ਮਗਰੋਂ ਸੇਵਾਦਾਰ ਮੈਨੂੰ ਬੁਲਾ ਕੇ ਹੈਡਕਲਰਕ ਕੋਲ ਲੈ ਗਿਆ। ਉਹਨੇ ਮੇਰਾ ਨਿਯੁਕਤੀ-ਪੱਤਰ ਮੇਰੇ ਹੱਥ ਦਿੱਤਾ ਅਤੇ ਕਿਹਾ, “ਕਾਕਾ, ਸਟੇਸ਼ਨ ਤੈਨੂੰ ਬਠਿੰਡੇ ਦੇ ਡੀæ ਆਈæ ਸਾਹਿਬ ਅਲਾਟ ਕਰਨਗੇ। ਹਾਂ, ਅਸੀਂ ਕਿਥੇ ਡਾਕ ਵਿਚ ਪਾਉਂਦੇ ਫਿਰਾਂਗੇ, ਐਹ ਆਪਣੇ ਆਰਡਰ ਦੀ ਡੀæ ਆਈæ ਸਾਹਿਬ ਵਾਲੀ ਕਾਪੀ ਵੀ ਲੈ ਜਾ, ਉਨ੍ਹਾਂ ਨੂੰ ਹੱਥੀਂ ਦੇ ਦੇਈਂ। ਨਾਲੇ ਉਹ ਤੈਨੂੰ ਸਟੇਸ਼ਨ ਲੈਣ ਗਏ ਨੂੰ ਇਹ ਨਹੀਂ ਕਹਿਣਗੇ ਕਿ ਸਾਡੇ ਕੋਲ ਤਾਂ ਅਜੇ ਆਰਡਰ ਆਇਆ ਨਹੀਂ।” ਸਰਕਾਰੀ ਅਧਿਆਪਕ ਬਣ ਕੇ ਮੈਂ ਉਸੇ ਦਿਨ ਪਿਛਲੇ ਪਹਿਰ ਦੀ ਗੱਡੀ ਰਾਹੀਂ ਘਰ ਆ ਪਹੁੰਚਿਆ।
ਇਹਦੇ ਉਲਟ ਪੰਜਾਬ ਵਿਚ ਅਨਟਰੇਂਡ ਅਧਿਆਪਕ ਰੱਖੇ ਹੀ ਨਹੀਂ ਸਨ ਜਾਂਦੇ। ਮੁਕਦੀ ਗੱਲ, ਪੰਜਾਬ ਨੇ ਪੈਪਸੂ ਦੇ ਅਨਟਰੇਂਡ ਅਧਿਆਪਕ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਪੈਪਸੂ ਸਾਹਮਣੇ ਇਹ ਬਹੁਤ ਵੱਡੀ ਸਮੱਸਿਆ ਆ ਖਲੋਤੀ। ਹਜ਼ਾਰਾਂ ਅਧਿਆਪਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣੇ ਪੈਣੇ ਸਨ। ਪੈਪਸੂ ਦੇ ਵਿਦਿਆ ਮਹਿਕਮੇ ਦੇ ਅਧਿਕਾਰੀਆਂ ਨੇ ਸਿਆਣਪ ਤੋਂ ਕੰਮ ਲਿਆ ਅਤੇ ਇਹ ਫ਼ੈਸਲਾ ਸੁਣਦਿਆਂ ਹੀ ਖ਼ਾਲਸਾ, ਐਸ਼ਡੀæ, ਡੀæਏæਵੀæ ਤੇ ਹੋਰ ਸਭ ਹਾਈ ਸਕੂਲਾਂ ਨੂੰ ਜੇæਬੀæਟੀæ ਕੋਰਸ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ। ਇਉਂ ਰਲੇਵੇਂ ਸਮੇਂ ਉਹ ਅਧਿਆਪਕ ਸਿਖਲਾਈ-ਅਧੀਨ ਗਿਣੇ ਜਾਣੇ ਸਨ ਅਤੇ ਕੋਰਸ ਮੁਕਦਿਆਂ ਹੀ ਉਨ੍ਹਾਂ ਨੇ ਆਪਣੇ ਆਪਣੇ ਸਕੂਲ ਵਿਚ ਵਾਪਸ ਕੰਮ ਜਾ ਲੱਗਣਾ ਸੀ।
ਮੈਂ ਖ਼ਾਲਸਾ ਹਾਈ ਸਕੂਲ ਬਠਿੰਡਾ ਵਿਚ ਸਿਖਿਆਰਥੀ ਜਾ ਬਣਿਆ। ਉਥੇ ਸ਼ਾਮ ਸਿੰਘ ਨਾਂ ਦੇ ਹੈਡਮਾਸਟਰ ਸਨ। ਸਕੂਲ ਦੀ ਇਕ ਗੱਲ ਅਨੋਖੀ ਸੀ। ਹੈਡਮਾਸਟਰ ਤੋਂ ਇਲਾਵਾ ਉਥੇ ਚੇਤ ਸਿੰਘ ਨਾਂ ਦੇ ਇਕ ਬਜ਼ੁਰਗ ‘ਪ੍ਰਿੰਸੀਪਲ’ ਵੀ ਸਨ। ਕਿਸੇ ਹਾਈ ਸਕੂਲ ਵਿਚ ਅਜਿਹੀ ਕੋਈ ਪਦਵੀ ਨਹੀਂ ਸੀ। ਸੈਕੰਡਰੀ ਸਕੂਲ ਮਗਰੋਂ ਜਾ ਕੇ ਬਣੇ, ਜਿਨ੍ਹਾਂ ਦੇ ਮੁਖੀਆਂ ਨੂੰ ਪ੍ਰਿੰਸੀਪਲ ਕਿਹਾ ਜਾਂਦਾ ਹੈ। ਉਹ ਹੈਡਮਾਸਟਰ ਰਹੇ ਸਨ ਅਤੇ ਸਕੂਲ ਨੂੰ ਪੱਕੇ ਪੈਰੀਂ ਕਰਨ ਵਿਚ ਉਨ੍ਹਾਂ ਦੀ ਦੇਣ ਵੱਡੀ ਸੀ। ਇਸ ਕਰਕੇ ਕਮੇਟੀ ਨੇ ਸੇਵਾ-ਮੁਕਤੀ ਮਗਰੋਂ ਉਨ੍ਹਾਂ ਨੂੰ ਇਹ ਇੱਜ਼ਤ ਬਖ਼ਸ਼ੀ ਸੀ।
ਉਹ ਸ਼ਾਂਤ ਤੇ ਚੁਪੀਤੇ ਸੁਭਾਅ ਦੇ ਬਜ਼ੁਰਗ ਸਨ। ਸਫ਼ੈਦ ਦਾੜ੍ਹੀ, ਸਫ਼ੈਦ ਪੱਗ ਤੇ ਕਮੀਜ਼-ਪਜਾਮਾ; ਸਰਦੀਆਂ ਵਿਚ ਉਹ ਗੋਡਿਆਂ ਤੱਕ ਲੰਮਾ ਬੰਦ ਗਲੇ ਦਾ ਭੂਰਾ ਜਿਹਾ ਗਰਮ ਕੋਟ ਪਾ ਲੈਂਦੇ। ਸਾਡਾ ਤਾਂ ਉਹ ਕੋਈ ਪੀਰੀਅਡ ਨਹੀਂ ਸਨ ਲੈਂਦੇ, ਸ਼ਾਇਦ ਸਕੂਲੀ ਜਮਾਤਾਂ ਦੇ ਕੁਛ ਪੀਰੀਅਡ ਲੈਂਦੇ ਸਨ। ਉਹ ਕਿਸੇ ਗੱਲ ਵਿਚ ਕੋਈ ਦਖ਼ਲ ਨਹੀਂ ਸਨ ਦਿੰਦੇ ਅਤੇ ਬਾਕੀ ਸਮਾਂ ਆਪਣੇ ਦਫ਼ਤਰ ਵਿਚ ਹੀ ਬਿਤਾਉਂਦੇ। ਉਨ੍ਹਾਂ ਇਕੱਲਿਆਂ ਦਾ ਵੱਖਰਾ ਦਫ਼ਤਰੀ ਕਮਰਾ ਸੀ। ਉਨ੍ਹਾਂ ਨੂੰ ਇਕ ਸੇਵਾਦਾਰ ਵੀ ਮਿਲਿਆ ਹੋਇਆ ਸੀ ਜੋ ਗ਼ਰੀਬ ਘਰ ਦਾ ਮੁੰਡਾ ਸੀ ਅਤੇ ਉਸੇ ਸਕੂਲ ਦੀ ਪੂਰੀ-ਅਧੂਰੀ ਪੜ੍ਹਾਈ ਮਗਰੋਂ ਕੰਮ ਕਰਨ ਲੱਗ ਗਿਆ ਸੀ।
ਸਵੇਰ ਦੀ ਅਰਦਾਸ ਮਗਰੋਂ ਪੀæਟੀæ ਮਾਸਟਰ ਸੀਟੀ ਮਾਰ ਕੇ ਵੱਖ ਵੱਖ ਕਤਾਰਾਂ ਵਿਚ ਖਲੋਤੀਆਂ ਜਮਾਤਾਂ ਨੂੰ ਕਮਰਿਆਂ ਵਿਚ ਭੇਜਣ ਲਗਦੇ। ਉਹ ਛੋਟੀਆਂ ਜਮਾਤਾਂ ਤੋਂ ਸ਼ੁਰੂ ਕਰ ਕੇ ਇਕ ਇਕ ਜਮਾਤ ਤੋਰਦੇ ਜਾਂਦੇ। ਵਿਦਿਆਰਥੀ-ਸਿਖਿਆਰਥੀ ਮੈਦਾਨ ਵਿਚ ਖਲੋਤੇ ਹੁੰਦੇ ਤੇ ਅਧਿਆਪਕ ਕਮਰਿਆਂ ਦੇ ਅੱਗੇ ਬਣੇ ਹੋਏ ਲੰਮੇ ਚੌਂਤਰੇ ਉਤੇ। ਇਕ ਦਿਨ ਪੀæਟੀæ ਮਾਸਟਰ ਪਹਿਲੀ ਸੀਟੀ ਮਾਰਨ ਲੱਗੇ ਸਨ ਕਿ ਪ੍ਰਿੰਸੀਪਲ ਚੇਤ ਸਿੰਘ ਨੇ ਉਨ੍ਹਾਂ ਨੂੰ ਰੋਕਿਆ, “ਠਹਿਰੋ, ਮੈਂ ਇਕ ਗੱਲ ਕਰਨੀ ਹੈ।” ਅਸੀਂ ਦੇਖਿਆ, ਉਨ੍ਹਾਂ ਤੋਂ ਕੁਛ ਦੂਰ ਉਨ੍ਹਾਂ ਦਾ ਸੇਵਾਦਾਰ ਹੱਥ ਬੰਨ੍ਹੀਂ ਨਿੰਮੋਝੂਣਾ ਖਲੋਤਾ ਸੀ। ਜਿਉਂ ਹੀ ਉਨ੍ਹਾਂ ਨੇ ਇਸ਼ਾਰਾ ਕਰ ਕੇ ਕਿਹਾ, “ਐਧਰ ਆ ਕਾਕਾ”, ਮੁੰਡਾ ਰੋ ਰੋ ਹਾੜ੍ਹੇ ਕੱਢਣ ਲੱਗਿਆ, “ਨਾ ਜੀ, ਤੁਸੀਂ ਮੇਰੇ ਪਿਤਾ ਦੀ ਥਾਂ ਹੋ, ਮੇਰੇ ਉਤੇ ਇਹ ਪਾਪ ਨਾ ਚੜ੍ਹਾਉ!”
ਸਾਰੇ ਮੈਦਾਨ ਵਿਚ ਸੁੰਨ ਵਰਤ ਗਈ। ਕਿਸੇ ਨੂੰ ਕੁਛ ਸਮਝ ਨਹੀਂ ਸੀ ਆ ਰਿਹਾ। ਉਨ੍ਹਾਂ ਨੇ ਹੱਥ ਜੋੜ ਕੇ ਰੋ ਰਹੇ ਸੇਵਾਦਾਰ ਨੂੰ ਪਲੋਸ ਕੇ ਉਹਦੇ ਮੋਢੇ ਉਤੇ ਹੱਥ ਰੱਖਿਆ ਅਤੇ ਕਹਿਣ ਲੱਗੇ, “ਮੈਂ ਆਮ ਕਰਕੇ ਪ੍ਰੇਸ਼ਾਨ ਹੁੰਦਾ ਨਹੀਂ, ਪਰ ਅੱਜ ਕਿਸੇ ਕਾਰਨ ਘਰੋਂ ਕੁਛ ਪ੍ਰੇਸ਼ਾਨ ਆਇਆ ਸੀ। ਮੇਰੀ ਨਜ਼ਰ ਕਲਮਦਾਨ ਉਤੇ ਪਈ ਤਾਂ ਕੁਛ ਧੂੜ ਦਿੱਸੀ। ਮੈਂ ਇਹਨੂੰ ਕਿਹਾ ਤਾਂ ਇਹ ਬੋਲਿਆ, ਮੈਂ ਕੱਪੜਾ ਮਾਰ ਦਿੱਤਾ ਸੀ। ਮੈਂ ਕਿਹਾ, ਫੇਰ ਇਹ ਧੂੜ ਕਿਥੋਂ ਆ ਗਈ? ਇਹਨੇ ਕੱਪੜਾ ਮਾਰਨ ਲਈ ਆਉਂਦਿਆਂ ਕਿਹਾ, ਜੀ ਕੱਪੜਾ ਮਾਰਿਆ ਤਾਂ ਮੈਨੂੰ ਯਾਦ ਹੈ, ਕਿਤੇ ਧੂੜ ਰਹਿ ਗਈ ਹੋਊ। ਮੈਥੋਂ ਉਹ ਗੁਨਾਹ ਹੋ ਗਿਆ ਜੋ ਮੈਂ ਜ਼ਿੰਦਗੀ ਵਿਚ ਕਦੀ ਨਹੀਂ ਸੀ ਕੀਤਾ। ਇਸ ਗੁਨਾਹ ਦਾ ਕਾਰਨ ਇਹਦੀ ਕੋਈ ਗ਼ਲਤੀ ਨਹੀਂ, ਮੇਰੀ ਪ੍ਰੇਸ਼ਾਨੀ ਸੀ। ਮੈਂ ਇਸ ਬੱਚੇ ਦੇ ਲਫੇੜਾ ਮਾਰ ਬੈਠਾ। ਇਹ ਵਿਚਾਰਾ ਤਾਂ ਕੁਛ ਨਾ ਬੋਲਿਆ, ਮੇਰੇ ਅੰਦਰੋਂ ਆਵਾਜ਼ ਆਈ, ਤੂੰ ਇਹ ਕੀ ਕਰ ਦਿੱਤਾ ਚੇਤ ਸਿੰਘ?”
ਇਕ ਪਲ ਰੁਕ ਕੇ ਉਹ ਬੋਲੇ, “ਮੈਂ ਇਹਤੋਂ ਝੱਟ ਮਾਫ਼ੀ ਮੰਗ ਲਈ, ਪਰ ਮੇਰਾ ਮਨ ਸ਼ਾਂਤ ਨਹੀਂ ਹੋਇਆ। ਮੇਰਾ ਅੰਦਰ ਮੈਨੂੰ ਦੁਰਕਾਰ ਰਿਹਾ ਸੀ, ਤੇਰਾ ਗੁਨਾਹ ਬੰਦ ਕਮਰੇ ਵਿਚ ਮਾਫ਼ੀ ਮੰਗਣ ਵਾਲਾ ਨਹੀਂ। ਸੋ, ਮੈਂ ਤੁਹਾਡੇ ਸਭ ਦੇ ਸਾਹਮਣੇ ਇਸ ਬੇਦੋਸ਼ੇ ਬੱਚੇ ਤੋਂ ਖਿਮਾ ਮੰਗਦਾ ਹਾਂ।” ਉਨ੍ਹਾਂ ਨੇ ਰੋਂਦੇ ਮੁੰਡੇ ਸਾਹਮਣੇ ਹੱਥ ਜੋੜੇ, “ਬੇਟਾ ਮੈਨੂੰ ਮਾਫ਼ ਕਰ ਦੇ!”
ਮੁੰਡਾ ਧਾਹਾਂ ਮਾਰ ਕੇ “ਨਾ ਜੀ, ਨਾ ਜੀ” ਕਰਦਾ ਉਨ੍ਹਾਂ ਦੇ ਪੈਰਾਂ ਉਤੇ ਡਿੱਗ ਪਿਆ। ਉਨ੍ਹਾਂ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਖੜ੍ਹਾ ਕੀਤਾ, ਪੁਚਕਾਰ ਕੇ ਉਹਦੇ ਸਿਰ ਉਤੇ ਹੱਥ ਫੇਰਿਆ ਅਤੇ ਚੁੱਪਚਾਪ ਹੋਰ ਕੁਛ ਬੋਲੇ ਬਿਨਾਂ ਆਪਣੇ ਕਮਰੇ ਵਿਚ ਚਲੇ ਗਏ।
ਅੱਜ ਵੀ ਜਦੋਂ ਉਹ ਦਰਵੇਸ਼ ਪੁਰਸ਼ ਚੇਤੇ ਆ ਜਾਂਦਾ ਹੈ, ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ ਅਤੇ ਮੱਥਾ ਉਹਦੀ ਮਹਾਨਤਾ ਅੱਗੇ ਝੁਕ ਜਾਂਦਾ ਹੈ।

Be the first to comment

Leave a Reply

Your email address will not be published.