ਐਸ਼ ਅਸ਼ੋਕ ਭੌਰਾ
ਆਪਣੇ ਕੱਪੜਿਆਂ ਨੂੰ ਜਿਹੜੇ ਆਪ ਪ੍ਰੈਸ ਕਰਨ ਦਾ ਯਤਨ ਕਰਦੇ ਹਨ, ਉਨ੍ਹਾਂ ਨੂੰ ਸਰੀਰ ਦੇ ਨਾਲ ਪਹਿਰਾਵੇ ਦੀ ਸੋਝੀ ਵੀ ਆ ਜਾਂਦੀ ਹੈ। ਜਿਹੜੇ ਜੁੱਤੀ ਹੱਥੀਂ ਪਾਲਿਸ ਕਰਦੇ ਹਨ, ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਪੈਰ ਸਿਰਫ ਸਰੀਰ ਦਾ ਭਾਰ ਹੀ ਚੁੱਕਣ ਲਈ ਨਹੀਂ ਹੁੰਦੇ। ਜਿਨ੍ਹਾਂ ਨੂੰ ਲੋਕ ਖੜ੍ਹੇ ਹੋ ਕੇ ਦੋਹੀਂ ਹੱਥੀਂ ਸਤਿਕਾਰ ਦੇਣ, ਉਨ੍ਹਾਂ ਦਾ ਮਾਇਆ ਜਾਲ ‘ਚੋਂ ਪੌਂਚਾ ਨਿਕਲ ਗਿਆ ਹੁੰਦਾ ਹੈ।æææਇਹ ਅਹਿਸਾਸ ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਹੁੰਦਾ ਹੈ ਕਿ ਜੇਬ ਵਿਚ ਭਾਵੇਂ ਭਾਨ ਵੀ ਹੋਵੇ, ਬਾਦਸ਼ਾਹੀ ਤਦ ਵੀ ਕੀਤੀ ਜਾ ਸਕਦੀ ਹੈ। ਇਸੇ ਲਈ ਬਹੁਤੇ ਸ਼ਾਇਰ ਅਮੀਰ ਨਹੀਂ, ਫਕੀਰ ਹੁੰਦੇ ਹਨ। ਹਾਲੇ ਤੱਕ ਦਵਿੰਦਰ ਸਤਿਆਰਥੀ ਵਰਗਾ ਧਨਵਾਨ ਕੋਈ ਬਣ ਨਹੀਂ ਸਕਿਆ। ਇਹ ਫੱਕਰ ਲੋਕ ਹੀ ਜਾਣਦੇ ਹਨ ਕਿ ਪੈਸਾ ਗੋਲ ਕਿਉਂ ਹੁੰਦਾ ਸੀ। ਭਾਰੇ ਬੰਦੇ ਹਰ ਰੋਜ਼ ਮਸ਼ੀਨ ਨੂੰ ਤਾਂ ਦੁਖੀ ਕਰੀ ਜਾਂਦੇ ਹਨ ਕਿ ਸ਼ਾਇਦ ਅੱਜ ਬਦਨ ਕੁਝ ਹੌਲਾ ਹੋ ਗਿਆ ਹੋਵੇਗਾ, ਪਰ ਤਨ ਹਲਕਾ ਤੇ ਮਨ ਭਾਰਾ ਉਦੋਂ ਹੋ ਹੀ ਜਾਂਦਾ ਹੈ ਜਦੋਂæææ
ਮੈਂ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਵਿਚੋਂ ਸਮਝਦਾ ਹਾਂ ਜਿਹੜੇ ਲੱਖਾਂ ਲੋਕਾਂ ਦੇ ਲੰਮੇ ਸਮੇਂ ਤੋਂ ਦਿੱਤੇ ਪਿਆਰ ਦੀ ਇਕ ਵੀ ਕਿਸ਼ਤ ਮੋੜਨ ਵਿਚ ਸਫਲ ਨਹੀਂ ਹੁੰਦੇ। ਵਾਤਾਵਰਨ ਨੂੰ ਸੰਭਾਲਣ ਤੇ ਸਾਫ-ਸੁਥਰਾ ਰੱਖਣ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲ ਮੁਹੱਬਤ ਦੀਆਂ ਬਾਹਾਂ ਇਸ ਕਰ ਕੇ ਨਹੀਂ ਖੁੱਲ੍ਹਦੀਆਂ ਕਿ ਉਨ੍ਹਾਂ ਨੇ ਇਹਦੇ ਲਈ ਆਪ ਤੇ ਹੱਥੀਂ ਬਹੁਤ ਕੁਝ ਕੀਤਾ ਹੈ, ਸਗੋਂ ਸੁਚੇਤ ਇਨਸਾਨ ਅੰਦਰ ਚਿਣਗ ਇਹ ਵੀ ਫੁੱਟਦੀ ਹੈ ਕਿ ਸਾਨੂੰ ਵੀ ਇੱਦਾਂ ਦਾ ਕੁਝ ਕਰਨਾ ਚਾਹੀਦਾ ਹੈ। ਪਿਛਲੇ ਵਰ੍ਹੇ ਜਦੋਂ ਉਹ ਅਮਰੀਕਾ ਦੇ ਦੌਰੇ ‘ਤੇ ਆਏ ਤਾਂ ਪਹਿਲੀ ਵਾਰ ਕੈਲੀਫੋਰਨੀਆ ਵਿਚ ਸੰਨੀਵੇਲ ਦੇ ਮੰਦਿਰ ਵਿਚ ਉਨ੍ਹਾਂ ਦੇ ਦੀਦਾਰ ਕਰਨ ਦਾ ਅਵਸਰ ਹੀ ਨਹੀਂ ਮਿਲਿਆ, ਸਗੋਂ ਕੁਝ ਕਰਨ ਦੀ ਇੱਛਾ ਵੀ ਸੁਸਤ ਜ਼ਿੰਦਗੀ ਨਾਲ ਹੱਥੋਪਾਈ ਹੋਣ ਲੱਗ ਪਈ; ਹਾਲਾਂਕਿ ਉਨ੍ਹਾਂ ਨਾਲ ਫੋਨ ਜ਼ਰੀਏ ਚਾਰ ਕੁ ਸਾਲ ਪਹਿਲਾਂ ਉਦੋਂ ਵੀ ਹੱਲਾਸ਼ੇਰੀ ਵਾਲੀ ਗੱਲਬਾਤ ਹੋਈ ਸੀ ਜਦੋਂ ਮੈਂ ਤੇ ਭਗਵੰਤ ਮਾਨ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿਚ ਕੈਂਸਰ ਪੀੜਤ ਲੋਕਾਂ ਦੀ ਬਾਂਹ ‘ਚ ਬਾਂਹ ਪਾ ਰਹੇ ਸਾਂ। ਉਦੋਂ ਤੋਂ ਹੀ ਸੁਲਤਾਨਪੁਰ ਲੋਧੀ ਵਿਚ ਜਾਣ ਦੀ ਇੱਛਾ ਦੁਹਾਈਆਂ ਦੇਣ ਲੱਗ ਪਈ ਕਿ ਉਹ ਕੁਝ ਅੱਖੀਂ ਤਾਂ ਦੇਖ ਲਿਆ ਜਾਵੇ ਜਿਸ ਨੂੰ ਵੇਖਣ ਲਈ ਉਤਸ਼ਾਹਿਤ ਹੋ ਕੇ ਕਦੇ ਦੇਸ਼ ਦੇ ਰਾਸ਼ਟਰਪਤੀ ਡਾæ ਏæਪੀæਜੇæ ਅਬਦੁੱਲ ਕਲਾਮ ਪਹੁੰਚੇ ਸਨ। ਸਿਆਣੇ ਕਹਿੰਦੇ ਨੇ ਜਦ ਬੂਰ ਪਵੇ ਤਾਂ ਫਲ ਨੇ ਵੀ ਲੱਗਣਾ ਹੀ ਹੁੰਦਾ ਹੈ, ਤੇ ਸਬੱਬ ਬਣ ਗਿਆ।
ਘਰ ਗਿਆ ਤਾਂ ਯੂਬਾ ਸਿਟੀ ਲਾਗੇ ਮੈਰਿਸਵਿਲ ‘ਚ ਰਹਿੰਦੇ ਤੇਜਿੰਦਰ ਲਾਲੀ ਦਾ ਫੋਨ ਮੇਰੇ ਭਤੀਜੇ ਵਰਿੰਦਰ ਨੂੰ ਆਇਆ, “ਮੈਂ ਵੀ ਇੰਡੀਆ ਆ ਗਿਆ ਹਾਂ, ਤੇਰੇ ਚਾਚੇ ਨੂੰ ਮਾਣ-ਸਨਮਾਨ ਲਈ ਸੱਦਾ ਹੈ।” ਲਾਲੀ ਦਾ ਸ਼ੁਮਾਰ ਉਨ੍ਹਾਂ ਲੋਕਾਂ ਵਿਚ ਹੈ ਜਿਹੜੇ ਮੇਰੀਆਂ ਲਿਖਤਾਂ ਨੂੰ ਜਵਾਨੀ ‘ਚ ਮਹਿਬੂਬਾ ਦੇ ਪ੍ਰੇਮ ਨਾਲੋਂ ਵੀ ਵੱਧ ਤਿਹੁ ਕਰਦੇ ਹਨ। ਲਾਲੀ ਦੇ ਸੱਦੇ ਨੂੰ ਹਾਲਾਂਕਿ ਮੈਂ ਉਨੀ ਗੰਭੀਰਤਾ ਨਾਲ ਨਹੀਂ ਸੀ ਲਿਆ, ਜਿੰਨੇ ਨਿੱਘ ਨਾਲ ਉਨ੍ਹਾਂ ਨੇ ਮੇਰਾ ਸਨਮਾਨ ਕੀਤਾ; ਕਿਉਂਕਿ ਅਸੀਂ ਫੋਨ ਜਾਂ ਰੇਡੀਓ ਚੜ੍ਹਦੀ ਕਲਾ ‘ਤੇ ਹੀ ਕਦੇ-ਕਦਾਈਂ ਗੱਲਬਾਤ ਕਰਦੇ ਸਾਂ। ਲਾਲੀ ਤੇ ਉਸ ਦੇ ਪਰਿਵਾਰ ਤੇ ਮਿੱਤਰਾਂ-ਦੋਸਤਾਂ ਦੇ ਮਨ ਵਿਚ ਮੇਰੇ ਲਈ ਪਿਆਰ ਦੀ ਵੇਲ ਇੰਨੀ ਸੰਘਣੀ ਸੀ, ਇਸ ਦਾ ਅਹਿਸਾਸ ਮੈਨੂੰ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਜਾ ਕੇ ਹੀ ਹੋਇਆ ਸੀ।
ਮਿਥੇ ਸਮੇਂ ਅਤੇ ਦਿਨ ‘ਤੇ ਆਪਣੇ ਸਭ ਤੋਂ ਵੱਡੇ ਫੌਜੀ ਭਰਾ ਸੂਬੇਦਾਰ ਮੇਜਰ ਨਸੀਬ, ਭਤੀਜੇ ਵਰਿੰਦਰ ਅਤੇ ਲੰਬਾ ਸਮਾਂ ਸਾਥੀ ਅਧਿਆਪਕ ਰਹੇ ਪ੍ਰੇਮ ਸਿੰਘ ਸੂਰਾਪੁਰੀ ਨਾਲ ਤੇਜਿੰਦਰ ਲਾਲੀ ਦੇ ਘਰ ਪਹੁੰਚ ਗਏ। ਮੇਰੇ ਵਿਭਾਗੀ ਅਧਿਆਪਕਾਂ, ਮੇਰੀਆਂ ਲਿਖਤਾਂ ਪੜ੍ਹਨ ਵਾਲੇ ਦਰਜਨ ਦੇ ਕਰੀਬ ਮਿੱਤਰਾਂ, ਲਾਲੀ ਦੇ ਪਿਤਾ ਅਵਤਾਰ ਸਿੰਘ ਹੋਰਾਂ ਨਿੱਘਾ ਮੋਹ ਦਿੱਤਾ, ਤੇ ਫਿਰ ਪਰਿਵਾਰ ਨਾਲ ਜਾਣ-ਪਛਾਣ ਤੋਂ ਬਾਅਦ ਚਾਹ ਦੀਆਂ ਘੁੱਟਾਂ ਦੇ ਵਕਫੇ ਵਿਚ ਹੀ ਲਾਲੀ ਨੇ ਨਵੇਂ ਮਿਲੇ ਮਿੱਤਰਾਂ ਨੂੰ ਮੇਰੀ ਕੈਲੀਫੋਰਨੀਆ ਵਿਚ ਸਾਹਿਤਕ ਕਾਰਜਸ਼ੈਲੀ ਬਾਰੇ ਦੱਸਿਆ।
ਉਂਜ ਇਥੇ ਅਜਬ ਕਹਾਣੀ ਹੋ ਗਈ ਸੀ। ਆਮ ਤੌਰ ‘ਤੇ ਸਿਆਸਤਦਾਨਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਜਦੋਂ ਅਸੀਂ ਗੁਰਦੁਆਰਾ ਬੇਰ ਸਾਹਿਬ ਪੁੱਜੇ ਤਾਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ ਪਹਿਲਾਂ ਹੀ ਹਾਜ਼ਰ ਸਨ। ਕੁਝ ਜਥੇਦਾਰ ਵੀ ਗੁਰੂਘਰ ਦੇ ਦਫ਼ਤਰੀ ਕੰਪਲੈਕਸ ਵਿਚ ਉਨ੍ਹਾਂ ਨਾਲ ਮੌਜੂਦ ਸਨ। ਕੁਝ ਲੋਕਾਂ ਲਈ ਮੇਰਾ ਨਾਂ ਭਾਵੇਂ ਨਵਾਂ ਸੀ, ਪਰ ਬੀਬੀ ਜੀ ਮੇਰੀਆਂ ਲਿਖਤਾਂ ਜ਼ਰੀਏ ਮੈਨੂੰ ਜਾਣਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੱਤਰਕਾਰ ਹੋਣ ਦੇ ਨਾਤੇ ਮੈਂ ਅਕਾਲੀ ਸਰਕਾਰ ਦੇ ਆਲੋਚਕਾਂ ਵਿਚ ਰਿਹਾ ਹਾਂ, ਪਰ ਉਥੇ ਹਾਜ਼ਰ ਬਹੁਤੇ ਲੋਕ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਤਾਅਲੁਕ ਰੱਖਣ ਵਾਲੇ ਹੀ ਸਨ।
ਤੇਜਿੰਦਰ ਲਾਲੀ ਦੇ ਮਾਣ ਤੋਂ ਵੀ ਵੱਡੀ ਗੱਲ ਬੀਬੀ ਉਪਿੰਦਰਜੀਤ ਕੌਰ ਵੱਲੋਂ ਮੇਰੇ ਜਾਂ ਮੇਰੀ ਲਿਖਣਸ਼ੈਲੀ ਬਾਰੇ ਆਖੇ ਸ਼ਬਦ ਸਨ। ਤਾਰੀਫ ਵਿਚ ਗੜੁੱਚ। ਆਪਣਾ ਢਿੱਡ ਆਪ ਵਜਾਉਣ ਵਾਲੀ ਗੱਲ ਨਹੀਂ ਪਰ ਮੈਂ ਇਸ ਗੱਲ ਨੂੰ ਤਸਦੀਕ ਹੋਣਾ ਮੰਨ ਰਿਹਾ ਸਾਂ ਕਿ ਚਲੋ ਲਿਖਣ ਕਰ ਕੇ ਕੋਈ ਪੈਸਾ-ਧੇਲਾ ਨਾ ਵੀ ਮਿਲਿਆ ਹੋਵੇ, ਪਰ ਜੋ ਮੈਂ ਹਾਸਲ ਕਰਨ ਵਿਚ ਸਫਲ ਹੋਇਆ ਹਾਂ, ਉਹ ਪੈਸੇ ਵਾਲਿਆਂ ਨੂੰ ਵੀ ਨਸੀਬ ਨਹੀਂ ਹੁੰਦਾ। ਜਦੋਂ ਮੈਂ ਆਪਣੀ ਤਕਰੀਰ ਦੀ ਬੋਲਣ ਸ਼ੈਲੀ ਵਿਚ ‘ਗੱਲੀਂ-ਬਾਤੀਂ’ ਤੇ ‘ਨੈਣ-ਨਕਸ਼’ ਪੁਸਤਕਾਂ ਵਿਚੋਂ ਕੁਝ ਘਟਨਾਵਾਂ ਦਾ ਖੁਲਾਸਾ ਕੀਤਾ ਤਾਂ ਜਿਸ ਸ਼੍ਰੋਮਣੀ ਕਮੇਟੀ ਦੀ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਚਲੀਆਂ ਵਿਦਿਅਕ ਸੰਸਥਾਵਾਂ ਦੀ ਮੁਖੀ ਬੀਬੀ ਗੁਰਪ੍ਰੀਤ ਕੌਰ ਰੂਹੀ ਲਈ ਮੈਂ ਕੁਝ ਸਮਾਂ ਪਹਿਲਾਂ ਅਜਨਬੀ ਸਾਂ, ਉਨ੍ਹਾਂ ਆਪਣੇ ਅਤੇ ਆਪਣੇ ਕਾਲਜਾਂ ਲਈ ਇਨ੍ਹਾਂ ਪੁਸਤਕਾਂ ਦੀ ਪ੍ਰਾਪਤੀ ਲਈ ਕਿਹਾ। ਨਾਲ ਹੀ ਸਥਾਨਕ ਕਾਲਜ ਵਿਚ ਕੁਝ ਦਿਨਾਂ ਪਿਛੋਂ ਹੋਣ ਵਾਲੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਆਪਣੇ ਸੁਭਾਅ ਮੁਤਾਬਿਕ ਜਦੋਂ ਮੈਂ ਸਭ ਤੋਂ ਪਹਿਲਾਂ ‘ਗੱਲੀਂ-ਬਾਤੀਂ’ ਤੇ ‘ਨੈਣ-ਨਕਸ਼’ ਦਾ ਸੈਟ ਭੇਟ ਕੀਤਾ ਤਾਂ ਇਹ ਵੀ ਆਖਿਆ, “ਬੀਬੀ ਜੀ, ਖਿਮਾ ਚਾਹਾਂਗਾæææਪੁਸਤਕ ਵਿਚ ਕਿਤੇ-ਕਿਤੇ ਅਕਾਲੀ ਦਲ ਤੇ ਬਾਦਲਾਂ ਸਮੇਤ ਕਾਂਗਰਸ ‘ਤੇ ਵੀ ਚੋਭਾਂ ਹਨ।” ਕਮਾਲ ਇਹ ਸੀ ਆਪਣੀ ਵਿਦਵਤਾ ਕਰ ਕੇ ਸਤਿਕਾਰੇ ਜਾਂਦੇ ਬੀਬੀ ਉਪਿੰਦਰਜੀਤ ਕੌਰ ਨੇ ਮੁਸਕਰਾ ਕੇ ਇੰਨਾ ਹੀ ਕਿਹਾ, “ਇੱਦਾਂ ਤਾਂ ਹੋਣਾ ਵੀ ਚਾਹੀਦਾ ਹੈ।”
ਮੇਰੇ ਸਾਥੀ ਅਧਿਆਪਕ ਪ੍ਰੇਮ ਸਿੰਘ ਨੇ ਮੇਰੇ ਕੰਨ ਵਿਚ ਕਿਹਾ, “ਤੇਰਾ ਨੌਕਰੀ ਵਾਲਾ ਪੈਨਸ਼ਨ ਕੇਸ ਲਟਕਿਆ ਹੋਇਆ, ਸਿੱਖਿਆ ਮਹਿਕਮਾ ਬੀਬੀ ਕੋਲ ਰਿਹਾ ਹੈ, ਇਹ ਵੀ ਕਰਵਾ ਲੈ ਕੰਮ।”
ਉਹਦਾ ਭਰਮ ਲਾਂਭੇ ਕਰਦਿਆਂ ਮੈਂ ਦੱਸਿਆ, “ਪ੍ਰੇਮ ਸਿਹਾਂ, ਜੇ ਬੀਬੀ ਨੂੰ ਪਤਾ ਲੱਗ ਗਿਆ ਕਿ ਮੈਂ ਅਧਿਆਪਕ ਰਿਹਾ ਹਾਂ, ਮਿੱਤਰਾ ਜੇ ਪਜਾਮੇ ਦਾ ਕਛਹਿਰਾ ਨਾ ਬਣ ਗਿਆ ਤਾਂ ਆਖੀਂ! ਕਿਉਂਕਿ ਇਹ ਸਾਰਾ ਕੁਝ ਮੇਰੀਆਂ ਲਿਖਤਾਂ ਕਰ ਕੇ ਹੈ, ‘ਮਾਹਟਰੀ’ ਕਰ ਕੇ ਨਹੀਂ।”
ਖ਼ੈਰ! ਜਿੰਨੇ ਵੀ ਲੋਕਾਂ ਨੇ ਮੇਰੇ ਮਾਣ ਵਿਚ ਜਿੰਨੇ ਵੀ ਸ਼ਬਦ ਕਹੇ, ਉਹ ਮੇਰੇ ਸਤਿਕਾਰ ਦੇ ਚੇਤਿਆਂ ਵਿਚ ਵਸੇ ਰਹਿਣਗੇ। ਤੇਜਿੰਦਰ ਸਿੰਘ ਲਾਲੀ ਦੇ ਪਰਿਵਾਰ ਦੀ ਇਸ ਕਾਰਜ ਵਿਚ ਭੂਮਿਕਾ ਕਦੇ ਮਨਫੀ ਨਹੀਂ ਹੋਵੇਗੀ।
ਬੀਬੀ ਵੱਲੋਂ ਮੇਰੇ ਵੱਡੇ ਭਰਾ ਮਾਸਟਰ ਪ੍ਰੇਮ ਸਿੰਘ ਸਮੇਤ ਸਾਡਾ ਸਾਰਿਆਂ ਦਾ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਵੱਲੋਂ ਸਾਰਿਆਂ ਨੂੰ ਸਿਰੋਪਾਓ ਵੀ ਬਖ਼ਸ਼ਿਸ਼ ਕੀਤੇ ਗਏ।
ਅਗਲਾ ਪ੍ਰੋਗਰਾਮ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਰਸ਼ਨ ਕਰਨ ਦਾ ਸੀ ਪਰ ਉਹ ਵਿਦੇਸ਼ ਗਏ ਹੋਏ ਸਨ। ਉਂਜ, ਮਨ ਵਿਚ ਇਹ ਇੱਛਾ ਪ੍ਰਬਲ ਸੀ ਕਿ ਉਹ ਪਵਿੱਤਰ ਜਗ੍ਹਾ ਵੇਖੀ ਜਾਵੇ ਜਿਸ ਦੀ ਹਰ ਪਾਸੇ ਗੱਲ ਤੁਰਨ ਕਰ ਕੇ ਤਤਕਾਲੀਨ ਰਾਸ਼ਟਰਪਤੀ ਡਾæ ਅਬਦੁੱਲ ਕਲਾਮ ਅਤੇ ਦੇਸ਼ ਦਾ ਸਮੁੱਚਾ ਮੀਡੀਆ ਇਕ ਵਾਰ ਤਾਂ ਉਚੇਚ ਨਾਲ ਪਹੁੰਚਿਆ ਸੀ। ਗੁਰਮੇਲ ਸਿੰਘ ਚੀਨੀਆ ਯੂæਐਸ਼ਏæ, ਪ੍ਰੋæ ਅਮਰੀਕ ਸਿੰਘ ਨੱਢਾ, ਤੇਜਵੰਤ ਸਿੰਘ, ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਅਵਤਾਰ ਸਿੰਘ ਅਮਰੀਕਾ, ਸੰਤੋਖ ਸਿੰਘ ਪੱਚਾ, ਇੰਜੀਨੀਅਰ ਪ੍ਰਤਾਪ ਸਿੰਘ ਮੋਮੀ, ਜਸਵਿੰਦਰ ਸਿੰਘ ਇਟਲੀ, ਦਿਨੇਸ਼ ਕੁਮਾਰ ਧੀਰ, ਸੁਖਵਿੰਦਰ ਸਿੰਘ, ਸਤਪਾਲ ਮਦਾਨ, ਦਰਬਾਰਾ ਸਿੰਘ ਵਿਰਦੀ, ਸੰਤਪ੍ਰੀਤ ਸਿੰਘ, ਰਿਪਨਜੀਤ ਸਿੰਘ, ਸਰਵਣ ਸਿੰਘ, ਗੁਰਜਾਪ ਸਿੰਘ ਤੇ ਤੇਜਿੰਦਰ ਲਾਲੀ ਦੇ ਕਾਫਲੇ ਸੰਗ ਅਸੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਉਸ ਵੇਈਂ ਦੇ ਦਰਸ਼ਨ ਕੀਤੇ ਜਿਸ ਦੀ ਸਫਾਈ, ਹੁਣ ਅਨੋਖੀ ਦਿੱਖ ਤੇ ਸਾਂਭ-ਸੰਭਾਲ ਕਰ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਤਿਕਾਰ ਨਾਲ ਗਗਨ-ਚੁੰਬਕੀ ਕੱਦ ਬਣਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਸੰਤ ਸੁਖਜੀਤ ਸਿੰਘ ਨੂੰ ਮਿਲੇ ਜੋ ਪੇਸ਼ੇ ਵਜੋਂ ਇੰਜੀਨੀਅਰ ਸਨ ਤੇ ਹੁਣ ਭਗਵੇਂ ਵਿਚ ਆ ਕੇ ਸਾਰਾ ਕੁਝ ਤਿਆਗ ਦਿੱਤਾ ਹੈ। ਉਹ ਉਸ ਮਿਸ਼ਨ ਵਿਚ ਸ਼ਾਮਲ ਹਨ ਜੋ ਵਾਤਾਵਰਨ ਦੀ ਸੰਭਾਲ ਲਈ ਕੁੱਲ ਪੰਜਾਬੀਆਂ ਵਾਸਤੇ ਮਾਰਗ ਦਰਸ਼ਨ ਬਣ ਗਿਆ ਹੈ।
ਅਸਲ ਵਿਚ ਇਤਿਹਾਸਕ ਬੇਈਂ ਕਿਨਾਰੇ ਕੁਟੀਆ ਵਰਗੀ ਥਾਂ ਅਤੇ ਸ਼ਾਂਤ ਮਾਹੌਲ ਵੇਖਿਆ ਜਾਂ ਅਨੁਭਵ ਹੀ ਕੀਤਾ ਜਾ ਸਕਦਾ ਹੈ। ਵੇਈਂ ਕਿਨਾਰੇ ਬਣੀ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਪ੍ਰਦਰਸ਼ਿਤ ਤਸਵੀਰਾਂ ਦਾ ਅਜਿਹਾ ਸਲੀਕਾ ਹੈ ਜੋ ਹਰ ਇਨਸਾਨ ਨੂੰ ਸ਼ਰਧਾ ਦੇ ਨਾਲ-ਨਾਲ ਜ਼ਿੰਦਗੀ ਵਿਚ ਕੁਝ ਕਰਨ ਲਈ ਪ੍ਰੇਰਦਾ ਹੈ। ਇਨ੍ਹਾਂ ਤਸਵੀਰਾਂ ਵਿਚ ਸੰਤ ਸੀਚੇਵਾਲ ਵੱਲੋਂ ਕੀਤੀ ਕਾਰ ਸੇਵਾ ਤੋਂ ਪਹਿਲਾਂ ਵਾਲਾ ਘਾਹ-ਫੂਸ, ਨੜੇ ਤੇ ਸਰਵਾੜ ਦਾ ਉਜਾੜ ਵਰਗਾ ਖਿਲਾਰਾ ਦਿਸਦਾ ਹੈ, ਹਿੰਦੁਸਤਾਨ ਦੇ ਰਾਸ਼ਟਰਪਤੀ ਸਮੇਤ ਇਸ ਸਥਾਨ ਨੂੰ ਵੇਖਣ ਪੁੱਜੀਆਂ ਹਸਤੀਆਂ ਦੀਆਂ ਤਸਵੀਰਾਂ ਵੀ ਹਨ ਅਤੇ ਕੌਮਾਂਤਰੀ ਪ੍ਰਿੰਟ ਮੀਡੀਆ ਵੱਲੋਂ ਕੀਤੀ ਕਵਰੇਜ ਵੀ ਇਨ੍ਹਾਂ ਵਿਚ ਸ਼ਾਮਲ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਜੀ ਇਕੱਲੀ-ਇਕੱਲੀ ਤਸਵੀਰ ਧਿਆਨ ਮੰਗਦੀ ਹੈ। ਹੇਠਾਂ ਉਤਰ ਨੇ ਟਿੰਡਾਂ ਵਾਲੇ ਖੂਹ ਦਾ ਇਤਿਹਾਸ ਅਤੇ ਵਿਰਾਸਤ ਸੰਭਾਲੀ ਗਈ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਥਾਂ ਤੋਂ ਪ੍ਰਸ਼ਾਦ ਵੀ ਫਲਦਾਰ ਤੇ ਛਾਂਦਾਰ ਬੂਟਿਆਂ ਦਾ ਦਿੱਤਾ ਜਾਂਦਾ ਹੈ। ਵਾਤਾਵਰਨ ਦੀ ਸੰਭਾਲ ਵਿਚ ਲੱਗੇ ਲੋਕ, ਸੰਸਥਾਵਾਂ ਜਾਂ ਪਿੰਡ ਜਿੰਨਾ ਪ੍ਰਸ਼ਾਦ ਲੈਣਾ ਚਾਹੁਣ, ਲੈ ਸਕਦੇ ਹਨ; ਕਿਉਂਕਿ ਉਥੇ ਬਹੁਤ ਵੱਡੀ ਨਰਸਰੀ ਦੀ ਵਿਵਸਥਾ ਕੀਤੀ ਗਈ ਹੈ। ਉਹ ਮੰਚ ਜਿਸ ਤੋਂ ਰਾਸ਼ਟਰਪਤੀ ਨੇ ਸੰਬੋਧਨ ਕਰਨਾ ਸੀ, ਤੇ ਉਚੇਚੇ ਤੌਰ ‘ਤੇ ਤਿਆਰ ਕੀਤਾ ਗਿਆ ਸੀ, ਵੀ ਹੁਣ ਯਾਦਗਾਰ ਬਣ ਗਿਆ ਹੈ। ਜਾਮਣਾਂ ਦੇ ਦਰਖਤ ਬੇਈਂ ਕਿਨਾਰੇ ਹੀ ਵੱਡੀ ਗਿਣਤੀ ਵਿਚ ਨਹੀਂ ਲਗਾਏ, ਸਗੋਂ ਪੂਰੇ ਸ਼ਹਿਰ ਵਿਚ ਇੰਨੀ ਗਿਣਤੀ ਹੈ ਕਿ ਕੁਝ ਵਰ੍ਹੇ ਪਹਿਲਾਂ ਉਥੋਂ ਦੇ ਲੋਕ ਜਾਮਣਾਂ ਖਰੀਦ ਕੇ ਖਾਂਦੇ ਸਨ, ਹੁਣ ਜਾਂ ਤਾਂ ਆਪਣੇ ਸਾਕੇ-ਸਬੰਧੀਆਂ ਨੂੰ ਭੇਜਦੇ ਹਨ ਜਾਂ ਉਹ ਉਥੇ ਪੁੱਜਦੇ ਹਨ।
ਸੰਤ ਸੁਖਜੀਤ ਸਿੰਘ ਨੇ ਇਸ ਸਥਾਨ ‘ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ ਦਾ ਦਸਤਾਵੇਜ਼ੀ ਸਾਹਿਤ ਵੀ ਸਾਨੂੰ ਭੇਂਟ ਕੀਤਾ। ਮੇਰੀ ਇਸ ਲਿਖਤ ਦਾ ਮੁੱਲ ਜ਼ਰੂਰ ਪੈ ਸਕੇਗਾ, ਜੇ ਕੋਈ ਸੁਲਤਾਨਪੁਰ ਲੋਧੀ ਨਹੀਂ ਗਿਆ, ਤੇ ਹੁਣ ਪੜ੍ਹ ਕੇ ਜਾ ਆਵੇ; ਕਿਉਂਕਿ ਕੁਝ ਕਾਰਜਾਂ ਤੇ ਸਥਾਨਾਂ ਦੀ ਵਿਆਖਿਆ ਕੀਤੀ ਨਹੀਂ ਜਾ ਸਕਦੀ।
ਮਾਣ ਨਾਲ ਹੀ ਇਹ ਸਤਰ ਵੀ ਲਿਖ ਰਿਹਾ ਹਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਦੇ ਯਤਨਾਂ ਨਾਲ ਕਾਲਜ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ ਕੁਲਪਤੀ ਦੇ ਹੱਥੋਂ ਕੁਝ ਦਿਨਾਂ ਦੇ ਵਕਫੇ ਪਿੱਛੋਂ ਇਕ ਵਾਰ ਫਿਰ ਇਸ ਨਗਰ ਨੇ ਸਤਿਕਾਰ ਨਾਲ ਝੋਲੀ ਨਹੀਂ, ਰੂਹ ਭਰ ਦਿੱਤੀ ਸੀ।
Leave a Reply