ਕਾਨਾ ਸਿੰਘ ਦੇ ਚਿੱਤ-ਚੇਤੇ ਵਿਚੋਂ ਐਤਕੀਂ ਛਾਪੇ ਜਾ ਰਹੇ ਲੇਖ ‘ਲਿਹਾਜ਼ੀ’ ਦਾ ਰੰਗ ਨਿਵੇਕਲਾ ਅਤੇ ਨਿਆਰਾ ਹੈ। ਵੰਡਾਰੇ ਦੌਰਾਨ ਪਾਕਿਸਤਾਨ ਤੋਂ ਉਜੜ ਕੇ ਆਇਆ ਪਰਿਵਾਰ ਦਿੱਲੀ ਵਿਚ ਹੌਲੀ-ਹੌਲੀ ਆਪਣੀਆਂ ਜੜ੍ਹਾਂ ਲਾ ਰਿਹਾ ਹੈ। ਕਾਨਾ ਸਿੰਘ ਵੀ ਇਸ ਅਮਲ ਲਈ ਅਹੁਲ ਰਹੀ ਹੈ, ਆਪਣੇ ਘਰਦਿਆਂ ਦੇ ਐਨ ਨਾਲ-ਨਾਲ ਹੋਣ ਦੇ ਬਾਵਜੂਦ ਐਨ ਵੱਖਰੀ। ਅਸਲ ਵਿਚ ਉਹ ਆਪਣੇ ਬਲਬੂਤੇ ਆਪਣੇ ਪੈਰਾਂ ‘ਤੇ ਖੜ੍ਹਨਾ ਲੋਚਦੀ ਹੈ। ਆਪਣੀ ਇਹ ਕਹਾਣੀ ਸੁਣਾਉਣ ਲਈ ਕਾਨਾ ਸਿੰਘ ਨੇ ਕਈ ਨਿੱਕੀਆਂ-ਨਿੱਕੀਆਂ ਕਹਾਣੀਆਂ ਦੀਆਂ ਲੜੀਆਂ ਜੋੜੀਆਂ ਹਨ। ਆਪਣੀਆਂ ਰਚਨਾਵਾਂ ਵਿਚ ਉਹ ਇਸੇ ਤਰ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ-ਕਰਦੀ ਰਸਦਾਰ, ਸੁਘੜ, ਚੁਸਤ ਲਿਖਤ ਸਿਰਜ ਦਿੰਦੀ ਹੈ। ‘ਲਿਹਾਜ਼ੀ’ ਇਸ ਦੀ ਉਮਦਾ ਮਿਸਾਲ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਗਿਆਨੀ ਦੀ ਪੜ੍ਹਾਈ ਦੌਰਾਨ ਕੁਝ ਅਜਿਹੀਆਂ ਜਮਾਤਣਾਂ ਨਾਲ ਮੇਲ ਹੋਇਆ ਜੋ ਮੇਰੇ ਵਾਂਗ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਪਰਿਵਾਰਾਂ ਵਿਚੋਂ ਸਨ ਤੇ ਰੋਜ਼ੀ ਰੋਟੀ ਕਮਾਣ ਦੀ ਜਦੋ-ਜਹਿਦ ਵਿਚ ਹੱਥ ਪੈਰ ਮਾਰ ਰਹੀਆਂ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕੇ ਮੈਂ ਵੀ ਟੀਚਰ ਟਰੇਨਿੰਗ ਕਰਨ ਦਾ ਮਨ ਬਣਾ ਲਿਆ।
ਨਵੀਂ-ਨਵੀਂ ਹੀ ਸ਼ੁਰੂ ਹੋਈ ਤੇ ਮਾਨਤਾ ਪ੍ਰਾਪਤ ਐਚæਐਡæ, ਯਾਨਿ ਹੈਪੀ ਟੀਚਰਜ਼ ਟ੍ਰੇਨਿੰਗ ਅੰਗਰੇਜ਼ੀ ਅਤੇ ਹਿੰਦੀ, ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੀਆਂ ਨਰਸਰੀ ਅਤੇ ਪ੍ਰਾਇਮਰੀ ਜਮਾਤਾਂ ਨੂੰ ਆਧੁਨਿਕ ਪ੍ਰਣਾਲੀ ਅਨੁਸਾਰ ਪੜ੍ਹਾਉਣ ਵਜੋਂ ਡਾਇਰੈਕਟਰ ਸ੍ਰੀ ਪਦਮਚੰਦ ਜੈਨ ਵਲੋਂ ਕਾਇਮ ਕੀਤੀ ਗਈ ਸੀ। ਇਸ ਦੀਆਂ ਵਿਦਿਆਰਥਣਾਂ ਜ਼ਿਆਦਾ ਕਰ ਕੇ ਚੰਗੇ ਖਾਂਦੇ-ਪੀਂਦੇ ਘਰਾਂ ਦੀਆਂ ਹੁੰਦੀਆਂ। ਛੇ ਮਹੀਨਿਆਂ ਦੀ ਨਵੀਂ-ਨਵੀਂ ਟ੍ਰੇਨਿੰਗ, ਨਵੇਂ-ਨਵੇਂ ਸਾਧਨ, ਨਵੇਂ ਪ੍ਰਯੋਗ ਤੇ ਨਵਾਂ-ਨਵਾਂ ਹੀ ਜੋਸ਼! ਲਿਖਿਤ ਇਮਤਿਹਾਨ ਅਤੇ ਇੰਟਰਵਿਊ ਵਿਚੋਂ ਲੰਘ ਕੇ ਮੈਂ ਟ੍ਰੇਨਿੰਗ ਕਰਨ ਲੱਗੀ। ਸ਼ਾਹਦਰੇ ਤੋਂ ਦਿੱਲੀ ਰੇਲ ਗੱਡੀ ‘ਤੇ ਜਾਂਦੀ, ਤੇ ਫਿਰ ਸਟੇਸ਼ਨ ਤੋਂ ਦਰਿਆਗੰਜ, ਪੈਦਲ।
ਸ਼ਾਹਦਰਾ ਉਦੋਂ ਦਿੱਲੀ ਦੀ ਜਮੁਨਾਪਾਰ ਦੀ ਪਛੜੀ ਜਿਹੀ ਬਸਤੀ ਸੀ। ਬਹੁ-ਗਿਣਤੀ ਮੁਸਲਮਾਨ ਆਬਾਦੀ ਦੇ ਕੂਚ ਕਰ ਜਾਣ ਕਰ ਕੇ ਉਜੜ ਵੀ ਚੁੱਕੀ ਸੀ ਜਿਸ ਨੂੰ ਪੱਛਮੀ ਪੰਜਾਬ ਤੋਂ ਪਰਵਾਸ ਕਰ ਕੇ ਆਏ ਅਸਾਂ ਲੋਕਾਂ ਨੇ ਹੀ ਮੁੜ ਆਬਾਦ ਕੀਤਾ ਸੀ। ਮੇਰੇ ਪਿਤਾ ਜੀ ਦੇ ਨਾਲ ਕੁਝ ਉਦਮੀ ਮਿੱਤਰਾਂ ਨੇ ਮਿਲ ਕੇ ਗਾਂਧੀ ਮੈਮੋਰੀਅਲ ਮਿਡਲ ਸਕੂਲ ਅਰੰਭ ਕੀਤਾ। ਇਸ ਤੋਂ ਪਹਿਲਾਂ ਸ਼ਾਹਦਰੇ ਵਿਚ ਕੇਵਲ ਇਕ ਪ੍ਰਾਇਮਰੀ ਸਕੂਲ ਸੀ, ਤੇ ਉਹ ਵੀ ਮੁੰਡਿਆਂ ਲਈ ਹੀ। ਪਹਿਲੇ ਤਿੰਨ ਚਾਰ ਸਾਲ ਤਾਂ ਸਾਰੇ ਮਿੱਤਰ ਮੈਂਬਰ ਸਰਗਰਮ ਰਹੇ, ਫਿਰ ਕਿਸੇ ਦੀ ਬਦਲੀ ਹੋ ਗਈ, ਕੋਈ ਵਿਦੇਸ਼ ਕੂਚ ਕਰ ਗਿਆ। ਬੰਗਲਾਦੇਸ਼ (ਉਦੋਂ ਪੂਰਬੀ ਪਾਕਿਸਤਾਨ) ਤੋਂ ਆਏ ਸ੍ਰੀਮਾਨ ਮੁਖਰਜੀ ਨੇ ਆਪਣੀ ਹਿੰਮਤ ਨਾਲ ਮੁੰਡਿਆਂ ਲਈ ਮੁਖਰਜੀ ਹਾਈ ਸਕੂਲ ਖੋਲ੍ਹ ਕੇ ਮਨਜ਼ੂਰਸ਼ੁਦਾ ਵੀ ਕਰਾ ਲਿਆ।
ਹੁਣ ਗਾਂਧੀ ਮੈਮੋਰੀਅਲ ਸਕੂਲ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੇ ਪਿਤਾ ਜੀ ਦੇ ਸਿਰ ‘ਤੇ ਹੀ ਪੈ ਗਈ। ਆਬਾਦੀ ਵਧਣ ਨਾਲ ਹੋਰ ਨਗਰ ਪਾਲਿਕਾ ਦੇ ਅਤੇ ਸਰਕਾਰੀ ਸਕੂਲ ਵੀ ਖੁੱਲ੍ਹ ਗਏ। ਨਵੀਨ ਸ਼ਾਹਦਰਾ ਵੀ ਉਸਰਨ ਲੱਗਾ। ਗਾਂਧੀ ਮੈਮੋਰੀਅਲ ਮਿਡਲ ਸਕੂਲ ਨਿਮਨ-ਸ਼੍ਰੇਣੀ ਅਤੇ ਦਲਿਤ ਪਰਿਵਾਰਾਂ ਦੇ ਮੁੰਡੇ-ਕੁੜੀਆਂ ਦੀ ਇਕਮਾਤਰ ਪਾਠਸ਼ਾਲਾ ਵਜੋਂ ਚਲਦਾ ਰਿਹਾ।
ਸੰਨ ਉਨੀ ਸੌ ਚੁਰੰਜਾ ਦਾ ਪਿਛਲੇਰਾ ਅੱਧ।
ਇਧਰ ਮੇਰੀ ਟ੍ਰੇਨਿੰਗ ਸ਼ੁਰੂ ਹੋਈ, ਤੇ ਉਧਰ ਸਕੂਲ ਦੀ ਮੁੱਖ ਅਧਿਆਪਕਾ ਇੰਦਰ ਕੌਰ ਨੇ ਅਸਤੀਫ਼ਾ ਦੇ ਦਿੱਤਾ। ਉਸ ਮੁੰਬਈ ਚਲੇ ਜਾਣਾ ਸੀ ਆਪਣੇ ਪੁੱਤਰ ਕੋਲ, ਹਮੇਸ਼ਾ ਲਈ। ਦਰਅਸਲ, ਭਾਪਾ ਜੀ ਅਕਸਰ ਵਿਧਵਾਵਾਂ ਜਾਂ ਲੋੜਵੰਦ ਇਸਤਰੀਆਂ ਨੂੰ ਹੀ ਨਿਯੁਕਤ ਕਰਦੇ ਸਨ ਅਤੇ ਨਾਲੋ-ਨਾਲ ਉਨ੍ਹਾਂ ਨੂੰ ਟੀਚਰ ਟ੍ਰੇਨਿੰਗ ਕਰ ਲੈਣ ਲਈ ਵੀ ਉਤਸ਼ਾਹਿਤ ਕਰਦੇ। ਜਦੋਂ ਕੋਈ ਅਧਿਆਪਕਾ ਟ੍ਰੇਨਿੰਗ ਕਰ ਲੈਣ ਮਗਰੋਂ ਸਰਕਾਰੀ ਸਕੂਲ ਵਿਚ ਉਸਤਾਨੀ ਲੱਗ ਜਾਂਦੀ ਤਾਂ ਖਾਲੀ ਆਸਾਮੀ ਕਿਸੇ ਹੋਰ ਲੋੜਵੰਦ ਨਾਲ ਭਰ ਲਈ ਜਾਂਦੀ।
ਭਾਪਾ ਜੀ ਸਵੇਰ ਦੀ ਗੱਡੀ ਉਤੇ ਦਿੱਲੀ ਜਾਂਦੇ ਤੇ ਫਿਰ ਉਥੋਂ ਬੱਸ ਰਾਹੀਂ ਭੋਗਲ ਪੈਟਰੋਲ ਪੰਪ ਦੀ ਨੌਕਰੀ ‘ਤੇ। ਵਕਤ ਪਾ ਕੇ ਇਸ ਪੰਪ ਵਿਚ ਉਨ੍ਹਾਂ ਦੀ ਭਾਈਵਾਲੀ ਵੀ ਹੋ ਗਈ, ਪੰਝੀ ਪ੍ਰਤੀਸ਼ਤ ਦੇ ਹਿਸਾਬ ਨਾਲ; ਜੋ ਆਉਂਦੇ ਵੀਹ ਸਾਲਾਂ ਦੇ ਵਕਫ਼ੇ ਵਿਚ ਵਧਦੀ-ਵਧਦੀ ਖੁਦ-ਮੁਖ਼ਤਿਆਰੀ ਵੀ ਹੋ ਗਈ।
ਆਪਣੇ ਸੀਮਿਤ ਸਾਧਨਾਂ ਅਤੇ ਵੱਡੀ ਟੱਬਰਦਾਰੀ ਦੇ ਬਾਵਜੂਦ ਭਾਪਾ ਜੀ ਸਕੂਲ ਚਲਾਉਂਦੇ ਰਹੇ, ਗੱਡੀਉਂ ਚੜ੍ਹਦੇ-ਲਹਿੰਦੇ ਕਦੇ ਮੋਢਿਆਂ ਉਤੇ ਟਾਟ-ਪੱਟੀਆਂ ਦੇ ਬੰਡਲ ਢੋਂਦੇ ਤੇ ਕਦੇ ਹੱਥਾਂ ਵਿਚ ਬਲੈਕ-ਬੋਰਡ ਅਤੇ ਰਜਿਸਟਰਾਂ ਦੇ ਥੱਬਿਆਂ ਨਾਲ।
ਵੰਡ ਮਗਰੋਂ ਭਾਪਾ ਜੀ ਸਰਗਰਮ ਕਾਂਗਰਸੀ ਨਹੀਂ ਸਨ ਰਹੇ। ਨਾ ਹੀ ਕਦੇ ਕੋਈ ਚੋਣਾਂ ਲੜੇ ਪਰ ਸ਼ਾਹਦਰੇ ਦੀਆਂ ਕਾਂਗਰਸੀ, ਅਕਾਲੀ ਅਤੇ ਜਨਸੰਘੀ ਧਿਰਾਂ ਦੇ ਨੁਮਾਇੰਦੇ ਅਕਸਰ ਹੀ ਸਾਡੇ ਘਰ ਆ ਧਮਕਦੇ, ਆਪਸ ਵਿਚ ਬਹੁੰਸ਼ਦੇ ਤੇ ਭਾਪਾ ਜੀ ਸ਼ਾਂਤ-ਅਡੋਲ ਸਭ ਨੂੰ ਸੁਣਦੇ, ਪੋਲੇ ਜਿਹੇ ਕੁਝ ਕੁ ਸ਼ਬਦਾਂ ਵਿਚ ਆਪਣੀ ਰਾਇ ਦਿੰਦੇ ਜੋ ਸਭ ਨੂੰ ਪਰਵਾਨ ਹੁੰਦੀ। ਮੈਂ ਇਸ ਸਭ ਨੂੰ ਅੱਧ-ਪਚੱਧਾ ਹੀ ਸਮਝਦੀ। ਆਪਣੇ ਭਾਪਾ ਜੀ ਦੀ ਸਿਆਣਪ ਉਤੇ ਫ਼ਖ਼ਰ ਕਰਦੀ। ਮੇਰੇ ਚੇਤੇ ਦੀ ਤਖ਼ਤੀ ਉਪਰ ਉਕਰੇ ਇਹ ਕੁਝ ਅਮਿੱਟ ਪ੍ਰਭਾਵ ਹਨ।
ਇਹ ਵੀ ਅਕਸਰ ਸੁਣਨ ਵਿਚ ਆਉਂਦਾ ਕਿ ਲੀਡਰ ਸਾਹਿਬ (ਲੀਡਰ ਮੇਰੇ ਭਾਪਾ ਜੀ ਦੀ ਅੱਲ ਸੀ, ਗੁਜਰਖਾਨ ਤੋਂ ਪਈ ਹੋਈ ਤੇ ਇਥੇ ਵੀ ਗੁਜਰਖ਼ਾਨੀਆਂ ਰਾਹੀਂ ਸਰਬ ਪ੍ਰਵਾਨ ਹੋਈ) ਕਦੇ ਕਿਸੇ ਧਾਰਮਿਕ ਸੰਸਥਾ ਨੂੰ ਕੋਈ ਚੰਦਾ ਨਹੀਂ ਦਿੰਦੇ। ਉਹ ਆਪਣੀ ਕਮਾਈ ਦਾ ਦਸਵੰਧ ਵਿਦਿਆ ਦਾਨ ‘ਤੇ ਹੀ ਲਗਾਉਂਦੇ। ਚਾਰ ਪੰਜ ਅਧਿਆਪਕਾਵਾਂ ਦੀਆਂ ਤਨਖ਼ਾਹਾਂ ਅਤੇ ਹੋਰ ਵੀ ਸਾਰੇ ਸਕੂਲ ਦੇ ਖਰਚੇ (ਦੋ ਆਨਾ ਪ੍ਰਤੀ ਫੀਸ ਤੋਂ ਜੋ ਇਕੱਠਾ ਹੁੰਦਾ) ਨਾਲ ਅਤੇ ਰਹਿੰਦਾ-ਖੂੰਹਦਾ ਆਪ ਪਾ ਕੇ ਸਕੂਲ ਚਲਾਈ ਰੱਖਦੇ।
ਹਾਂ, ਤਾਂ ਗੱਲ ਚੱਲ ਰਹੀ ਸੀ ਮੁੱਖ ਅਧਿਆਪਕਾ ਇੰਦਰ ਕੌਰ, ਜਿਸ ਦੀ ਮੈਂ ਵੀ ਸੱਤਵੀਂ ਤੱਕ ਵਿਦਿਆਰਥਣ ਰਹੀ ਸਾਂ ਇਸੇ ਸਕੂਲ ਵਿਚ, ਦੇ ਅਸਤੀਫ਼ੇ ਦੀ।
“ਭਾਪਾ ਜੀ, ਜੇ ਤੁਸੀਂ ਆਪਣੇ ਸਕੂਲ ਵਿਚ ਮੈਨੂੰ ਨੌਕਰੀ ਦੇ ਦਿਓ ਤਾਂ? ਉਂਜ ਵੀ ਮੈਨ ਪ੍ਰੈਕਟੀਕਲ ਟ੍ਰੇਨਿੰਗ ਵਾਸਤੇ ਹੋਰ ਸਕੂਲਾਂ ਵਿਚ ਸਬਕ ਦੇਣ ਜਾਣਾ ਪੈਸੀ।” ਮੈਂ ਭਾਪਾ ਜੀ ਨੂੰ ਆਖਿਆ।
“ਠੀਕ ਹੈ, ਪਰ ਤੈਨ ਛੇਵੀਂ, ਸਤਵੀਂ ਤੈ ਅੱਠਵੀਂ ਤ੍ਰੇਏ ਜਮਾਤਾਂ ਸੰਭਾਲਣੀਆਂ ਪੈਸਣ। ਸਕੂਲ ਨਾ ਖ਼ਰਚਾ ਪੂਰਾ ਨਹੀਂ ਹੋਨਾ।” ਭਾਪਾ ਜੀ ਦਾ ਉਤਰ ਸੀ।
“æææਤੇ ਤਨਖ਼ਾਹ?”
“ਉਹੀ ਜੋ ਇੰਦਰ ਕੌਰ ਕੀ ਮਿਲਨੀ ਸੀ, ਅਠੱਤੀ ਰੁਪਏ।”
“ਚਾਲ੍ਹੀ ਵੀ ਨਹੀਂ?”
ਮੈਂ ਗੋਲ ਹਿੰਦਸਿਆਂ ਦੇ ਵਿਹਾਰ ਦੀ ਆਦੀ ਸਾਂ। ਜੇਬ ਖਰਚ ਵੀ ਹਮੇਸ਼ਾਂ ਦਸ, ਪੰਦਰਾਂ ਦੇ ਹਿਸਾਬ ਨਾਲ ਹੀ ਸੂਤ ਬੈਠਦਾ। ਖਰੀਦਦਾਰੀ ਵੀ ਪੂਰੇ-ਪੂਰੇ ਹਿਸਾਬ ਨਾਲ ਰਾਸ ਆਉਂਦੀ। ਸਵਾਏ-ਪੌਣੇ ਮੈਨੂੰ ਹੁਣ ਵੀ ਔਖਿਆਂ ਕਰਦੇ ਹਨ।
ਮੇਰੀਆਂ ਅੱਖਾਂ ਭਰ ਆਈਆਂ। ਭਾਪਾ ਜੀ ਕੁਝ ਚਿਰ ਖ਼ਾਮੋਸ਼ ਰਹੇ ਤੇ ਫਿਰ ਬੋਲੇ, “ਜੇ ਤੈਨ ਇੰਦਰ ਕੌਰ ਨਾਲੋਂ ਦੋ ਰੁਪਏ ਵੱਧ ਤਨਖ਼ਾਹ ਦਿੱਤੀ ਤਾਂ ਇਹ ਤੇਰੇ ਨਾਲ ਲਿਹਾਜ਼ ਹੋਸੀ ਆਪਣੀ ਧੀ ਕਰ ਕੇ, ਤੈਨ ਇਹ ਲਿਹਾਜ਼ੀ ਵਾਧਾ ਚੰਗਾ ਲਗਸੀ?”
“ਲਿਹਾਜ਼ੀ ਵਾਧਾ?”
—
ਬਾਰ੍ਹਾਂ ਕੁ ਸਾਲਾਂ ਦੀ ਉਮਰ ਸੀ ਮੇਰੀ। ਤਾਸ਼ ਦੀਆਂ ਬਾਲ-ਖੇਡਾਂ, ਨੋਟ ਭਨਾਉਣ, ਡਾਕ ਚਲਾਉਣ, ਪੰਜ ਨੰਬਰੀ, ਭਾਬੋ ਤੇ ਰੰਮੀ ਸਾਰੀਆਂ ਹੀ ਖੇਡ ਲੈਂਦੀ ਸਾਂ ਮੈਂ, ਪਰ ਸਵੀਪ ਨਹੀਂ ਸੀ ਆਉਂਦੀ। ਵੱਡੇ ਭੈਣ-ਭਰਾਵਾਂ ਨੂੰ ਖੇਡਦਿਆਂ ਵੇਖਦੀ ਤੇ ਲਲਚਾਉਂਦੀ। ਬਿਮਾਰ ਹੋ ਗਈ ਉਦੋਂ। ਸ਼ਾਇਦ ਮਿਆਦੀ ਬੁਖ਼ਾਰ ਨਾਲ। ਐਤਵਾਰ ਦਾ ਦਿਨ। ਭਾਪਾ ਜੀ ਮੇਰਾ ਦਿਲ ਪਰਚਾਵਣ ਲਈ ਮੈਨੂੰ ਸਵੀਪ ਖੇਡਣੀ ਸਿਖਾਉਣ ਲੱਗੇ।æææ ਹੁਕਮ ਦੇ ਨਹਿਲੇ ਦੇ ਨੌਂ ਨੰਬਰ ‘ਤੇ ਇੱਟ ਦੇ ਦਹਿਲੇ ਦੇ ਬਾਰਾਂ। ਵੱਧ ਪੱਤਿਆਂ ਦੇ ਤਿੰਨ ਤੇ ਹੁਕਮ ਦੇ ਪੱਤਿਆਂ ਦਾ ਇਕ। ਚਹੁੰ ਯੱਕਿਆਂ ਦੇ ਚਾਰ ਤੇ ਹੁਕਮ ਦੀ ਦੁੱਕੀ ਦਾ ਇਕ। ਕੁਲ ਮਿਲਾ ਕੇ ਤੀਹ ਨੰਬਰ।
ਤਿੰਨ-ਚਾਰ ਖੇਡਾਂ ਨਾਲ ਭਾਪਾ ਜੀ ਸਮਝਾਉਂਦੇ ਗਏ। ਮੈਂ ਸਮਝਦੀ ਗਈ। ਬੜੀ ਰੌਚਕ ਲੱਗੀ ਮੈਨੂੰ ਸਵੀਪ ਦੀ ਖੇਡ। ਬੜਾ ਉਤਸ਼ਾਹ। ਮੈਨੂੰ ਲੱਗਿਆ ਮੈਂ ਭਾਪਾ ਜੀ ਨੂੰ ਵੀ ਹਰਾ ਸਕਦੀ ਹਾਂ। ਖੇਡਦੀ ਗਈ। ਖੇਡਦੀ ਗਈ। ਤੇ ਫਿਰ ਸਿਰ ਦੁੱਖਣ ਲੱਗਾ। ਇਕ-ਅੱਧ ਸਵੀਪ ਲਾਉਣ ਤੋਂ ਖੁੰਝ ਗਈ। ਖਿਝ ਗਈ। ਪੀੜ ਦੇ ਨਾਲ ਬੁਖ਼ਾਰ ਵੀ ਵਧਣ ਲੱਗਾ ਪਰ ਖੇਡ ਸੀ ਕਿ ਮੇਰੇ ਲਈ ਜਨੂਨ ਬਣ ਗਈ ਸੀ।
ਥੱਲੇ ਪੰਜੀ ਸੀ ਕੱਲ-ਮੁਕੱਲੀ। ਪੱਤਾ ਭਾਪਾ ਜੀ ਨੇ ਸੁੱਟਣਾ ਸੀ। ਉਨ੍ਹਾਂ ਸੱਤੀ ਸੁੱਟੀ, ਤੇ ਮੈਂ ਝਬਦੇ ਹੀ ਬੇਗ਼ਮ ਸੁੱਟ ਕੇ ਸਵੀਪ ਲਾ ਲਈ।
ਜਿੱਤ ਦੇ ਅਹਿਸਾਸ ਨਾਲ ਭਾਪਾ ਜੀ ਵੱਲ ਤੱਕਿਆ। ਉਹ ਮੁਸ-ਮੁਸ ਕਰ ਰਹੇ ਸਨ। ਮੈਂ ਸਮਝ ਗਈ, ਇਹ ਸਵੀਪ ਭਾਪਾ ਜੀ ਨੇ ਜਾਣ-ਬੁੱਝ ਕੇ ਲੁਆਈ ਸੀ, ਮੈਨੂੰ ਜਿਤਾਉਣ ਲਈ। ਮੈਂ ਬੌਖ਼ਲਾ ਉਠੀ, ਗੁੱਸੇ ਵਿਚ ਪੱਤੇ ਸੁੱਟ ਕੇ ਰੋਣ ਲੱਗੀ।
“ਇਹ ਤੁਸਾਂ ਲਿਹਾਜ਼ੀ ਸਵੀਪ ਦਿੱਤੀ ਹੈ। ਮੈਂ ਨਹੀਂ ਖੇਡਣਾ ਤੁਸਾਂ ਨਾਲ ਕਦੇ ਵੀ। ਮੈਨੂੰ ਨਹੀਂ ਚਾਹੀਨਾ ਤੁਸਾਂ ਨਾ ਲਿਹਾਜ਼æææ।”
ਕੁਝ ਵੀ ਲਿਹਾਜ਼ੀ ਤੌਰ ‘ਤੇ ਮਿਲਿਆ ਕਬੂਲ ਕਰਨਾ ਮੇਰੇ ਲਈ ਸ਼ਰਮਨਾਕ ਸੀ। ਅਪਮਾਨਜਨਕ।æææ ਮੈਂ ਅਠੱਤੀ ਰੁਪਏ ਦੀ ਤਨਖ਼ਾਹ ਉਤੇ ਹੀ ਨੌਕਰੀ ਕਬੂਲ ਕਰ ਲਈ।
ਟ੍ਰੇਨਿੰਗ ਦੀ ਫ਼ੀਸ ਚਾਲੀ ਰੁਪਏ ਮਹੀਨਾ ਸੀ। ਮੈਂ ਦੋ ਟਿਊਸ਼ਨਾਂ ਵੀ ਫੜ ਲਈਆਂ, ਦਸ ਦਸ ਰੁਪਏ ਦੀਆਂ। ਗੱਡੀ ਦੇ ਮਾਹਵਾਰੀ ਪਾਸ ਅਤੇ ਉਪਰਲੇ ਖਰਚ ਦਾ ਵੀ ਇੰਤਜ਼ਾਮ ਹੋ ਗਿਆ। ਪੁਰਾਣੀ ਦਿੱਲੀ ਦੇ ਸਟੇਸ਼ਨ ਤੋਂ ਦਰਿਆਗੰਜ ਲਈ ਬੱਸ ਦਾ ਕਿਰਾਇਆ ਦੋ ਆਨੇ ਸੀ। ਮੈਂ ਗਾਂਧੀ ਗਰਾਊਂਡ ਨੂੰ ਪੈਦਲ ਪਾਰ ਕਰ ਕੇ ਲਾਲ ਕਿਲ੍ਹੇ ਤੋਂ ਹੁੰਦੀ ਤੇ ਸਿੱਧੀ ਤੁਰਦੀ ਹੋਈ ਮੋਤੀ ਮਹੱਲ ਹੋਟਲ ਦੇ ਸਾਹਮਣਿਉਂ ਪਰਦਾ ਗਾਰਡਨ ਵਿਚੋਂ ਨਿਕਲ ਕੇ, ਹੈਪੀ ਇੰਸਟੀਚਿਊਟ ਵਿਚ ਜਾ ਪੁੱਜਦੀ ਤੇ ਇਸ ਤਰ੍ਹਾਂ ਰੋਜ਼ ਦੇ ਚਾਰ ਆਨੇ ਵੀ ਬਚਾਅ ਲੈਂਦੀ।
ਹੈਪੀ ਇੰਸਟੀਚਿਊਟ ਦੀ ਕਨਟੀਨ ਵਿਚ ਦੋ-ਦੋ ਆਨੇ ਦੇ ਕੂਪਨਾਂ ਨਾਲ ਚਾਹ-ਨਾਸ਼ਤਾ ਮਿਲਦਾ ਸੀ। ਬਾਹਲੀਆਂ ਜਮਾਤਣਾਂ ਕੋਟਾਂ ਕਾਰਾਂ ਵਾਲੀਆਂ ਵਿਆਹੀਆਂ-ਅਣਵਿਆਹੀਆਂ ਅਮੀਰਜ਼ਾਦੀਆਂ ਹੁੰਦੀਆਂ ਸਨ। ਜ਼ਿਆਦਾ ਕਰ ਕੇ ਮੇਰੇ ਸਾਦੇ ਸੂਤੀ ਸੂਟ ਅਤੇ ਗਾਂਧੀ ਚੱਪਲ ਅਤੇ ਢਕੇ ਸਿਰ ਨਾਲ ਮੈਂ ਇੱਥੇ ਵੀ ਅਟੰਕ ਹੀ ਰਹਿੰਦੀ। ਕਦੇ ਨਾ ਹੀਆ ਪੈਂਦਾ ਕੰਟੀਨ ਦੀ ਫਜ਼ੂਲ ਖਰਚੀ ਦਾ। ਬਸ ਇਕ ਜ਼ਿੱਦ ਸੀ ਆਪਣੇ ਬਲਬੂਤੇ ਪੱਕੇ ਪੈਰੀਂ ਖਲੋਣ ਦੀ। ਮਾਂ ਬਥੇਰੀ ਕੋਸ਼ਿਸ਼ ਕਰਦੀ ਆਨੇ-ਬਹਾਨੇ ਮਾਲੀ ਇਮਦਾਦ ਕਰਨ ਦੀ, ਪਰ ਮੇਰੇ ਨੰਨੇ ਅੱਗੇ ਉਸ ਦੀ ਪੇਸ਼ ਨਾ ਜਾਂਦੀ।
ਛੇ ਮਹੀਨਿਆਂ ਵਿਚ ਟ੍ਰੇਨਿੰਗ ਪੂਰੀ ਹੋ ਗਈ।
ਵੇਲੇ-ਕੁਵੇਲੇ ਲਈ ਆਪਣੀ ਬੱਚੀ ਨੂੰ ਤਿਆਰ ਕਰਨ ਵਜੋਂ ਟ੍ਰੇਨਿੰਗ ਦੀ ਇਜਾਜ਼ਤ ਤਾਂ ਮਿਲ ਗਈ ਸੀ, ਤੇ ਗਾਂਧੀ ਮੈਮੋਰੀਅਲ ਸਕੂਲ ਦੀ ਨੌਕਰੀ ਵੀ ਘਰ ਵਾਲੀ ਹੀ ਗੱਲ ਸੀ ਪਰ ਹੁਣ ਸਰਕਾਰੀ ਨੌਕਰੀ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ, ਤੌਖਲਾ ਸੀ।
“ਤੂੰ ਤਾਂ ਲੀਡਰ ਸਾਹਿਬ ਦੀ ਧੀ ਏਂ। ਤੇਰੇ ਭਾਪਾ ਜੀ ਦਾ ਤਾਂ ਇਕ ਇਸ਼ਾਰਾ ਹੀ ਕਾਫ਼ੀ ਹੈ ਬਤਰਾ ਸਾਹਿਬ ਲਈ।” ਨਾਲ ਦੀਆਂ ਸਹੇਲੀਆਂ ਕਹਿੰਦੀਆਂ।
ਬਤਰਾ ਸਾਹਿਬ ਸ਼ਾਹਦਰੇ ਦੀ ਨਗਰ ਪਾਲਿਕਾ ਦੇ ਪ੍ਰਧਾਨ ਸਨ। ਹੁਣ ਭਾਪਾ ਜੀ ਨੂੰ ਸਿਫ਼ਾਰਸ਼ ਲਈ ਆਖਾਂ ਤਾਂ ਕਿੰਜ?
“ਤੂੰ ਲਿਹਾਜ਼ੀ ਨੌਕਰੀ ਲੈਣੀ ਹੈ? ਤੈਨੂੰ ਆਪਣੀ ਲਿਆਕਤ ‘ਤੇ ਸ਼ੱਕ ਹੈ?” ਭਾਪਾ ਜੀ ਨੇ ਇਹੋ ਆਖਣਾ ਸੀ।
ਜੇ ਹੋਰ ਕਿਸੇ ਦੀ ਵੀ ਸਿਫ਼ਾਰਸ਼ ਵੱਲ ਝਾਕਦੀ ਤਾਂ ਮੇਰੇ ਅੰਦਰ ਦੀ ਤਾਸ਼-ਪੱਤੇ ਸੁੱਟ ਕੇ ਬਲਿੱਦਣ ਵਾਲੀ ਕਾਨਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੈਂ ਨਹੀਂ ਸੀ ਝਾਕ ਸਕਣਾæææ।
—
ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਸਨ। ਸਕੂਲ ਹਾਲੇ ਖੁੱਲ੍ਹੇ ਨਹੀਂ ਸਨ ਕਿ ਜਮੁਨਾ ਨਦੀ ਵਿਚ ਹੜ੍ਹ ਆ ਗਿਆ। ਸੌ ਸਾਲ ਬਾਅਦ ਦਾ ਤਬਾਹਕੁਨ ਹੜ੍ਹ। ਸ਼ਾਹਦਰਾ ਰੇਲਵੇ ਸਟੇਸ਼ਨ ਤੋਂ ਪਾਰ ਦਾ ਸਾਰਾ ਇਲਾਕਾ, ਜੀæਟੀæ ਰੋਡ, ਰਾਧੂ ਟਾਕੀ, ਭੋਲਾ ਨਾਥ ਨਗਰ, ਰੋਹਤਾਸ ਨਗਰ, ਕਬੂਲ ਨਗਰ ਤੇ ਨਵੀਨ ਸ਼ਾਹਦਰਾ; ਸਭ ਪਾਣੀ ਵਿਚ ਡੁੱਬ ਗਏ। ਘਰ ਬਾਜ਼ਾਰ, ਸੜਕਾਂ ਗਲੀਆਂ ਸਭ ਪਾਣੀਓਂ-ਪਾਣੀ। ਜਿੱਥੇ ਬੱਸਾਂ ਚਲਦੀਆਂ ਸਨ, ਉਥੇ ਆਵਾਜਾਈ ਲਈ ਬੇੜੀਆਂ ਪੈ ਗਈਆਂ। ਸੰਕਟ ਵਿਚ ਫਸੇ ਘਰਾਂ ਦੀਆਂ ਛੱਤਾਂ ਤੋਂ ਪਰਿਵਾਰਾਂ ਦੇ ਰੁਦਨ ਕੰਨ ਪਾੜਦੇ। ਹੈਲੀਕਾਪਟਰਾਂ ਰਾਹੀਂ ਉਨ੍ਹਾਂ ਨੂੰ ਖਾਧ ਸਮੱਗਰੀ ਸੁੱਟੀ ਜਾਂਦੀ।
ਸ਼ਾਹਦਰਾ ਸ਼ਹਿਰ ਨੇ ਵੀ ਨਹੀਂ ਸੀ ਬਚਣਾ ਪਰ ਰੇਲਵੇ ਪੁਲ ਹੇਠੋਂ ਲੰਘਦੀ ਸ਼ਹਿਰ ਦੀ ਇਕ ਮਾਤਰ ਸੜਕ ਨੂੰ ਪਾਣੀ ਦੀ ਮਾਰ ਤੋਂ ਰੋਕਣ ਲਈ ਪੁਲ ਹੇਠਾਂ ਦੇ ਰਾਹ ਨੂੰ ਸੀਮਿੰਟ ਦੇ ਬੋਰਿਆਂ ਨਾਲ ਬੀੜ ਦਿੱਤਾ ਗਿਆ ਅਤੇ ਸੈਨਾ ਨੇ ਜਮਨਾ ਨਦੀ ਦੇ ਪੁਲ ਅਤੇ ਸ਼ਾਹਦਰੇ ਦੇ ਵਿਚਕਾਰ ਦੀ ਜਰਨੈਲੀ ਸੜਕ ਵਿਚ ਬੰਬ ਸੁੱਟ ਕੇ ਧਰਤੀ ਨੂੰ ਫਾੜਦਿਆਂ ਪਾਣੀ ਦੇ ਵਹਾਅ ਨੂੰ ਆਬਾਦੀ ਵਲੋਂ ਉਲਟੇ ਪਾਸੇ ਮੋੜ ਕੇ ਸ਼ਾਹਦਰੇ ਨੂੰ ਬਚਾਅ ਲਿਆ।
ਹੁਣ ਸ਼ਾਹਦਰਾ ਸ਼ਹਿਰ ਵਿਚਲੇ ਸਕੂਲ, ਮੰਦਰ, ਗੁਰਦੁਆਰਾ, ਧਰਮਸ਼ਾਲਾ ਆਦਿ ਸਭ ਸਥਾਨ ਪਾਣੀ ਦੀ ਮਾਰ ਕਾਰਨ ਉਜੜੇ ਹੋਏ ਪਰਿਵਾਰਾਂ ਲਈ ਸ਼ਰਨਗਾਹਾਂ ਬਣ ਗਏ। ਇਨ੍ਹਾਂ ਹੜ੍ਹ ਪੀੜਤਾਂ ਲਈ ਖੁਰਾਕ, ਕੱਪੜੇ, ਦਵਾਈਆਂ ਜੁਟਾਉਣ ਲਈ ਜਿੰਨੇ ਵੀ ਹੱਥ ਹੁੰਦੇ, ਥੋੜ੍ਹੇ ਸਨ।
ਦਿੱਲੀ ਦਾ ਰਸਤਾ ਟੁੱਟ ਚੁੱਕਾ ਸੀ। ਸ਼ਾਹਦਰੇ ਵਿਚ ਵੱਸਦੇ ਨਗਰ ਪਾਲਿਕਾ ਦੇ ਨੌਕਰੀ ਪੇਸ਼ਾ ਲੋਕਾਂ ਤੋਂ ਇਲਾਵਾ ਸਾਡੇ ਵਰਗੇ ਨਵੇਂ-ਨਵੇਂ ਟ੍ਰੇਨਿੰਗ-ਸ਼ੁਦਾ ਅਧਿਆਪਕਾਂ ਨੂੰ ਵੀ ਵਲੰਟੀਅਰਾਂ ਵਜੋਂ ਕੰਮ ਕਰਨ ਲਈ ਸੱਦਾ ਦਿੱਤਾ ਗਿਆ। ਲੋਹਾਂ ਤਪਦੀਆਂ। ਲੰਗਰ ਤਿਆਰ ਹੁੰਦੇ। ਦੁੱਧ, ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾਂਦੀਆਂ। ਸੇਵਾਦਾਰਾਂ ਦੇ ਕਾਫ਼ਲੇ ਵਿਚ ਮੈਂ ਵੀ ਸ਼ਾਮਲ ਹੋ ਗਈ, ਪੂਰੀ ਧੁੰਨ ਤੇ ਸਰਗਰਮੀ ਨਾਲ।
ਦੋ ਕੁ ਮਹੀਨਿਆਂ ਵਿਚ ਹੜ੍ਹਾਂ ਨੂੰ ਠੱਲ੍ਹ ਪਈ। ਹੌਲੀ-ਹੌਲੀ ਲੋਕ ਘਰਾਂ ਨੂੰ ਪਰਤਣ ਲੱਗੇ। ਨਵੀਨ ਸ਼ਾਹਦਰੇ ਦਾ ਨਗਰ ਪਾਲਿਕਾ ਦਾ ਸਕੂਲ ਦੋ ਸਾਲ ਹੀ ਪਹਿਲਾਂ ਖੁੱਲ੍ਹਿਆ ਸੀ। ਪਾਣੀ ਵਿਚ ਛੱਤੋ-ਛੱਤ ਡੁੱਬ ਜਾਣ ਕਾਰਨ ਉਸ ਦਾ ਸਾਰਾ ਫਰਨੀਚਰ ਰਿਕਾਰਡ ਸਮੇਤ ਰੁੜ੍ਹ ਗਿਆ। ਹੁਣ ਮੁੜ ਨਵੇਂ ਦਾਖਲੇ ਤੇ ਨਵੀਆਂ ਭਰਤੀਆਂ ਹੋਣੀਆਂ ਸਨ। ਅਧਿਆਪਕਾਂ ਦੀ ਨਿਯੁਕਤੀ ਮੁਢਲੀ ਲੋੜ ਸੀ। ਟ੍ਰੇਨਿੰਗ-ਸ਼ੁਦਾ ਵਲੰਟੀਅਰਾਂ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ। ਮੈਂ ਵੀ ਉਨ੍ਹਾਂ ਵਿਚੋਂ ਇਕ ਸਾਂ। ਇੰਟਰਵਿਊ ਲੈਣ ਲੱਗਿਆਂ ਜਦੋਂ ਬਤਰਾ ਸਾਹਿਬ ਨੇ ਮੇਰੀ ਅਰਜ਼ੀ ਉਪਰ ਨਜ਼ਰ ਮਾਰੀ ਤਾਂ ਪਿਤਾ ਦੀ ਥਾਂ ‘ਤੇ ਭਾਪਾ ਜੀ ਦਾ ਨਾਂ ਪੜ੍ਹ ਕੇ ਚੌਂਕ ਗਏ।
“ਹੈਂ, ਤੂੰ ਲੀਡਰ ਸਾਹਿਬ ਦੀ ਧੀ ਏਂ ਤੇ ਉਨ੍ਹਾਂ ਕਦੇ ਜ਼ਿਕਰ ਹੀ ਨਹੀਂ ਕੀਤਾ।”
ਜ਼ਾਹਿਰ ਹੈ, ਲਿਹਾਜ਼ ਭਾਪਾ ਜੀ ਦੇ ਅਸੂਲਾਂ ਦੇ ਖਿਲਾਫ਼ ਸੀ ਅਤੇ ਮੇਰੀ ਫ਼ਿਤਰਤ ਨੂੰ ਨਾ-ਮਨਜ਼ੂਰ।
ਨੌਕਰੀ ਮਿਲ ਗਈ।
ਅੱਜ ਉਮਰ ਦੇ ਆਖ਼ਰੀ ਪੜਾਅ ਵਿਚ ਆਪਣੀਆਂ ਅੱਖਾਂ ਵਿਚੋਂ ਭਾਪਾ ਜੀ ਦੀਆਂ ਮਾਣਮੱਤੀਆਂ ਅੱਖਾਂ ਵਿਚ ਸਿੱਧਾ ਵੇਖਦੀ ਮੈਂ ਆਪਮੁਹਾਰੀ ਕਹਿ ਉਠਦੀ ਹਾਂ, ਵਾਹ ਭਾਪਾ ਜੀ ਸੁਬਹਾਨ ਅੱਲਾਹ!
Leave a Reply