ਗੁਲਜ਼ਾਰ ਸਿੰਘ ਸੰਧੂ
ਸ਼ੇਰ ਸ਼ਾਹ ਸੂਰੀ ਮਾਰਗ ਉਤੇ ਪੈਂਦਾ ਜਲੰਧਰ ਨੇੜਲਾ ਕਸਬਾ ਕਰਤਾਰਪੁਰ ਮੁੜ ਖਬਰਾਂ ਵਿਚ ਹੈ। ਇਥੇ ਪੰਜਾਬ ਸਰਕਾਰ ਵਲੋਂ ਆਉਂਦੇ ਅਗਸਤ ਮਹੀਨੇ ਸੁਤੰਤਰਤਾ ਸੰਗਰਾਮ ਦੀ ਵਿਸ਼ਵ ਪੱਧਰੀ ਯਾਦਗਾਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਲੱਕੜੀ ਦਾ ਫਰਨੀਚਰ ਤੇ ਖੇਡਾਂ ਦਾ ਸਾਮਾਨ ਤਿਆਰ ਕਰਨ ਲਈ ਪ੍ਰਸਿੱਧ ਇਹ ਸ਼ਹਿਰ 1593 ਵਿਚ ਗੁਰੂ ਅਰਜਨ ਦੇਵ ਨੇ ਵਸਾਇਆ ਸੀ। ਗੁਰੂ ਸਾਹਿਬ ਦੇ ਜਨਮ ਉਤਸਵ ਸਮੇਂ ਇਥੇ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ। ਸਵਾਮੀ ਦਯਾ ਨੰਦ ਦੇ ਗੁਰੂ ਵ੍ਰਿਜਾ ਨੰਦ ਦੀ ਜਨਮ ਭੋਇੰ ਵੀ ਇਹੀਓ ਹੈ। ਇਥੇ ਭਾਈ ਗੁਰਦਾਸ ਦੇ ਹੱਥਾਂ ਦੀ ਲਿਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਬਿਨਾਂ ਗੁਰੂ ਹਰਿਗੋਬਿੰਦ ਦਾ ਖੜਗ, ਗੁਰੂ ਹਰਿ ਰਾਇ ਸਾਹਿਬ ਦਾ ਖੰਡਾ, ਗੁਰੂ ਅਰਜਨ ਦੇਵ ਜੀ ਦਾ ਪਾਠ ਗੁਟਕਾ ਹੀ ਨਹੀਂ ਬਾਬਾ ਸ਼੍ਰੀ ਚੰਦ ਤੇ ਬਾਬਾ ਗੁਰਦਿਤਾ ਦੀਆਂ ਕਈ ਯਾਦਗਾਰੀ ਵਸਤਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਹ ਸ਼ਹਿਰ ਗੁਰੂ ਸਾਹਿਬਾਨ ਨਾਲ ਸਬੰਧਤ, ਥੰਮ ਸਾਹਿਬ, ਟਾਹਲੀ ਸਾਹਿਬ, ਬੇਰ ਸਾਹਿਬ ਆਦਿ ਪਵਿੱਤਰ ਅਸਥਾਨਾਂ ਅਤੇ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਦੇ ਵਿਆਹ ਸਥਾਨ ਲਈ ਜਾਣਿਆ ਜਾਂਦਾ ਹੈ। ਹੁਣ ਇਥੋਂ ਦੀ ਅਨਾਜ ਮੰਡੀ ਵਾਲੀ ਪੰਦਰਾਂ ਏਕੜ ਜ਼ਮੀਨ ਵਿਚ ਜੰਗ-ਏ-ਆਜ਼ਾਦੀ ਵਿਚ ਪੰਜਾਬੀਆਂ ਦੇ ਯੋਗਦਾਨ ਦੀ ਆਲੀਸ਼ਾਨ ਯਾਦਗਾਰ ਉਸਾਰੀ ਜਾਣੀ ਹੈ। ਇਹ ਯਾਦਗਾਰ ਆਉਂਦੀਆਂ ਪੀੜ੍ਹੀਆਂ, ਖਾਸ ਕਰਕੇ ਮੁੰਡੇ-ਕੁੜੀਆਂ ਲਈ ਚਾਨਣ ਮੁਨਾਰੇ ਦਾ ਕੰਮ ਦੇਵੇਗੀ।
ਯਾਦਗਾਰ ਦੀ ਉਸਾਰੀ ਦੀ ਨਿਗਰਾਨੀ ਸੁਪ੍ਰਸਿੱਧ ਆਰਕੀਟੈਕਟ ਰਾਜ ਰਵੇਲ ਨੂੰ ਸੌਂਪੀ ਜਾ ਰਹੀ ਹੈ। ਰਾਜ ਰਵੇਲ ਸੈਂਟਰਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੇ ਟੈਲੀਵੀਜ਼ਨ ਸੈਂਟਰ ਦੇ ਨਿਰਮਾਣ ਤੋਂ ਬਿਨਾਂ ਪੁਰਤਗਾਲ ਵਿਖੇ ਲਿਸਬਨ ਇਸਮਾਇਲੀ ਸੈਂਟਰ ਤੇ ਬੀਜਿੰਗ ਵਿਚ ਭਾਰਤੀ ਸਫਾਰਤਖਾਨੇ ਦੇ ਡਿਜ਼ਾਈਨਾਂ ਲਈ ਜਾਣਿਆ ਜਾਂਦਾ ਹੈ। ਨਵੀਂ ਯਾਦਗਾਰ ਨਿਸਚੇ ਹੀ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦਾ ਕੰਮ ਕਰੇਗੀ। ਪੰਜਾਬ ਦੇ ਦੁਆਬਾ ਖੇਤਰ ਵਿਚ ਅਜਿਹੀ ਯਾਦਗਾਰ ਦਾ ਕਾਇਮ ਹੋਣਾ ਗਦਰੀ ਬਾਬਿਆਂ ਦੇ ਯੋਗਦਾਨ ਨੂੰ ਉਜਾਗਰ ਕਰਨ ਦਾ ਅਦੁਤੀ ਸੋਮਾ ਵੀ ਹੋ ਸਕਦੀ ਹੈ। ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਦਾ ਇਸ ਫਾਊਂਡੇਸ਼ਨ ਦਾ ਮੈਂਬਰ ਸਕੱਤਰ ਹੋਣਾ ਮੇਰੇ ਵਰਗਿਆਂ ਲਈ ਮਾਣ ਦੀ ਗੱਲ ਹੈ। ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਨੇ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਇੱਕ ਡੇਢ ਘੰਟੇ ਦੀ ਫਿਲਮ ਬਣਾਉਣ ਦਾ ਵੀ ਫੈਸਲਾ ਲਿਆ ਹੈ ਜਿਸ ਦੇ ਨਿਰਦੇਸ਼ਕ ਸ਼ਿਆਮ ਬੈਨੇਗਲ ਹੋਣਗੇ।
ਬਲਾਤਕਾਰ ਬਾਰੇ ਨੀਤੀਵਾਨਾਂ ਦਾ ਦ੍ਰਿਸ਼ਟੀਕੋਣ: ਜਿਉਂ ਜਿਉਂ ਬਲਾਤਕਾਰ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਸਾਡੇ ਸਿਆਸਤਦਾਨਾਂ ਦਾ ਇਸ ਪ੍ਰਤੀ ਦ੍ਰਿਸ਼ਟੀਕੋਣ ਵੀ ਨੰਗਾ ਹੋ ਰਿਹਾ ਹੈ। ਕੋਈ ਵੀ ਦਿਨ ਅਜਿਹਾ ਨਹੀਂ ਚੜ੍ਹਦਾ ਜਦ ਮੀਡੀਆ ਅਜਿਹੀ ਖ਼ਬਰ ਨਹੀਂ ਦਿੰਦਾ। ਮਾੜੀ ਗੱਲ ਇਹ ਕਿ ਪੀੜਤ ਬਾਲੜੀਆਂ ਦੀ ਉਮਰ ਏਨੀ ਥੋੜ੍ਹੀ ਹੁੰਦੀ ਹੈ ਕਿ ਉਹ ਜੀਵਨ ਭਰ ਇਸ ਦੇ ਮਾਨਸਿਕ ਸਦਮੇ ਵਿਚੋਂ ਬਾਹਰ ਨਹੀਂ ਨਿਕਲ ਸਕਦੀਆਂ। ਸਾਡੇ ਸਿਆਸਤਦਾਨ ਏਨੇ ਗੈਰ ਜ਼ਿੰਮੇਵਾਰ ਹਨ ਕਿ ਇਸ ਨੂੰ ਹੋਊ ਪਰੇ ਦੀ ਸ਼੍ਰੇਣੀ ਵਿਚ ਸੁੱਟਣ ਦੀ ਸਿੱਖਿਆ ਦੇ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਤਰ ਪ੍ਰਦੇਸ਼ ਦੇ ਪ੍ਰਮੁੱਖ ਨੇਤਾ ਮੁਲਾਇਮ ਸਿੰਘ ਯਾਦਵ ਨੇ ਚੰਦ ਵੋਟਾਂ ਦਾ ਲਾਭ ਲੈਣ ਲਈ ਇਹ ਵੀ ਕਹਿ ਦਿੱਤਾ ਸੀ ਕਿ ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਹੈ, ਇਨ੍ਹਾਂ ਨੂੰ ਏਨੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਨੀਤੀਵਾਨ ਨੂੰ ਅਜਿਹੀ ਗੱਲ ਕਹਿੰਦੇ ਸਮੇਂ ਆਪਣਾ ਸਿਆਸੀ ਕੱਦ ਵੀ ਦੇਖਣਾ ਚਾਹੀਦਾ ਹੈ।
ਹੁਣ ਪੱਛਮੀ ਬੰਗਾਲ ਦੀ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਤੇ ਫ਼ਿਲਮੀ ਦੁਨੀਆਂ ਦੇ ਜਾਣੇ ਪਛਾਣੇ ਅਦਾਕਾਰ ਤੱਪਸ ਪਾਲ ਨੇ ਵਿਰੋਧੀ ਧਿਰ ਦਾ ਸਾਥ ਦੇਣ ਵਾਲੇ ਮਰਦਾਂ ਨੂੰ ਕਤਲ ਤੇ ਮਹਿਲਾਵਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਏ ਜਾਣ ਦੀ ਧਮਕੀ ਦਿੱਤੀ ਹੈ। ਮਾਰਕਸੀ ਪਾਰਟੀ ਦੇ ਜਲਸੇ ਜਲੂਸਾਂ ਨੂੰ ਦੇਖਦਿਆਂ ਉਸ ਨੂੰ ਆਪਣੇ ਸ਼ਬਦ ਵਾਪਸ ਵੀ ਲੈਣੇ ਪੈ ਗਏ ਹਨ। ਹੈਰਾਨੀ ਦੀ ਗੱਲ ਇਹ ਕਿ ਰਾਜ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਇਸ ਤਰ੍ਹਾਂ ਮੁਆਫੀ ਮੰਗੇ ਜਾਣ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਗੱਲ ਮੁਆਫੀ ਤੇ ਸੰਤੁਸ਼ਟੀ ਦੀ ਨਹੀਂ। ਵੇਖਣਾ ਤਾਂ ਇਹ ਹੈ ਕਿ ਇੱਕ ਨੀਤੀਵਾਨ ਤੇ ਸਿਆਣੇ ਪੁਰਸ਼ ਦੇ ਮੂੰਹੋਂ ਉਹ ਸ਼ਬਦ ਨਿਕਲਣ ਹੀ ਕਿਉਂ ਜਿਨ੍ਹਾਂ ਦੇ ਓਹਲੇ ਵਿਚ ਅਨਪੜ੍ਹ ਤੇ ਗੈਰਜ਼ਿੰਮੇਵਾਰ ਲੋਕ ਘਿਨਾਉਣੇ ਕਰਮ ਕਰ ਸਕਦੇ ਹਨ।
ਇਨ੍ਹਾਂ ਧੀਆਂ ਭੈਣਾਂ ਵਾਲੇ ਨੀਤੀਵਾਨਾਂ ਨੂੰ ਮਹਿਲਾਵਾਂ ਦੀ ਨਜ਼ੁਕਤਾ ਤੋਂ ਲਾਭ ਲੈਣ ਵਾਲੇ ਗੁੰਡਾ ਅੰਸਰਾਂ ਦਾ ਪੱਖ ਪੂਰਨ ਦੀ ਥਾਂ ਮਹਿਲਾਵਾਂ ਦੀ ਵਿਦਿਆ ਤੇ ਸਿਹਤ ਸੁਰਖਸ਼ਾ ਵਲ ਧਿਆਨ ਦੇਣਾ ਚਾਹੀਦਾ ਹੈ।
ਜਗਦੇਵ ਸਿੰਘ ਜੱਸੋਵਾਲ: ਪੰਜਾਬ ਦੇ ਸਭਿਆਚਾਰਕ ਮੇਲਿਆਂ ਦੀ ਜਿੰਦ ਜਾਨ ਜਗਦੇਵ ਸਿੰਘ ਜੱਸੋਵਾਲ ਸਿਹਤ ਵਲੋਂ ਢਿੱਲਾ ਮੱਠਾ ਹੈ। ਪਰ ਨਿੰਦਰ ਘੁਗਿਆਣਵੀ ਨੇ ਉਹਦੇ ਜੀਵਨ ਤੇ ਉਸ ਦੀ ਦੇਣ ਬਾਰੇ ਤੀਜੀ ਪੁਸਤਕ Ḕਬਾਪੂ ਖੁਸ਼ ਹੈḔ ਲਿਖ ਕੇ ਉਸ ਦਾ ਸਭਿਆਚਾਰਕ ਬਿੰਬ ਸਵਰਗੀ ਮਹਿੰਦਰ ਸਿੰਘ ਰੰਧਾਵਾ ਦੇ ਹਾਣ ਦਾ ਬਣਾ ਦਿੱਤਾ ਹੈ। ਇਹ ਪੁਸਤਕ ਗੰਭੀਰ ਤੇ ਹਸਾਉਣੀਆਂ ਗੱਲਾਂ ਦੇ ਗੁਲਦਸਤੇ ਵਜੋਂ ਜਾਣੀ ਜਾਵੇਗੀ। ਜਿਥੋਂ ਤੱਕ ਮੇਰੇ ਨਿੱਜ ਦਾ ਸਬੰਧ ਹੈ ਇਸ ਪੁਸਤਕ ਦੇ ਵਰਕੇ ਫਰੋਲਦਿਆਂ ਮੈਂ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਬਿਤਾਏ ਦੋ ਸਾਲਾਂ ਵਿਚੋਂ ਲੰਘਿਆ ਹਾਂ। ਇਥੇ ਮੈਨੂੰ ਜੱਸੋਵਾਲ ਤੋਂ ਬਿਨਾਂ ਅਮਰੀਕ ਸਿੰਘ ਚੀਮਾ ਵਰਗੇ ਮਿਹਰਬਾਨ, ਸਰਦਾਰਾ ਸਿੰਘ ਜੌਹਲ ਵਰਗੇ ਸਮਕਾਲੀ ਅਤੇ ਸੁਰਜੀਤ ਪਾਤਰ ਤੇ ਸ੍ਰੀਮਤੀ ਸੁਮੀਤਾ ਰੌਏ ਵਰਗੇ ਕਲਾ ਪ੍ਰੇਮੀ ਹੀ ਨਹੀਂ ਜਗਜੀਤ ਹਾਰਾ ਵਰਗੇ ਅਗਾਂਹਵਧੂ ਕਿਸਾਨਾਂ ਦੀ ਸੰਗਤ ਵੀ ਮਿਲੀ।
ਅੰਤਿਕਾ: (ਹਰਿਭਜਨ ਸਿੰਘ)
ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ,
ਵੇ ਤੂੰ ਇੱਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ।
ਮੇਰੀ ਕੱਚੜੀ ਉਮਰ ਵਰੇਸ ਸੰਗ ਤੇਰਾ ਚਾਹੇ,
ਮੇਰੇ ਸੁੱਚੜੇ ਸੁੱਚੜੇ ਅੰਗ ਕੇਸ ਅਣਵਾਹੇ।
Leave a Reply