ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ‘ਅੱਛੇ ਦਿਨ ਆਨੇ ਵਾਲੇ ਹੈਂ’ ਦੀ ਰਟ ਲਾਈ ਸੀ, ਪਰ ਸਰਕਾਰ ਬਣਦਿਆਂ ਹੀ ਸਭ ਕੁਝ ਉਲਟਾ-ਪੁਲਟਾ ਹੋ ਗਿਆ ਜਾਪਦਾ ਹੈ। ਜਿਹੜਾ ਨਰੇਂਦਰ ਮੋਦੀ ਹਰ ਮੁੱਦੇ ਅਤੇ ਸਵਾਲ ਬਾਰੇ ਟਿੱਪਣੀਆਂ ਕਰਦਾ ਸੀ, ਪ੍ਰਧਾਨ ਮੰਤਰੀ ਬਣਦਿਆਂ ਹੀ ਉਹ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਂਗ ਮੌਨ ਹੋ ਗਿਆ ਹੈ। ਕੁਝ ਸਿਆਸੀ ਵਿਸ਼ਲੇਸ਼ਣਕਾਰਾਂ ਨੇ ਉਸ ਦੀਆਂ ਸਿਆਸੀ ਪਹਿਲਕਦਮੀਆਂ ਦੇ ਮੱਦੇਨਜ਼ਰ ਉਸ ਨੂੰ ਸਿਰੇ ਦਾ ਸਟੇਟਸਮੈਨ ਹੋਣ ਦਾ ਖਿਤਾਬ ਵੀ ਦੇ ਦਿੱਤਾ ਅਤੇ ਨਾਲ ਹੀ ਪੇਸ਼ੀਨਗੋਈ ਕੀਤੀ ਕਿ ਇਹ ਮੋਦੀ ਹੁਣ ਪਹਿਲਾਂ ਵਾਲਾ ਮੋਦੀ ਨਹੀਂ, ਕੌਮੀ ਤੇ ਕੌਮਾਂਤਰੀ ਹਾਲਾਤ ਕਰ ਕੇ ਅਤੇ ਸੱਤਾ ਵਿਚ ਆਣ ਕੇ ਉਸ ਨੂੰ ਬਦਲਣਾ ਹੀ ਪੈਣਾ ਸੀ। ਜਿਸ ਮਹਿੰਗਾਈ ਕਰ ਕੇ ਭਾਰਤੀ ਜਨਤਾ ਪਾਰਟੀ, ਕਾਂਗਰਸ ਨੂੰ ਮਿਹਣੇ ਮਾਰਦੀ ਨਹੀਂ ਸੀ ਥੱਕਦੀ, ਹੁਣ ਕਹਿ ਰਹੀ ਹੈ ਕਿ ਇਨ੍ਹਾਂ ਸਮੱਸਿਆਵਾਂ ਉਤੇ ਕਾਬੂ ਪਾਉਣ ਲਈ ਕੁਝ ਸਮਾਂ ਤਾਂ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਮੋਦੀ ਨੇ ਆਪਣੀ ਸਰਕਾਰ ਦੀ ਕਾਇਮੀ ਦੇ 30 ਦਿਨ ਮੀਡੀਆ ਵਿਚ ਖੂਬ ਪ੍ਰਚਾਰ ਕਰ ਕੇ ਮਨਾਏ ਹਨ; ਹਾਲਾਂਕਿ ਹੁਣ ਤੱਕ ਵੱਖ-ਵੱਖ ਸ਼ਾਸਕ, ਆਪੋ-ਆਪਣੀ ਸਰਕਾਰ ਦੇ 100 ਦਿਨਾਂ ਦੇ ਬਹਾਨੇ ਆਪਣਾ ਪ੍ਰਚਾਰ ਕਰਦੇ ਰਹੇ ਹਨ। ਆਰਥਿਕ ਫਰੰਟ ਉਤੇ ਮੋਦੀ ਅਤੇ ਉਸ ਦੀ ਟੀਮ ਨੂੰ ਅਜੇ ਸਮਝ ਹੀ ਨਹੀਂ ਆ ਰਹੀ ਕਿ ਔਕੜਾਂ ਘਟਾਉਣ ਲਈ ਕਿਹੜੀ ਤੰਦ ਪਹਿਲਾਂ ਫੜੀ ਜਾਵੇ। ਉਹਦੇ ਜਿੱਤਣ ਦੀ ਖੁਸ਼ੀ ਵਿਚ ਜਿਹੜਾ ਸ਼ੇਅਰ ਬਾਜ਼ਾਰ ਨਿੱਤ ਉਛਾਲੇ ਮਾਰਦਾ ਸੀ, ਉਹ ਵੀ ਹੁਣ ਆਨੇ ਵਾਲੀ ਥਾਂ ‘ਤੇ ਆ ਗਿਆ ਹੈ। ਹੁਣ ਇਸ ਸਰਕਾਰ ਲਈ ਅਗਲੀ ਵੰਗਾਰ ਬਜਟ ਹੈ। ਇਸ ਬਾਰੇ ਵਿੱਤ ਮੰਤਰੀ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਲੋਕ-ਲੁਭਾਊ ਸਕੀਮਾਂ ਦਾ ਲੜ ਹੌਲੀ-ਹੌਲੀ ਛੱਡਣਾ ਪੈਣਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਆਮ ਲੋਕਾਂ ਉਤੇ ਹੋਰ ਬੋਝ ਪੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਇਹ ਐਨæਡੀæਏæ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਨਵਾਂ ਅਤੇ ਲੋਕ ਪੱਖੀ ਕੀ ਕਰ ਰਹੀ ਹੈ?
ਇਸ ਸਵਾਲ ਦਾ ਜਵਾਬ ਸੌਖਿਆਂ ਹੀ ਸਾਹਮਣੇ ਆ ਜਾਂਦਾ ਹੈ, ਜੇ ਅਸੀਂ ਰਤਾ ਕੁ ਘੋਖ ਕੇ ਸਰਕਾਰ ਅਤੇ ਮੋਦੀ ਦੀ ਕਾਰਕਰਦਗੀ ਉਤੇ ਨਿਗ੍ਹਾ ਮਾਰੀਏ। ਇਹ ਸਰਕਾਰ ਚੁੱਪ-ਚੁਪੀਤੇ ਅਹਿਮ ਆਸਮੀਆਂ ਉਤੇ ਹਿੰਦੁਤਵੀ ਵਿਚਾਰਧਾਰਾ ਨੂੰ ਪ੍ਰਣਾਏ ਬੰਦਿਆਂ ਦੀ ਨਿਯਕਤੀ ਧੜਾ-ਧੜ ਕਰ ਰਹੀ ਹੈ। ਵਿਵੇਕਾਨੰਦ ਫਾਊਂਡੇਸ਼ਨ ਦੇ ਕਰਤਿਆਂ-ਧਰਤਿਆਂ ਦੀਆਂ ਨਿਯੁਕਤੀਆਂ ਇਹੀ ਸੰਦੇਸ਼ ਦਿੰਦੀਆਂ ਹਨ। ਵਿਵੇਕਾਨੰਦ ਫਾਊਂਡੇਸ਼ਨ ਉਹ ਸੰਸਥਾ ਹੈ ਜਿਹੜੀ ਸਿੱਧੀ ਆਰæਐਸ਼ਐਸ਼ ਦੀ ਕਮਾਨ ਹੇਠ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਕੰਮ ਵੱਖ-ਵੱਖ ਮੁੱਦਿਆਂ ਬਾਰੇ ਲੋਕ ਰਾਏ ਬਣਾਉਣਾ ਹੈ। ਦੂਜੇ ਲਫਜ਼ਾਂ ਵਿਚ ਇਹ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਕੰਮ ਬੜੀ ਬਾਰੀਕੀ ਨਾਲ ਕਰਦੀ ਹੈ। ਪਿਛਲੇ ਦਿਨਾਂ ਵਿਚ ਇਸ ਸੰਸਥਾ ਨੇ ਸਿੱਖਿਆ ਬਾਰੇ ਉਚੇਚੀ ਮੁਹਿੰਮ ਛੇੜੀ ਜਿਸ ਦਾ ਮੁੱਖ ਮਕਸਦ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਭਿਆਚਾਰਕ ਚੇਤਨਾ ਨਾਲ ਓਤ-ਪੋਤ ਕਰਨਾ ਦੱਸਿਆ ਗਿਆ ਸੀ। ਦੱਸਣਾ ਜ਼ਰੂਰੀ ਹੈ ਕਿ ਇਸ ਸੰਸਥਾ ਦੀ ਸਭਿਆਚਾਰਕ ਚੇਤਨਾ ਤੋਂ ਭਾਵ ਹਿੰਦੁਤਵ ‘ਕਦਰਾਂ-ਕੀਮਤਾਂ’ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣਾ ਹੈ। ਇਹ ਸਿਰਫ ਇਕ ਸੰਸਥਾ ਦਾ ਵਹੀ-ਖਾਤਾ ਹੈ। ਇਸ ਤਰ੍ਹਾਂ ਦੀਆਂ ਸੈਂਕੜੇ ਸੰਸਥਾਵਾਂ ਰਾਤੋ-ਰਾਤ ਦੇਸ਼ ਭਰ ਵਿਚ ਸਰਗਰਮ ਹੋ ਗਈਆਂ ਹਨ। ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਵਿਦਿਆਰਥੀ ਵਿੰਗ ਨੇ ਵਾਹਵਾ ਤੇਜ਼ੀ ਫੜ ਲਈ ਹੋਈ ਹੈ। ਇਨ੍ਹਾਂ ਸੰਸਥਾਵਾਂ ਨੂੰ ਪੈਸੇ ਦੀ ਤੋਟ ਤਾਂ ਪਹਿਲਾਂ ਹੀ ਨਹੀਂ ਸੀ, ਹੁਣ ਤਾਂ ਵਾਰੇ-ਨਿਆਰੇ ਹੀ ਹੋ ਗਏ ਹਨ।
ਜ਼ਾਹਿਰ ਹੈ ਕਿ ਇਹ ਉਹ ਅਸਲ ਮੋਦੀ ਲਹਿਰ ਹੈ ਜਿਸ ਲਈ ਭਾਰਤੀ ਜਨਤਾ ਪਾਰਟੀ ਅਤੇ ਆਰæਐਸ਼ਐਸ਼ ਨੇ ਪੈਸਾ ਪਾਣੀ ਵਾਂਗ ਵਹਾਇਆ ਅਤੇ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਹਰ ਹੀਲਾ ਕੀਤਾ। ਚੋਣਾਂ ਤੋਂ ਬਾਅਦ ਵੀ ਹੋਰ ਪਾਰਟੀਆਂ ਵੱਲ ਸੁਲ੍ਹਾ ਦਾ ਹੱਥ ਵਧਾਇਆ ਜਾ ਰਿਹਾ ਹੈ। ਤਰਦੀ ਨਜ਼ਰੇ ਇਹੀ ਜਾਪਦਾ ਹੈ ਕਿ ਇਸ ਮੋਦੀ ਲਹਿਰ ਦਾ ਕਿਤੇ ਕੋਈ ਵਿਰੋਧ ਨਹੀਂ ਹੋ ਰਿਹਾ। ਆਪਣੇ ਪੰਜਾਬ ਦੀ ਹੀ ਮਿਸਾਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਮੁੱਖ ਮੰਤਰੀ ਬਿਨਾਂ ਸ਼ਰਤ ਆਪਣੀ ਸਾਰੀ ਤਾਕਤ ਇਕੱਠੀ ਕਰ ਕੇ ਮੋਦੀ ਦੇ ਪਿੱਛੇ ਖੜ੍ਹੇ ਹਨ। ਹੋਰ ਤਾਂ ਹੋਰ ਪਿਛਲੇ ਦਿਨੀਂ ਉਹ ਮਹਿੰਗਾਈ ਦੇ ਮਾਮਲੇ ਵਿਚ ਵੀ ਮੋਦੀ ਦੇ ਹੱਕ ਵਿਚ ਬੋਲਣ ਲੱਗ ਪਏ; ਪਹਿਲਾਂ ਉਹ ਮਹਿੰਗਾਈ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਸਨ। ਨਸ਼ਿਆਂ ਦੇ ਮਾਮਲੇ ‘ਤੇ ਤਾਂ ਉਨ੍ਹਾਂ ਦੇ ਬਿਆਨ ਮਿਸਾਲ ਹੀ ਬਣ ਗਏ ਹਨ। ਕੇਂਦਰ ਵਿਚ ਕਾਂਗਰਸ ਦੇ ਰਾਜ ਦੌਰਾਨ ਉਹ ਪ੍ਰਚਾਰ ਕਰਦੇ ਰਹੇ ਕਿ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਕਾਂਗਰਸ ਦੇ ਰਾਜ ਕਰ ਕੇ ਵਹਿ ਰਿਹਾ ਹੈ, ਕਿਉਂਕਿ ਕੇਂਦਰ ਵਿਚਲੀ ਕਾਂਗਰਸ ਸਰਕਾਰ ਲੋੜੀਂਦੀ ਕਾਰਵਾਈ ਨਹੀਂ ਕਰ ਰਹੀ। ਹੁਣ ਜਦੋਂ ਕੇਂਦਰ ਵਿਚ ਆਪਣੇ ਭਾਈਵਾਲ ਦੀ ਸਰਕਾਰ ਬਣ ਗਈ ਹੈ ਅਤੇ ਇਸ ਵਿਚ ਨੂੰਹ ਹਰਸਿਮਰਤ ਕੌਰ ਬਾਦਲ ਮੰਤਰੀ ਵੀ ਹੈ, ਤਾਂ ਇਸ ਮਾਮਲੇ ‘ਤੇ ਉਨ੍ਹਾਂ ਖਾਮੋਸ਼ੀ ਧਾਰ ਲਈ ਹੈ। ਬੱਸ ਖਾਨਾਪੂਰਤੀ ਜਿਹੀ ਕਰਨ ਲਈ ਆਮ ਨਸ਼ੇੜੀਆਂ ਨੂੰ ਫੜ-ਫੜ ਕੇ ਜੇਲ੍ਹਾਂ ਭਰ ਦਿੱਤੀਆਂ ਹਨ। ਉਂਜ, ਚੰਗੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬਾਦਲ ਦੀ ਇਸ ਸਿੱਧੜ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਹੈ। ਲੋਕਾਂ ਦੇ ਮਨਾਂ ਤੱਕ ਇਹ ਸੁਨੇਹਾ ਆਖਰਕਾਰ ਪੁੱਜ ਗਿਆ ਹੈ ਕਿ ਇਹ ਗ੍ਰਿਫਤਾਰੀਆਂ ਆਵਾਮ ਦੇ ਅੱਖੀਂ ਘੱਟਾ ਪਾਉਣ ਲਈ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਸਪਲਾਇਰਾਂ ਅਤੇ ਸਮਗਲਰਾਂ ਨੂੰ ਤਾਂ ਛੇੜਿਆ ਹੀ ਨਹੀਂ ਜਾ ਰਿਹਾ। ਮੋਦੀ ਅਤੇ ਬਾਦਲ ਤਾਂ ਲੋਕਾਂ ਲਈ ‘ਅੱਛੇ ਦਿਨ’ ਲਿਆਉਣ ਦੀ ਥਾਂ ਆਪੋ-ਆਪਣੇ ਹਿਤਾਂ ਖਾਤਰ ਸਿਆਸਤ ਕਰ ਰਹੇ ਹਨ ਪਰ ਇਹ ਹੁਣ ਲੋਕਾਂ ਉਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਸੱਚ-ਮੁੱਚ ਅੱਛੇ ਦਿਨ ਲਿਆਉਣ ਲਈ ਇਨ੍ਹਾਂ ਕੋਝੇ ਹਾਕਮਾਂ ਤੋਂ ਖਹਿੜਾ ਕਿਸ ਤਰ੍ਹਾਂ ਛੁਣਾਉਣਾ ਹੈ!
Leave a Reply