ਕਾਨੂੰਨ ਤੇ ਕਲੀਨ ਚਿੱਟ!

ਝੂਠਿਆਂ ਦੀ ਬੱਲੇ ਬੱਲੇ ਹੋਈ ਜਾਂਦੀ ਐ, ਜਿਹਦੇ ਪੱਲੇ ਸੱਚ ਉਹਨੂੰ ਲੈਂਦੇ ਸਿੱਟ ਜੀ।
ਧੰਨ-ਧੌਂਸ ਵਾਲਿਆਂ ਦੀ ਸਾਰੇ ਪੁੱਗਦੀ, ਗਰੀਬ ਤੇ ਨਿਮਾਣਿਆਂ ਦੀ ਲੱਗੇ ਪਿੱਠ ਜੀ।
ਲੀਡਰਾਂ ਦੇ ਮਹਿਲ ਉਚੇ ਹੋਈ ਜਾਂਦੇ ਨੇ, ਹੇਠਾਂ ਜੋ ਗਰੀਬੀ ਰੇਖਾ ਜਾਂਦੇ ਮਿੱਟ ਜੀ।
ਗਾਂਢਾ-ਸਾਂਢਾ ਜਿਹਦਾ ਕਿਸੇ ਨੇਤਾ ਨਾਲ ਨਹੀਂ, ਸੁਣੇ ਨਾ ਕੋਈ ਰੋਵੇ ਭਾਵੇਂ ਦੱਸੇ ਪਿੱਟ ਜੀ।
ਮੰਤਰੀ ਦਾ ਪੁੱਤ ਅੱਗੇ ਮੰਤਰੀ ਬਣੇ, ਐਰਾ-ਗੈਰਾ-ਨੱਥੂ ਦੇਖੇ ਬਿੱਟ ਬਿੱਟ ਜੀ।
ਰੋਜ਼ ਰੋਜ਼ ਲੀਡਰਾਂ ਦੇ ਰੰਗ ਬਦਲੇ, ਹੋ ਕੇ ਸ਼ਰਮਿੰਦੀ ਦੇਖੇ ਗਿਰਗਿਟ ਜੀ।
ਰੋਸ ਤੇ ਮੁਜ਼ਾਹਰੇ ਕਿਹੜਾ ਗਿੱਟੇ ਭੰਨਦੇ, ਪੱਥਰਾਂ ਦੇ ਨਾਲ ਕੀ ਭਿੜੇਗੀ ਇੱਟ ਜੀ।
ਮਾੜੇ ਦੀ ਕਾਨੂੰਨ ਨਹੀਂਓਂ ਹਾਮੀ ਭਰਦਾ, ਮਾਇਆਧਾਰੀਆਂ ਦੇ ਆਉਂਦੈ ਪੂਰਾ ਫਿੱਟ ਜੀ।
ਸਿਆਸੀ ਠੱਗਾਂ-ਕਾਤਲਾਂ ਨੂੰ ਬਾਹਰੋਂ ਬਾਹਰ ਹੀ, ਸੌਖੀ ਮਿਲ ਜਾਂਦੀ ਹੈ ਕਲੀਨ ਚਿੱਟ ਜੀ।

Be the first to comment

Leave a Reply

Your email address will not be published.