ਇਰਾਕ ਸੰਕਟ ਨੇ ਪੰਜਾਬ ਹਲੂਣਿਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਇਰਾਕ ਸੰਕਟ ਲਗਾਤਾਰ ਗੰਭੀਰ ਰੂਪ ਧਾਰ ਰਿਹਾ ਹੈ ਪਰ ਭਾਰਤ ਸਰਕਾਰ ਉਥੇ ਫਸੇ 10 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਕੱਢਣ ਵਿਚ ਅਜੇ ਤੱਕ ਸਫਲ ਨਹੀਂ ਹੋਈ। ਭਾਰਤ ਸਰਕਾਰ ਨੇ ਜਲ ਸੈਨਾ ਦੇ ਦੋ ਜੰਗੀ ਬੇੜੇ ਫਾਰਸ਼ ਦੀ ਖਾੜੀ ਵਿਚ ਤਾਇਨਾਤ ਕਰ ਦਿੱਤੇ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਆਦਾਤਰ ਭਾਰਤੀ ਇਰਾਕੀ ਸਰਕਾਰ ਦੇ ਕੰਟਰੋਲ ਹੇਠਲੇ ਇਲਾਕਿਆਂ ਵਿਚ ਹੀ ਰਹਿ ਰਹੇ ਹਨ ਅਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈæਐਸ਼ਆਈæਐਸ਼) ਦੇ ਜਹਾਦੀ ਹਾਲੇ ਤਕ ਬਗਦਾਦ, ਕਰਬਲਾ, ਨਜਫ ਤੇ ਬਸਰਾ ਜਿਹੇ ਸ਼ਹਿਰਾਂ ‘ਤੇ ਕਬਜ਼ਾ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਵੇਲੇ ਸੁੰਨੀ ਜਹਾਦੀਆਂ ਦੇ ਕਬਜ਼ੇ ਵਿਚ 39 ਭਾਰਤੀ ਕਾਮੇ ਹੀ ਹਨ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ। ਇਹ ਭਾਰਤੀ ਇਰਾਕ ਦੇ ਮੌਸੂਲ ਸ਼ਹਿਰ ਬੰਦੀ ਬਣਾਏ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਜਹਾਦੀਆਂ ਵੱਲੋਂ ਭਾਰਤੀ ਕਾਮਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਦੇ ਯਤਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਇਰਾਕ ਦੇ ਜੰਗ ਵਾਲੇ ਖੇਤਰ ਵਿਚ 100 ਤੋਂ ਘੱਟ ਭਾਰਤੀ ਫਸੇ ਹੋਏ ਹਨ। ਇਨ੍ਹਾਂ ਵਿਚ 39 ਭਾਰਤੀ ਮੌਸੂਲ ਵਿਚ ਹਨ ਤੇ 46 ਨਰਸਾਂ ਤਿਕਰਿਤ ਵਿਚ ਹਨ।
ਦੂਜੇ ਪਾਸੇ ਪੀੜਤ ਪਰਿਵਾਰਾਂ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਦਾ ਬੰਦੀ ਬਣਾਏ ਪੰਜਾਬੀਆਂ ਨਾਲ ਹੁਣ ਤਕ ਕੋਈ ਰਾਬਤਾ ਨਹੀਂ ਬਣਿਆ ਹੈ। ਪੰਜਾਬ ਦੇ ਪੀੜਤ ਪਰਿਵਾਰਾਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਦਾਅਵੇ ਤਾਂ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦੀ ਬਾਤ ਕਿਸੇ ਨਹੀਂ ਪੁੱਛੀ। ਇਰਾਕ ਵਿਚ ਫਸੇ ਭਾਰਤੀਆਂ ਵਿਚ ਜ਼ਿਆਦਾਤਰ ਪੰਜਾਬੀ ਹੀ ਹਨ।
ਉਧਰ, ਜਹਾਦੀਆਂ ਨੇ ਇਰਾਕ ਵਿਚ ਵੱਡੇ ਸੁੰਨੀ ਅਤਿਵਾਦੀ ਹਮਲੇ ਦੀ ਅਗਵਾਈ ਕਰਦਿਆਂ ਇਸਲਾਮਿਕ ਖਲੀਫੇ ਦਾ ਐਲਾਨ ਕੀਤਾ ਹੈ ਤੇ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਆਪਣੇ ਮੁਖੀ ਨਾਲ ਜੁੜਨ ਦਾ ਅਹਿਦ ਕਰਨ ਦਾ ਹੁਕਮ ਦਿੱਤਾ ਹੈ। ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਟ ਨੇ ਆਪਣਾ ਨਾਮ ਸਿਰਫ ਇਸਲਾਮਿਕ ਸਟੇਟ (ਆਈæਐਸ਼) ਕਰ ਲਿਆ ਹੈ ਤੇ ਆਪਣੇ ਫਰੰਟਮੈਨ ਬਗ਼ਦਾਦੀ ਨੂੰ ਦੁਨੀਆਂ ਭਰ ਦੇ ਮੁਸਲਮਾਨਾਂ ਦਾ ਆਗੂ ਐਲਾਨ ਦਿੱਤਾ ਹੈ।
ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਇਰਾਕੀਆਂ ਲਈ ਪਿਛਲਾ ਜੂਨ ਮਹੀਨਾ ਇਸ ਸਾਲ ਦੌਰਾਨ ਸਭ ਤੋਂ ਵੱਧ ਭਿਆਨਕ ਸਾਬਤ ਹੋਇਆ ਹੈ। ਇਸਲਾਮੀ ਦਹਿਸ਼ਤਗਰਦਾਂ ਤੇ ਇਰਾਕੀ ਫੌਜ ਵਿਚ ਛਿੜੀ ਜੰਗ ਕਾਰਨ 1531 ਆਮ ਨਾਗਰਿਕ ਤੇ 886 ਸੁਰੱਖਿਆ ਜਵਾਨ ਮਾਰੇ ਗਏ ਹਨ। ਇਸਲਾਮੀ ਦਹਿਸ਼ਤਗਰਦਾਂ ਨੇ ਕੁਝ ਕੁ ਹਫਤਿਆਂ ਅੰਦਰ ਇਰਾਕ ਦਾ ਉੱਤਰ ਤੇ ਪੱਛਮ ਵਿਚ ਵੱਡਾ ਹਿੱਸਾ ਕਬਜ਼ੇ ਵਿਚ ਲੈ ਕੇ ਤੇ ਸੀਰੀਆ ਦੇ ਕੁਝ ਹਿੱਸੇ ਨੂੰ ਇਸ ਨਾਲ ਜੋੜ ਕੇ ਇਸਲਾਮਿਕ ਸਟੇਟ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਰਾਕ ਵਿਚ ਤਾਇਨਾਤ ਸੰਯੁਕਤ ਰਾਸ਼ਟਰ ਮਿਸ਼ਨ ਅਨੁਸਾਰ ਪਿਛਲੇ ਜੂਨ ਮਹੀਨੇ ਵਿਚ ਲੜਾਈ ਦੌਰਾਨ ਜ਼ਖਮੀਆਂ ਦੀ ਗਿਣਤੀ 2287 ਹੈ। ਇਨ੍ਹਾਂ ਵਿਚੋਂ 1763 ਸਿਵਲੀਅਨ ਹਨ। ਇਨ੍ਹਾਂ ਵਿਚ ਇਰਾਕ ਦੇ ਅਨਬਾਰ ਸੂਬੇ ਵਿਚ ਇਸਲਾਮੀ ਦਹਿਸ਼ਤਗਰਦਾਂ ਵੱਲੋਂ ਕੁਝ ਸ਼ਹਿਰਾਂ ‘ਤੇ ਕਬਜ਼ੇ ਸਮੇਂ ਮਾਰੇ ਜਾਂ ਜ਼ਖਮੀ ਹੋਏ ਲੋਕ ਸ਼ਾਮਲ ਨਹੀਂ ਹਨ। ਇਸ ਸਾਲ ਹੀ ਮਈ ਵਿਚ 799 ਇਰਾਕੀ ਮਾਰੇ ਗਏ ਸਨ ਜਦੋਂਕਿ ਅਪਰੈਲ ਵਿਚ 750 ਮੌਤਾਂ ਹੋਈਆਂ ਸਨ। ਇਹ ਹੱਤਿਆਵਾਂ ਪਿਛਲੇ ਸਾਲ ਦੇ ਕਿਸੇ ਵੀ ਮਹੀਨੇ ਨਾਲੋਂ ਵੱਧ ਹਨ।
ਉਧਰ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਕਾਂਗਰਸ ਦੇ ਆਗੂਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਬਗਦਾਦ ਵਿਚ ਅਮਰੀਕਾ ਦੇ ਨਾਗਰਿਕਾਂ ਤੇ ਉਨ੍ਹਾਂ ਦੀ ਸੰਪਤੀ ਦੀ ਸੁਰੱਖਿਆ ਲਈ ਨਵੇਂ ਭੇਜੇ ਤਿੰਨ ਸੌ ਫੌਜੀ ਜਵਾਨਾਂ ਨੇ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ। ਇਨ੍ਹਾਂ ਨੂੰ ਬਗਦਾਦ ਵਿਚ ਅਮਰੀਕੀ ਦੂਤਘਰ, ਬਗਦਾਦ ਕੌਮਾਂਤਰ ਹਵਾਈ ਅੱਡੇ ‘ਤੇ ਪਹਿਲਾਂ ਹੀ ਤਾਇਨਾਤ ਅਮਰੀਕੀ ਫੌਜੀਆਂ ਦੇ ਟਿਕਾਣਿਆਂ ਦੀ ਹਿਫਾਜ਼ਤ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਉਦੋਂ ਤੱਕ ਤਾਇਨਾਤ ਰਹਿਣਗੇ ਜਦੋਂ ਤੱਕ ਇਰਾਕ ਦੇ ਸੁਰੱਖਿਆ ਹਾਲਾਤ ਸੁਧਰ ਨਹੀਂ ਜਾਂਦੇ। ਇਨ੍ਹਾਂ ਕੋਲ ਹੈਲੀਕਾਪਟਰ ਵੀ ਹਨ। ਸੁਰੱਖਿਆ ਲਈ ਮਾਨਵ ਰਹਿਤ ਡਰੋਨ ਵੀ ਤਾਇਨਾਤ ਕੀਤੇ ਗਏ ਹਨ।

Be the first to comment

Leave a Reply

Your email address will not be published.