ਬਠਿੰਡਾ: ਆਰਥਿਕ ਤੰਗੀ ਦੇ ਬਾਵਜੂਦ ਬਾਦਲ ਪਰਿਵਾਰ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਵੱਲੋਂ ਔਸਤਨ ਹਰ ਪੰਜਵੇਂ ਦਿਨ ਪਿੰਡ ਬਾਦਲ ਦਾ ਗੇੜਾ ਲਾਇਆ ਜਾਂਦਾ ਹੈ। ਲੰਘੇ ਦੋ ਵਰ੍ਹਿਆਂ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ 154 ਦਿਨ ਪਿੰਡ ਬਾਦਲ ਆਉਣ ਲਈ ਸਰਕਾਰੀ ਹੈਲੀਕਾਪਟਰ ਵਰਤਿਆ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਸਰਕਾਰੀ ਹੈਲੀਕਾਪਟਰ ‘ਤੇ ਆਪਣੇ ਜੱਦੀ ਪਿੰਡ ਸੈਫਈ ਦੇ ਇਕ ਸਾਲ ਵਿਚ 45 ਗੇੜੇ ਲਾਏ ਸਨ।
ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਜਨਵਰੀ 2012 ਤੋਂ 31 ਦਸੰਬਰ 2013 ਤੱਕ ਪਿੰਡ ਕਾਲਝਰਾਨੀ ਵਿਚ 154 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੇ ਹੈਲੀਕਾਪਟਰ ਲਈ ਪਿੰਡ ਕਾਲਝਰਾਨੀ ਦੀ ਸਰਕਾਰੀ ਦਾਣਾ ਮੰਡੀ ਵਿਚ ਹੈਲੀਪੈਡ ਬਣਾਇਆ ਹੋਇਆ ਹੈ। ਬਾਦਲ ਪਰਿਵਾਰ ਵੱਲੋਂ ਜਦੋਂ ਵੀ ਪਿੰਡ ਬਾਦਲ ਆਉਂਦਾ ਹੈ ਤਾਂ ਉਨ੍ਹਾਂ ਦਾ ਹੈਲੀਕਾਪਟਰ ਪਿੰਡ ਕਾਲਝਰਾਨੀ ਵਿਚ ਉੱਤਰਦਾ ਹੈ। ਇਥੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੜਕ ਰਸਤੇ ਪਿੰਡ ਬਾਦਲ ਲਈ ਜਾਂਦੇ ਹਨ।
ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਕਾਲਝਰਾਨੀ ਦੇ ਹੈਲੀਪੈਡ ‘ਤੇ ਪੱਕੀ ਗਾਰਦ ਲਗਾਈ ਹੋਈ ਹੈ ਤੇ ਬਕਾਇਦਾ ਦੋ ਕਮਰੇ ਵੀ ਦਿੱਤੇ ਹੋਏ ਹਨ। ਮੰਡੀ ਬੋਰਡ ਪੰਜਾਬ ਵੱਲੋਂ ਹੈਲੀਪੈਡ ਦਾ ਬਿਜਲੀ ਬਿੱਲ ਭਰਿਆ ਜਾਂਦਾ ਹੈ। ਸਰਕਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੋ ਵਰ੍ਹਿਆਂ ਦੌਰਾਨ 82 ਦਫ਼ਾ ਪਿੰਡ ਕਾਲਝਰਾਨੀ ਵਿਚ ਪੁੱਜੇ ਹਨ ਜਿਸ ਦਾ ਮਤਲਬ ਹੈ ਕਿ ਮੁੱਖ ਮੰਤਰੀ ਨੇ ਔਸਤਨ ਹਰ ਨੌਵੇਂ ਦਿਨ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਉਪ ਮੁੱਖ ਮੰਤਰੀ ਨੇ 73 ਦੌਰੇ ਪਿੰਡ ਕਾਲਝਰਾਨੀ ਦੇ ਕੀਤੇ ਹਨ ਜਿਸ ਤੋਂ ਭਾਵ ਹੈ ਕਿ ਉਪ ਮੁੱਖ ਮੰਤਰੀ ਨੇ ਔਸਤਨ ਹਰ ਦਸਵੇਂ ਦਿਨ ਪਿੰਡ ਬਾਦਲ ਦਾ ਚੱਕਰ ਕੱਟਿਆ ਹੈ। ਮੁੱਖ ਮੰਤਰੀ ਸਾਲ 2012 ਵਿਚ 29 ਦਿਨ ਤੇ ਸਾਲ 2013 ਵਿਚ 53 ਦਿਨ ਪਿੰਡ ਕਾਲਝਰਾਨੀ ਵਿਚ ਪੁੱਜੇ ਹਨ। ਉਪ ਮੁੱਖ ਮੰਤਰੀ ਪੰਜਾਬ ਸਾਲ 2012 ਵਿਚ 32 ਦਿਨ ਤੇ ਸਾਲ 2013 ਵਿਚ 40 ਦਿਨ ਪਿੰਡ ਕਾਲਝਰਾਨੀ ਵਿਚ ਹੈਲੀਕਾਪਟਰ ਰਾਹੀਂ ਪੁੱਜੇ ਹਨ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਕਾਫ਼ੀ ਮਾਲੀ ਤੰਗੀ ਵਿਚ ਹੈ ਅਤੇ ਸਰਕਾਰੀ ਹੈਲੀਕਾਪਟਰ ਦਾ ਖਰਚਾ ਵੀ ਦਿਨੋਂ-ਦਿਨ ਵਧ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੂਜੀ ਦਫ਼ਾ ਹਕੂਮਤ ਸੰਭਾਲਣ ਮਗਰੋਂ ਮਾਰਚ 2012 ਵਿਚ ਹੈਲੀਕਾਪਟਰ ਦੀ ਵਰਤੋਂ ਪਿੰਡ ਬਾਦਲ ਆਉਣ ਲਈ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਸਾਲ 2012 ਦੇ ਅਪਰੈਲ ਤੇ ਨਵੰਬਰ ਵਿਚ ਛੇ-ਛੇ ਗੇੜੇ ਹੈਲੀਕਾਪਟਰ ਤੇ ਪਿੰਡ ਬਾਦਲ ਦੇ ਲਾਏ ਹਨ। ਅਗਸਤ 2013 ਵਿਚ ਤਾਂ ਮੁੱਖ ਮੰਤਰੀ ਨੇ ਹੈਲੀਕਾਪਟਰ ‘ਤੇ 11 ਗੇੜੇ ਪਿੰਡ ਬਾਦਲ ਦੇ ਲਾਏ ਹਨ। ਉਨ੍ਹਾਂ ਦਾ ਹੈਲੀਕਾਪਟਰ ਹਮੇਸ਼ਾ ਪਿੰਡ ਕਾਲਝਰਾਨੀ ਦੇ ਹੈਲੀਪੈਡ ‘ਤੇ ਉੱਤਰਿਆ ਹੈ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਤੰਬਰ 2012 ਤੇ ਜਨਵਰੀ 2013 ਵਿਚ ਸੱਤ-ਸੱਤ ਗੇੜੇ ਹੈਲੀਕਾਪਟਰ ‘ਤੇ ਪਿੰਡ ਬਾਦਲ ਦੇ ਲਾਏ ਹਨ। ਜਦੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਠਿੰਡਾ ਜ਼ਿਲ੍ਹੇ ਦੇ ਦੌਰੇ ‘ਤੇ ਆਉਂਦੇ ਹਨ ਤਾਂ ਉਨ੍ਹਾਂ ਦਾ ਹੈਲੀਕਾਪਟਰ ਬਠਿੰਡਾ ਦੀ ਥਰਮਲ ਕਲੋਨੀ ਵਿਚ ਉੱਤਰਦਾ ਹੈ। ਮਿਲੇ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਦੋ ਵਰ੍ਹਿਆਂ ਵਿਚ ਬਠਿੰਡਾ ਜ਼ਿਲ੍ਹੇ ਦੇ 301 ਦੌਰੇ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਵੱਲੋਂ ਔਸਤਨ ਹਰ ਤੀਜੇ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਬਠਿੰਡਾ ਜ਼ਿਲ੍ਹੇ ਦੇ ਸਾਲ 2012 ਵਿੱਚ 78 ਤੇ ਸਾਲ 2013 ਵਿਚ 86 ਦੌਰੇ ਕੀਤੇ ਹਨ। ਮੁੱਖ ਮੰਤਰੀ ਨੇ ਔਸਤਨ ਹਰ ਪੰਜਵੇਂ ਦਿਨ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਹੈ ਜਦੋਂਕਿ ਉਪ ਮੁੱਖ ਮੰਤਰੀ ਨੇ ਦੋ ਵਰ੍ਹਿਆਂ ਵਿੱਚ 137 ਦੌਰੇ ਬਠਿੰਡਾ ਜ਼ਿਲ੍ਹੇ ਦੇ ਕੀਤੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦੌਰਿਆਂ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਦੋ ਵਰ੍ਹਿਆਂ ਦੌਰਾਨ 81 ਦੌਰੇ ਕੀਤੇ ਹਨ।
Leave a Reply