ਚੰਡੀਗੜ੍ਹ: ਸਿਆਸੀ ਲੜਾਈ ਅੱਗੇ ਤੋਰਦਿਆਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਛੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਚੋਣ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਛੇ ਪਟੀਸ਼ਨਾਂ ਦਾਖਲ ਕਰ ਦਿੱਤੀਆਂ ਹਨ। ਇਨ੍ਹਾਂ ਪਟੀਸ਼ਨਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਚੁਣੇ ਗਏ ਅਕਾਲੀ-ਭਾਜਪਾ ਸੰਸਦ ਮੈਂਬਰਾਂ ਨੇ ਚੋਣ ਜਿੱਤਣ ਲਈ ਲੋਕ ਪ੍ਰਤੀਨਿਧਤਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ।
ਜਿਹੜੇ ਮੈਂਬਰਾਂ ਖ਼ਿਲਾਫ਼ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਜੇ ਸਾਂਪਲਾ, ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ, ਆਨੰਦਪੁਰ ਸਾਹਿਬ ਤੋਂ ਅਕਾਲੀ ਐਮæਪੀæ ਪ੍ਰੇਮ ਸਿੰਘ ਚੰਦੂਮਾਜਰਾ ਤੇ ਖਡੂਰ ਸਾਹਿਬ ਤੋਂ ਅਕਾਲੀ ਐਮæਪੀæ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਹਨ। ਪਟੀਸ਼ਨਰ ਸੀਨੀਅਰ ਕਾਂਗਰਸੀ ਆਗੂ ਹਨ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਹਨ।
ਦਾਇਰ ਕੀਤੀਆਂ ਪਟੀਸ਼ਨਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਚੁਣੇ ਗਏ ਅਕਾਲੀ-ਭਾਜਪਾ ਸੰਸਦ ਮੈਂਬਰਾਂ ਨੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਦਿਆਂ ਚੋਣ ਕਮਿਸ਼ਨ ਵੱਲੋਂ ਮਿੱਥੀ ਹੱਦ ਤੋਂ ਵੱਧ ਚੋਣ ਖਰਚਾ ਕੀਤਾ ਪਰ ਖਰਚਾ ਸੂਚੀ ਵਿਚ ਘੱਟ ਖਰਚਾ ਵਿਖਾਇਆ। ਉਦਾਹਰਣ ਦੇ ਤੌਰ ‘ਤੇ ਹੁਸ਼ਿਆਰਪੁਰ ਦੇ ਐਮæਪੀæ ਵਿਜੇ ਸਾਂਪਲਾ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ 70 ਲੱਖ ਦੀ ਮਿੱਥੀ ਹੱਦ ਤੋਂ ਉੱਤੇ 74,07,193 ਲੱਖ ਰੁਪਏ ਆਪਣੀ ਚੋਣ ਮੁਹਿੰਮ ‘ਤੇ ਖਰਚੇ ਪਰ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਪੇਸ਼ ਕੀਤੀ ਖਰਚਾ ਸੂਚੀ ਵਿਚ 45,59,393 ਰੁਪਏ ਦਾ ਖਰਚਾ ਵਿਖਾਇਆ। ਇਸੇ ਤਰ੍ਹਾਂ ਹੋਰਨਾਂ ਮੈਂਬਰਾਂ ‘ਤੇ ਵੀ ਮਿੱਥੀ ਹੱਦ ਤੋਂ ਵੱਧ ਖਰਚਾ ਕਰਨ ਪਰ ਖਾਤੇ ਵਿਚ ਕਿਤੇ ਘੱਟ ਖਰਚਾ ਦਰਸਾਉਣ ਦਾ ਵੇਰਵਾ ਦਿੱਤਾ ਗਿਆ ਹੈ।
ਪਟੀਸ਼ਨਰਾਂ ਨੇ ਅਕਾਲੀ-ਭਾਜਪਾ ਗੱਠਜੋੜ ‘ਤੇ ਵੋਟਰਾਂ ਨੂੰ ਧਰਮ ਦਾ ਸਹਾਰਾ ਲੈ ਕੇ ਪ੍ਰਭਾਵਿਤ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਅਦਾਲਤ ਨੂੰ ਗਠਜੋੜ ਵੱਲੋਂ ਜਾਰੀ ਚੋਣ ਇਸ਼ਤਿਹਾਰਾਂ ਦੀਆਂ ਕਈ ਆਡੀਓ ਤੇ ਵੀਡੀਓ ਸੀæਡੀਜ਼ ਪੇਸ਼ ਕੀਤੀਆਂ ਹਨ ਜਿਨ੍ਹਾਂ ਵਿਚ ਸਿੱਖਾਂ ਦੇ ਧਾਰਮਿਕ ਅਸਥਾਨਾਂ, ਯਾਦਗਾਰਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਕਿਉਂਕਿ ਇਹ ਇਸ਼ਤਿਹਾਰ ਉਮੀਦਵਾਰਾਂ ਦੀ ਸਹਿਮਤੀ ਨਾਲ ਟੀæਵੀæ ਚੈਨਲਾਂ ਨੂੰ ਦਿੱਤੇ ਗਏ ਜਿਸ ਕਾਰਨ ਚੁਣੇ ਗਏ ਉਮੀਦਵਾਰਾਂ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਦਾ ਦੋਸ਼ ਸਿੱਧ ਹੁੰਦਾ ਹੈ। ਗੱਠਜੋੜ ਵੱਲੋਂ ਦੇਸ਼ ਦੇ ਕੌਮੀ ਝੰਡੇ ਨੂੰ ਚੋਣਾਂ ਦੌਰਾਨ ਇਸ਼ਤਿਹਾਰਬਾਜ਼ੀ ਲਈ ਵਰਤਣ ‘ਤੇ ਵੀ ਪ੍ਰਸ਼ਨ ਉਠਾਇਆ ਗਿਆ ਹੈ। ਪਟੀਸ਼ਨਰਾਂ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 77 ਅਤੇ 78 ਅਤੇ ਕੰਡਕਟ ਆਫ਼ ਇਲੈਕਸ਼ਨ ਰੂਲਜ਼ 1961 ਦੀ ਉਲੰਘਣਾ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਲਈ ਅਕਾਲੀ-ਭਾਜਪਾ ਦੇ ਸਾਰੇ ਚੁਣੇ ਸੰਸਦ ਮੈਂਬਰਾਂ ਦੀ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਰਜਿਸਟਰਾਰ ਵੱਲੋਂ ਇਹ ਪਟੀਸ਼ਨਾਂ ਪੜਤਾਲ ਲਈ ਭੇਜ ਦਿੱਤੀਆਂ ਗਈਆਂ ਹਨ।
ਪਟੀਸ਼ਨਾਂ ਪਾਉਣ ਵਾਲਿਆਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਗਲ ਸੈੱਲ ਦੇ ਚੇਅਰਮੈਨ ਇੰਦਰਪਾਲ ਸਿੰਘ ਧੰਨਾ, ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਨੀਰਜ ਸਲਹੋਤਰਾ ਤੇ ਭੁਪਿੰਦਰ ਸਿੰਘ, ਐਨæਯੂæਆਈæ ਦੇ ਜਨਰਲ ਸਕੱਤਰ ਨਵਜੋਤ ਸਿੰਘ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ ਦੇ ਪ੍ਰਧਾਨ ਹਰਭਾਗ ਸਿੰਘ ਸ਼ਾਮਲ ਹਨ।
ਅਕਾਲੀ- ਭਾਜਪਾ ਦੇ ਹਾਲ ਹੀ ਵਿਚ ਬਣੇ ਸੰਸਦ ਮੈਂਬਰਾਂ ਵਿਰੁੱਧ ਇਹ ਪਟੀਸ਼ਨਾਂ ਵੋਟਰਾਂ ਵੱਲੋਂ ਪਾਈਆਂ ਗਈਆਂ ਹਨ। ਡਬਵਾਲੀ ਢਾਬ ਮੁਕਤਸਰ ਜ਼ਿਲ੍ਹੇ ਤੋਂ ਨਵਜੋਤ ਸਿੰਘ ਵੱਲੋਂ ਹਰਸਿਮਰਤ ਕੌਰ ਬਾਦਲ ਦੀ ਚੋਣ ਵਿਰੁੱਧ ਪਾਈ ਗਈ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੀæਟੀæਸੀæ ਨਿਊਜ਼, ਫਾਸਟਵੇਅ ਕੇਬਲ ਟੀਵੀ ਨੈੱਟਵਰਕ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਤੇ ਖਾਸ ਕਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਲਗਾਤਾਰ ਚਲਾਉਂਦੇ ਰਹੇ ਹਨ। ਵਿਸ਼ੇਸ਼ ਤੌਰ ‘ਤੇ ਖਬਰਾਂ ਨੂੰ ਹਰਸਿਮਰਤ ਬਾਦਲ ਦੀ ਵਡਿਆਈ ਵਾਲਾ ਮੋੜ ਦਿੱਤਾ ਜਾਂਦਾ ਸੀ। ਪਟੀਸ਼ਨਰ ਨੇ ਮਿਸਾਲਾਂ ਵੀ ਪੇਸ਼ ਕੀਤੀਆਂ ਹਨ।
Leave a Reply