ਵਿਸ਼ਵ ਕੱਪ ਫੁੱਟਬਾਲ ਦੇ ਪਹਿਲੇ ਗੇੜ ਵਿਚ ਗੁਲ ਕੈਸੇ ਖਿੜੇ
ਗੁਰਦਿਆਲ ਸਿੰਘ ਬੱਲ, ਕੈਨੇਡਾ
ਫੋਨ: 905-866-6091
ਇਨਸਾਨ ਨੂੰ ਜਿਉਂਦੇ ਰਹਿਣ ਲਈ ਨਿਸ਼ਚੇ ਹੀ ਸਭ ਤੋਂ ਪਹਿਲਾਂ ਰੋਟੀ ਦੀ ਜ਼ਰੂਰਤ ਹੈ ਤੇ ਉਸ ਤੋਂ ਤੁਰੰਤ ਬਾਅਦ ਕਿਸੇ ਅਜਿਹੇ ਵਿਸ਼ਵਾਸ ਦੀ ਜ਼ਰੂਰਤ ਹੈ ਜਿਸ ਤੋਂ ਜ਼ਿੰਦਗੀ ਨੂੰ ਕੋਈ ਅਰਥ ਮਿਲ ਸਕੇ। ਇਨਸਾਨ ਨੂੰ ਜਿਉਂਦੇ ਰਹਿਣ ਲਈ ਮਿੱਥ ਦੀ ਜ਼ਰੂਰਤ ਹੈ ਅਤੇ ਮਿੱਥ ਨੂੰ ਨਵਿਆਉਣ ਲਈ ਹੀ ਤਾਂ ਬਰਾਜ਼ੀਲ ਦੇ ਲੋਕ ਪੂਰੇ 4 ਵਰ੍ਹੇ ਵਿਸ਼ਵ ਕੱਪ ਫੁੱਟਬਾਲ ਦੇ ‘ਮਹਾਂ ਕੁੰਭ’ ਨੂੰ ਨਿਰੰਤਰ ਉਡੀਕਦੇ ਰਹਿੰਦੇ ਹਨ। ਮਿੱਥਾਂ ਨਕਾਰਾਤਮਕ ਰੋਲ ਵੀ ਅਦਾ ਕਰਦੀਆਂ ਹਨ- ਤੇ ਉਂਜ ਆਦਮ ਜਾਤ 20ਵੀਂ ਸਦੀ ਵਿਚ ਅਡੋਲਫ ਹਿਟਲਰ ਦੀ ਅਗਵਾਈ ਹੇਠ ਪਹਿਲਾਂ ਨਾਜ਼ੀਆਂ ਦੀਆਂ ਕਰਤੂਤਾਂ ਤੋਂ ਅਤੇ ਫਿਰ ਸਾਡੇ ਆਪਣੇ ਸਮਿਆਂ ਵਿਚ ਉਤਨੇ ਹੀ ਬਦਤਰ ਸਰਬ ਕੌਮਪ੍ਰਸਤਾਂ ਦੇ ਪਹਿਲਾਂ ਬੋਸਨੀਆ ਅੰਦਰ ਤੇ ਫਿਰ ਕੋਸੋਵੋ ਵਿਚਲੇ ਕਾਲੇ ਕਾਰਨਾਮਿਆਂ ਨੂੰ ਵੇਖ ਹੀ ਚੁੱਕੀਆਂ ਹਨ, ਪਰ ਮਿੱਥਾਂ ਸਕਾਰਾਤਮਕ ਵੀ ਹੁੰਦੀਆਂ ਹਨ ਜਿਵੇਂ ਮਹਾਨ ਮਾਨਵਵਾਦੀ ਚੇ ਗੁਵੇਰਾ ਦੀ ਮਿੱਥ ਸੀ, ਜਾਂ ਜਿਵੇਂ ਸਾਡੇ ਆਪਣੇ ਪੰਜਾਬ ਵਿਚ ਮਹਾਨ ਲੋਕ ਗਾਇਕਾ ਸੁਰਿੰਦਰ ਕੌਰ ਜਾਂ ਕਬੱਡੀ ਦੇ ਸ਼ਾਨਾਂਮਤੇ ਖਿਡਾਰੀ ਹਰਜੀਤ ਬਾਜਾਖਾਨਾ ਨੂੰ ਉਸਾਰੂ ਪ੍ਰੇਰਨਾ ਦੇ ਮਿੱਥਕਾਂ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ।
ਹੁਣ ਬਰਾਜ਼ੀਲ ਦੇ ਵੱਖ-ਵੱਖ ਸ਼ਹਿਰਾਂ ਅੰਦਰ ਕਰਵਾਇਆ ਜਾ ਰਿਹਾ ਵਿਸ਼ਵ ਕੱਪ ਫੁੱਟਬਾਲ ਦਾ ‘ਮਹਾਂ ਦੰਗਲ’ ਇਨਸਾਨ ਦੀ ਇਸੇ ਤਲਾਸ਼ ਜਾਂ ਸਿੱਕ ਦਾ ਹੀ ਪਰਤੌਅ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਫੁੱਟਬਾਲ ਸਾਲ 1950, 1954 ਜਾਂ 1958 ਵਾਲੇ ਵੀ ਦੰਤ ਕਥਾਵਾਂ ਸਿਰਜ ਗਏ ਸਨ। 1958 ਦੇ ਮਾਰਾਡੋਨਾ ਅਤੇ ਮਾਈਕਲ ਪਲਾਟੀਨੀ ਦੀ ਸ਼ਮੂਲੀਅਤ ਵਾਲੇ ਕੱਪ ਦਾ ਤਾਂ ਭਲਾਂ ਕਹਿਣਾ ਹੀ ਕੀ ਸੀ, ਪਰ ਪ੍ਰਿੰਸੀਪਲ ਸਾਹਿਬ ਦੀ ਉਸ ਦਿਨ ਦੀ ਕਹੀ ਗੱਲ ਦੀ ਤਸਦੀਕ ਐਤਕਾਂ ਦੇ ਵਿਸ਼ਵ ਕੱਪ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੈਚਾਂ ਦੌਰਾਨ ਉਸ ਸਮੇਂ ਹੋਈ ਜਦੋਂ ਟਰਾਫੀ ਦੀ ਦੌੜ ਲਈ ਇਕ ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਲਗਪਗ ਸਾਰੀਆਂ ਹੀ ਟੀਮਾਂ ਐਨ ਉਸੇ ਤਰ੍ਹਾਂ ਕਲਾਸਿਕ ਸਿਰਜ ਗਈਆਂ ਜਿਸ ਤਰ੍ਹਾਂ ਦੇ ਕਲਾਸਿਕ 70ਵਿਆਂ ਦੇ ਦਹਾਕੇ ਵਿਚ ਮਹਾਨ ਅਮਰੀਕਨ ਸ਼ਤਰੰਜ ਖਿਡਾਰੀ ਬੌਬੀ ਫਿਸ਼ਰ ਅਤੇ ਰੂਸ ਦੇ ਅਨਤੋਲੀ ਕਾਰਪੋਵ ਨੇ ਸਿਰਜੇ ਸਨ। ਦੁਨੀਆਂ ਦੀਆਂ ਮਹਾਂ ਸ਼ਕਤੀਆਂ ਵਿਚਾਲੇ ਠੰਢੀ ਜੰਗ ਉਦੋਂ ਆਪਣੇ ਸਿਖਰ ਵੱਲ ਜਾ ਰਹੀ ਸੀ ਅਤੇ ਉਨ੍ਹਾਂ ਕਲਾਕਾਰਾਂ ਨੇ ਦਸਿਆ ਸੀ ਕਿ ਇਕ ਦੂਜੇ ਉਪਰ ਸ੍ਰੇਸ਼ਟਤਾ ਸਥਾਪਤ ਕਰਨ ਲਈ ਮਾਨਵ ਜਾਤੀ ਨੂੰ ਪਰਮਾਣੂ ਜੰਗ ਦੀ ਭੱਠੀ ਵਿਚ ਝੋਕਣ ਦੀ ਜ਼ਰੂਰਤ ਨਹੀਂ- ਸ੍ਰੇਸ਼ਟਤਾ ਸ਼ਤਰੰਜ ਦੀ ਬਿਸਾਤ ਵਿਛਾਅ ਕੇ ਵੀ ਆਸ਼ਕਾਰ ਕੀਤੀ ਜਾ ਸਕਦੀ ਹੈ। ਟੂਰਨਾਮੈਂਟ ਦੇ ਪਹਿਲੇ ਗੇੜ ਦਾ ਹਰ ਮੈਚ ਖਿਡਾਰੀਆਂ ਵਲੋਂ ਨਿਸ਼ਚੇ ਹੀ ਜਹਾਦੀ ਜੋਸ਼ ਅਤੇ ਜਾਂਨਿਸਾਰੀ ਦੀ ਭਾਵਨਾ ਨਾਲ ਖੇਡਿਆ ਗਿਆ; ਭਲੇ ਹੀ ਇਥੇ ਜਹਾਦੀ ਜੋਸ਼ ਇਸ ਕਿਸਮ ਦਾ ਨਹੀਂ ਸੀ ਜਿਸ ਕਿਸਮ ਦਾ ਅੱਜ ਕੱਲ੍ਹ ਇਰਾਕ ਤੇ ਪਾਕਿਸਤਾਨ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਆਪਣੇ ਇਸ ਦਾਅਵੇ ਜਾਂ ਪ੍ਰਭਾਵ ਦੀ ਵਜਾਹਤ ਕਰਨ ਲਈ ਅਸੀਂ ਆਪਣੇ ਪਾਠਕਾਂ ਨਾਲ ਸਭ ਤੋਂ ਪਹਿਲਾਂ 21 ਜੂਨ ਨੂੰ ਇਰਾਨ ਅਤੇ ਅਰਜਨਟਾਈਨਾ ਦੀਆਂ ਟੀਮਾਂ ਵਿਚਾਲੇ ਖੇਡੇ ਅਤੇ ਮਿੱਥਕ ਬਣ ਜਾਣ ਦੀ ਸਮਰੱਥਾ ਵਾਲੇ ਮੁਕਾਬਲੇ ਦੀ ਕਹਾਣੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਮੈਚ ਅਰਜਨਟਾਈਨਾ ਨੇ ਜਿੱਤ ਤਾਂ ਲਿਆ, ਤੇ ਇਰਾਨੀ ਫੁੱਟਬਾਲ ਦੇ ਸੁਪਰ ‘ਜਹਾਦੀਆਂ’ ਦੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਵੀ ਕਰ ਦਿਤਾ ਪਰ ਮੈਦਾਨ ਵਿਚੋਂ ਬਾਹਰ ਹੋਣ ਤੋਂ ਪਹਿਲਾਂ ਇਰਾਨ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ, ਦ੍ਰਿੜਤਾ, ਹੌਸਲੇ ਅਤੇ ਜਨੂੰਨ ਦੇ ਅਜਿਹੇ ਰੰਗ ਦਿਖਾਏ ਕਿ ਦਰਸ਼ਕਾਂ ਦੀਆਂ ਯਾਦਾਂ ਅੰਦਰ ਆਉਣ ਵਾਲੇ ਵਰ੍ਹਿਆਂ ਤੱਕ ਬਣੇ ਰਹਿਣਗੇ। ਅਰਜਨਟਾਈਨਾ ਦੀ ਗੋਲ ਪੋਸਟ ‘ਤੇ ਸਰਗੀਓ ਰੋਮੇਰੋ ਖੜ੍ਹਾ ਸੀ; ਮਾਰਕੋਸ ਰੋਜੋ, ਫਰੈਡਰਿਕੋ ਫਰਨੈਂਡੇਜ ਅਤੇ ਪਾਬਲੋ ਜਾਬਾਲੇਟਾ ਰੱਖਿਆ ਪੰਕਤੀ ‘ਚ ਅਤੇ ਮੱਧ ਪੰਕਤੀ ਚੋਂ ਜੇਵੀਅਰ ਮੈਸਚੇਰਾਨੋ, ਫਰਨੈਂਡੋ ਗਾਗੋ ਅਤੇ ਏਂਜਲ ਡੀ ਮਾਰੀਆ, ਹਮਲਾਵਰ ਪੰਕਤੀ ਵਿਚ ਲਿਓਨਲ ਮੈਸੀ, ਗੋਂਜਾਲੋ ਹਿਗੂਏਂ ਅਤੇ ਸਰਗੀਓ ਅਗੇਰੂ ਨੂੰ ਇਰਾਨੀ ਗੋਲਾਂ ‘ਤੇ ਹਮਲੇ ਕਰਨ ਲਈ ਲਗਾਤਾਰ ‘ਐਮਿਊਨੀਸ਼ਨ’ ਮੁਹੱਈਆ ਕਰਵਾ ਰਹੇ ਸਨ। ਦੂਜੇ ਪਾਸੇ ਇਰਾਨੀ ਗੋਲ ਪੋਸਟ ‘ਚ ਜਰਨੈਲਾਂ ਦੇ ਹਾਰ ਖੜ੍ਹੇ ਅਲੀ ਰੇਜਾ ਹਗੀਗੀ ਨੇ ਤਾਂ ਇਰਾਨੀਆਂ ਦੇ ਵੱਕਾਰ ਨੂੰ ਬਚਾਉਣ ਲਈ ਸਿਰ ਉਤੇ ‘ਕਫਨ’ ਹੀ ਬੰਨ੍ਹਿਆ ਹੋਇਆ ਸੀ- ਰੱਖਿਅਕ ਪੰਕਤੀ ਵਿਚ ਮਿਹਰਦਾਦ ਪੂਲਾਦੀ, ਪੇਜਮਾਨ ਮੋਂਤਾਜੇਰੀ, ਅਮੀਰ ਹੁਸੈਨ ਸਾਦੀਗੀ ਅਤੇ ਜਲਾਲ ਹੁਸੈਨੀ ਦਾ ਵੀ ਕੋਈ ਜਵਾਬ ਨਹੀਂ ਸੀ ਪਰ ਇਰਾਨੀਆਂ ਦੀ ਮੁਹਿੰਮ ਦੇ ਹੋਰ ਵੀ ਵੱਡੇ ਨਾਇਕ ਤਾਂ ਉਨ੍ਹਾਂ ਦੀ ਹਮਲਾਵਰ ਪੰਕਤੀ ਵਿਚ ਰੇਜਾ ਅਤੇ ਆਸ਼ਕਾਨ ਦੇਜਾਗਾ ਨਾਂ ਦੇ ਖਿਡਾਰੀਆਂ ਦੀ ਜ਼ਬਰਦਸਤ ਜੋੜੀ ਸੀ ਜੋ ਅਰਜਨਟਾਈਨੀ ਹਮਲਿਆਂ ਤੋਂ ਸਾਹ ਮਿਲਦਿਆਂ ਹੀ ਵਿਰੋਧੀ ਗੋਲਾਂ ਵੱਲ ਧਾਈ ਕਰ ਦਿੰਦੇ ਸਨ ਅਤੇ ਵਾਰ-ਵਾਰ ਅਰਜਨਟਾਈਨਾ ਨੂੰ ਹੱਥਾਂ-ਪੈਰਾਂ ਦੀਆਂ ਪਾ ਦਿੰਦੇ ਸਨ। ਮੈਚ ਦੇ ਚੌਥੇ ਮਿੰਟ ਵਿਚ ਹੀ ਇਰਾਨੀ ਖਿਡਾਰੀ ਅਹਿਸਾਨ ਹਾਜਸਾਫੀ ਨੇ ਫਰੀ ਕਿੱਕ ਤੋਂ ਬਾਲ ਬੜੇ ਹੀ ਸਸ਼ਕਤ ਅੰਦਾਜ਼ ਵਿਚ ਵਿਰੋਧੀ ਗੋਲਾਂ ਵੱਲ ਚੁੱਕ ਦਿੱਤੀ; ਫਰਨੈਂਡੇਜ ਤੇ ਗੈਰੇ, ਦੋਵੇਂ ਹੀ ਮਾਤ ਹੋ ਗਏ ਸਨ, ਪਰ ਬਾਲ ਗੋਲ ਪੋਸਟ ਦੇ ਬਾਜੂ ਨਾਲ ਟਕਰਾ ਕੇ ਵਾਪਸ ਮੈਦਾਨ ਵਿਚ ਆ ਡਿਗੀ। ਜਲਾਲ ਹੁਸੈਨੀ ਦਾ ਪੈਰ ਬੱਸ ਬਾਲ ਨੂੰ ਛੂੰਹਦਾ-ਛੂੰਹਦਾ ਹੀ ਰਹਿ ਗਿਆ, ਵਰਨਾ ਅਰਜਨਟਾਈਨਾ ਦੀ ਗੋਲ ਪੋਸਟ ਖਾਲੀ ਪਈ ਸੀ।
ਇਰਾਨ ਦੇ ਇਸ ਹਮਲੇ ਨੇ ਅਰਜਨਟਾਈਨੀ ਸਫਾਂ ਵਿਚ ਚੁਸਤੀ ਲਿਆ ਦਿੱਤੀ। ਖੇਡ ਅਜੇ 10 ਕੁ ਮਿੰਟ ਦੀ ਹੀ ਹੋਈ ਸੀ ਕਿ ਫੁੱਟਬਾਲ ਦੇ ਮਹਾਨ ਕਲਾਕਾਰ ਏਂਜਲ ਡੀ ਮਾਰੀਆ ਨੇ ਬੈਕ ਹੀਲ ਰਾਹੀਂ ਬਹੁਤ ਤੇਜ਼ੀ ਨਾਲ ਬਾਲ ਗੋਂਜਾਲੇ ਹਿਗੂਏਂ ਵੱਲ ਵਧਾਇਆ ਪਰ ਉਹ ਲੋੜੀਂਦਾ ਤਵਾਜ਼ਨ ਰੱਖ ਨਾ ਸਕਿਆ। ਤੁਰੰਤ ਬਾਅਦ ਗਾਗੋ ਨੇ ਇਕ ਵਾਰ ਮੁੜ ਹਿਗੂਏਂ ਨੂੰ ਬੜਾ ਸੋਹਣਾ ਪਾਸ ਸੌਂਪਿਆ। ਉਹਨੇ ਇਰਾਨੀ ਗੋਲਾਂ ਵੱਲ ਕਿਕ ਵੀ ਰਾਕਟ ਵਾਂਗ ਅੱਖ ਦੇ ਫੋਰ ਵਿਚ ਮਾਰ ਦਿੱਤੀ, ਪਰ ਇਰਾਨ ਦੇ ਜਾਂਬਾਜ਼ ਗੋਲਕੀਪਰ ਅਲੀ ਰੇਜਾ ਹਗੀਗੀ ਨੇ ਜਿਸ ਆਸਾਨੀ ਨਾਲ ਉਸ ਦੀ ਇਸ ਕੋਸ਼ਿਸ਼ ਨੂੰ ਜਾਇਆ ਕੀਤਾ, ਉਹ ਨਜ਼ਾਰਾ ਵੇਖਿਆਂ ਹੀ ਬਣਦਾ ਸੀ।
ਮੈਚ ਦੇ ਅਗਲੇ 15-20 ਮਿੰਟ ਇਹ ਕਹਾਣੀ ਇਸੇ ਤਰ੍ਹਾਂ ਹੀ ਜਾਰੀ ਰਹੀ। ਅਖੀਰ ਅਰਜਨਟਾਈਨੀ ਸੁਪਰ ਸਟਾਰ ਲਿਓਨੇਲ ਮੈਸੀ ਨੇ ਬਹੁਤ ਹੀ ਜ਼ਾਇਕੇਦਾਰ ਕਰਾਸ ਆਪਣੇ ਸਾਥੀ ਖਿਡਾਰੀ ਗੈਰੇ ਵੰਨੀ ਸੁਟਿਆ ਜੋ ਉਹ ਸਾਂਭ ਭਲੇ ਹੀ ਨਾ ਸਕਿਆ ਪਰ ਸਟੇਡੀਅਮ ਅੰਦਰ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਮੈਚ ਦਾ ਨਜ਼ਾਰਾ ਕਰ ਰਹੇ ਕਰੋੜਾਂ ਦਰਸ਼ਕ ਅਸ਼-ਅਸ਼ ਕਰ ਉਠੇ। ਫਿਰ 5-7 ਮਿੰਟਾਂ ਪਿਛੋਂ ਹੀ ਇਰਾਨ ਦੀ ਤਰਫੋਂ ਮੋੜਵਾਂ ਹਮਲਾ ਬੰਨ੍ਹਦਿਆਂ ਉਸੇ ਤਰ੍ਹਾਂ ਦਾ ਕੌਤਕ ਜਲਾਲ ਹੁਸੈਨੀ ਨੇ ਕਰ ਦਿੱਤਾ। ਮਾੜੀ ਕਿਸਮਤ ਨੂੰ ਉਸ ਦਾ ਹੈਡਰ ਗੋਲ ਪੋਸਟ ਤੋਂ ਜ਼ਰਾ ਕੁ ਉਪਰੋਂ ਦੀ ਨਿਕਲ ਗਿਆ।
ਅੱਧ ਸਮੇਂ ਦੀ ਖੇਡ ਤੋਂ ਪਿਛੋਂ ਮੈਦਾਨ ਵਿਚ ਵਾਪਸ ਪਰਤਦਿਆਂ 5-4 ਮਿੰਟ ਬਾਅਦ ਹੀ ਅਰਜਨਟਾਈਨੀ ਰੱਖਿਅਕ ਪੰਕਤੀ ਦੇ ਖਿਡਾਰੀ ਮਾਰਕੋਸ ਰੋਜੋ ਨੇ ਇਕ ਦੋ ਵਾਰੀ ਵਧੀਆਂ ਚਾਲਾਂ ਚੱਲੀਆਂ, ਪਰ ਗੱਲ ਬਣੀ ਨਾ। ਇਸੇ ਦੌਰਾਨ ਇਰਾਨੀ ਹਮਲਾਵਰ ਖਿਡਾਰੀ ਦੇਜਾਗਾ ਦੇ ਹਮਲੇ ਦੌਰਾਨ ਗੋਲ ਪੋਸਟ ਸਾਹਮਣੇ ਪਾਬਲੋ ਜਾਬਾਲੇਟਾ ਨੇ ਉਸ ਨੂੰ ਬਹੁਤ ਹੀ ਭੈੜਾ ਫਾਊਲ ਕਰ ਕੇ ਬੜੀ ਮੁਸ਼ਕਲ ਨਾਲ ਠੱਲ੍ਹਿਆ। ਅਰਜਨਟਾਈਨਾ ਦੀ ਕਿਸਮਤ ਚੰਗੀ ਸੀ ਕਿ ਰੈਫਰੀ ਨੇ ਇਸ ਦਾ ਨੋਟਿਸ ਹੀ ਨਾ ਲਿਆ, ਨਹੀਂ ਤਾਂ ਪੈਨਲਟੀ ਕਿੱਕ ਉਨ੍ਹਾਂ ਵਿਰੁਧ ਦਿੱਤੀ ਜਾ ਸਕਦੀ ਸੀ। ਇਹ ਛਿਣ ਇੰਟਰਨੈਟ ‘ਤੇ ਅਗਲੇ 3-4 ਦਿਨ ਲਗਾਤਾਰ ਦਿਖਾਇਆ ਜਾਂਦਾ ਰਿਹਾ। ਸਾਡਾ ਪਾਕਿਸਤਾਨੀ ਮਿੱਤਰ ਜਾਹਿਦ ਹੁਸੈਨ ਵੜੈਚ ਮੈਚ ਵਿਹਿੰਦਿਆਂ ਬੇਹੱਦ ਪ੍ਰੇਸ਼ਾਨ ਹੋ ਉਠਿਆ। ਉਸ ਨੇ ਫੋਨ ‘ਤੇ ਹੋਈ ਗੱਲਬਾਤ ਦੌਰਾਨ ਮੈਨੂੰ ਉਹ ਮੂਮੈਂਟ ਨੈਟ ‘ਤੇ ਵੇਖਣ ਲਈ ਕਿਹਾ। ਉਹ ਅਗਲੇ 2-3 ਦਿਨ ਰੈਫਰੀ ਦੀ ਇਸ ਮੁਜਰਮਾਨਾ ਉਕਾਈ ਨੂੰ ਕੋਸੀ ਗਿਆ।
67ਵੇਂ ਮਿੰਟ ਵਿਚ ਡੇਜਾਗਾ ਨੇ ਇਕ ਵਾਰ ਮੁੜ ਹੈਡਰ ਮਾਰ ਕੇ ਅਰਜਨਟਾਈਨੀ ਖੇਮੇ ਵਿਚ ਵਿਸਫੋਟ ਕਰਨ ਲਈ ਜ਼ੋਰਦਾਰ ਹੰਭਲਾ ਮਾਰਿਆ ਪਰ ਗੋਲਕੀਪਰ ਰੋਮੈਰੋ ਨੇ ਉਤਨੇ ਹੀ ਚਮਤਕਾਰੀ ਅੰਦਾਜ਼ ਵਿਚ ਉਪਰ ਛਲਾਂਗ ਮਾਰ ਕੇ ਬਾਲ ਨੂੰ ਪੋਸਟ ਤੋਂ ਬਾਹਰ ਲੰਘਾ ਦਿਤਾ। ਮੈਚ ਮੁੱਕਣ ਦੀਆਂ ਘੜੀਆਂ ਨੇੜੇ ਆ ਰਹੀਆਂ ਸਨ ਕਿ 15 ਮਿੰਟ ਰਹਿੰਦਿਆਂ ਹਾਰ ਕੇ ਕੋਚ ਨੇ ਗੋਂਜਾਲੋ ਹਿਗੂਏਂ ਅਤੇ ਸਰਗਈ ਆਗੇਰੀ, ਦੋਵਾਂ ਨੂੰ ਵਾਪਸ ਬੁਲਾ ਕੇ ਉਨ੍ਹਾਂ ਦੀ ਜਗ੍ਹਾ ਲਾਵੇਜੀ ਤੇ ਪਲਾਸੀਓਨਾਂ ਨੂੰ ਲਿਓਨਲ ਮੈਸੀ ਦੀ ਸਹਾਇਤਾ ਲਈ ਭੇਜ ਦਿੱਤਾ ਪਰ ਇਰਾਨੀਆਂ ਦੀ ਦ੍ਰਿੜਤਾ ਦੀ ਦਾਦ ਦੇਣੀ ਪਵੇਗੀ ਕਿ ਉਹ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਜਾਇਆ ਕਰੀ ਗਏ। ਅਸਲ ਵਿਚ ਇਸ ਦਿਨ ਇਰਾਨੀ ਖਿਡਾਰੀਆਂ ਨੂੰ ਅਰਜਨਟਾਈਨਾ ਦੇ ਸੁਪਰ ਸਟਾਰਾਂ ਵਿਰੁਧ ਜੂਝਦਿਆਂ ਵੇਖ ਕੇ ਇੰਝ ਲਗਦਾ ਸੀ ਜਿਵੇਂ ਉਨ੍ਹਾਂ ਅੰਦਰ ਮਾਨੋ ਕਰੂਸੇਡਾਂ ਦੇ ਜ਼ਮਾਨਿਆਂ ਦੇ ਮਹਾਨ ਜਰਨੈਲ ਸਲਾਦੀਨ ਦੀ ਰੂਹ ਆ ਗਈ ਹੋਵੇ।
ਹੁਣ ਮੈਚ ਦਾ 90 ਮਿੰਟ ਦਾ ਸਮਾਂ ਖਤਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਇੰਜਰੀ ਟਾਈਮ ਦੇ 2-4 ਮਿੰਟਾਂ ਦੀ ਖੇਡ ਬਾਕੀ ਰਹਿ ਗਈ ਸੀ ਕਿ ਲਿਓਨਲ ਮੈਸੀ ਨੇ ਪੈਨਲਟੀ ਖੇਤਰ ਦੇ ਬਾਹਰੋਂ ਬਹੁਤ ਹੀ ਜਾਦੂਈ ਅੰਦਾਜ਼ ਵਿਚ ਕਿੱਕ ਲਈ ਜਗ੍ਹਾ ਬਣਾਈ ਅਤੇ ਬਾਲ ਨੂੰ ਆਖਰ ਇਰਾਨ ਦੇ ਦੀਵਾਰ ਵਰਗੇ ਗੋਲਚੀ ਤੋਂ ਪਾਰ ਨੈਟ ਵਿਚ ਟੰਗ ਦਿਤਾ। ਮੈਸੀ ਦੇ ਪ੍ਰਸ਼ੰਸਕ ਰਛਪਾਲ ਗਿੱਲ ਦਾ ਦਾਅਵਾ ਇਹ ਸੀ ਕਿ ਮੈਸੀ ਦਾ ਇਹ ਅਲੌਕਿਕ ਗੋਲ 1986 ਦੇ ਵਿਸ਼ਵ ਕੱਪ ਦੌਰਾਨ ਮੈਸੀ ਦੇ ਉਸਤਾਦ ਡੀਗੋ ਮਾਰਾਡੋਨਾ ਵਲੋਂ ਕਵਾਰਟਰ ਫਾਈਨਲ ਗੇੜ ਵਿਚ ਇੰਗਲੈਂਡ ਵਿਰੁਧ ਕੀਤੇ ਉਸ ਗੋਲ ਵਾਂਗ ਹੀ ਚੇਤੇ ਰਖਿਆ ਜਾਵੇਗਾ ਜਿਸ ਨੂੰ ਸਦੀ ਦਾ ਸਭ ਤੋਂ ਆਕਰਸ਼ਕ ਗੋਲ ਕਿਹਾ ਗਿਆ ਸੀ।
—
18 ਜੂਨ ਦਿਨ ਬੁੱਧਵਾਰ ਨੂੰ ਸਪੇਨ ਅਤੇ ਚਿੱਲੀ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਕਲਾਸਿਕ ਮੁਕਾਬਲਾ ਵੀ ਕਿਸੇ ਯੂਨਾਨੀ ਤਰਾਸਦਿਕ ਕਹਾਣੀ ਤੋਂ ਘੱਟ ਨਹੀਂ ਸੀæææ।
ਸਪੇਨ ਦਾ ਕੋਚ ਬਸੰਤ ਡੀ ਬੋਸਕ ਦੁਨੀਆਂ ਦਾ ਬਿਹਤਰੀਨ ਕੋਚ ਹੈ। ਸਪੇਨ ਦੀ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਦੁਨੀਆਂ ਦੀ ਸਭ ਤੋਂ ਤਾਕਤਵਰ ਫੁੱਟਬਾਲ ਲੀਗ ਹੈ। ਸਪੇਨ 2008 ਅਤੇ 2012 ਦਾ ਯੂਰਪੀ ਚੈਂਪੀਅਨ ਹੈ ਅਤੇ 2014 ਦਾ ਵਿਸ਼ਵ ਕੱਪ ਵੀ ਉਸੇ ਕੋਲ ਹੈ। ਸਪੇਨ ਕੋਲ ਲਿਓਨਲ ਮੈਸੀ, ਰੂਨੀ ਜਾਂ ਰੋਨਾਲਡੋ ਵਰਗੇ ਮਹਿਜ਼ ਇਕ ਜਾਂ ਦੋ ਸੁਪਰ ਸਟਾਰ ਨਹੀਂ, ਬਲਕਿ ਉਨ੍ਹਾਂ ਕੋਲ ਸੁਪਰ ਫੁੱਟਬਾਲ ਜਗਤ ਦੇ ਸੁਪਰ ਸਟਾਰਾਂ ਦੀ ਪੂਰੀ ਬੈਟਰੀ ਹੈ। ਕੋਚ ਨੇ ਚਿੱਲੀ ਵਿਰੁਧ ਜ਼ਿੰਦਗੀ-ਮੌਤ ਦੀ ਬਾਜ਼ੀ ਵਾਲੇ ਮੈਚ ਵਿਚ ਰੱਖਿਅਕ ਪੰਕਤੀ ਦੇ ਸਿਪਾਹ-ਸਲਾਰ ਪੀਕ ਦੀ ਜਗ੍ਹਾ ਜਾਵੀ ਮਾਰਟੀਨੇ ਅਤੇ ਹਮਲਾਵਰ ਪੰਕਤੀ ਵਿਚ ਸ਼ਾਵੀ ਦੀ ਜਗ੍ਹਾ ਪੈਡਰੋ ਰੌਡਰੀਗੋ ਨੂੰ ਉਤਾਰਿਆ। ਟੀਮ ਦੇ ਹੋਰ ਮੈਂਬਰਾਂ ਵਿਚ ਗੋਲਚੀ ਵਿਕਰ ਕਾਸੀਅਸ ਨਾਲ ਐਂਡਰੀਆਸ ਇਨੀਸਟਾ, ਸ਼ਾਵੀ ਅਲੋਂਸੋ, ਸਰਜੀਓ ਰਿਮੋਸ, ਸਰਜੀਓ ਬਿਸਕਿਤਸ, ਜੋਰਡੀ ਆਲਬਾ, ਡੀਆਗੋ ਕੋਸਟਾ ਅਤੇ ਡੇਵਿਡ ਸਿਲਵਾ ਸ਼ਾਮਲ ਸਨ। ਡਿਆਗੋ ਕੋਸਟਾ ਅਤੇ ਡੇਵਿਡ ਸਿਲਵਾ ਹਮਲਾਵਰ ਪੰਕਤੀ ਦੇ ਤਾਜ਼ਾਦਮ ਸਿਤਾਰੇ ਸਨ ਜਿਨ੍ਹਾਂ ਨੇ ਪਿਛਲੇ ਪੂਰੇ ਸਾਲ ਦੌਰਾਨ ਯੂਰਪੀ ਲੀਗ ਦੇ ਅਨੇਕਾਂ ਮੈਚਾਂ ਵਿਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੋਇਆ ਸੀ। ਇਸੇ ਤਰ੍ਹਾਂ ਰਾਖਵੇਂ ਖਿਡਾਰੀਆਂ ਦੇ ਖੇਮੇ ਵਿਚ ਕੋਚ ਕੋਲ ਫਰਨੈਂਡੋ ਟੋਰਸ, ਡੇਵਿਡ ਵੀਆ, ਸ਼ਾਵੀ ਹਰਨੈਂਡਸ, ਜੁਆਨ ਫਰਾਨ, ਫੈਬਰਾਗਾਸ, ਜੁਆਨ ਮਾਟਾ, ਕੋਕੋ, ਸਾਂਤੀ ਕਜੋਰਲਾ ਅਤੇ ਪੇਪ ਰੇਨਾ ਵਰਗੇ ਇਕ ਤੋਂ ਇਕ ਵਧ ਕੇ ਸੁਪਰ ਸਟਾਰ ਮੌਜੂਦ ਸਨ। ਸਪੇਨ ਦੀ ਇਹ ‘ਫੌਜ’ ਕਿਤਨੀ ਕੁ ਸਸ਼ਕਤ ਸੀ, ਇਸ ਦਾ ਪਤਾ ਉਨ੍ਹਾਂ ਦਰਸ਼ਕਾਂ ਨੂੰ ਭਲੀਭਾਂਤ ਲੱਗ ਚੁੱਕਾ ਹੋਵੇਗਾ ਕਿ 23 ਜੂਨ ਨੂੰ ਗਰੁੱਪ ਦੇ ਆਪਣੇ ਆਖਰੀ ਲੀਗ ਮੈਚ ਵਿਚ ਉਹ ਆਸਟਰੇਲੀਆ ਵਰਗੀ ਤੇਜ਼ ਤਰਾਰ ਟੀਮ ਨੂੰ ਸਿਫਰ ਦੇ ਮੁਕਾਬਲੇ 3 ਗੋਲਾਂ ਦੇ ਸਪਸ਼ਟ ਫਰਕ ਨਾਲ ਸਹਿਜ ਭਾਅ ਹੀ ਹਰਾਉਣ ਵਿਚ ਉਹ ਕਿਸ ਕਦਰ ਕਾਮਯਾਬ ਰਹੇ। æææਤੇ ਆਸਟਰੇਲੀਆ ਦੀ ਟੀਮ ਦੀ ਤਾਕਤ ਦਾ ਅਨੁਮਾਨ ਸਹਿਜੇ ਹੀ ਉਹ ਪਾਠਕ ਲਗਾ ਸਕਦੇ ਹਨ ਜਿਨ੍ਹਾਂ ਪੂਲ ਅੰਦਰ ਪਹਿਲਾਂ ਚਿੱਲੀ ਤੇ ਫਿਰ ਹਾਲੈਂਡ ਵਿਰੁਧ ਮੈਚਾਂ ਵਿਚ ਉਨ੍ਹਾਂ ਦੀ ਖੇਡ ਦਾ ਜ਼ਬਰਦਸਤ ਤਾਲ ਤੇ ਲੈਅ ਵੇਖੀ ਹੋਵੇ। ਚਿੱਲੀ ਵਿਰੁਧ ਮੈਚ ਵਿਚ ਸਪੇਨੀ ਖਿਡਾਰੀ ਪੂਰੀ ਦ੍ਰਿੜਤਾ ਅਤੇ ਅਕੀਦਤ ਨਾਲ ਮੈਦਾਨ ਵਿਚ ਉਤਰੇ ਤੇ ਉਨ੍ਹਾਂ ਸ਼ੁਰੂਆਤ ਵੀ ਬੜੇ ਜ਼ੋਰਦਾਰ ਅੰਦਾਜ਼ ਵਿਚ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਚਿੱਲੀ ਦੇ ਫੁੱਟਬਾਲ ਦਾ ਵੀ ਬੜਾ ਰੁਮਾਂਚਿਕ ਇਤਿਹਾਸ ਹੈ ਅਤੇ 1962 ਵਿਚ ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਮੁਕਾਮ ਨੂੰ ਉਨ੍ਹਾਂ ਨੇ ਵੀ ਹੱਥ ਲਗਾਇਆ ਹੋਇਆ ਹੈ, ਤੇ ਅਜੇ ਦੋ ਮਹੀਨੇ ਪਹਿਲਾਂ ਹੀ 24 ਅਪਰੈਲ 2014 ਨੂੰ ਉਨ੍ਹਾਂ ਮੇਜ਼ਬਾਨ ਦੇਸ਼ ਬਰਾਜ਼ੀਲ ਦੀ ਕੌਮੀ ਟੀਮ ਨਾਲ ਅਜ਼ਮਾਇਸ਼ੀ ਮੈਚ ਖੇਡਿਆ ਸੀ ਅਤੇ 2-2 ਗੋਲਾਂ ਦੀ ਬਰਾਬਰੀ ‘ਤੇ ਚੈਂਪੀਅਨਾਂ ਨੂੰ ਠੱਲ੍ਹ ਦਿੱਤਾ ਸੀ।
18 ਜੂਨ ਦੇ ਮੈਚ ਵਿਚ ਸਪੇਨੀਆਂ ਨੇ ਚਿੱਲੀ ਵਿਰੁਧ ਨੀਦਰਲੈਂਡ ਦੀ ਹਾਰ ਦੇ ਸਦਮੇ ਤੋਂ ਪਾਰ ਪਾਉਣ ਦੀ ਕੋਸ਼ਿਸ਼ ਕਰਨੀ ਸੀ ਪਰ ਚਿੱਲੀਅਨ ਟੀਮ ਦਾ ਚੱਕਰ ਇਹ ਸੀ ਕਿ 2010 ਦੇ ਵਿਸ਼ਵ ਕੱਪ ਦੌਰਾਨ ਸਪੇਨੀਆਂ ਨੇ ਉਨ੍ਹਾਂ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਕੱਪ ਦੀ ਦੌੜ ‘ਚੋਂ ਜੋ ਬਾਹਰ ਕੀਤਾ ਸੀ। ਉਨ੍ਹਾਂ ਨੇ ਸਪੇਨੀਆਂ ਨਾਲ ਉਹ ਪੁਰਾਣਾ ਹਿਸਾਬ-ਕਿਤਾਬ ਚੁਕਤਾ ਕਰਨਾ ਸੀ। ਫਿਰ ਵੀ ਸਪੇਨੀ ਟੀਮ ਪੂਰੇ ਤਹੱਈਏ ਅਤੇ ਆਤਮ ਵਿਸ਼ਵਾਸ ਨਾਲ ਮੈਦਾਨ ਵਿਚ ਉਤਰੀ, ਤੇ ਸ਼ਾਵੀ ਅਲੋਂਸੋ ਅਤੇ ਡੀਅਗੋ ਕੋਸਟਾ ਨੇ ਖੇਡ ਸ਼ੁਰੂ ਹੁੰਦਿਆਂ ਹੀ ਚਿੱਲੀਅਨ ਗੋਲਾਂ ‘ਤੇ ਲਗਾਤਾਰ ਦੋ-ਤਿੰਨ ਤਾਬੜਤੋੜ ਹਮਲੇ ਕਰ ਦਿੱਤੇ। ਚਿੱਲੀਅਨ ਗੋਲਕੀਪਰ ਕਲਾਡੀਓ ਬਰਾਵੋ ਦੀ ਦਾਦ ਦੇਣੀ ਹੋਵੇਗੀ ਕਿ ਉਹਨੇ ਫੁਰਤੀ ਨਾਲ ਮੁਢਲੇ ਹਮਲੇ ਅਸਾਨੀ ਨਾਲ ਹੀ ਜਾਇਆ ਕਰ ਦਿੱਤੇ।
ਮੈਚ ਬਰਾਬਰੀ ‘ਤੇ ਚੱਲ ਰਿਹਾ ਸੀ, ਬਲਕਿ ਸਪੇਨੀਆਂ ਦਾ ਪਲੜਾ ਭਾਰੀ ਲਗਦਾ ਸੀ ਕਿ 20 ਵੇਂ ਮਿੰਟ ਵਿਚ ਸ਼ਾਵੀ ਅਲੋਂਸੋ ਵਰਗੇ ਮਿੱਡ ਫੀਲਡ ਦੇ ਮੰਨੇ ਹੋਏ ਜਰਨੈਲ ਕੋਲੋਂ ਅਚਾਨਕ ਬਾਲ ਖੁੰਝ ਗਈ ਅਤੇ ਚਿੱਲੀਅਨ ਖਿਡਾਰੀ ਨੇ ਬਾਲ ਕਬਜ਼ੇ ‘ਚ ਕਰ ਕੇ ਅੱਖ ਦੇ ਫੋਰ ਵਿਚ ਹੀ ਸਪੇਨੀ ਗੋਲਾਂ ਵਿਚ ਜਾ ਸੁੱਟਿਆ। ਸਪੇਨ ਦਾ ਚੈਂਪੀਅਨ ਗੋਲਕੀਪਰ ਕੈਸੀਆਸ ਅਤੇ ਕੋਲ ਹੀ ਖੜ੍ਹਾ ਸਰਗੀਓ ਰੋਮੋਸ ਵੇਖਦੇ ਹੀ ਰਹਿ ਗਏ ਕਿ ਮੁੜ ਇਹ ਕੈਸਾ ਭਾਣਾ ਵਾਪਰਨਾ ਸ਼ੁਰੂ ਹੋ ਗਿਆ ਸੀ!
ਇਸ ਤੋਂ ਬਾਅਦ ਸਪੇਨੀਆਂ ਨੇ ਖੁਦ ਨੂੰ ਸੰਭਾਲਣ ਅਤੇ ਮੋੜਵੇਂ ਹਮਲੇ ਕਰਨ ਦੀ ਪੂਰੀ ਵਾਹ ਲਗਾਈ ਪਰ ਕਲਾਡੀਓ ਬਰਾਵੋ ਨੇ ਉਨ੍ਹਾਂ ਦੀ ਕੋਈ ਵਾਹ ਪੇਸ਼ ਨਾ ਜਾਣ ਦਿਤੀ। ਉਲਟਾ ਹੋਇਆ ਇਹ ਕਿ ਪਹਿਲੇ ਅੱਧ ਦੀ ਖੇਡ ਖਤਮ ਹੋਣ ਦੀ ਘੰਟੀ ਵੱਜਣ ਹੀ ਵਾਲੀ ਸੀ ਕਿ ਚਿੱਲੀ ਨੂੰ ਸਪੇਨੀ ਗੋਲਾਂ ਮੂਹਰੇ ਫਰੀ ਕਿੱਕ ਮਿਲ ਗਈ ਜਿਸ ਨੂੰ ਚਿਲੀਅਨ ਫੁੱਟਬਾਲ ਦੇ ਮਹਾਂ ਨਾਇਕ ਅਲੈਕਸ ਸੰਚੇਜ਼ ਨੇ ਰਾਕਟ ਵਾਂਗੂ ਸਪੇਨੀ ਗੋਲ ਪੋਸਟ ਵੱਲ ਸੇਧ ਦਿੱਤਾ। ਸਪੇਨ ਦੇ ਸਾਬਕਾ ਕਪਤਾਨ ਕਾਸੀਅਸ ਨੇ ਇਸ ‘ਰਾਕਟ’ ਨੁੰ ਰੋਕ ਤਾਂ ਦਿੱਤਾ ਪਰ ਉਹ ਬਾਲ ਨੂੰ ਕਾਬੂ ਨਾ ਰੱਖ ਸਕਿਆ। ਉਸ ਦਾ ਕਸੂਰ ਵੀ ਕੋਈ ਨਹੀਂ ਸੀ। ਬਾਲ ਉਸ ਦੇ ਹੱਥਾਂ ਨੂੰ ਵੱਜ ਕੇ ਵਾਪਸ ਰੀਬਾਊਂਡ ਚਿੱਲੀ ਦੇ ਆਰਨਗੂਏ ਦੇ ਐਨ ਪੈਰਾਂ ‘ਤੇ ਆ ਡਿੱਗੀ ਜਿਸ ਨੂੰ ਉਸ ਨੇ ਅੱਖ ਦੇ ਫੋਰ ਵਿਚ ਸਪੇਨੀ ਗੋਲ ਪੋਸਟ ਦੇ ਅੰਦਰ ਸੁੱਟ ਦਿੱਤਾ।æææ ਤੇ ਇਸ ਗੋਲ ਨੇ ਸਪੇਨੀਆਂ ਦੀਆਂ ਆਸਾਂ ਉਮੀਦਾਂ ‘ਤੇ ਬਿਜਲੀ ਡਿੱਗਣ ਵਾਂਗ ਸਾਬਤ ਹੋ ਜਾਣਾ ਸੀ।
ਦੂਜੇ ਅੱਧ ਦੀ ਖੇਡ ਸ਼ੁਰੂ ਹੁੰਦਿਆਂ ਸਪੇਨੀ ਕੋਚ ਨੇ ਸ਼ਾਵੀ ਅਲੋਂਸੋ ਨੂੰ ਮੈਦਾਨ ਵਿਚ ਉਤਾਰ ਦਿੱਤਾ ਪਰ ਗੱਲ ਬਣ ਨਹੀਂ ਰਹੀ ਸੀ। ਇਸੇ ਤਰ੍ਹਾਂ ਸਾਂਤੀ ਕਜੋਰਲਾ ਨੂੰ ਲਿਆਂਦਾ ਗਿਆ ਅਤੇ ਕਜੋਰਲਾ ਵਰਗੇ ‘ਤੇਗ ਦੇ ਧਨੀ’ ਦੇ ‘ਵਾਰਾਂ’ ਨੂੰ ਚਿਲੀਅਨ ਬਰਾਵੋ ਜਿਸ ਅੰਦਾਜ਼ ਵਿਚ ਰੋਕ ਰਿਹਾ ਸੀ, ਉਸ ਨੂੰ ਵੇਖਦਿਆਂ ਵਾਰ-ਵਾਰ ਦਰਸ਼ਕਾਂ ਦੇ ਦੰਦੂੜਿਕੇ ਵੱਜ ਰਹੇ ਸਨ।
ਸਪੇਨੀ ਕੋਚ ਅਖੀਰ ਜਦੋਂ ਟੋਰਸ ਵਰਗੇ ਆਪਣੇ ਸ਼ਾਨਾਂਮਤੇ ‘ਜਰਨੈਲ’ ਨੂੰ ਗਰਾਊਂਡ ਵਿਚ ਭੇਜ ਰਿਹਾ ਸੀ ਤਾਂ ਇਉਂ ਲਗਦਾ ਸੀ ਜਿਵੇਂ ਸ਼ਹਿਨਸ਼ਾਹ ਸ਼ਾਹ ਜਹਾਨ ਦਾ ਫਰਜੰਦ ਮਹਾਨ ਪਰ ਬੇਵਸ ਦਾਰਾ ਸ਼ਿਕੋਹ ਅੰਤਿਮ ਦਾਅ ਵਜੋਂ ਆਪਣੇ ਹੋਣਹਾਰ ਪੁੱਤਰ ਨੂੰ ਜੰਗ ਦੇ ਮੈਦਾਨ ਵਿਚ ਭੇਜ ਰਿਹਾ ਹੋਵੇ!æææ 2008 ਦਾ ਵਿਸ਼ਵ ਕੱਪ ਫਾਈਨਲ ਜਿਨ੍ਹਾਂ ਨੇ ਵੇਖਿਆ ਹੋਇਆ ਹੈ, ਉਨ੍ਹਾਂ ਨੂੰ ਟੋਰਸ ਦੀ ਅਹਿਮੀਅਤ ਦਾ ਪਤਾ ਹੋਵੇਗਾ ਅਤੇ ਇਹ ਵੀ ਯਾਦ ਹੋਵੇਗਾ ਕਿ ਇਹ ਉਸ ਦੇ ਸਬਲਾਈਮ ਗੋਲ ਸਦਕਾ ਪੂਰੇ 60 ਵਰ੍ਹਿਆਂ ਦੀ ਲੰਮੀ ਜਦੋ-ਜਹਿਦ ਤੋਂ ਬਾਅਦ ਸਪੇਨ ਪਹਿਲੀ ਵਾਰ ਯੂਰਪੀ ਚੈਂਪੀਅਨ ਬਣਿਆ ਸੀ। ਇਸੇ ਤਰ੍ਹਾਂ 2010 ਦੇ ਵਿਸ਼ਵ ਕੱਪ ਫਾਈਨਲ ਮੈਚ ਦੇ 116ਵੇਂ ਮਿੰਟ ਵਿਚ ਗੋਲ ਕਰ ਕੇ ਇਨੀਸਟਾ ਨੇ ਨੀਦਰਲੈਂਡ ਦੀ ਮੁਹਿੰਮ ਨੂੰ ਪੰਕਚਰ ਕੀਤਾ ਸੀ ਅਤੇ ਵਿਸ਼ਵ ਵਿਜੇਤਾ ਦਾ ਤਾਜ ਸਪੇਨੀਆਂ ਦੇ ਸਿਰ ‘ਤੇ ਟਿਕਿਆ ਸੀ; ਪਰ ਇਸ ਵਾਰ ਟੋਰਸ ਜਾਂ ਇਨੀਸਟਾ ਕੋਲ ਬਰਾਵੋ ਜਾਂ ਚਿਲੀਅਨ ਰੱਖਿਅਕ ਪੰਕਤੀ ਦੀ ਦ੍ਰਿੜਤਾ ਦਾ ਕੋਈ ਵੀ ਤੋੜ ਨਹੀਂ ਬਣ ਰਿਹਾ ਸੀ। ਨਹੀਂ ਤਾਂ 15 ਕੁ ਮਿੰਟਾਂ ਦੀ ਖੇਡ ਰਹਿੰਦਿਆਂ ਇਨੀਸਟੀ ਦੀ ਸਾਰੀ ਤਾਕਤ ਨਾਲ ਲਗਾਈ ਕਰਾਸਿੰਗ ਕਿੱਕ ਨੂੰ ਰੋਕ ਪਾਉਣਾ ਕਿਵੇਂ ਵੀ ਖਾਲਾ ਜੀ ਦੀ ਖੇਡ ਨਹੀਂ ਸੀ!
ਇਸ ਫੈਸਲਾਕੁਨ ਮੈਚ ਵਿਚ ਸਪੇਨੀਆਂ ਦੀ ਬੇਵਸੀ ਦਾ ਰੰਗ ਸਭ ਤੋਂ ਵੱਧ ਉਘੜਵੇਂ ਰੂਪ ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ 16 ਨੰਬਰ ਦੀ ਜਰਸੀ ਵਾਲੇ ਨਾਮਵਰ ਖਿਡਾਰੀ ਸਰਜੀਓ ਬਿਸਕਿਤਸ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਪਰ ਉਹਨੇ ਬਾਲ ਨੂੰ ਬੱਚਿਆਂ ਵਾਂਗੂ ਚਿਲੀਅਨ ਗੋਲਚੀ ਬਰਾਵੋ ਨੂੰ ‘ਸੰਭਾਲ’ ਦਿਤਾ ਤੇ ਫਿਰ ਗੋਲਚੀ ਦੇ ਸਾਹਮਣੇ ਗੋਡੇ ਟੇਕ ਕੇ ਨਿੰਮੋਝੂਣ ਵਿਚਾਰਿਆਂ ਦੇ ਹਾਰ ਬੈਠ ਗਿਆ। ਹੁਣ ਵੇਖਣਾ ਇਹ ਹੈ ਕਿ ਚਿਲੀਅਨ ਟੀਮ ਵੀ ਮੰਨਿਆ ਕਿ ਬੜੀ ਮਜ਼ਬੂਤ ਸੀ, ਪਰ ਉਸ ਅੰਦਰ ਉਸ ਦਿਨ ਅਜਿਹੀ ਸਪਿਰਿਟ ਕਿਸ ਸੋਮੇ ਤੋਂ ਆ ਗਈ ਸੀ ਕਿ ਉਹ ਸਪੇਨੀਆਂ ਨੂੰ ਇਕ ਤਰ੍ਹਾਂ ਨਾਲ ਸਾਹ-ਸਤਹੀਣ ਹੀ ਕਰ ਕੇ ਰੱਖ ਦੇਵੇ?
ਇਹ ਸਾਲ 2010 ਦੇ ਵਿਸ਼ਵ ਕੱਪ ‘ਚ ਹੋਈ ਸਪੇਨੀਆਂ ਹੱਥੋਂ ਹਾਰ ਦਾ ਬਦਲਾ ਚੁਕਾਉਣ ਦੀ ਭਾਵਨਾ ਵਿਚੋਂ ਹੀ ਆਈ ਸੀ, ਇਹ ਤਾਂ ਪੱਕੇ ਤੌਰ ਤੇ ਕਹਿਣਾ ਮੁਸ਼ਕਲ ਹੈ; ਪਰ ਸਵੈਮਾਣ ‘ਤੇ ਲੱਗੀ ਸੱਟ ਜਾਂ ਬਦਲੇ ਦੀ ਭਾਵਨਾ ਕਿਸ ਕਿਸਮ ਦਾ ਕੌਤਿਕ ਕਰ ਸਕਦੀ ਹੈ, ਉਹ ਕਿੱਸਾ ਬੇਹਤਰ ਰਹੇਗਾ ਕਿ ਕਿਸੇ ਹੋਰ ਦੇ ਨਹੀਂ ਬਲਕਿ ਵਿਸ਼ਵ ਫੁੱਟਬਾਲ ਜਗਤ ਦੇ ਸ਼ਹਿਨਸ਼ਾਹ ਪੇਲੇ ਦੇ ਸ਼ਬਦਾਂ ਵਿਚ ਹੀ ਪਾਠਕਾਂ ਨੂੰ ਬਿਰਤਾਂਤ ਸੁਣਾਇਆ ਜਾਵੇ।
ਇਹ ਕਹਾਣੀ ਪੇਲੇ ਵਲੋਂ ‘ਮਾਈ ਲਾਈਫ ਐਂਡ ਦਿ ਬਿਊਟੀਫੁਲ ਗੇਮ’ ਸਿਰਲੇਖ ਹੇਠ ਰੌਬਰਟ ਫਿਸ਼ ਦੇ ਸਹਿਯੋਗ ਨਾਲ ਲਿਖੀ ਅਤੇ 2007 ਵਿਚ ਛਪੀ ਆਪਣੀ ਸਵੈ-ਜੀਵਨੀ ਵਿਚ 1970 ਦੇ ਆਪਣੇ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਦੇ ਉਰੂਗੂਏ ਵਿਰੁਧ ਖੇਡੇ ਗਏ ਸੈਮੀ ਫਾਈਨਲ ਮੈਚ ਬਾਰੇ ਦੱਸਦਿਆਂ ਬੜੇ ਹੀ ਰੌਚਿਕ ਅੰਦਾਜ਼ ਵਿਚ ਸੁਣਾਈ ਹੋਈ ਹੈ। ਉਸ ਵਿਸ਼ਵ ਕੱਪ ਦੌਰਾਨ ਬਰਾਜ਼ੀਲ ਨੇ ਆਪਣੀ ਮੁਹਿੰਮ ਚੈਕੋਸਲੋਵਾਕੀਆ ਦੀ ਟੀਮ ਨੂੰ 4-1 ਨਾਲ ਹਰਾ ਕੇ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਪੂਲ ਅੰਦਰ ਹੀ ਉਨ੍ਹਾਂ ਜ਼ਮਾਨਿਆਂ ‘ਚ ਮਹਾਨ ਗੋਲਕੀਪਰ ਗੌਰਡਨ ਬੈਂਕਸ, ਬੌਬੀ ਮੂਰ, ਬੌਬੀ ਚਾਰਲਟਨ, ਜੈਕ ਚਾਰਲਟਨ ਅਤੇ ਕੂਪਰ ਵਰਗੇ ਸਦੀ ਦੇ ਮਹਾਨ ਫੁੱਟਬਾਲ ਖਿਡਾਰੀਆਂ ਨਾਲ ਲੈਸ ਇੰਗਲੈਂਡ ਦੀ ਟੀਮ ਨੂੰ ਸਿਕਸ਼ਤ ਦੇ ਕੇ ਕਵਾਰਟਰ ਫਾਈਨਲ ਵਿਚ ਦਾਖਲਾ ਪਾਇਆ ਸੀ। ਮੈਚ ਨੂੰ ਉਸ ਸਮੇਂ ਵਿਸ਼ਵ ਕੱਪ ਦਾ ਅਸਲ ‘ਫਾਈਨਲ’ ਤਾਂ ਕਿਹਾ ਹੀ ਗਿਆ ਸੀ।
ਸੈਮੀ ਫਾਈਨਲ ਵਿਚ ਬਰਾਜ਼ੀਲ ਦੀ ਟੱਕਰ ਉਰੂਗੂਏ ਦੀ ਟੀਮ ਨਾਲ ਸੀ। ਇਸ ਮੈਚ ਦੇ ਪਿਛੋਕੜ ਵਿਚ ਬਦਲੇ ਦੀ ਭਾਵਨਾ ਦਾ 20 ਸਾਲ ਪੁਰਾਣਾ ਉਹ ਇਤਿਹਾਸ ਸੀ ਜਦੋਂ 1950 ਦੇ ਵਿਸ਼ਵ ਕੱਪ ਫਾਈਨਲ ਵਿਚ ਬਰਾਜ਼ੀਲ ਦੀ ਟੀਮ ਉਨ੍ਹਾਂ ਜ਼ਮਾਨਿਆਂ ਦੇ ਮਾਹਰਾਂ ਦੀ ਨਜ਼ਰ ਵਿਚ ਹਰ ਪੱਖੋਂ ਸੋਲਾਂ ਕਲਾ ਸੰਪੂਰਨ ਹੋਣ ਦੇ ਬਾਵਜੂਦ ਉਰੂਗੂਏ ਹੱਥੋਂ ਹਾਰ ਗਈ ਸੀ। ਪੇਲੇ ਦੇ ਦੱਸਣ ਅਨੁਸਾਰ ਉਸ ਸਮੇਂ ਉਹ ਨਿਆਣਾ ਸੀ, ਮਹਿਜ਼ 9 ਵਰ੍ਹੇ ਉਸ ਦੀ ਉਮਰ ਸੀ; ਪਰ ਉਸ ਨੇ ਆਪਣੇ ਪਿਤਾ ਦੀਆਂ ਅੱਖਾਂ ਵਿਚ ਪਹਿਲੀ ਵਾਰ ਅੱਥਰੂ ਵੇਖੇ ਸਨ। ਪੇਲੇ ਦਾਅਵਾ ਕਰਦਾ ਹੈ ਕਿ ਮੱਲੋ-ਮੱਲੀ ਉਹਨੇ ਉਸੇ ਦਿਨ ਹੀ ਤਹੱਈਆ ਕਰ ਲਿਆ ਸੀ ਕਿ ਵੱਡਾ ਹੋ ਕੇ ਉਹ ਫੁੱਟਬਾਲਰ ਬਣੇਗਾ ਅਤੇ ਆਪਣੇ ਪਿਆਰੇ ਪਿਤਾ ਦੀਆਂ ਅੱਖੀਆਂ ‘ਚ ਅੱਥਰੂ ਲਿਆਉਣ ਵਾਲੀ ਧਿਰ ਨੂੰ ਬਦਲਾ ਹਰ ਹਾਲ ਵਿਚ ਚੁਕਾਵੇਗਾ।
1970 ਦੀ ਉਸ ਸ਼ਾਮ ਪੂਰਾ ਬਰਾਜ਼ੀਲ ਪੱਬਾਂ ਭਾਰ ਸੀ ਕਿ ਉਨ੍ਹਾਂ ਦੇ ‘ਨਾਇਕ’ ਉਨ੍ਹਾਂ ਨੂੰ ਉਸ ਨਮੋਸ਼ੀ ਤੋਂ ਸੁਰਖਰੂ ਭਲਾਂ ਕਿਵੇਂ ਤੇ ਕਦੋਂ ਕਰਦੇ ਹਨ! ਪੇਲੇ ਨੇ ਕਿਤਾਬ ਵਿਚ ਇਹ ਵੀ ਦਰਜ ਕੀਤਾ ਹੋਇਆ ਹੈ ਕਿ ਖੁਦ ਮੈਕਸੀਕੋ ਵਿਚ ਰਹਿ ਰਹੇ ਲੱਖਾਂ ਬਰਾਜ਼ੀਲੀਅਨਾਂ ਵਿਚੋਂ ਹਰ ਕੋਈ ਵਾਹ ਲਗਦੀ ਉਨ੍ਹਾਂ ਨੂੰ ਉਸ ਸ਼ਾਮ ਨੂੰ ਇਹੋ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ 20 ਵਰ੍ਹੇ ਪਹਿਲੋਂ ਹੋਇਆ ਕੀ ਸੀæææਮਾਨੋ ਟੀਮ ਮੈਂਬਰਾਂ ਨੂੰ ਪਤਾ ਹੀ ਨਾ ਹੋਵੇ!! ਖੈਰ! 1970 ਦੇ ਉਸ ਵਿਚ ਮੁੜ ਪਹਿਲਾ ਗੋਲ ਉਰੂਗੂਏ ਨੇ ਕਰ ਦਿੱਤਾ, ਪਰ ਆਖਰਕਾਰ ਪੇਲੇ ਦੀ ਟੀਮ 3-1 ਨਾਲ ਜੇਤੂ ਰਹੀ ਸੀ।æææ ਸੋ, ਸਪੇਨ ਦੀ ਟੀਮ ਦੀ ਅਸਲ ਸਮਰੱਥਾ ਕੈਸੀ ਸੀ, ਉਹ ਤਾਂ ਦਰਸ਼ਕਾਂ ਨੂੰ ਆਸਟਰੇਲੀਆ ਦੀ ਟੀਮ ਵਿਰੁੱਧ ਖੇਡੇ ਮੈਚ ਦੌਰਾਨ ਹੀ ਲੱਗਾ। ਉਸ ਦਿਨ ਡੇਵਿਡ ਵੀਆ, ਟੋਰਸ ਅਤੇ ਉਨ੍ਹਾਂ ਦੇ ਸਾਥੀਆਂ ਦੀ ਖੇਡ ਵਿਚ ਅਜਿਹਾ ਰੰਗ, ਤਾਲ ਅਤੇ ਲੈਅ ਸੀ ਕਿ ਪੂਰਾ ਮਹੌਲ ਕਿਸੇ ਟੂਣੇਹਾਰ ਰੰਗ ਵਿਚ ਰੰਗਿਆ ਮਲੂਮ ਹੋ ਰਿਹਾ ਸੀ। ਸਪੇਨੀਆਂ ਵਲੋਂ ਮੈਚ ਦੇ 36ਵੇਂ ਮਿੰਟ ਵਿਚ ਜੁਆਨ ਫਰਾਨ ਨੇ ਆਸਟਰੇਲੀਅਨ ਗੋਲਾਂ ਦੇ ਮੂਹਰੇ ਡੇਵਿਡ ਵੀਆ ਨੂੰ ਪਾਸ ਦਿੱਤਾ ਤਾਂ ਉਸ ਦਾ ਬੈਕ ਹੀਲ ਰਾਹੀਂ ਕੀਤਾ ਗੋਲ ਵੇਖਿਆਂ ਹੀ ਬਣਦਾ ਸੀ। ਮੈਚ ਦੇ 70ਵੇਂ ਮਿੰਟ ਵਿਚ ਐਂਡਰੀਅਨ ਐਨੀਸਟਾ ਦੇ ਪਾਸ ‘ਤੇ ਜਿਵੇਂ ਟੋਰਸ ਨੇ ਗੋਲੀ ਵਾਂਗ ਬਾਲ ਆਸਟਰੇਲੀਅਨ ਗੋਲਕੀਪਰ ਰਿਆਨ ਦੇ ਪਿਛੋਂ ਦੀ ਦੂਜੇ ਗੋਲ ਲਈ ਕੱਢੀ, ਉਹ ਵੀ ਕਮਾਲ ਸੀ। ਸਪੇਨ ਵਲੋਂ ਤੀਜਾ ਗੋਲ ਮਾਟਾ ਨੇ ਫੈਬਰਾਗਾਸ ਦੇ ਪਾਸ ਤੋਂ ਜਿਸ ਅੰਦਾਜ਼ ਵਿਚ ਕੀਤਾ, ਉਸ ਦੇ ਤਾਂ ਕਹਿਣੇ ਕਿਆ ਸਨ!
—
ਟੂਰਨਾਮੈਂਟ ਦੇ ਪਹਿਲੇ ਗੇੜ ਦੇ ਆਖਰੀ ਦਿਨ 26 ਜੂਨ ਨੂੰ ਪੁਰਤਗਾਲ ਨੇ ਘਾਨਾ ਅਤੇ ਜਰਮਨਾਂ ਨੇ ਅਮਰੀਕਨਾਂ ਵਿਰੁੱਧ ਖੇਡਣਾ ਸੀ। ਘਾਨਾ ਵਾਲਿਆਂ ਨੇ ਸ਼ੁਰੂਆਤ ਬਹੁਤ ਵਧੀਆ ਕੀਤੀ। ਅੱਧੇ ਕੁ ਘੰਟੇ ਦੀ ਖੇਡ ਤੋਂ ਬਾਅਦ ਭਾਣਾ ਵੇਖੋ ਕਿੰਝ ਵਾਪਰਿਆ ਕਿ ਪੁਰਤਗਾਲੀ ਖਿਡਾਰੀ ਮਿਗੁਇਲ ਵੇਲੋਸੋ ਵੱਲੋਂ ਚੁੱਕ ਕੇ ਸੁੱਟੇ ਬਾਲ ਨੂੰ ਕਲੀਅਰ ਕਰਨ ਦੇ ਚੱਕਰ ਵਿਚ ਘਾਨਾ ਦੀ ਰੱਖਿਅਕ ਪੰਕਤੀ ਦਾ ਖਿਡਾਰੀ ਪੱਥਰ ਦੀ ਕੰਧ ਵਰਗੇ ਆਪਣੇ ਗੋਲਚੀ ਫਤਾਵੂਦੌਦਾ ਦੇ ਉਪਰੋਂ ਦੀ ਖੁਦ ਆਪਣੇ ਹੀ ਗੋਲਾਂ ਵਿਚ ਸੁੱਟ ਬੈਠਦਾ ਹੈ।
ਪਹਿਲੇ ਅੱਧ ਦੀ ਖੇਡ ਤੋਂ ਬਾਅਦ ਐਸਾਮੋਆ ਜਿਆਨ ਨੇ ਬਹੁਤ ਆਕਰਸ਼ਕ ਅੰਦਾਜ਼ ਵਿਚ ਹੈਡਰ ਰਾਹੀਂ ਪੁਰਤਗਾਲੀ ਟੀਮ ਵਿਰੁੱਧ ਗੋਲ ਕਰ ਕੇ ਆਪਣੀ ਟੀਮ ਨੂੰ ਵਾਪਸ ਤਾਂ ਲੈ ਆਂਦਾ, ਪਰ ਸਵਾਲ ਇਕ ਹੋਰ ਗੋਲ ਦਾ ਸੀ ਅਤੇ ਜਲਦੀ ਬਾਅਦ ਘਾਨਾ ਦੇ ਅਬਦੁਲ ਮਜੀਦ ਵਾਰਸ ਨੂੰ ਉਹ ਕ੍ਰਿਸ਼ਮਾ ਕਰਨ ਦਾ ਸੁਨਹਿਰੀ ਮੌਕਾ ਮਿਲ ਵੀ ਗਿਆ। ਪੁਰਤਗਾਲੀ ਗੋਲ ਪੋਸਟ ਖਾਲੀ ਸੀ, ਗੋਲਕੀਪਰ ਬਾਹਰ ਸੀ, ਪਰ ਕਿਸਮਤ!
ਘਾਨਾ ਅਤੇ ਨਾਲ ਹੀ ਘਾਨਾ ਦੇ ਦੁਨੀਆਂ ਭਰ ਵਿਚ ਮੈਚ ਵੇਖ ਰਹੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪਾਣੀ 80ਵੇਂ ਮਿੰਟ ‘ਚ ਉਦੋਂ ਫਿਰਿਆ ਜਦੋਂ ਗੋਲਚੀ ਆਪਣੇ ਹੀ ਸਾਥੀ ਖਿਡਾਰੀ ਜੋਨਾਥਨ ਮੇਨਸਾ ਨਾਲ ਉਲਝ ਗਿਆ ਅਤੇ ਨੇੜੇ ਹੀ ਖੜ੍ਹੇ ਵਿਸ਼ਵ ਫੁੱਟਬਾਲ ਜਗਤ ਦੇ ਮਹਾਂ ਨਾਇਕ ਰੋਨਾਲਡੋ ਨੂੰ ਬਾਲ ਅਸਾਨੀ ਨਾਲ ਹੀ ਘਾਨਾ ਦੇ ਗੋਲਾਂ ਵਿਚ ਸੁੱਟਣ ਦਾ ਮੌਕਾ ਮਿਲ ਗਿਆ। ਇਸ ਦੇ ਨਾਲ ਹੀ ਘਾਨਾ ਵਾਲੇ ਟੂਰਨਾਮੈਂਟ ਤੋਂ ਬਾਹਰ ਹੋ ਗਏ।
—
ਜਰਮਨੀ ਅਤੇ ਅਮਰੀਕਾ ਵਾਲਾ ਮੈਚ ਹੋਰ ਵੀ ਦਿਲਚਸਪ ਬਣਿਆ। ਜਰਮਨ ਦੀ ਟੀਮ ਦਾ ਕੋਚ ਜੋਗੀ ਅਤੇ ਅਮਰੀਕਾ ਦੀ ਟੀਮ ਦਾ ਕੋਚ ਕਲਿੰਜਮੈਨ ਪੱਕੇ ਯਾਰ ਹਨ। ਕਲਿੰਜਮੈਨ 1990 ਦੀ ਵਿਸ਼ਵ ਕੱਪ ਵਿਜੇਤਾ ਜਰਮਨ ਟੀਮ ਦਾ ਮਹਾਂ ਨਾਇਕ ਤਾਂ ਸੀ ਹੀ, ਜਰਮਨ ਟੀਮ ਦੇ ਮੌਜੂਦਾ ਨਾਇਕ ਟਾਮਸ ਮੁਲਰ ਦਾ ਮੁਢਲਾ ਉਸਤਾਦ ਵੀ ਉਹੀ ਸੀ। ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਕੋਲ 4-4 ਅੰਕ ਸਨ ਅਤੇ ਘਾਨਾ-ਪੁਰਤਗਾਲੀ ਮੈਚ ਦਾ ਨਤੀਜਾ ਕੋਈ ਵੀ ਹੁੰਦਾ, ਜਰਮਨੀ ਅਤੇ ਅਮਰੀਕਾ, ਦੋਹਾਂ ਟੀਮਾਂ ਨੂੰ ਮਹਿਜ਼ ਇਕ-ਇਕ ਅੰਕ ਦੀ ਲੋੜ ਸੀ, ਪਰ ਕਲਿੰਜਮੈਨ ਅਤੇ ਜੋਗੀ ਨੇ ਆਪਣੀਆਂ ਟੀਮਾਂ ਨੂੰ ਮਿਲ ਕੇ ਖੇਡਣ ਦੀ ਇਜਾਜ਼ਤ ਕਤਈ ਨਹੀਂ ਸੀ ਦੇਣੀ। ਉਂਜ ਵੀ ਦੋਵਾਂ ‘ਜਰਨੈਲਾਂ’ ਨੂੰ 1982 ਦੇ ਵਿਸ਼ਵ ਕੱਪ ਦੌਰਾਨ ਜਰਮਨੀ ਅਤੇ ਆਸਟਰੀਆ ਵਿਚਾਲੇ ਕਥਿਤ ਤੌਰ ‘ਤੇ ਮਿਲ ਕੇ ਖੇਡੇ ਗਏ ਮੈਚ ਦੀ ਬੂ-ਦੁਹਾਈ ਚੰਗੀ ਤਰ੍ਹਾਂ ਯਾਦ ਸੀ।æææ ਜ਼ਾਹਰ ਕਿ ਦੋਵਾਂ ਟੀਮਾਂ ਦੇ ਖਿਡਾਰੀ ਮੈਚ ਦੌਰਾਨ ਜਾਨ ਲੜਾ ਕੇ ਖੇਡੇ।
ਜਰਮਨਾਂ ਨੇ ਮੈਚ ਸ਼ੁਰੂ ਹੁੰਦਿਆਂ ਹੀ ਹਮਲੇ ਸ਼ੁਰੂ ਕਰ ਦਿੱਤੇ, ਪਰ ਅਮਰੀਕਨ ਗੋਲਕੀਪਰ ਟਿਮ ਹੋਵਰਡ ਨੇ ਪਹਿਲੇ ਅੱਧ ਤਕ ਉਨ੍ਹਾਂ ਦੀ ਕੋਈ ਵੀ ਚਾਲ ਸਿਰੇ ਨਾ ਚੜ੍ਹਨ ਦਿਤੀ। ਜਰਮਨੀ ਵਲੋਂ ਮੁਲਰ, ਓਜਿਲ ਅਤੇ ਪੋਡੋਲਸਕੀ ਦੀ ਖੇਡ ਵੇਖਣ ਯੋਗ ਸੀ। ਹਮਲਾਵਰ ਪੰਕਤੀ ਦੇ ਤਿੰਨੇ ਖਿਡਾਰੀ ਵਾਰ-ਵਾਰ ਬਾਜਾਂ ਵਾਂਗ ਅਮਰੀਕਨ ਗੋਲਾਂ ਉਪਰ ਝਪਟ ਰਹੇ ਸਨ। ਅਮਰੀਕਨ ਖਿਡਾਰੀ ਵੀ ਮੋੜਵੇਂ ਹਮਲੇ ਕਰ ਰਹੇ ਸਨ। ਮੈਚ ਦੇ 22ਵੇਂ ਜਾਂ ਸ਼ਾਇਦ 23ਵੇਂ ਮਿੰਟ ਅਮਰੀਕਨ ਖਿਡਾਰੀ ਮਾਈਕਲ ਬਰੈਡਲੀ ਦੇ ਕਰਾਸ ਤੇ ਗ੍ਰਾਹਮ ਜੂਸੀ ਬਾਲ ਨੇ ਅਜਿਹੇ ਜ਼ੋਰ ਨਾਲ ਗੋਲ ਪੋਸਟ ਵੱਲ ਘੁਮਾਇਆ, ਪਰ ਬਾਲ ਗੋਲ ਪੋਸਟ ਦੀ ਉਪਰਲੀ ਬਾਰ ਨੂੰ ਚੁੰਮਦੀ ਬਾਹਰ ਨਿਕਲ ਗਈ।
ਖੈਰ! ਦੂਜੇ ਅੱਧ ਦੀ ਖੇਡ 10 ਕੁ ਮਿੰਟ ਵੀ ਅਜੇ ਲੰਘੀ ਨਹੀਂ ਸੀ ਕਿ ਜਰਮਨਾਂ ਨੂੰ ਮਿਲੀ ਲਾਂਗ ਕਾਰਨਰ ਤੋਂ ਉਡੇ ਆ ਰਹੇ ਬਾਲ ਨੂੰ ਓਜਿਲ ਨੇ ਹੈਡਰ ਮਾਰ ਕੇ ਅਮਰੀਕਨ ਗੋਲਾਂ ਵੱਲ ਕਿਸੇ ਅਗਨ ਬਾਣ ਵਾਂਗ ਘੁਕਾ ਦਿੱਤਾ, ਪਰ ਟਿਮ ਹੋਵਰਡ ਨੇ ਹੈਰਤਅੰਗੇਜ਼ ਫੁਰਤੀ ਨਾਲ ਇਸ ‘ਰਾਕਟ’ ਨੂੰ ਰੋਕ ਲਿਆ। ਹੋਇਆ ਇਹ ਕਿ ਬਾਲ ਗੋਲ ਪੋਸਟ ਅੱਗੇ ਖਿਡਾਰੀਆਂ ਦੇ ਜਮਘਟੇ ਵਿਚ ਮੁਲਰ ਦੇ ਪੈਰਾਂ ਉਤੇ ਆ ਡਿੱਗੀ ਤੇ ਉਸ ਭੀੜ ਵਿਚੋਂ ਸੁਨਹਿਰੀ ਗੋਲ ਕੱਢਣ ਦਾ ਜੋ ਚਮਤਕਾਰ ਉਸ ਨੇ ਕੀਤਾ, ਉਹ ਮੁਲਰ ਵਰਗਾ ਹੀ ਕਰ ਸਕਦਾ ਸੀ।æææ ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਹੋ ਗਿਆ ਅਤੇ 90 ਮਿੰਟਾਂ ਦੇ ਪੂਰੇ ਸਮੇਂ ਤੱਕ ਮਾਰੋ-ਮਾਰ ਚਲੀ। ਹੁਣ ਆ ਗਿਆ 2-3 ਮਿੰਟਾਂ ਵਾਲਾ ਵਾਧੂ ਸਮਾਂ। ਅਮਰੀਕਨ ਟੀਮ ਦਾ ਅਲੈਜਾਂਡਰੋ ਬੇਡੋਇਆ ਨਾਂ ਦਾ ਬਦਲਵਾਂ ਖਿਡਾਰੀ ਬਾਲ ਲੈ ਕੇ ਜਰਮਨ ਗੋਲਾਂ ਵਲ ਵਧਿਆ। ਜਰਮਨ ਕਪਤਾਨ ਲਾਹਮ ਚਾਣਚੱਕ ਹੀ ਬਾਲ ਨੂੰ ਕਲੀਅਰ ਕਰਨ ਲਈ ਕਿਸੇ ਪਾਸਿਉਂ ਪਰਗਟ ਹੋ ਗਿਆ। ਫਿਰ ਵੀ ਅਮਰੀਕਨਾਂ ਨੂੰ ਕਾਰਨਰ ਕਿੱਕ ਦਾ ਆਖਰੀ ਮੌਕਾ ਮਿਲ ਗਿਆ ਜਿਸ ਤੋਂ ਕਲਿੰਟ ਡੈਂਪਸੀ ਦੇ ਜ਼ੋਰਦਾਰ ਹੈਡਰ ਤੋਂ ਜਰਮਨ ਬੱਸ ਵਾਲ-ਵਾਲ ਹੀ ਬਚੇ।
ਇਸ ਮੈਚ ਦੌਰਾਨ ਟੀæਵੀæ ਕੈਮਰਾ ਕਈ ਵਾਰ ਅਮਰੀਕਨਾਂ ਦੇ ਜਰਮਨ ਕੋਚ ਕਲਿੰਜਮੈਨ ‘ਤੇ ਫੋਕਸ ਹੁੰਦਾ ਰਿਹਾ। ਜਿੰਨਾ ਜ਼ੋਰ ਮੈਦਾਨ ਵਿਚ ਖਿਡਾਰੀਆਂ ਦਾ ਇਕ-ਦੂਜੇ ਤੋਂ ਪਾਰ ਪਾਉਣ ਲਈ ਲੱਗ ਰਿਹਾ ਸੀ, ਉਨਾ ਜ਼ੋਰ ਹੀ ਬਾਹਰ ਬੈਠੇ ਕਲਿੰਜਮੈਨ ਦਾ ਲੱਗ ਰਿਹਾ ਸੀ। ਕਲਿੰਜਮੈਨ ਨੂੰ ਜਰਮਨੀ ਨਾਲ ਅਤੇ ਜਰਮਨ ਟੀਮ ਨਾਲ ਬੇਹੱਦ ਪਿਆਰ ਸੀ, ਪਰ ਗੱਲ ਅਸੂਲ ਦੀ ਸੀ, ਉਸ ਦੀ ਚੋਣ ਦੀ ਸੀ ਅਤੇ ਇਸ ਪੱਖ ਤੋਂ ਪਹਿਲੀ ਪ੍ਰਤੀਬਧਤਾ ਉਸ ਦੀ ਅਮਰੀਕਨ ਟੀਮ ਦੇ ਨਾਲ ਸੀ। ਮੈਚ ਦੇ ਖਾਤਮੇ ਤੋਂ ਤੁਰੰਤ ਬਾਅਦ ਉਹ ਭੱਜ ਕੇ ਜਰਮਨ ਕੋਚ ਜੋਗੀ ਕੋਲ ਆਇਆ, ਉਸ ਨੂੰ ਜੱਫੀ ਪਾ ਕੇ ਵਧਾਈ ਦਿਤੀ। ਦੋਵੇਂ ਬਾਗੋ-ਬਾਗ ਸਨ। ਦੋਹਾਂ ਕੋਚਾਂ ਦੀਆਂ ਟੀਮਾਂ ਪਹਿਲਾ ‘ਅੜਿੱਕਾ’ ਪਾਰ ਕਰ ਗਈਆਂ ਸਨ।
—
ਬੈਲਜੀਅਮ, ਕੋਲੰਬੀਆ, ਨਾਇਜੀਰੀਆ ਦੀਆਂ ਟੀਮਾਂ ਨੇ ਵੀ ਪਹਿਲੇ ਗੇੜ ਵਿਚ ਵਾਹਵਾ ਜੌਹਰ ਦਿਖਾਏ।
Leave a Reply