ਬਾਦਲ ਦੇ ਰਾਜ ਵਿਚ ਪੰਜਾਬ ਦਾ ਇਹ ਹਾਲ?

-ਜਤਿੰਦਰ ਪਨੂੰ
ਉਮਰ ਦੇ ਸਤਾਸੀਵੇਂ ਸਾਲ ਵਿਚ ਚੱਲ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਦਾ ਰਾਜਸੀ ਤਿਕੜਮਾਂ ਦੇ ਪੱਖ ਤੋਂ ਮਾਹਰ ਆਗੂ ਸ਼ਾਇਦ ਪੰਜਾਬ ਵਿਚ ਦੂਸਰਾ ਨਹੀਂ ਹੋਵੇਗਾ। ਉਸ ਦੀਆਂ ਸਿਫਤਾਂ ਕਰਨ ਲਈ ਵੀ ਉਸ ਦੇ ਪੁੱਤਰ ਦੇ ਇਹ ਗੱਲ ਕਹਿਣ ਨੂੰ ਕਾਫੀ ਨਾ ਮੰਨੀਏ ਕਿ ਮੇਰੇ ਬਾਪ ਨਾਲ ਦਾ ਵਧੀਆ ਬਾਪ ਸਾਰੀ ਦੁਨੀਆਂ ਵਿਚ ਨਹੀਂ। ਏਦਾਂ ਦੀ ਗੱਲ ਪਿਛਲੇ ਸਮੇਂ ਵਿਚ ਉਸ ਦਾ ਬਾਪ ਵੀ ਸਨਅਤਕਾਰਾਂ ਦੇ ਇੱਕ ਸਮਾਗਮ ਵਿਚ ਆਪਣੇ ਪੁੱਤਰ ਸੁਖਬੀਰ ਸਿੰਘ ਦੇ ਬਾਰੇ ਕਹਿ ਚੁੱਕਾ ਹੈ ਕਿ ਮੇਰੇ ਹੋਣਹਾਰ ਪੁੱਤਰ ਵਰਗਾ ਦੂਸਰਾ ਸਿਆਣਾ ਪੁੱਤਰ ਮਿਲਣਾ ਮੁਸ਼ਕਲ ਹੈ। ਬਾਪ-ਬੇਟਾ ਹੀ ਨਹੀਂ, ਉਨ੍ਹਾਂ ਦੇ ਖੱਬੇ-ਸੱਜੇ ਵੀ ਇਹੋ ਜਿਹੇ ਬਥੇਰੇ ਢੰਡੋਰਚੀ ਫਿਰਦੇ ਹਨ, ਜਿਹੜੇ ਕਿਸੇ ਦੇ ਧੀ-ਪੁੱਤਰ ਦੀ ਸ਼ਾਦੀ ਮੌਕੇ ਆਸ਼ੀਰਵਾਦ ਦੇਣ ਦੇ ਬਹਾਨੇ ਜਾਂ ਕਿਸੇ ਦੇ ਘਰ ਮਰਗ ਦੇ ਭੋਗ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਵੀ ਵਲਾਵਾਂ ਪਾ ਕੇ ਆਪਣੇ ਆਗੂ ਬਾਦਲ ਬਾਪ-ਬੇਟੇ ਦੇ ਸੋਹਲੇ ਗਾ ਸਕਦੇ ਹਨ। ਇਹ ਹਕੀਕਤ ਦਾ ਇੱਕ ਪੱਖ ਹੈ।
ਦੂਸਰਾ ਪੱਖ ਇਹ ਹੈ ਕਿ ਰਾਜਸੀ ਤਿਕੜਮਾਂ ਨਾਲ ਰਾਜ ਚਲਾਉਣ ਦੇ ਮਾਹਰ ਸ਼ ਪ੍ਰਕਾਸ਼ ਸਿੰਘ ਬਾਦਲ ਸਿਰਫ ਤਿਕੜਮਾਂ ਲੜਾ ਸਕਣ ਦੇ ਪੱਖੋਂ ਮਾਹਰ ਹਨ, ਰਾਜ ਨੂੰ ਚਲਾਉਣ ਅਤੇ ਅੱਗੇ ਲਿਜਾਣ ਦੇ ਪੱਖ ਤੋਂ ਹਕੀਕੀ ਮਾਹਰ ਨਹੀਂ ਬਣ ਰਹੇ। ਗੁਫਤਾਰ ਦੇ ਗਾਜ਼ੀ ਬਣਨਾ ਹੋਰ ਗੱਲ ਹੁੰਦੀ ਹੈ ਅਤੇ ਅਮਲ ਉਸ ਤੋਂ ਵੱਖਰਾ ਗੁਣ ਹੁੰਦੇ ਹਨ। ਕਿਸੇ ਥਾਂ ਇਕੱਠੇ ਕੀਤੇ ਹੋਏ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਕੀਲ ਸਕਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਦੇ ਉਤੇ ਸੇਧਤ ਸਵਾਲਾਂ ਦਾ ਸਾਹਮਣਾ ਕਰਨ ਤੋਂ ਇਹ ਕਹਿ ਕੇ ਖਿਸਕਦੇ ਵੇਖਿਆ ਗਿਆ ਹੈ ਕਿ ਮੈਨੂੰ ਇਸ ਗੱਲ ਬਾਰੇ ਪੂਰਾ ਪਤਾ ਨਹੀਂ ਤੇ ਇਹ ਕਹਿ ਕੇ ਪੱਲਾ ਛੁਡਾਉਂਦੇ ਵੀ ਵੇਖਿਆ ਗਿਆ ਹੈ ਕਿ ਅਗਲੇ ਪ੍ਰੋਗਰਾਮ ਦੀ ਜਲਦੀ ਹੈ। ਜਦੋਂ ਕਿਸੇ ਗੱਲ ਦਾ ਜਵਾਬ ਨਾ ਸੁੱਝੇ ਤਾਂ ਉਹ ਭਖਦੇ ਮੁੱਦੇ ਨੂੰ ਛੱਡ ਕੇ ਆਪਣੇ ਸਿਆਸੀ ਵਿਰੋਧੀਆਂ ਵੱਲ ਚਾਂਦਮਾਰੀ ਕਰਨ ਦਾ ਰਾਹ ਫੜ ਲੈਂਦੇ ਹਨ। ਪੰਜਾਬ ਦੇ ਦੁਖਾਂਤ ਦੇ ਦਿਨਾਂ ਦੌਰਾਨ ਉਨ੍ਹਾਂ ਦੇ ਭਾਸ਼ਣਾਂ ਵਿਚ ਭਾਰਤੀ ਜਨਤਾ ਪਾਰਟੀ ਵਾਲਿਆਂ ਬਾਰੇ ਉਨ੍ਹਾਂ ਦੇ ਕਹੇ ਕਈ ਸ਼ਬਦ ਵੀ ਯਾਦ ਕਰਵਾਏ ਜਾ ਸਕਦੇ ਹਨ ਤੇ ਇਹ ਵੀ ਕਿ ਜਿਨ੍ਹਾਂ ਲੀਡਰਾਂ ਬਾਰੇ ਕੌੜਾ ਅਤੇ ਕੁਸੈਲਾ ਬੋਲਿਆ ਸੀ, ਉਨ੍ਹਾਂ ਦੇ ਨਾਲ ਬਾਅਦ ਵਿਚ ਰਾਜਨੀਤਕ ਲੋੜ ਲਈ ਜੱਫੀ ਵੀ ਪਾ ਲਈ ਸੀ। ਪੰਜਾਬ ਦੇ ਬਹੁਤ ਸਾਰੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਪੁਲਿਸ ਦੇ ਸਾਬਕਾ ਮੁਖੀ ਕੇ ਪੀ ਐਸ ਗਿੱਲ ਦੇ ਖਿਲਾਫ ਜਿਹੜੇ ਦਿਨਾਂ ਵਿਚ ਬਾਦਲ ਦੀ ਬਿਆਨਬਾਜ਼ੀ ਨਾਲ ਅਖਬਾਰਾਂ ਦੇ ਸਫੇ ਭਰੇ ਹੁੰਦੇ ਸਨ, ਉਸੇ ਗਿੱਲ ਦੇ ਪਿਤਾ ਵਾਲੇ ਘਰ ਆਪੋ ਵਿਚ ਦੋਵੇਂ ਜਣੇ ਮਿਲ ਵੀ ਲੈਂਦੇ ਹੁੰਦੇ ਸਨ। ਇਹ ਗੱਲ ਕੇ ਪੀ ਐਸ ਗਿੱਲ ਬਾਰੇ ਕਿਤਾਬ ਵਿਚ ਵੀ ਬਹੁਤ ਸਾਫ ਲਿਖੀ ਹੋਈ ਹੈ ਤੇ ਇਸ ਦਾ ਕਦੀ ਖੰਡਨ ਵੀ ਨਹੀਂ ਕੀਤਾ ਗਿਆ। ਬਹੁਤ ਸਾਰੀਆਂ ਗੁੰਝਲਾਂ ਹਨ ਇਸ ਮਹਾਨ ਆਗੂ ਬਾਰੇ।
ਜਿਹੜੀਆਂ ਬਹੁਤ ਸਾਰੀਆਂ ਗੁੰਝਲਾਂ ਪ੍ਰਕਾਸ਼ ਸਿੰਘ ਬਾਦਲ ਬਾਰੇ ਹਨ, ਉਨ੍ਹਾਂ ਵਿਚ ਇੱਕ ਉਨ੍ਹਾਂ ਦਾ ਕਈ ਵਾਰੀ ਦਿੱਤਾ ਇਹ ਬਿਆਨ ਵੀ ਹੈ ਕਿ ਕਾਂਗਰਸ ਪਾਰਟੀ ਤਾਂ ਮੁੱਢਾਂ ਤੋਂ ਸਿੱਖਾਂ ਤੇ ਪੰਜਾਬ ਦੀ ਦੁਸ਼ਮਣ ਰਹੀ ਹੈ, ਜਿਸ ਕਰ ਕੇ ਪੰਜਾਬ ਦੇ ਲੋਕਾਂ ਦੀ ਤਰੱਕੀ ਦੇ ਰਾਹ ਵਿਚ ਲਗਾਤਾਰ ਅੜਚਣਾਂ ਪਾਈਆਂ ਜਾਂਦੀਆਂ ਰਹੀਆਂ ਹਨ। ਇਹ ਬਿਆਨ ਦੇਣ ਦੀ ਹਿੰਮਤ ਉਸ ਆਗੂ ਨੇ ਦਿਖਾਈ ਹੈ, ਜਿਸ ਦੇ ਬਾਰੇ ਭਾਰਤ ਦੇ ਚੋਣ ਕਮਿਸ਼ਨ ਦੇ ਰਿਕਾਰਡ ਵਿਚ ਇਹ ਤੱਥ ਦਰਜ ਹੈ ਕਿ ਮਲੋਟ ਦੇ ਦੋਹਰੇ ਵਿਧਾਨ ਸਭਾ ਹਲਕੇ ਦੀ ਜਨਰਲ ਸੀਟ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਚਿਰੰਜੀ ਲਾਲ ਧੀਰ ਨੂੰ 1957 ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਾਇਆ ਸੀ।
ਹੁਣ ਉਹ ਅੱਸੀ ਸਾਲ ਦੀ ਉਮਰ ਟੱਪ ਕੇ ਉਸ ਅਵਸਥਾ ਵਿਚ ਹਨ, ਜਿੱਥੇ ਪੁੱਜ ਕੇ ਬੰਦੇ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਲੋਕਾਚਾਰੀ ਦਾ ਧਿਆਨ ਰੱਖ ਕੇ ਬੋਲੇਗਾ, ਪਰ ਬਾਦਲ ਸਾਹਿਬ ਅਜੇ ਵੀ ਆਪਣੇ ਉਸੇ ਸੱਠ ਸਾਲ ਪੁਰਾਣੇ ਪੜੁੱਲ ਤੋਂ ਰਾਜਸੀ ਛਾਲ ਮਾਰਨ ਨੂੰ ਤਿਆਰ ਰਹਿੰਦੇ ਹਨ। ਗੰਭੀਰ ਮੁੱਦਿਆਂ ਬਾਰੇ ਗੱਲ ਕਰਨ ਲਈ ਲੋਕ ਜਾਣ ਤਾਂ ਲਤੀਫੇ ਸੁਣ ਕੇ ਮੁੜ ਆਉਂਦੇ ਹਨ। ਜਦੋਂ ਕਿਸੇ ਥਾਂ ਉਪ ਚੋਣ ਆ ਜਾਵੇ, ਬਾਦਲ ਸਾਹਿਬ ਖਜ਼ਾਨੇ ਦੇ ਮੂੰਹ ਖੋਲ੍ਹ ਦਿੰਦੇ ਹਨ। ਚੋਣਾਂ ਦੇ ਦਿਨਾਂ ਤੋਂ ਬਿਨਾਂ ਕਿਸੇ ਵੀ ਕੰਮ ਲਈ ਕਿਸੇ ਵਿਭਾਗ ਦੀ ਕੋਈ ਲੋੜ ਪੇਸ਼ ਕੀਤੀ ਜਾਵੇ ਤਾਂ ਸਰਕਾਰ ਦੇ ਉਸੇ ਖਜ਼ਾਨੇ ਦੀ ਮੰਦੀ ਹਾਲਤ ਦਾ ਹਵਾਲਾ ਦਿੱਤਾ ਜਾਂਦਾ ਹੈ। ਸੱਤ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਰੇ ਧੱਕ ਕੇ ਕੁਰਸੀ ਸੰਭਾਲੀ ਸੀ, ਉਹ ਪਹਿਲੇ ਦੋ ਸਾਲ ਇਹ ਦੁਹਾਈ ਦੇਈ ਗਏ ਕਿ ਖਜ਼ਾਨਾ ਅਮਰਿੰਦਰ ਸਿੰਘ ਖਾਲੀ ਕਰ ਗਿਆ ਹੈ, ਪਰ ਹੁਣ ਜਦੋਂ ਅਮਰਿੰਦਰ ਸਿੰਘ ਗਏ ਨੂੰ ਵਿਧਾਨ ਸਭਾ ਦੀ ਡੇਢ ਮਿਆਦ ਗੁਜ਼ਰ ਚੁੱਕੀ ਹੈ, ਇਹ ਖਜ਼ਾਨਾ ਅਜੇ ਵੀ ਖਾਲੀ ਦਾ ਖਾਲੀ ਹੈ। ਸੱਚਾਈ ਇਹ ਹੈ ਕਿ ਇਹ ਖਾਲੀ ਹੀ ਰਹਿਣਾ ਹੈ। ਜਿਸ ਹਿਸਾਬ ਨਾਲ ਇਸ ਦੀ ਵਰਤੋਂ ਘੱਟ ਤੇ ਦੁਰਵਰਤੋਂ ਵੱਧ ਕੀਤੀ ਜਾਂਦੀ ਹੈ, ਇਹ ਭਰ ਹੀ ਨਹੀਂ ਸਕਦਾ। ਡਾæ ਮਨਮੋਹਨ ਸਿੰਘ ਕਾਂਗਰਸੀ ਹੋਣ ਦੇ ਨਾਲ ਸਿੱਖ ਵੀ ਸੀ ਤੇ ਇਸ ਗੱਲੋਂ ਡਰਦਾ ਰਹਿੰਦਾ ਸੀ ਕਿ ਉਸ ਨੂੰ ਅਕਾਲ ਤਖਤ ਤੋਂ ਪੇਸ਼ੀ ਵਾਸਤੇ ਸੰਮਨ ਨਾ ਕੱਢਵਾ ਦਿੱਤੇ ਜਾਣ, ਇਸ ਕਰ ਕੇ ਉਹ ਏਨੇ ਫੰਡ ਦੇਈ ਗਏ, ਜਿੰਨੇ ਅਟਲ ਬਿਹਾਰੀ ਵਾਜਪਾਈ ਦੀ ਅਕਾਲੀਆਂ ਦੀ ਸਾਂਝ ਵਾਲੀ ਸਰਕਾਰ ਨੇ ਨਹੀਂ ਸੀ ਦਿੱਤੇ। ਏਨੇ ਫੰਡ ਆਏ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਥੱਲਾ ਢੱਕਣ ਜੋਗੇ ਸਾਬਤ ਇਸ ਕਰ ਕੇ ਨਹੀਂ ਹੋਏ ਕਿ ਇਸ ਖਜ਼ਾਨੇ ਦੀ ਗਾਗਰ ਵਿਚ ਛੇਕ ਹੀ ਛੇਕ ਹਨ।
ਦੂਸਰਾ ਪਾਸਾ ਪੰਜਾਬ ਵਿਚ ਬਦ-ਅਮਨੀ ਦਾ ਹੈ। ਜਦੋਂ ਅੰਮ੍ਰਿਤਸਰ ਵਿਚ ਇੱਕ ਥਾਣੇਦਾਰ ਨੂੰ ਚਿੱਟੇ ਦਿਨ ਭਰੇ ਬਾਜ਼ਾਰ ਵਿਚ ਛੇਹਰਟੇ ਥਾਣੇ ਦੇ ਦਰਵਾਜ਼ੇ ਤੋਂ ਸਿਰਫ ਸੌ ਗਜ਼ ਦੂਰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਤੇ ਗੋਲੀਆਂ ਮੁੱਕ ਜਾਣ ਉਤੇ ਕਾਤਲ ਆਪਣੇ ਘਰੋਂ ਜਾ ਕੇ ਹੋਰ ਗੋਲੀਆਂ ਲਿਆ ਕੇ ਮਾਰਦਾ ਰਿਹਾ ਸੀ, ਉਦੋਂ ਲੋਕ ਇਹ ਆਸ ਕਰ ਰਹੇ ਸਨ ਕਿ ਹੁਣ ਮੁੱਖ ਮੰਤਰੀ ਸਾਹਿਬ ਕੁਝ ਨਾ ਕੁਝ ਕਰਨਗੇ, ਪਰ ਉਨ੍ਹਾਂ ਨੇ ਕੀਤਾ ਨਹੀਂ ਸੀ। ਫਿਰ ਫਰੀਦਕੋਟ ਦੀ ਇੱਕ ਧੀ ਚਿੱਟੇ ਦਿਨ ਪੁਲਿਸ ਵਾਲਿਆਂ ਦੀ ਹਾਜ਼ਰੀ ਵਿਚ ਚੁੱਕੀ ਗਈ, ਅਗਵਾਕਾਰ ਦੀ ਕਾਰ ਪੰਜਾਬ ਤੋਂ ਨਿਕਲ ਜਾਣ ਦੀ ਸੌਖ ਲਈ ਹਰ ਨਾਕੇ ਵਾਲੇ ਰਾਹ ਛੱਡਦੇ ਗਏ ਤੇ ਸਾਰਾ ਫਰੀਦਕੋਟ ਜ਼ਿਲ੍ਹਾ ਉਬਲ ਪਿਆ, ਬਾਦਲ ਨੇ ਤਿੰਨ ਦਿਨ ਬਾਅਦ ਵੀ ਪੱਤਰਕਾਰਾਂ ਨੂੰ ਇਹ ਕਹਿ ਦਿੱਤਾ ਸੀ ਕਿ ਮੈਨੂੰ ਹਾਲੇ ਇਸ ਦਾ ਪਤਾ ਨਹੀਂ। ਲੁਧਿਆਣੇ ਵਿਚ ਇੱਕ ਪੁਲਿਸ ਅਫਸਰ ਨੂੰ ਇੱਕ ਰੈਸਟੋਰੈਂਟ ਵਿਚ ਕੁੱਟ ਕੇ ਉਸ ਦੀ ਲੱਤ ਤੋੜ ਦਿੱਤੀ ਗਈ ਤੇ ਫਿਰ ਇਹ ਕਹਿਣ ਨੂੰ ਮਜਬੂਰ ਕੀਤਾ ਗਿਆ ਕਿ ਕਿਸੇ ਨੇ ਕੁੱਟਿਆ ਨਹੀਂ, ਪੌੜੀਆਂ ਤੋਂ ਡਿੱਗ ਪਿਆ ਹਾਂ, ਹਾਲਾਂਕਿ ਸੀ ਸੀ ਟੀ ਵੀ ਕੈਮਰੇ ਦੀ ਫੁੱਟੇਜ ਸਾਰੀ ਕਹਾਣੀ ਦੱਸੀ ਜਾਂਦੀ ਸੀ, ਉਦੋਂ ਵੀ ਮੁੱਖ ਮੰਤਰੀ ਸਾਹਿਬ ਚੁੱਪ ਕੀਤੇ ਰਹੇ। ਲੋਕਾਂ ਨੇ ਉਨ੍ਹਾਂ ਨੂੰ ਰਾਜ ਦਾ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਕਿ ਉਹ ਅਹਿਮ ਮੌਕਿਆਂ ਉਤੇ ਚੁੱਪ ਵੱਟ ਜਾਇਆ ਕਰਨ, ਸਗੋਂ ਇਸ ਲਈ ਬਣਾਇਆ ਹੈ ਕਿ ਉਹ ਇਸ ਰਾਜ ਦੇ ਨਾਗਰਿਕਾਂ ਦੇ ਜਾਨ ਤੇ ਮਾਲ ਦੀ ਰਾਖੀ ਦੀ ਗਾਰੰਟੀ ਦਾ ਫਰਜ਼ ਪੂਰਾ ਕਰਨ।
ਅਸੀਂ ਇਹ ਗੱਲਾਂ ਇਸ ਵੇਲੇ ਇਸ ਲਈ ਕਹੀਆਂ ਹਨ ਕਿ ਬਾਦਲ ਸਾਹਿਬ ਨਾਲ ਨੇੜਤਾ ਵਾਲੇ ਲੋਕ ਕਹਿੰਦੇ ਹਨ ਕਿ ਬਾਦਲ ਸਾਹਿਬ ਹੁਣ ਹਾਲਾਤ ਦੀ ਚਿੰਤਾ ਕਰ ਰਹੇ ਹਨ। ਉਨ੍ਹਾਂ ਨੂੰ ਚਿੰਤਾ ਕਰਨੀ ਵੀ ਚਾਹੀਦੀ ਹੈ। ਦੇਰ ਨਾਲ ਹੀ ਸਹੀ, ਉਹ ਚਿੰਤਾ ਕਰਨ ਲੱਗੇ ਹਨ, ਪਰ ਅਜੇ ਵੀ ਉਨ੍ਹਾਂ ਦੇ ਬਿਆਨਾਂ ਤੋਂ ਇਹ ਨਹੀਂ ਜਾਪਦਾ ਕਿ ਉਹ ਰੋਗ ਦੀ ਜੜ੍ਹ ਫੜਨਾ ਚਾਹੁੰਦੇ ਹਨ। ਜਦੋਂ ਤੱਕ ਰੋਗ ਦੀ ਜੜ੍ਹ ਨਾ ਫੜੀ, ਇਹ ਚਿੰਤਾ ਵੀ ਰਾਜਸੀ ਚਿੰਤਾ ਰਹਿ ਜਾਵੇਗੀ।
ਰੋਗ ਦੀ ਜੜ੍ਹ ਉਨ੍ਹਾਂ ਦੇ ਕਈ ਸਾਲਾਂ ਦੇ ਇਸ ਰਟਨ-ਮੰਤਰ ਵਿਚ ਹੈ ਕਿ ‘ਦਿੱਲੀ ਦਰਬਾਰ’ ਤਾਂ ਪੰਜਾਬੀਆਂ ਦਾ ਦੁਸ਼ਮਣ ਹੈ। ਜਦੋਂ ਉਨ੍ਹਾਂ ਦੇ ਵਿਰੋਧ ਦੀ ਰਾਜਨੀਤੀ ਵਾਲਿਆਂ ਨੇ ਆਪ ਪਿੱਛੇ ਬੈਠ ਕੇ ਡਾæ ਮਨਮੋਹਨ ਸਿੰਘ ਦੇ ਹੱਥ ਕਮਾਨ ਦਿੱਤੀ ਹੋਈ ਸੀ, ਇਹ ਰਟਨ-ਮੰਤਰ ਲੋਕਾਂ ਉਤੇ ਕੰਮ ਕਰ ਜਾਂਦਾ ਸੀ, ਪਰ ਅਕਾਲੀਆਂ ਦੀ ਸਾਂਝ ਵਾਲੀ ਸਰਕਾਰ ਦੇ ਕੇਂਦਰ ਵਿਚ ਆ ਜਾਣ ਨਾਲ ਇਹ ਮੰਤਰ ਅਸਰ ਕਰਨੋਂ ਹਟਦਾ ਜਾਂਦਾ ਹੈ। ਕਾਂਗਰਸੀ ਰਾਜ ਵੇਲੇ ਉਹ ਇਹ ਕਹਿੰਦੇ ਸਨ ਕਿ ਪੰਜਾਬ ਵਿਚ ਨਸ਼ੇ ਦੀਆਂ ਖੇਪਾਂ ਸਰਹੱਦਾਂ ਪਾਰ ਕਰ ਕੇ ਆ ਜਾਂਦੀਆਂ ਹਨ ਅਤੇ ਬੀ ਐਸ ਐਫ ਵਾਲੇ ਰੋਕਦੇ ਨਹੀਂ, ਪਰ ਇਹ ਗੱਲ ਭਾਜਪਾ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਹੀਂ ਸੁਣਨੀ। ਹਾਲਾਤ ਵਿਚ ਵੱਖਰੀ ਤਬਦੀਲੀ ਇਹ ਵੀ ਹੈ ਕਿ ਜਿਹੜੀ ਭਾਜਪਾ ਹੁਣ ਤੱਕ ਪੰਜਾਬ ਵਿਚ ਅਕਾਲੀਆਂ ਦੇ ਭਾਂਡੇ ਮਾਂਜਣ ਤੱਕ ਸੀਮਤ ਹੋ ਕੇ ਰਹਿ ਗਈ ਸੀ, ਉਹ ਸਿਰ ਚੁੱਕ ਕੇ ਅੱਖ ਵਿਚ ਅੱਖ ਪਾ ਕੇ ਗੱਲ ਕਰ ਰਹੀ ਹੈ ਤੇ ਭਾਜਪਾ ਆਗੂ ਸਾਫ ਆਖਦੇ ਹਨ ਕਿ ਨਸ਼ੇ ਦਾ ਵਪਾਰ ਅਕਾਲੀਆਂ ਨਾਲ ਜੁੜੇ ਬੰਦੇ ਕਰਦੇ ਹਨ। ਬਾਦਲ ਸਾਹਿਬ ਕਾਂਗਰਸੀਆਂ ਦੀ ਕਹੀ ਗੱਲ ਕੱਟ ਜਾਂਦੇ ਹਨ, ਪਰ ਭਾਜਪਾ ਵਾਲਿਆਂ ਦੇ ਇਸ ਤਰ੍ਹਾਂ ਕਹਿਣ ਉਤੇ ਚੁੱਪ ਵੱਟ ਜਾਂਦੇ ਹਨ। ਆਖਰ ਕਿਉਂ ਚੁੱਪ ਵੱਟਦੇ ਹਨ ਉਹ? ਕੀ ਇਸ ਲਈ ਕਿ ਪਟਿਆਲੇ ਦੀ ਪੁਲਿਸ ਨੇ ਪੰਜਾਬ ਤੇ ਨਾਲ ਲੱਗਦੇ ਹਿਮਾਚਲ ਤੋਂ ਨਸ਼ੇ ਬਣਾਉਣ ਦੀਆਂ ਜਿੰਨੀਆਂ ਫੈਕਟਰੀਆਂ ਅਤੇ ਸਪਲਾਈ ਦੀਆਂ ਤੰਦਾਂ ਫੜੀਆਂ ਹਨ, ਉਨ੍ਹਾਂ ਦਾ ਸਬੰਧ ਅਕਾਲੀ ਆਗੂਆਂ ਨਾਲ ਜੁੜ ਰਿਹਾ ਹੈ?
ਜਦੋਂ ਬਦ-ਅਮਨੀ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਹਰ ਵਾਰੀ ਮੋਗੇ ਦਾ ਜ਼ਿਕਰ ਉਚੇਚ ਨਾਲ ਆ ਜਾਂਦਾ ਹੈ, ਅਤੇ ਹੁਣ ਵੀ ਆ ਰਿਹਾ ਹੈ। ਪੰਜਾਬ ਦਾ ਸਭ ਤੋਂ ਵੱਡਾ ਪਾਸਪੋਰਟ ਸਕੈਂਡਲ ਵੀ ਮੋਗੇ ਵਿਚ ਹੋਇਆ ਸੀ, ਜਿਸ ਦੇ ਖਿਲਾਰੇ ਨੂੰ ਅਜੇ ਤੱਕ ਸਮੇਟਿਆ ਨਹੀਂ ਜਾ ਸਕਿਆ ਤੇ ਪੰਜਾਬ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਵੀ ਮੋਗੇ ਵਿਚ ਹੀ ਵਾਪਰਿਆ ਸੀ, ਜਿਸ ਵਿਚ ਪੁਲਿਸ ਵਾਲੇ ਆਪ ਕਾਲ ਗਰਲ ਭੇਜ ਕੇ ਖਾਂਦੇ-ਪੀਂਦੇ ਲੋਕਾਂ ਨੂੰ ਫਸਾਉਂਦੇ ਤੇ ਫਿਰ ਬਲੈਕ ਮੇਲ ਕਰਦੇ ਸਨ। ਇਹ ਮਾਮਲਾ ਟੀ ਵੀ ਚੈਨਲਾਂ ਦੇ ਸਟਿੰਗ ਅਪਰੇਸ਼ਨਾਂ ਦਾ ਹਿੱਸਾ ਬਣਨ ਪਿੱਛੋਂ ਉਥੋਂ ਪੁਲਿਸ ਦੇ ਕੁਝ ਵੱਡੇ ਅਫਸਰ ਤੇ ਕੁਝ ਸਿਆਸੀ ਆਗੂ ਵੀ ਇਸ ਦੀ ਲਪੇਟ ਵਿਚ ਆ ਕੇ ਜੇਲ੍ਹ ਗਏ ਸਨ।
ਹੁਣ ਫਿਰ ਮੋਗਾ ਚਰਚਾ ਦਾ ਕੇਂਦਰ ਬਣ ਗਿਆ ਹੈ ਤੇ ਮਾਮਲਾ ਹੁਣ ਇੱਕ ਪੁਲਿਸ ਮੁਕਾਬਲੇ ਦਾ ਹੈ। ਚੰਡੀਗੜ੍ਹ ਦੀ ਪੁਲਿਸ ਨੇ ਮੋਗੇ ਆ ਕੇ ਇੱਕ ਬੰਦੇ ਨੂੰ ਘੇਰਿਆ ਤੇ ਫਿਰ ਆਹਮੋ ਸਾਹਮਣੀ ਗੋਲੀ ਚੱਲਣ ਨਾਲ ਉਹ ਬੰਦਾ ਮਾਰਿਆ ਗਿਆ, ਜਿਸ ਦੇ ਕੰਮਾਂ ਬਾਰੇ ਮੋਗੇ ਦੀ ਪੁਲਿਸ ਵੀ ਜਾਣਦੀ ਸੀ। ਇੱਕ ਵਾਰੀ ਇਸੇ ਬੰਦੇ ਨੇ ਅਦਾਲਤ ਤੋਂ ਆਪ ਭਗੌੜਾ ਹੁੰਦੇ ਹੋਏ ਵੀ ਪੰਜਾਬ ਪੁਲਿਸ ਦੇ ਇੱਕ ਮੁਖੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਉਸ ਕੋਲੋਂ ਮੋੜਵੀਂ ਭਾਜੀ ਵਾਂਗ ਸਿਰੋਪਾਓ ਹਾਸਲ ਕੀਤਾ ਸੀ। ਪੰਜਾਬ ਪੁਲਿਸ ਦੇ ਉਸ ਮੁਖੀ ਨੇ ਫਿਰ ਅਕਾਲੀ ਟਿਕਟ ਉਤੇ ਮੋਗੇ ਤੋਂ ਚੋਣ ਵੀ ਲੜੀ ਸੀ। ਕਮਾਲ ਦੀ ਗੱਲ ਇਹ ਹੈ ਕਿ ਜਿਸ ਪੁਲਿਸ ਇੰਸਪੈਕਟਰ ਨੇ ਚੰਡੀਗੜ੍ਹ ਤੋਂ ਆਣ ਕੇ ਕਾਰਵਾਈ ਕੀਤੀ, ਉਸ ਦਾ ਇੱਕ ਰਿਸ਼ਤੇਦਾਰ ਨਾਲ ਦੇ ਇਲਾਕੇ ਦੀ ਬਲਾਕ ਸੰਮਤੀ ਦਾ ਅਕਾਲੀ ਦਲ ਵੱਲੋਂ ਚੇਅਰਮੈਨ ਹੈ ਅਤੇ ਉਹ ਵੀ ਉਸ ਮੁਕਾਬਲੇ ਵੇਲੇ ਉਸ ਦੇ ਨਾਲ ਸੀ। ਆਮ ਲੋਕ ਇਸ ਮੁਕਾਬਲੇ ਨੂੰ ਇੱਕ ਸੁਪਾਰੀ ਕਿਲਿੰਗ ਦਾ ਮਾਮਲਾ ਕਹੀ ਜਾਂਦੇ ਹਨ।
ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹਨ ਕਿ ਰਾਜ ਠੀਕ-ਠਾਕ ਚੱਲ ਰਿਹਾ ਹੈ, ਪਰ ਕਿੰਨਾ ਠੀਕ-ਠਾਕ ਚੱਲਦਾ ਹੈ, ਇਸ ਦੀ ਇੱਕ ਮਿਸਾਲ ਇਹ ਹੈ ਕਿ ਪਿਛਲੇ ਦਿਨੀਂ ਕੁਝ ਬਹੁਤ ਵੱਡੇ ਪੁਲਿਸ ਵਾਲੇ ਅਫਸਰਾਂ ਦੇ ਖਿਲਾਫ ਜਾਂਚ ਦੀ ਜ਼ਿੰਮੇਵਾਰੀ ਵਿਜੀਲੈਂਸ ਨੂੰ ਦੇਣੀ ਪਈ ਹੈ। ਉਨ੍ਹਾਂ ਉਤੇ ਦੋਸ਼ ਇਹ ਹੈ ਕਿ ਉਨ੍ਹਾਂ ਨੇ ਮਾਇਆ ਦੇ ਲਾਲਚ ਵਿਚ ਆਪਣੇ ਇੱਕ ਮਿੱਤਰ ਦਾ ਕਤਲ ਕਰਵਾ ਦਿੱਤਾ ਸੀ। ਮਾਇਆ ਪਿੱਛੇ ਆਮ ਹੁੰਦੇ ਕਤਲ ਸੁਣ ਕੇ ਲੋਕਾਂ ਨੂੰ ਆਸ ਹੁੰਦੀ ਹੈ ਕਿ ਪੁਲਿਸ ਇਨਸਾਫ ਕਰੇਗੀ, ਪਰ ਇਥੇ ਪੁਲਿਸ ਦੇ ਵੱਡੇ ਅਫਸਰਾਂ ਉਤੇ ਇਹ ਦੋਸ਼ ਲੱਗੀ ਜਾਂਦੇ ਹਨ ਕਿ ਉਹ ਪੈਸੇ ਦੇ ਲਾਲਚ ਵਿਚ ਕਿਸੇ ਦਾ ਕਤਲ ਕਰ ਜਾਂ ਕਰਵਾ ਸਕਦੇ ਹਨ। ਮੋਗੇ ਦੀ ਘਟਨਾ ਵੀ ਏਦਾਂ ਦੀ ਕਹੀ ਜਾ ਰਹੀ ਹੈ, ਅਤੇ ਕਿਉਂਕਿ ਜਾਂਚ ਦੀਆਂ ਤੰਦਾਂ ਕਈ ਪਾਸਿਆਂ ਤੋਂ ਅਕਾਲੀ ਦਲ ਦੇ ਆਪਣੇ ਬੰਦਿਆਂ, ਜਿਨ੍ਹਾਂ ਵਿਚੋਂ ਇੱਕ ਚੇਅਰਮੈਨ ਵੀ ਹੈ, ਨਾਲ ਜੁੜ ਰਹੀਆਂ ਹਨ, ਇਸ ਤੋਂ ਸਰਕਾਰ ਬਾਰੇ ਲੋਕਾਂ ਵਿਚ ਤੌਖਲੇ ਪੈਦਾ ਹੋ ਰਹੇ ਹਨ। ਸੱਠ ਸਾਲ ਤੋਂ ਵੱਧ ਦੀ ਰਾਜਨੀਤੀ ਦਾ ਤਜਰਬਾ ਜਿਸ ਮੁੱਖ ਮੰਤਰੀ ਦੇ ਕੋਲ ਹੋਵੇ ਤੇ ਜਿਸ ਨੇ ਵੱਡੇ ਜਿਗਰੇ ਵਾਲੇ ਰਾਜਸੀ ਵਿਰੋਧੀਆਂ ਨੂੰ ਚਿੱਤ ਕਰ ਕੇ ਵਿਖਾਇਆ ਹੋਇਆ ਹੋਵੇ, ਉਸ ਦੇ ਰਾਜ ਦਾ ਇਹ ਹਾਲ ਕਿਉਂ ਬਣ ਗਿਆ? ਪੰਜਾਬ ਦੇ ਲੋਕ ਉਸ ਤੋਂ ਇਹ ਜਾਣਨਾ ਚਾਹੁਣਗੇ ਕਿ ਉਹ ਰਾਜ-ਗੱਦੀ ਉਤੇ ਬੈਠਾ ਹੋਇਆ ਹੀ ਰਾਜ ਦੇ ਮੋਹ ਤੋਂ ਵਿਰੱਕਤ ਹੋ ਗਿਆ ਹੈ ਜਾਂ ਜ਼ਾਹਰਾ ਤੌਰ ਉਤੇ ਕਮਾਨ ਉਸ ਦੇ ਹੱਥ ਹੈ, ਪਰ ਅਮਲ ਵਿਚ ਹੁਣ ਉਸ ਦੇ ਹੱਥ ਨਹੀਂ ਰਹੀ। ਫੋਕੀ ਰਾਜਨੀਤਕ ਗਤਕੇਬਾਜ਼ੀ ਨਾਲ ਕੰਮ ਨਹੀਂ ਸਰ ਸਕਦਾ, ਇਹ ਕਾਂਗਰਸੀ ਤੇ ਅਕਾਲੀ ਕਰਦੇ ਆਏ ਹਨ ਅਤੇ ਕਰਦੇ ਵੀ ਰਹਿਣਗੇ, ਪੰਜਾਬ ਦੇ ਲੋਕਾਂ ਨੂੰ ਰਾਜਨੀਤੀ ਨਹੀਂ, ਰਾਜ ਦੇ ਫਰਜ਼ ਨਿਭਾਉਣ ਵਾਲਾ ਰਾਜ ਅਤੇ ਰਾਜਾ ਚਾਹੀਦਾ ਹੈ।

Be the first to comment

Leave a Reply

Your email address will not be published.