ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਨਵਾਂ ਝਟਕਾ ਦਿੰਦਿਆਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਚਾਰ ਗੁਣਾ ਮਹਿੰਗਾ ਕਰ ਦਿੱਤਾ ਹੈ। ਪਿਛਲੇ ਡੇਢ ਸਾਲ ਵਿਚ ਅਜਿਹਾ ਦੂਜੀ ਵਾਰ ਹੈ ਜਦੋਂ ਹਸਪਤਾਲ ਦੀ ਪਰਚੀ ਫੀਸ, ਕਮਰੇ ਦੇ ਕਿਰਾਏ, ਅਪਰੇਸ਼ਨ, ਲੈਬਾਰਟਰੀ ਟੈਸਟ ਤੇ ਖੂਨ ਦੀ ਬੋਤਲ ਦੇ ਭਾਅ ਵਿਚ ਵਾਧਾ ਕੀਤਾ ਗਿਆ ਹੈ।
ਨਵੀਆਂ ਦਰਾਂ ਪਹਿਲੀ ਜੁਲਾਈ ਤੋਂ ਲਾਗੂ ਹੋਣਗੀਆਂ। ਇਸ ਤਹਿਤ ਪਰਚੀ ਦੀ ਫੀਸ ਹੁਣ 10 ਰੁਪਏ ਕਰ ਦਿੱਤੀ ਗਈ ਹੈ। ਅਪਰੈਲ 2013 ਤੋਂ ਪਹਿਲਾਂ ਇਹ ਦੋ ਰੁਪਏ ਸੀ ਜਦੋਂਕਿ ਪਿਛਲੇ ਵਾਰ ਇਸ ਨੂੰ ਪੰਜ ਰੁਪਏ ਕਰ ਦਿੱਤਾ ਗਿਆ ਸੀ। ਸਰਕਾਰੀ ਹਸਪਤਾਲਾਂ ਦੇ ਏæਸੀæ ਕਮਰੇ ਦਾ ਕਿਰਾਇਆ 200 ਰੁਪਏ ਤੋਂ ਵਧਾ ਕੇ 500 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਕੂਲਰ ਵਾਲੇ ਕਮਰੇ ਦਾ ਕਿਰਾਇਆ 50 ਤੋਂ ਵਧਾ ਕੇ 100 ਰੁਪਏ ਹੋ ਗਿਆ ਹੈ। ਹੀਟਰ ਵਾਲੇ ਕਮਰੇ ਦੇ ਹੁਣ 25 ਰੁਪਏ ਦੀ ਥਾਂ 100 ਰੁਪਏ ਭਰਨੇ ਪੈਣਗੇ। ਹਸਪਤਾਲ ਦੇ ਜਨਰਲ ਵਾਰਡ ਵਿਚ ਮਰੀਜ਼ ਲਈ ਦਾਖਲਾ ਫੀਸ 25 ਤੋਂ ਵਧਾ ਕੇ 30 ਰੁਪਏ ਤੇ ਪ੍ਰਾਈਵੇਟ ਵਾਰਡ ਦੀ ਫੀਸ 100 ਤੋਂ 150 ਰੁਪਏ ਕਰ ਦਿੱਤੀ ਗਈ ਹੈ।
ਮਰੀਜ਼ ਨੂੰ ਅਪਰੇਸ਼ਨ ਵਾਸਤੇ 750 ਦੀ ਥਾਂ 1000 ਰੁਪਏ ਭਰਨੇ ਪੈਣਗੇ। ਛੋਟੇ ਅਪਰੇਸ਼ਨ ਦੀ ਫੀਸ ਵਿਚ 50 ਰੁਪਏ ਦਾ ਵਾਧਾ ਹੋਇਆ ਹੈ। ਆਈæਸੀæਯੂæ ਦੇ ਬੈੱਡ ਤੇ ਵੈਂਟੀਲੇਟਰ ਮਸ਼ੀਨ ਦੇ ਕਿਰਾਏ ਵਿਚ ਪ੍ਰਤੀ ਦਿਨ 100 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮਰੀਜ਼ਾਂ ਨੂੰ ਚੜ੍ਹਾਏ ਜਾਣ ਵਾਲੇ ਖੂਨ ਦੀ ਬੋਤਲ ਦਾ ਮੁੱਲ 300 ਦੀ ਥਾਂ 500 ਰੁਪਏ ਮਿੱਥ ਦਿੱਤਾ ਹੈ ਜਦੋਂਕਿ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਦਾ ਮੁੱਲ 450 ਰੁਪਏ ਹੈ। ਈæਸੀæਜੀæ ਦੀ ਫੀਸ ਵਿਚ 35 ਰੁਪਏ, ਐਕਸਰੇਅ ਦੇ ਰੇਟ ਵਿਚ 10 ਰੁਪਏ, ਅਲਟਰਾਸਾਊਂਡ ਦੀ ਫੀਸ 50 ਰੁਪਏ ਤੇ ਮੈਮੋਗ੍ਰਾਫੀ ਦੀ ਫੀਸ ਵਿਚ 150 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਇਹ ਦਰਾਂ ਵਧਾਈਆਂ ਗਈਆਂ ਹਨ।
__________________________________________
ਪੰਜਾਬ ਵਿਚ ਬੱਸ ਸਫ਼ਰ ਸਭ ਤੋਂ ਮਹਿੰਗਾ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲਗਾਤਾਰ ਬੱਸ ਭਾੜੇ ਵਿਚ ਵਾਧੇ ਕਾਰਨ ਪੰਜਾਬ ਇਸ ਵੇਲੇ ਸਭ ਤੋਂ ਵਧੇਰੇ ਬੱਸ ਕਿਰਾਏ ਵਾਲਾ ਸੂਬਾ ਬਣ ਗਿਆ ਹੈ। ਪਿਛਲੇ ਦਿਨਾਂ ਵਿਚ ਬੱਸ ਕਿਰਾਏ ਵਿਚ ਹੋਏ ਅੱਠ ਫ਼ੀਸਦੀ ਵਾਧੇ ਤੋਂ ਬਾਅਦ ਹੁਣ ਪ੍ਰਤੀ ਕਿਲੋਮੀਟਰ 91 ਪੈਸੇ ਹੋ ਗਿਆ ਹੈ, ਜਦ ਕਿ ਹਰਿਆਣਾ ਵਿਚ ਪ੍ਰਤੀ ਕਿਲੋਮੀਟਰ 75 ਪੈਸੇ, ਰਾਜਸਥਾਨ ਵਿਚ 75 ਪੈਸੇ, ਹਿਮਾਚਲ ‘ਚ 90 ਪੈਸੇ, ਜੰਮੂ-ਕਸ਼ਮੀਰ ਵਿਚ 78 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਰਾਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਪਿਛਲੇ ਦੋ ਹਫ਼ਤੇ ਤੋਂ ਦਿੱਲੀ ਗੇੜੇ ਮਾਰ ਕੇ ਕੇਂਦਰੀ ਮੰਤਰੀਆਂ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਪੰਜਾਬ ਲਈ ਵੱਡੀਆਂ ਯੋਜਨਾਵਾਂ ਤੇ ਪ੍ਰਾਜੈਕਟਾਂ ਨੂੰ ਪ੍ਰਵਾਨ ਕਰਵਾਉਣ ਦੀਆਂ ਗੱਲਾਂ ਕਰਦੇ ਰਹੇ ਹਨ ਤੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਪੰਜਾਬ ਵਿਚ ਵੀ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਪਰ ਬੱਸ ਭਾੜੇ ਵਿਚ ਹੋਏ ਭਾਰੀ ਵਾਧੇ ਨੇ ਆਮ ਆਦਮੀ ਨੂੰ ਨਿਰਾਸ਼ਾ ਦੇ ਆਲਮ ਵਿਚ ਲਿਜਾ ਸੁਟਿਆ ਹੈ। ਕੇਂਦਰ ਤੇ ਪੰਜਾਬ ਸਰਕਾਰ ਦੇ ਬਜਟ ਅਜੇ ਆਉਣੇ ਹਨ, ਪਰ ਲੋਕਾਂ ਦੇ ਬਜਟ ਭਾੜੇ ਵਿਚ ਵਾਧੇ ਨੇ ਪਹਿਲਾਂ ਹੀ ਹਿਲਾ ਦਿੱਤੇ ਹਨ। ਖਾਣ ਵਾਲੀਆਂ ਵਸਤਾਂ ਦੇ ਭਾਅ ਵੀ ਪਹਿਲਾਂ ਨਾਲੋਂ ਘਟੇ ਨਹੀਂ, ਉਲਟਾ ਸਗੋਂ ਕਈ ਵਸਤਾਂ ਦੇ ਭਾਅ ਵਿਚ ਤੇਜ਼ੀ ਆਈ ਦਿਖਾਈ ਦੇ ਰਹੀ ਹੈ। ਬੱਸ ਭਾੜਿਆਂ ਵਿਚ ਵਾਧੇ ਦਾ ਅਸਰ ਏਨਾ ਵਿਆਪਕ ਹੋਵੇਗਾ ਕਿ ਇਸ ਨੇ ਹਰ ਵਸਤ ਦੀ ਕੀਮਤ ਵਿਚ ਵਾਧਾ ਕਰ ਦੇਣਾ ਹੈ। ਇਸ ਹਿਸਾਬ ਲੋਕ ਮਹਿੰਗਾਈ ਦੇ ਚੁਪਾਸੜ ਹਮਲੇ ਵਿਚ ਅਜੇ ਵੀ ਘਿਰੇ ਰਹਿਣਗੇ।
Leave a Reply