ਸੰਸਾਰ ਦਾ ਮੁਹਾਣ ਮੋੜਨ ਦੀ ਸਮਰੱਥਾ ਵਾਲੇ ਵਿਦਵਾਨ ਕਾਰਲ ਮਾਰਕਸ ਬਾਰੇ ਪ੍ਰੋæ ਹਰਪਾਲ ਸਿੰਘ ਪੰਨੂ ਦਾ ਲੰਮਾ ਲੇਖ ‘ਕਾਰਲ ਮਾਰਕਸ ਦੀ ਜੀਵਨ ਕਹਾਣੀ’ ਪੰਜ ਕਿਸ਼ਤਾਂ ਵਿਚ ਛਾਪਿਆ ਸੀ ਜਿਸ ਵਿਚ ਮਾਰਕਸ ਅਤੇ ਉਸ ਦੇ ਸਾਥੀ ਫਰੈਡਰਿਕ ਏਂਗਲਜ ਤੋਂ ਇਲਾਵਾ ਪਰਿਵਾਰ ਦੇ ਹੋਰ ਜੀਆਂ ਬਾਰੇ ਚਰਚਾ ਕੀਤੀ ਗਈ ਸੀ। ਇਸ ਲੇਖ ਲੜੀ ਬਾਰੇ ਸ਼ ਗੁਰਬਚਨ ਸਿੰਘ ਨੇ ਸਾਨੂੰ ਆਪਣੀ ਟਿੱਪਣੀ ਭੇਜੀ ਹੈ ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਸ਼ ਗੁਰਬਚਨ ਸਿੰਘ ਉਨ੍ਹਾਂ ਵਿਦਵਾਨਾਂ ਵਿਚੋਂ ਹਨ ਜਿਹੜੇ ਮਾਰਕਸਵਾਦ ਅਤੇ ਸਿੱਖੀ ਦੇ ਸੁਮੇਲ ਨੂੰ ਲੋਕਾਈ ਦੀ ਭਲਾਈ ਸਮਝਦੇ ਹਨ। ਪਿੱਛੇ ਜਿਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਬਤ ਉਨ੍ਹਾਂ ਦੀ ਕਿਤਾਬ ‘ਸੰਤ ਭਿੰਡਰਾਂਵਾਲੇ ਤੇ ਖਾਲਿਸਤਾਨੀ ਲਹਿਰ’ ਛਪੀ ਸੀ। ਇਸ ਵਿਚ ਵੀ ਉਨ੍ਹਾਂ ਸਿੱਖ ਧਰਮ ਸ਼ਾਸਤਰ, ਦਰਸ਼ਨ ਅਤੇ ਮਰਕਸਵਾਦ ਦੇ ਦ੍ਰਿਸ਼ਟੀਕੋਣ ਤੋਂ ਆਪਣੀਆਂ ਗੱਲਾਂ ਰੱਖੀਆਂ ਸਨ। -ਸੰਪਾਦਕ
ਗੁਰਬਚਨ ਸਿੰਘ
ਫੋਨ: 91-98156-98451
ਪ੍ਰੋæ ਹਰਪਾਲ ਸਿੰਘ ਪੰਨੂ ਦੀ ਲਿਖਤ ‘ਕਾਰਲ ਮਾਰਕਸ ਦੀ ਜੀਵਨ ਕਹਾਣੀ’ ਬੜੀ ਦਿਲਚਸਪੀ ਨਾਲ ਪੜ੍ਹੀ। ਅਰੰਭ ਤੋਂ ਲੈ ਕੇ ਅਖੀਰ ਤਕ ਲਿਖਤ ਵਿਚ ਪੜ੍ਹਨ ਦੀ ਜਿਗਿਆਸਾ ਬਣੀ ਰਹੀ। ਉਂਜ ਸਾਰੀ ਲਿਖਤ ਪੜ੍ਹ ਕੇ ਜਾਪਿਆ ਕਿ ਜੇ ਪ੍ਰੋæ ਪੰਨੂ ਇਸ ਲਿਖਤ ਦੇ ਅਖੀਰ ਵਿਚ ਪਹੁੰਚੇ ਸਿੱਟੇ ਤੋਂ ਆਪਣੀ ਇਸ ਲਿਖਤ ਦਾ ਅਰੰਭ ਕਰਦੇ ਤਾਂ ਸ਼ਾਇਦ ਉਹ ਮੌਜੂਦਾ ਆਲਮੀ ਕਮਿਊਨਿਸਟ ਲਹਿਰ ਨੂੰ ਦਰਪੇਸ਼ ਬੜੀ ਵੱਡੀ ਉਲਝਣ ਵਿਚੋਂ ਕੱਢਣ ਦਾ ਸਬੱਬ ਬਣਦੇ ਅਤੇ ਜੇ ਉਹ ਇਉਂ ਕਰਦੇ ਤਾਂ ਯਕੀਨਨ ਕਾਰਲ ਮਾਰਕਸ ਵੱਲੋਂ ਮਨੁੱਖ ਜਾਤੀ ਨੂੰ ਦਿੱਤੀ ਗਈ ਮਹਾਨ ਦੇਣ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ।
ਪ੍ਰੋæ ਪੰਨੂ ਆਪਣੀ ਲਿਖਤ ਦੇ ਅਖੀਰ ਵਿਚ ਇਸ ਸਿੱਟੇ ਉਤੇ ਪਹੁੰਚੇ ਹਨ, “ਬੁੱਧ, ਯਸੂ ਮਸੀਹ ਅਤੇ ਹਜ਼ਰਤ ਮੁਹੰਮਦ ਤੋਂ ਬਾਅਦ ਦੁਨੀਆਂ ਜਿਸ ਤੋਂ ਪ੍ਰਭਾਵਿਤ ਹੋਈ, ਉਹ ਕਾਰਲ ਮਾਰਕਸ ਹੈ।æææ ਈਸਾ ਤੇ ਬੁੱਧ ਤੋਂ ਲੈ ਕੇ ਸਿੱਖ ਗੁਰੂ ਸਾਹਿਬਾਨ, ਹਰ ਪੈਗੰਬਰ ਨੇ ਦੁਨਿਆਵੀ ਮਾਇਆ ਦੀ ਹੋੜ ਨੂੰ ਇਨਸਾਨੀ ਸ਼ਖਸੀਅਤ ਦੇ ਰੂਹਾਨੀ ਵਿਕਾਸ ਲਈ ਸਭ ਤੋਂ ਵੱਡਾ ਰੋੜਾ ਮੰਨਿਆ ਹੈ।æææ ਮਾਇਆ ਦੇ ਜਾਲ ਵਿਚੋਂ ਆਦਮੀ ਕਿੰਜ ਮੁਕਤ ਹੋਵੇ, ਕਾਰਲ ਮਾਰਕਸ ਦਾ ਇਹੋ ਕੇਂਦਰੀ ਸਰੋਕਾਰ ਸੀ।”
ਕਾਰਲ ਮਾਰਕਸ ਦੀ ਇਹੀ ਪ੍ਰਤਿਭਾ ਸੀ ਕਿ ਉਸ ਨੇ ‘ਮਾਇਆ’ ਦੇ ਦੋਵੇਂ-ਆਤਮਿਕ ਤੇ ਭੌਤਿਕ ਪੱਖਾਂ ਦੀ ਪਛਾਣ ਕੀਤੀ ਅਤੇ ਇਸ ਦੇ ਭੌਤਿਕ ਪੱਖ ਦੇ ਅਜੋਕੇ ਰੂਪ ‘ਪੂੰਜੀ’ ਦੀ ਬਣਤਰ ਦੇ ਵਜੂਦ ਸਮੋਈਆਂ ਅਲਾਮਤਾਂ (ਵਿਰੋਧਤਾਈਆਂ) ਦੀ ਜਾਣਕਾਰੀ ਦਿੱਤੀ। ਮਨੁੱਖ ਜਾਤੀ ਦੇ ਭਵਿਖ ਉਤੇ ਇਨ੍ਹਾਂ ਅਲਾਮਤਾਂ ਦੇ ਪੈਣ ਵਾਲੇ ਖਤਰਨਾਕ ਪ੍ਰਭਾਵਾਂ ਦੀ ਬੜੀ ਸਪਸ਼ਟ ਨਿਸ਼ਾਨਦੇਹੀ ਕੀਤੀ। ਮਾਰਕਸ ਨੇ ਨਾ ਸਿਰਫ ਪੂੰਜੀ ਦੇ ਵਜੂਦ ਸਮੋਈਆਂ ਅਲਾਮਤਾਂ ਦੀ ਜਾਣਕਾਰੀ ਦਿਤੀ, ਸਗੋਂ ਮਾਇਆ ਦੀ ਇਸ ਹੋੜ ਤੋਂ ਸਦਾ-ਸਦਾ ਲਈ ਖਹਿੜਾ ਛੁਡਾਉਣ ਦਾ ਰਾਹ ਦੱਸਿਆ। ਇਹ ਰਾਹ ਮਾਰਕਸ ਦੀ ਕਿਸੇ ਖਿਆਲੀ ਕਲਪਨਾ ਵਿਚੋਂ ਨਹੀਂ ਸੀ ਨਿਕਲਿਆ, ਸਗੋਂ ਜ਼ਮੀਨੀ ਹਕੀਕਤਾਂ ਉਤੇ ਆਧਾਰਤ ਸੀ ਅਤੇ ਉਦੋਂ ਤਕ ਹੋ ਚੁੱਕੇ ਸਾਰੇ ਪੈਗੰਬਰਾਂ ਵੱਲੋਂ ਦਿੱਤੇ ਗਏ ਆਤਮਿਕ ਗਿਆਨ ਨੂੰ ਆਪਣੇ ਆਤਮ ਵਿਚ ਸਮੇਟ ਕੇ, ਉਸ ਦਾ ਕੀਤਾ ਗਿਆ ਵਿਸਥਾਰ ਸੀ। ਮਾਰਕਸ ਨੇ ਆਪਣੇ ਤੋਂ ਪਹਿਲੇ ਧਰਮਾਂ ਵਿਚਲੇ ਫਲਸਫੇ ਦੀ ਪੜਚੋਲ ਕੀਤੀ ਅਤੇ ਉਸ ਫਲਸਫੇ ਦਾ ਹੋਰ ਵਿਸਥਾਰ ਕੀਤਾ। ਇਸੇ ਮੌਲਿਕ ਆਧਾਰ ਉਤੇ ਉਸ ਨੇ ਸਗਲ ਮਨੁੱਖ ਜਾਤੀ ਨੂੰ ਇਸ ‘ਮਾਇਆ ਦੀ ਹੋੜ’ ਤੋਂ ਆਪਣੀ ਮੁਕਤੀ ਦਾ ਰਾਹ ਦੱਸਿਆ ਤਾਂ ਕਿ ਮਨੁੱਖ ਜਾਤੀ ਸਦਾ-ਸਦਾ ਲਈ ਇਸ ਹੋੜ ਤੋਂ ਖਹਿੜਾ ਛੁਡਾ ਕੇ ਰੂਹਾਨੀ ਆਜ਼ਾਦੀ ਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕੇ।
ਪ੍ਰੋæ ਪੰਨੂ ਨੇ ਆਪਣੀ ਇਸ ਲਿਖਤ ਦੇ ਸ਼ੁਰੂ ਵਿਚ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਮਾਰਕਸ ਯੂਰਪ ਦੇ ਉਸ ਦੌਰ ਦੀ ਪੈਦਾਵਾਰ ਹੈ, ਜਦੋਂ ਫਿਲਾਸਫਰ ਇਮੈਨੂਅਲ ਕਾਂਤ ਨੇ ਇਹ ਐਲਾਨ ਕਰ ਦਿੱਤਾ ਸੀ, “ਜਿਹੜਾ ਬੰਦਾ ਦੂਜੇ ਬੰਦੇ ਉਪਰ ਨਿਰਭਰ ਹੈ, ਉਹ ਬੰਦਾ ਨਹੀਂ, ਉਹ ਤਾਂ ਦੂਜੇ ਦੀ ਜਾਇਦਾਦ ਹੈ। ਔਰਤ ਮਰਦ ਦੀ ਗੁਲਾਮ ਨਹੀਂ ਅਤੇ ਮਨੁੱਖਤਾ ਕਿਸੇ ਵੀ ਸ਼ਰਤ ਵਿਚ ਰਾਜੇ ਦੀ ਗੁਲਾਮ ਨਹੀਂ। ਰਾਜੇ ਦਾ ਐਲਾਨ ਕਿ ਉਹ ਰੱਬ ਦਾ ਦੂਤ ਹੈ, ਬਕਵਾਸ ਹੈ।” ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਹੈ ਕਿ “ਹੇਗਲ ਦੇ ਫਲਸਫੇ ਨਾਲ ਯੂਰਪ ਹਿੱਲ ਗਿਆ ਸੀ, ਜਵਾਨੀ ਸੋਚਣ ਲੱਗ ਪਈ ਸੀ ਕਿ ਹੇਗਲ ਦਾ ਕਿਹਾ-ਤਬਦੀਲੀ ਯਕੀਨੀ ਹੈ, ਸੱਚ ਹੋਵੇਗਾ, ਨਿਰੰਕੁਸ਼ ਬਾਦਸ਼ਾਹਾਂ ਤੋਂ ਖਹਿੜਾ ਛੁੱਟੇਗਾ।”
ਹੁਣ ਜਾਣਨ ਵਾਲਾ ਨੁਕਤਾ ਇਹ ਸੀ ਕਿ ਹੇਗਲ ਦੇ ਜਿਹੜੇ ਫਲਸਫੇ ਨੇ ਯੂਰਪ ਨੂੰ ਹਿਲਾ ਦਿਤਾ, ਮਾਰਕਸ ਨੇ ਇਸ ਫਲਸਫੇ ਵਿਚ ਕੀ ਮੌਲਿਕ ਵਾਧਾ ਕੀਤਾ ਜਿਸ ਨੇ ਉਸ ਨੂੰ ਬੁਧ, ਯਸੂ ਮਸੀਹ ਅਤੇ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਦੁਨੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਮਨੁੱਖ ਬਣਾ ਦਿਤਾ। ਜੇ ਪ੍ਰੋæ ਪੰਨੂ ਹੇਗਲ ਤੇ ਮਾਰਕਸ ਦੇ ਫਲਸਫੇ ਦੀ ਸਾਂਝ ਤੇ ਨਿਖੇੜੇ ਦੇ ਪੱਖਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨੂੰ ਮਾਰਕਸ ਵੱਲੋਂ ਮਨੁੱਖ ਜਾਤੀ ਨੂੰ ਦਿੱਤੀ ਗਈ ਇਸ ਮੌਲਿਕ ਦੇਣ ਦੀ ਜਾਣਕਾਰੀ ਮਿਲਣੀ ਸੀ। ਇਸ ਦੀ ਜਾਣਕਾਰੀ ਮਾਰਕਸ ਦੇ ਸਾਥੀ ਫਰੈਡਰਿਕ ਏਂਗਲਜ ਨੇ ਦਿੱਤੀ ਹੈ।
ਏਂਗਲਜ ਨੇ ਮਾਰਕਸ ਦੇ ਅਕਾਲ ਚਲਾਣੇ ਤੋਂ ਬਾਅਦ (1883) ਲਿਖੀ ਆਪਣੀ ਕਿਰਤ ‘ਟਕਸਾਲੀ ਜਰਮਨ ਫਲਸਫੇ ਦਾ ਅੰਤ ਅਤੇ ਫਿਊਰਬਾਖ’ ਵਿਚ ਹੇਗਲ ਤੇ ਫਿਊਰਬਾਖ ਦੇ ਪ੍ਰਸੰਗ ਵਿਚ ਮਾਰਕਸ ਦੀ ਦਿੱਤੀ ਇਸ ਮੌਲਿਕ ਦੇਣ ਦੀ ਬੜੀ ਵਿਸਥਾਰੀ ਚਰਚਾ ਕੀਤੀ ਹੈ। ਉਸ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਮਾਰਕਸ ਦੀ ਇਹ ਮੌਲਿਕ ਦੇਣ ਹੇਗਲ ਅਤੇ ਫਿਊਰਬਾਖ ਦੇ ਫਲਸਫੇ ਦੇ ਤੱਤ ਨੂੰ ਆਪਣੇ ਆਤਮ ਵਿਚ ਸਮੇਟ ਕੇ ਹੀ ਅੱਗੇ ਵਧੀ ਹੈ। ਇਸ ਕਿਰਤ ਦੀ ਭੂਮਿਕਾ ਵਿਚ ਹੀ ਉਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ “ਸਾਡੇ ਉਥਲ-ਪੁਥਲ ਅਤੇ ਸੰਘਰਸ਼ ਦੇ ਦੌਰ ਵਿਚ ਹੇਗਲ ਤੋਂ ਬਾਅਦ ਸਾਨੂੰ ਸਭ ਤੋਂ ਵਧ ਪ੍ਰਭਾਵਿਤ ਕਰਨ ਵਾਲੇ ਫਿਲਾਸਫਰ ਫਿਊਰਬਾਖ ਦੀ ਦੇਣ ਨੂੰ ਪ੍ਰਵਾਨ ਕਰਦੇ ਹੋਏ, ਮੈਨੂੰ ਜਾਪਿਆ ਕਿ ਉਸ ਦੀ ਦੇਣ ਦਾ ਕਰਜ਼ਾ ਅਜੇ ਤਕ ਮੋੜਿਆ ਨਹੀਂ ਗਿਆ।” ਅੱਗੇ ਜਾ ਕੇ ਇਸ ਲਿਖਤ ਵਿਚ ਸਪਸ਼ਟ ਕੀਤਾ ਗਿਆ ਹੈ, “ਹੇਗਲਵਾਦੀ ਪਰਪਾਟੀ ਦੇ ਗਿਆਨ ਨੂੰ ਆਤਮਸਾਤ ਕਰ ਕੇ ਇਕ ਹੋਰ ਝੁਕਾਅ ਪ੍ਰਗਟ ਹੋਇਆ, ਇਕੋ-ਇਕ ਝੁਕਾਅ ਜਿਸ ਨੇ ਅਸਲੀ ਫਲ ਦਿਤਾ, ਯਕੀਨਨ ਹੀ ਇਹ ਝੁਕਾਅ ਮਾਰਕਸ ਦੇ ਨਾਂ ਨਾਲ ਸਬੰਧਤ ਹੈ। ਹੇਗਲ ਨੂੰ ਮਹਿਜ ਇਕ ਪਾਸੇ ਹੀ ਨਹੀਂ ਰੱਖ ਦਿੱਤਾ ਗਿਆ, ਸਗੋਂ ਇਸ ਦੇ ਉਲਟ, ਉਸ ਦੇ ਇਨਕਲਾਬੀ ਪੱਖ ‘ਦਵੰਦਵਾਦੀ ਢੰਗ’ ਤੋਂ ਮੁੱਢ ਬੰਨ੍ਹਿਆ ਗਿਆ। ਇਸ ਢੰਗ ਨਾਲ ਇਕ ਵਾਰ ਫਿਰ ਹੇਗਲਵਾਦੀ ਫਿਲਾਸਫੀ ਦੇ ਇਨਕਲਾਬੀ ਪੱਖ ਨੂੰ ਬੁਲੰਦ ਕੀਤਾ ਗਿਆ ਅਤੇ ਨਾਲ ਹੀ ਉਸ ਨੂੰ ਆਦਰਸ਼ਵਾਦੀ ਬਾਹਰੀ ਲੱਗ-ਲਬੇੜ ਤੋਂ ਮੁਕਤ ਕਰਵਾਇਆ ਗਿਆ ਜਿਹੜਾ ਹੇਗਲਵਾਦੀ ਫਿਲਾਸਫੀ ਵਿਚ ਇਸ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਤੋਂ ਰੋਕਦਾ ਸੀ।”
ਧਰਮ ਬਾਰੇ ਮਾਰਕਸ ਦੇ ਹਵਾਲੇ ਨਾਲ ਪ੍ਰੋæ ਪੰਨੂ ਦੀ ਕੀਤੀ ਟਿੱਪਣੀ, “ਮੁਸੀਬਤ ਵਿਚ ਘਿਰੇ ਮਨੁੱਖ ਨੇ ਜਦੋਂ ਦੇਖਿਆ, ਉਹ ਸੰਸਾਰ ਨੂੰ ਬਦਲ ਨਹੀਂ ਸਕਦਾ, ਦੁੱਖ ਤੋਂ ਰਾਹਤ ਪਾਉਣ ਲਈ ਉਸ ਨੇ ਧਰਮ ਦੀ ਕਾਢ ਕੱਢੀ। ਧਰਮ ਦਰੜੇ ਹੋਏ ਮਨੁੱਖ ਦਾ ਹਉਕਾ ਹੈ, ਦੱਬੇ ਲੋਕਾਂ ਵਾਸਤੇ ਅਫੀਮ ਹੈ”, ਵਿਚੋਂ ਗੰਭੀਰਤਾ ਦੀ ਘਾਟ ਰੜਕਦੀ ਹੈ। ਏਡਾ ਯੁਗ ਪਲਟਾਊ ਫਿਲਾਸਫਰ ਕਦੀ ਵੀ ਧਰਮ ਬਾਰੇ ਇਹੋ ਜਿਹੇ ਹਲਕੇ ਪੱਧਰ ਦੀ ਟਿੱਪਣੀ ਨਹੀਂ ਸੀ ਕਰ ਸਕਦਾ। ਇਸ ਬਾਰੇ ਇਥੇ ਦੋ ਸੰਖੇਪ ਨੁਕਤੇ ਸਾਂਝੇ ਕਰਨੇ ਜ਼ਰੂਰੀ ਹਨ। ਪਹਿਲਾ, ਉਨ੍ਹਾਂ ਦੀ ਮਾਰਕਸ ਦੇ ਹਵਾਲੇ ਨਾਲ ਕੀਤੀ ਗਈ ਇਹ ਟਿੱਪਣੀ ਮਾਰਕਸ ਦੀ ਮੌਲਿਕ ਟੂਕ ਦਾ ਅਧੂਰਾ ਰੂਪ ਹੈ ਅਤੇ ਦੂਜਾ ਨੁਕਤਾ ਮਾਰਕਸ-ਏਂਗਲਜ ਨੇ ਧਰਮ ਬਾਰੇ ਬਹੁਤ ਭਰਵੀਂ ਤੇ ਬੜੀ ਗੰਭੀਰ ਪੜਚੋਲ ਕੀਤੀ ਹੈ।
ਪ੍ਰੋæ ਪੰਨੂ ਨੇ ਧਰਮ ਬਾਰੇ ਮਾਰਕਸ ਦੀ ਜਿਹੜੀ ਟੂਕ ਦਾ ਜ਼ਿਕਰ ਕੀਤਾ ਹੈ, ਉਸ ਦਾ ਮੌਲਿਕ ਰੂਪ ਇਸ ਤਰ੍ਹਾਂ ਹੈ, “ਧਰਮ ਪੀੜਤ ਪ੍ਰਾਣੀ ਦਾ ਇਕ ਹਉਕਾ ਹੈ, ਇਕ ਨਿਰਦਈ ਸੰਸਾਰ ਦਾ ਦਿਲ ਹੈ ਅਤੇ ਰੂਹ-ਵਿਹੂਣੇ ਮਾਹੌਲ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।”
‘ਇਹ ਲੋਕਾਂ ਦੀ ਅਫੀਮ ਹੈ’ ਦੇ ਮੁਹਾਵਰੇ ਨੂੰ ਹੋਰ ਸਪਸ਼ਟ ਕਰਨ ਲਈ ਇਸ ਲਿਖਤ ਦੇ ਹੇਠਾਂ ਹੀ ਇਕ ਵਿਸ਼ੇਸ਼ ਨੋਟ ਦਿਤਾ ਗਿਆ ਹੈ ਜਿਸ ਅਨੁਸਾਰ “19ਵੀਂ ਸਦੀ ਵਿਚ ਅਫੀਮ ਦੀ ਵਰਤੋਂ ਨਸ਼ੇ ਵਜੋਂ ਨਹੀਂ ਸਗੋਂ ਜ਼ਿਆਦਾਤਰ ਸਰੀਰਕ ਪੀੜ ਨੂੰ ਦੂਰ ਕਰਨ ਲਈ ਦਵਾਈ ਦੇ ਤੌਰ ਉਤੇ ਕੀਤੀ ਜਾਂਦੀ ਸੀ। ਇਸ ਲਈ ਮਾਰਕਸ ਨੇ ਇਥੇ ਇਸ ਮੁਹਾਵਰੇ ਦੀ ਵਰਤੋਂ ਮਨੁੱਖੀ ਦੁੱਖ ਨੂੰ ਸਹਿਣਯੋਗ ਬਣਾਉਣ ਦੀ ਭਾਵਨਾ ਨਾਲ ਹੀ ਕੀਤੀ ਹੈ। ਕੁਝ ਤਰਜਮਿਆਂ ਵਿਚ ਇਸ ਮੁਹਾਵਰੇ ਨੂੰ ਲੋਕਾਂ ਦੀ ਅਫੀਮ ਕਹਿਣ ਦੀ ਬਜਾਇ ਲੋਕਾਂ ਵਾਸਤੇ ਅਫੀਮ ਕਹਿਣ ਨਾਲ ਇਸ ਮੁਹਾਵਰੇ ਦੀ ਨਸ਼ੇ ਵਜੋਂ ਵਰਤੇ ਜਾਣ ਦੀ ਸੰਭਾਵਨਾ ਹੈ।”
ਧਰਮ ਬਾਰੇ ਮਾਰਕਸ ਦੀ ਧਾਰਨਾ ਹੈ, “ਧਰਮ ਇਸ ਸੰਸਾਰ ਦਾ ਸਰਬਵਿਆਪੀ ਸਿਧਾਂਤ ਹੈ, ਇਸ ਸੰਸਾਰ ਦਾ ਮਹਾਂ-ਕੋਸ਼ੀ ਸੰਖੇਪ ਪਰ ਭਾਵਪੂਰਨ ਸਾਰ ਹੈ। ਇਹ ਸੰਸਾਰ ਦਾ ਸਰਬਵਿਆਪੀ ਪ੍ਰਚਲਿਤ ਤਰਕ ਹੈ, ਰੂਹਾਨੀ ਸਤਿਕਾਰ ਹੈ, ਜੋਸ਼ ਹੈ, ਇਖਲਾਕੀ ਪ੍ਰਵਾਨਗੀ ਹੈ, ਪਵਿੱਤਰ ਪੂਰਨਤਾ ਹੈ ਅਤੇ ਇਸ ਸੰਸਾਰ ਅੰਦਰ (ਵਸਦੇ ਲੋਕਾਂ ਲਈ) ਢਾਰਸ ਅਤੇ ਮਨੁੱਖੀ ਹੋਂਦ ਦੀ ਜਾਇਜ਼ਤਾ ਦਾ ਸਰਬ-ਵਿਆਪੀ ਆਧਾਰ ਹੈ। ਇਹ ਮਨੁੱਖੀ ਤੱਤ ਦੀ ਕਾਲਪਨਿਕ ਪ੍ਰਾਪਤੀ ਹੈ, ਕਿਉਂਕਿ ਮਨੁੱਖੀ ਤੱਤ ਨੇ ਅਜੇ ਕੋਈ ਹਕੀਕੀ ਪ੍ਰਾਪਤੀ ਨਹੀਂ ਕੀਤੀ। ਇਸ ਲਈ ਧਰਮ ਵਿਰੁਧ ਸੰਘਰਸ਼ ਅਸਿਧੇ ਰੂਪ ਵਿਚ ਉਸ ਸੰਸਾਰ ਵਿਰੁਧ ਸੰਘਰਸ਼ ਹੈ ਜਿਸ ਦਾ ਰੂਹਾਨੀ ਜਲੌਅ ਧਰਮ ਹੈ। ਧਾਰਮਿਕ ਦੁੱਖ ਇਕੋ ਵੇਲੇ ਹਕੀਕੀ ਦੁੱਖ ਦਾ ਪ੍ਰਗਟਾਵਾ ਹੈ ਅਤੇ ਹਕੀਕੀ ਦੁੱਖ ਵਿਰੁਧ ਇਕ ਰੋਸ ਹੈ।”
ਇਸਾਈ ਧਰਮ ਬਾਰੇ ਏਂਗਲਜ ਦੀ ਧਾਰਨਾ ਹੈ, “ਇਸਾਈਅਤ, ਜਿਸ ਨੇ ਰੋਮ ਦੀ ਸ਼ਹਿਨਸ਼ਾਹੀ ਨੂੰ ਆਪਣੇ ਅਧੀਨ ਕਰ ਲਿਆ ਅਤੇ 1800 ਵਰ੍ਹਿਆਂ ਤੋਂ ਸਭਿਆ ਮਨੁੱਖਤਾ ਦੇ ਇਕ ਵੱਡੇ ਹਿੱਸੇ ਦੇ ਮਨਾਂ ਉਤੇ ਆਪਣਾ ਗਲਬਾ ਪਾਇਆ ਹੋਇਆ ਹੈ, ਦੀ ਗੱਲ ਸਿਰਫ ਇਹ ਕਹਿ ਕੇ ਹੀ ਨਹੀਂ ਮੁਕਾਈ ਜਾ ਸਕਦੀ ਕਿ ਇਹ ਧੋਖੇ ਜਾਂ ਫਰੇਬ ਨਾਲ ਇਕੱਠੀ ਕੀਤੀ ਗਈ ਬਕਵਾਸ ਹੈ। (ਜਿਵੇਂ ਨਾਸਤਿਕ ਕਮਿਊਨਿਸਟ, ਅਖੌਤੀ ਤਰਕਸ਼ੀਲ, ਕਥਿਤ ਵਿਗਿਆਨਿਕ ਸੋਚ ਦੇ ਧਾਰਨੀ ਅਤੇ ਧਰਮ ਨਿਰਪਖਤਾ ਦੇ ਪੈਰੋਕਾਰ ਦਾਅਵਾ ਕਰਦੇ ਹਨ।) ਇਸਾਈਅਤ ਦੇ ਅਰੰਭ ਅਤੇ ਇਸ ਦੇ ਵਿਕਾਸ ਨੂੰ ਉਨ੍ਹਾਂ ਇਤਿਹਾਸਕ ਹਾਲਾਤ ਦੇ ਪ੍ਰਸੰਗ ਵਿਚ ਰੱਖ ਕੇ, ਜਿਨ੍ਹਾਂ ਅਧੀਨ ਇਸ ਨੇ ਜਨਮ ਲਿਆ ਅਤੇ ਆਪਣੀ ਭਾਰੂ ਪੋਜੀਸ਼ਨ ਨੂੰ ਪਹੁੰਚੀ, ਦੀ ਵਿਆਖਿਆ ਕਰਨ ਵਿਚ ਸਫਲ ਹੋਏ ਬਿਨਾਂ, ਧਰਮਾਂ ਦੇ ਇਸ ਮਸਲੇ ਨਾਲ ਇਨਸਾਫ ਨਹੀਂ ਕੀਤਾ ਜਾ ਸਕਦਾ। ਹੱਲ ਕਰਨ ਵਾਲਾ ਸੁਆਲ ਇਹ ਹੈ ਕਿ ਇਹ ਕਿਵੇਂ ਹੋਇਆ ਕਿ ਰੋਮਨ ਸ਼ਹਿਨਸ਼ਾਹੀ ਦੀ ਆਮ ਜਨਤਾ ਨੇ, ਦੂਜੇ ਸਾਰੇ ਧਰਮਾਂ ਦੇ ਮੁਕਾਬਲੇ ਇਸਾਈ ਧਰਮ ਨੂੰ ਇੰਨੀ ਬਹੁਤੀ ਤਰਜੀਹ ਦਿੱਤੀ ਅਤੇ ਉਸ ਨੂੰ ਆਪਣੇ ਜੀਵਨ ਦਾ ਮੂਲ ਆਧਾਰ ਬਣਾ ਲਿਆ।” æææ “ਧਰਮਾਂ ਦੀ ਬੁਨਿਆਦ ਸਿਰਫ ਉਹੀ ਲੋਕ ਰੱਖਦੇ ਹਨ ਜਿਹੜੇ ਆਪਣੇ ਲਈ ਧਰਮ (ਭਾਵ ਇਕ ਸਮਾਜੀ ਤੇ ਸਦਾਚਾਰਕ ਸਵੈ-ਜ਼ਾਬਤੇ) ਦੀ ਲੋੜ ਮਹਿਸੂਸ ਕਰਦੇ ਹਨ ਅਤੇ ਜਨਸਮੂਹ ਦੀਆਂ ਇਨ੍ਹਾਂ ਲੋੜਾਂ ਦਾ ਅਹਿਸਾਸ ਕਰਦੇ ਹਨ। ਇਸਾਈਅਤ ਨੇ ਇਸ ਸਰਬ-ਵਿਆਪੀ ਅਹਿਸਾਸ ਨੂੰ ਸਪਸ਼ਟ ਤੌਰ ਉਤੇ ਪ੍ਰਗਟ ਕੀਤਾ।æææ ਇਸਾਈਅਤ ਨੇ ਇਕ ਸੰਸਾਰ ਧਰਮ ਅਤੇ ਨਿਰਸੰਦੇਹ ਉਹ ਧਰਮ ਬਣਨ ਦੀ ਆਪਣੀ ਸਮਰੱਥਾ ਸਿੱਧ ਕੀਤੀ ਜਿਹੜੀ ਉਸ ਸਮੇਂ ਦੇ ਲੋਕਾਂ ਲਈ ਢੁੱਕਵੀਂ ਸੀ। ਉਸ ਮਾਰੂਥਲ ਦੇ ਹਜ਼ਾਰਾਂ ਪੈਗੰਬਰਾਂ ਅਤੇ ਉਪਦੇਸ਼ਕਾਂ ਵਿਚੋਂ, ਜਿਹੜੇ ਧਾਰਮਿਕ ਮੁੜ ਸੁਰਜੀਤੀ ਦੇ ਉਸ ਦੌਰ ਵਿਚ ਪੈਦਾ ਹੋਏ, ਕੇਵਲ ਇਸਾਈਅਤ ਦੇ ਬਾਨੀਆਂ ਨੂੰ ਹੀ ਸਫਲਤਾ ਮਿਲੀ। ਮਜ਼੍ਹਬਾਂ ਵਲੋਂ ਇਕ-ਦੂਜੇ ਵਿਰੁਧ ਅਤੇ ਬੁੱਤ-ਪੂਜ ਸੰਸਾਰ ਵਿਰੁਧ ਸੰਘਰਸ਼ ਵਿਚ, ਕੁਦਰਤੀ ਚੋਣ ਰਾਹੀਂ ਇਸ ਨੇ ਸੰਸਾਰ ਧਰਮ ਦੇ ਆਪਣੇ ਕਿਰਦਾਰ ਨੂੰ ਕਿਵੇਂ ਸਹਿਜੇ-ਸਹਿਜੇ ਵਿਕਸਿਤ ਕੀਤਾ, ਇਸ ਦਾ ਪਤਾ ਪਹਿਲੀਆਂ ਤਿੰਨ ਸਦੀਆਂ ਵਿਚ ਚਰਚ ਦੇ ਹੋਏ ਵਿਸਥਾਰ ਦੇ ਇਤਿਹਾਸ ਤੋਂ ਲਗਦਾ ਹੈ।” æææ “ਮੁਢਲੀ ਇਸਾਈਅਤ ਦਾ ਇਤਿਹਾਸ 19-20ਵੀਂ ਸਦੀ ਦੀ ਮਜ਼ਦੂਰ ਜਮਾਤ ਦੀ ਸਮਾਜਵਾਦੀ ਲਹਿਰ ਨਾਲ ਬਹੁਤ ਹੱਦ ਤੱਕ ਮੇਲ ਖਾਂਦਾ ਹੈ। ਮਜ਼ਦੂਰ ਜਮਾਤ ਦੀ ਲਹਿਰ ਵਾਂਗ ਇਸਾਈਅਤ ਵੀ ਮੂਲ ਰੂਪ ਵਿਚ ਦੱਬੇ-ਕੁਚਲੇ ਲੋਕਾਂ ਦੀ ਲਹਿਰ ਸੀ। ਮੁੱਢ ਵਿਚ ਇਹ ਗੁਲਾਮਾਂ ਅਤੇ ਆਜ਼ਾਦ ਹੋਏ ਗੁਲਾਮਾਂ ਦਾ ਧਰਮ ਸੀ। ਸਾਰੇ ਹੱਕਾਂ ਤੋਂ ਵਾਂਝੇ ਗਰੀਬ ਲੋਕਾਂ ਦਾ ਧਰਮ। ਰੋਮਨ ਬਾਦਸ਼ਾਹੀ ਵਲੋਂ ਗੁਲਾਮ ਬਣਾਏ ਗਏ ਅਤੇ ਗੁਲਾਮੀ ਤੋਂ ਭਗੌੜੇ ਹੋਏ ਲੋਕਾਂ ਦਾ ਧਰਮ। ਇਸਾਈਅਤ ਅਤੇ ਕਿਰਤੀਆਂ ਦਾ ਸਮਾਜਵਾਦ, ਦੋਵੇਂ-ਗੁਲਾਮੀ ਅਤੇ ਦੁੱਖਾਂ ਤੋਂ ਮਿਲਣ ਵਾਲੀ ਮੁਕਤੀ ਦਾ ਪ੍ਰਚਾਰ ਕਰਦੇ ਹਨ। ਇਸਾਈਅਤ ਇਹ ਮੁਕਤੀ ਮੌਤ ਤੋਂ ਬਾਅਦ, ਸਵਰਗ ਵਿਚ ਦੱਸਦੀ ਹੈ ਅਤੇ ਸਮਾਜਵਾਦ ਇਹ ਮੁਕਤੀ ਸਮਾਜ ਅੰਦਰ ਇਕ ਤਬਦੀਲੀ ਤੋਂ ਬਾਅਦ, ਇਸੇ ਸੰਸਾਰ ਵਿਚ ਦੱਸਦਾ ਹੈ। ਦੋਵੇਂ ਲਹਿਰਾਂ ਅਤਿਆਚਾਰ ਅਤੇ ਨਫ਼ਰਤ ਦਾ ਸ਼ਿਕਾਰ ਬਣੀਆਂ। ਦੋਵੇਂ ਲਹਿਰਾਂ ਦੇ ਪੈਰੋਕਾਰਾਂ ਨੂੰ ਘ੍ਰਿਣਾ ਅਤੇ ਜਾਬਰ ਕਾਨੂੰਨਾਂ ਦਾ ਸ਼ਿਕਾਰ ਬਣਾਇਆ ਗਿਆ। ਇਸਾਈਅਤ ਨੂੰ ਆਦਮ ਜਾਤੀ ਦੀ ਦੁਸ਼ਮਣ ਕਰਾਰ ਦਿਤਾ ਗਿਆ ਅਤੇ ਕਿਰਤੀ ਲਹਿਰ ਨੂੰ ਸਰਕਾਰ, ਧਰਮ, ਪਰਿਵਾਰ ਅਤੇ ਸਮਾਜ ਦੇ ਅਮਨ-ਚੈਨ ਦਾ ਦੁਸ਼ਮਣ ਗਰਦਾਨਿਆ ਗਿਆ ਪਰ ਇਸ ਜਬਰ ਦੇ ਬਾਵਜੂਦ, ਇਨ੍ਹਾਂ ਲਹਿਰਾਂ ਦਾ ਸ਼ਿਕਾਰੀਆਂ ਵਾਂਗ ਪਿਛਾ ਕਰਨ ਦੇ ਬਾਵਜੂਦ, ਇਹ ਦੋਵੇਂ ਲਹਿਰਾਂ ਜੇਤੂ ਅੰਦਾਜ਼ ਵਿਚ ਅਗੇ ਵਧਦੀਆਂ ਰਹੀਆਂ। ਆਪਣੇ ਜਨਮ ਤੋਂ ਤਿੰਨ ਸੌ ਸਾਲ ਬਾਅਦ ਇਸਾਈਅਤ ਰੋਮਨ ਸ਼ਹਿਨਸ਼ਾਹੀ ਦਾ ਧਰਮ ਬਣ ਗਈ।”
ਦਿਲਚਸਪ ਗੱਲ ਇਹ ਹੈ ਕਿ ਏਂਗਲਜ ਨੇ ਇਨ੍ਹਾਂ ਸਾਰੇ ਧਰਮਾਂ ਦਾ ਪਿਛੋਕੜ ਵੈਦਿਕ ਫਲਸਫੇ ਵਿਚ ਦੱਸਿਆ ਹੈ। ਉਸ ਦੇ ਆਪਣੇ ਕਥਨ ਅਨੁਸਾਰ “ਤੁਲਨਾਤਮਿਕ ਮਿਥਿਹਾਸ ਦੇ ਅਧਿਅਨ ਨੇ ਹਿੰਦ-ਯੂਰਪੀਨ ਲੋਕਾਂ ਦੇ ਸਬੰਧ ਵਿਚ, ਇਸ ਧਾਰਮਿਕ ਵਰਤਾਰੇ ਦਾ ਮੁੱਢ ਭਾਰਤੀ ਵੇਦਾਂ ਵਿਚ ਲੱਭਿਆ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਭਾਰਤੀ, ਇਰਾਨੀ, ਯੂਨਾਨੀ, ਰੋਮਨ, ਜਰਮਨ ਅਤੇ ਜਿਥੋਂ ਤਕ ਤੱਥ ਲਭੇ ਹਨ, ਕੇਂਦਰੀ ਯੂਰਪ, ਲਿਥੂਨੀਅਨ ਅਤੇ ਸਲਾਵ, ਸਾਰੇ ਇਨ੍ਹਾਂ ਲੋਕਾਂ ਵਿਚ ਸ਼ਾਮਿਲ ਹਨ।”
ਏਂਗਲਜ ਦੀ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ, ਹਿੰਦ-ਯੂਰਪੀਨ ਲੋਕਾਂ ਦੇ ਧਾਰਮਿਕ ਵਿਕਾਸ ਦੀਆਂ ਜੜ੍ਹਾਂ, ਵੈਦਿਕ ਫਲਸਫੇ ਅੰਦਰ ਮੌਜੂਦ ਹਨ ਅਤੇ ਮਾਰਕਸ ਦੀ ਸਮੁੱਚੀ ਫਿਲਾਸਫੀ ਨੂੰ ਜੇ ਵੇਦਾਂ ਦੀ ਖੂਬਸੂਰਤ ਭਾਸ਼ਾ ਵਿਚ ਬਿਆਨ ਕਰਨਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ: ਕੁਦਰਤ ਮਨੁੱਖੀ ਇਤਿਹਾਸ ਦਾ ਰੱਥ ਹੈ, ਮਨੁੱਖੀ ਆਤਮਾ ਇਸ ਰੱਥ ਦੀ ਸਾਰਥੀ ਅਤੇ ਮਨ ਇਸ ਰੱਥ ਅੱਗੇ ਜੁਪਿਆ ਘੋੜਾ ਹੈ। ਮਾਰਕਸ ਦੀ ਸ਼ਬਦਾਵਲੀ ਵਿਚ ਆਤਮਾ ਕੋਈ ਰਹੱਸ ਨਹੀਂ, ਸਗੋਂ ਫਿਲਾਸਫੀ ਦੇ ਰੂਪ ਵਿਚ ਮਨੁੱਖੀ ਸਿਆਣਪ ਹੈ ਜਿਹੜੀ ਹਜ਼ਾਰਾਂ ਸਾਲਾਂ ਅੰਦਰ ਅਰਬਾਂ-ਖਰਬਾਂ-ਨਰਬਾਂ ਮਨੁੱਖਾਂ ਦੀ ਹੰਢਾਈ ਜ਼ਿੰਦਗੀ ਦੇ ਤਜ਼ਰਬਿਆਂ ਦੀ ਅਨੁਭਵੀ ਮਨਾਂ ਵਿਚ ਹੋਈ ਪੁਸ਼ਟੀ ਦਾ ਗਿਆਨ ਹੈ। ਕੁਦਰਤ ਸਿਰਮੌਰ ਹੈ ਅਤੇ ਮਨੁੱਖੀ ਮਨ ਇਸ ਕੁਦਰਤ ਦੀ ਸਿਰਮੌਰ ਸਿਰਜਣਾ ਹੈ।
ਮਾਰਕਸ ਨੇ ਹੇਗਲ ਨਾਲੋਂ ਇਹੀ ਨਿਖੇੜਾ ਕੀਤਾ ਹੈ। ਹੇਗਲ ਦਾ ਮੰਨਣਾ ਹੈ ਕਿ ਇਹ ਭੌਤਿਕ ਯਥਾਰਥ ਭਾਵ ਕੁਦਰਤ ਮਨੁੱਖੀ ਮਨ ਵਿਚ ਬਣਦੇ ਸੰਕਲਪ ਦਾ ਬਾਹਰੀ ਪ੍ਰਗਟ ਰੂਪ ਹੈ; ਭਾਵ ਮਨ ਸਿਰਮੌਰ ਹੈ ਅਤੇ ਕੁਦਰਤ ਇਸ ਮਨ ਵਿਚ ਬਣਦੇ ਸੰਕਲਪ (ਭਾਵ ਵਿਚਾਰ) ਦੀ ਸਿਰਜਣਾ; ਜਦੋਂ ਕਿ ਮਾਰਕਸ ਕਹਿਣਾ ਹੈ ਨਹੀਂ, ਇਹ ਭੌਤਿਕ ਯਥਾਰਥ ਭਾਵ ਕੁਦਰਤ ਸਿਰਮੌਰ ਹੈ ਅਤੇ ਮਨ ਵਿਚ ਬਣਿਆ ਸੰਕਲਪ ਇਸ ਭੌਤਿਕ ਯਥਾਰਥ ਭਾਵ ਕੁਦਰਤ ਦੀ ਹੋਂਦ ਦਾ ਮਨ ਵਿਚ ਬਣਿਆ ਪ੍ਰਤੀਬਿੰਬ (ਅਕਸ) ਹੈ। ਮਾਇਆ ਦਾ ਆਤਮਿਕ ਤੇ ਭੌਤਿਕ ਆਧਾਰ ਇਹੀ ਭਰਮਜਾਲ ਭਾਵ ਕਲਪਨਾ ਹੈ ਜਿਹੜੀ ਮਨੁੱਖੀ ਮਨ ਨੂੰ ਉਸ ਦੀ ਸਰੀਰੀ ਹੋਂਦ ਨਾਲੋਂ ਤੋੜ ਕੇ, ਉਸ ਨੂੰ ਦੂਹਰੀ ਕਲਪਨਾ ਵਿਚ ਜਿਉਣ ਲਾਉਂਦੀ ਹੈ।
ਇਸ ਕਲਪਨਾ ਦਾ ਪਹਿਲਾ ਰੂਪ ਹੈ, ਆਪਣੀ ਕੁਦਰਤੀ ਨਾਸ਼ਵੰਤ ਹੋਂਦ ਨੂੰ ਭੁੱਲ ਕੇ ਕਿਸੇ ਭਰਮਾਊ ਸਦੀਵੀ ਹੋਂਦ ਵਿਚ ਜਿਉਣ ਦਾ ਭਰਮ ਪਾਲਣਾ, ਤੇ ਇਸ ਕਲਪਨਾ ਦਾ ਦੂਜਾ ਰੂਪ ਹੈ ਆਪਣੀਆਂ ਸੀਮਤ ਕੁਦਰਤੀ ਮਨੁੱਖੀ ਸਰੀਰੀ ਲੋੜਾਂ ਨੂੰ ਭੁੱਲ ਕੇ, ਹੋਰ-ਹੋਰ ਧਨ (ਜਾਇਦਾਦ) ਜੋੜਨ ਦੀ ਭਟਕਣਾ ਅਤੇ ਕਲਪਿਤ ਸਹੂਲਤਾਂ ਦੇ ਭਰਮਜਾਲ ਵਿਚ ਉਲਝ ਜਾਣਾ ਜਿਹੜਾ ਅਜੋਕੇ ਸਾਮਰਾਜੀ ਦੌਰ ਵਿਚ ਆ ਕੇ ਖਪਤਕਾਰੀ ਵਹਿਸ਼ਤ ਦਾ ਰੂਪ ਧਾਰ ਗਿਆ ਹੈ।
ਮਾਰਕਸ ਨੇ ਮਾਇਆ ਦੇ ਇਨ੍ਹਾਂ ਦੋਵੇਂ ਰੂਪਾਂ ਦਾ ਬਿਆਨ ਕੀਤਾ ਹੈ। ਮਾਇਆ ਦਾ ਇਕ ਰੂਪ ਆਤਮਿਕ ਹੈ, ਭਾਵ ਕਿਸੇ ਕਲਪਿਤ ਰੱਬ ਰਾਹੀਂ ਆਪਣੀ ਨਕਲੀ ਜਾਂ ਸਦੀਵੀ ਹੋਂਦ ਦਾ ਬਣਿਆ ਭਰਮ ਜਿਹੜਾ ਹਉਮੈ ਦਾ ਆਧਾਰ ਹੈ। ਮਾਇਆ ਦਾ ਦੂਜਾ ਰੂਪ ਮਨੁੱਖੀ ਮਨ ਵਿਚ ਆਪਣੀ ਸਦੀਵੀ, ਭਾਵ ਝੂਠੀ ਹੋਂਦ ਦੇ ਬਣੇ ਭਰਮ ਕਾਰਨ ਗੈਰ-ਕੁਦਰਤੀ ਤੇ ਗੈਰ-ਮਨੁੱਖੀ ਲੋੜਾਂ ਦੀ ਪੈਦਾ ਹੋਈ ਭੁੱਖ, ਭਾਵ ਤ੍ਰਿਸ਼ਨਾ ਹੈ ਜਿਹੜੀ ‘ਮਾਇਆ ਦੀ ਹੋੜ’ ਦੀ ਜਨਮ ਦਾਤੀ ਹੈ।
Leave a Reply