ਚੰਡੀਗੜ੍ਹ: ਪੰਜਾਬ ਸਰਕਾਰ ਭਾਵੇਂ ਸੂਬੇ ਨੂੰ ਨਸ਼ਾਮੁਕਤ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਵਿੱਢਣ ਦੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਦੀਆਂ ਕੁਝ ਅਣਦੇਖੀਆਂ ਇਸ ਕਾਰਜ ਵਿਚ ਸਭ ਤੋਂ ਵੱਡਾ ਰੋੜਾ ਸਾਬਤ ਹੋ ਰਹੀਆਂ ਹਨ। ਪੰਜਾਬ ਸਰਕਾਰ ਜਿਥੇ ਨਸ਼ਾ ਤਸਕਰੀ ਨਾਲ ਜੁੜੇ ਰਸੂਖਵਾਲੇ ਵਿਅਕਤੀਆਂ ਨੂੰ ਹੱਥ ਪਾਉਣ ਵਿਚ ਨਾਕਾਮ ਰਹੀ ਹੈ, ਉਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਸ ਲਤ ਤੋਂ ਆਜ਼ਾਦ ਕਰਵਾਉਣ ਲਈ ਬਣਾਏ ਨਸ਼ਾ ਛਡਾਊ ਕੇਂਦਰ ਵੀ ਫੰਡਾਂ ਦੀ ਘਾਟ ਕਾਰਨ ਆਖਰੀ ਸਾਹਾਂ ‘ਤੇ ਆਣ ਖਲੋਤੇ ਹਨ। ਸੂਬੇ ਦੇ ਜ਼ਿਆਦਾਤਰ ਨਸ਼ੇੜੀ ਇਨ੍ਹਾਂ ਕੇਂਦਰਾਂ ‘ਤੇ ਇਸ ਗੱਲੋਂ ਜਾਣ ਤੋਂ ਝਿਜਕਦੇ ਹਨ, ਕਿਉਂਕਿ ਨਾ ਤਾਂ ਉਨ੍ਹਾਂ ਨੂੰ ਇਥੇ ਨਸ਼ੇ ਦੀ ਤੋਟ ਤੋਂ ਬਚਣ ਲਈ ਦਵਾਈ ਮਿਲਦੀ ਹੈ ਤੇ ਨਾ ਹੀ ਹੋਰ ਸਹੂਲਤਾਂ। ਇਸ ਕਾਰਨ ਅਜਿਹੇ ਜ਼ਿਆਦਾਤਰ ਕੇਂਦਰ ਬੰਦ ਹੋਣ ਕਿਨਾਰੇ ਹਨ।
ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਦਿੱਤੀ ਜਾਣ ਵਾਲੀ ਦਵਾਈ ਵੀ ਮੁੱਕ ਗਈ ਹੈ। ਸਿਹਤ ਵਿਭਾਗ ਨੇ ਸੂਬੇ ਦੇ ਸਿਵਲ ਸਰਜਨਾਂ ਨੂੰ ਇਕ ਪੱਤਰ ਲਿਖ ਕੇ ਅਗਲੇ ਡੇਢ ਮਹੀਨੇ ਲਈ ਦਵਾਈ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈ ਦੇਣ ਦਾ ਫ਼ੈਸਲਾ ਲਿਆ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਬੁਪਰੋ ਨੌਰਫਿਨ ਐਂਡ ਨੋਲੌਕਸਨ ਦਵਾਈ ਨਹੀਂ ਖ਼ਰੀਦੀ ਗਈ।
ਸਰਕਾਰੀ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ 228 ਦਵਾਈਆਂ ਦੀ ਸੂਚੀ ਵਿਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦਵਾਈ ਦਾ ਜਿਹੜਾ ਸਟਾਕ ਏਡਜ਼ ਕੰਟਰੋਲ ਸੁਸਾਇਟੀ ਕੋਲ ਪਿਆ ਸੀ, ਉਸ ਦੀ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਸਪਲਾਈ ਕਰ ਦਿੱਤੀ ਗਈ ਸੀ ਤੇ ਇਹ ਪਹਿਲੇ ਹਫ਼ਤੇ ਹੀ ਮੁੱਕ ਗਈ ਸੀ। ਇਨ੍ਹੀਂ ਦਿਨੀਂ ਸਰਕਾਰੀ ਜਨ ਔਸ਼ਧੀ ਸਟੋਰਾਂ ‘ਤੇ ਉਪਲਬਧ ਦਵਾਈ ਨਾਲ ਕੰਮ ਚਲਾਇਆ ਜਾ ਰਿਹਾ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਨਸ਼ੇੜੀਆਂ ਨੂੰ ਨਸ਼ਾ ਛੁਡਵਾਉਣ ਲਈ ਦਿੱਤੀ ਜਾਣ ਵਾਲੀ ਦਵਾਈ ਖ਼ਰੀਦਣ ਲਈ ਕੰਪਨੀਆਂ ਤੋਂ ਸੱਤ ਜੁਲਾਈ ਤੱਕ ਟੈਂਡਰ ਮੰਗੇ ਗਏ ਹਨ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਅਜੇ ਤੱਕ 800 ਮਰੀਜ਼ਾਂ ਨੂੰ ਕੇਂਦਰਾਂ ਵਿਚ ਦਾਖ਼ਲ ਕੀਤਾ ਗਿਆ ਹੈ ਜਦਕਿ 22 ਹਜ਼ਾਰ ਨਸ਼ੇੜੀ ਓæਪੀæਡੀæ ਵਿਚ ਜਾਂਚ ਲਈ ਆ ਚੁੱਕੇ ਹਨ।
ਜੇਲ੍ਹਾਂ ਵਿਚ ਬੰਦ ਨਸ਼ੇੜੀਆਂ ਦੇ ਇਲਾਜ ਲਈ ਇਕ ਕਰੋੜ ਤੀਹ ਲੱਖ ਰੁਪਏ ਦੀਆਂ ਵੱਖਰੀਆਂ ਦਵਾਈਆਂ ਭੇਜੀਆਂ ਗਈਆਂ ਹਨ। ਸੂਬੇ ਵਿਚ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ 12 ਹੈ ਜਦਕਿ 53 ਹੋਰ ਮਨਜ਼ੂਰਸ਼ੁਦਾ ਪ੍ਰਾਈਵੇਟ ਨਸ਼ਾਮੁਕਤੀ ਕੇਂਦਰ ਚੱਲ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਡਰੱਗ ਕੰਟਰੋਲਰਾਂ ਨੂੰ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਤੇਜ਼ ਕਰਨ ਤੇ ਗ਼ੈਰਕਾਨੂੰਨੀ ਤੌਰ ‘ਤੇ ਦਵਾਈ ਦੇਣ ਵਾਲੇ ਕੈਮਿਸਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਡਰੱਗ ਕੰਟਰੋਲਰਾਂ ਦੀ ਗਿਣਤੀ ਦੇ ਹਿਸਾਬ ਨਾਲ ਸਰਕਾਰ ਇਥੇ ਵੀ ਹਥਿਆਰਬੰਦ ਨਜ਼ਰ ਨਹੀਂ ਹੈ। ਵਿਭਾਗ ਵਿਚ ਡਰੱਗ ਕੰਟਰੋਲਰਾਂ ਦੀਆਂ ਇਕ ਸੌ ਅਸਾਮੀਆਂ ਹਨ ਜਿਨ੍ਹਾਂ ਵਿਚੋਂ 48 ਖਾਲੀ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਹੁਸਨ ਲਾਲ ਮੁਤਾਬਕ ਬੁਪਰੋ ਨੌਰਫਿਨ ਜ਼ਰੂਰੀ ਦਵਾਈਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ ਤੇ ਇਸ ਦੀ ਖ਼ਰੀਦ ਲਈ ਟੈਂਡਰ ਮੰਗੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨਾਂ ਨੂੰ 45 ਦਿਨਾਂ ਵਾਸਤੇ ਦਵਾਈ ਦਾ ਬੰਦੋਬਸਤ ਆਪਣੇ ਪੱਧਰ ‘ਤੇ ਕਰਨ ਲਈ ਲਿਖਿਆ ਗਿਆ ਹੈ।
_________________________________________
ਔਰਤਾਂ ਤੇ ਬੱਚਿਆਂ ਵਿਚ ਵਧਿਆ ਨਸ਼ਿਆਂ ਦਾ ਰੁਝਾਨ
ਚੰਡੀਗੜ੍ਹ: ਪੰਜਾਬ ਵਿਚ ਔਰਤਾਂ ਤੇ ਬੱਚੇ ਵੀ ਨਸ਼ਿਆਂ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਨਸ਼ੇੜੀਆਂ ਵਿਚ ਸਕੂਲਾਂ/ਕਾਲਜਾਂ ਵਿਚ ਪੜ੍ਹ ਰਹੀਆਂ ਸਿਰਫ ਲੜਕੀਆਂ ਹੀ ਨਹੀਂ ਬਲਕਿ ਨੌਕਰੀ ਪੇਸ਼ੇ ਤੇ ਵੱਡੇ ਕੰਮਾਂ ਕਾਰਾਂ ਨਾਲ ਜੁੜੀਆਂ ਔਰਤਾਂ ਵੀ ਸ਼ਾਮਲ ਹਨ। ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਲੁਧਿਆਣਾ ਵਿਚ ਦਿਮਾਗੀ ਰੋਗਾਂ ਦੇ ਮਾਹਿਰ ਡਾæ ਪਰਮਜੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿਚ ਹਰ ਰੋਜ਼ 200 ਨਸ਼ੇੜੀ ਇਲਾਜ ਲਈ ਆ ਰਹੇ ਹਨ ਤੇ ਇਸ ਵੇਲੇ ਇਸ ਹਸਪਤਾਲ ਵਿਚ ਇਕ 11 ਸਾਲ ਦੇ ਬੱਚੇ ਦਾ ਇਲਾਜ਼ ਵੀ ਚੱਲ ਰਿਹਾ ਹੈ, ਜਿਸਨੂੰ ਵੱਡੀ ਉਮਰ ਦੇ ਮੁੰਡਿਆਂ ਨੇ ‘ਚਿੱਟਾ’ ਖਾਣ ਲਾ ਦਿੱਤਾ। ਚਿੱਟਾ ਖਾਣ ਵਾਲਿਆਂ ਵਿਚ ਬਹੁ ਗਿਣਤੀ ਕਿਸਾਨ ਪਰਿਵਾਰਾਂ ਨਾਲ ਸਬੰਧਤ ਨਸ਼ੇੜੀਆਂ ਦੀ ਹੈ। ਇਸ ਹਸਪਤਾਲ ਵਿਚ ਮੋਗਾ, ਫ਼ਰੀਦਕੋਟ ਤੇ ਨਵਾਂ ਸ਼ਹਿਰ ਤੋਂ ਨਸ਼ੇੜੀ ਆ ਰਹੇ ਹਨ। ਉਨ੍ਹਾਂ ਕੋਲ ਅਜਿਹੇ ਨਸ਼ੇੜੀ ਵੀ ਆਏ ਹਨ, ਜਿਹੜੇ ਛੇ ਸਾਲ ਦੀ ਉਮਰ ਵਿਚ ਨਸ਼ਾ ਕਰਨ ਲੱਗ ਪਏ ਸਨ। ਉਨ੍ਹਾਂ ਦੱਸਿਆ ਕਿ ਜਿੰਨੇ ਵੀ ਵਿਅਕਤੀ ਨਸ਼ੇ ਕਰਦੇ ਹਨ, ਉਨ੍ਹਾਂ ਵਿਚੋਂ ਅਜੇ ਸਿਰਫ ਦੋ ਫੀਸਦੀ ਹੀ ਨਸ਼ੇੜੀ ਇਲਾਜ ਲਈ ਆ ਰਹੇ ਹਨ, ਜਦੋਂ ਕਿ 98 ਫੀਸਦੀ ਜਾਂ ਤਾਂ ਸ਼ਰਮ ਮੰਨਦੇ ਹਨ ਜਾਂ ਫਿਰ ਪੈਸੇ ਦੀ ਥੋੜ ਕਾਰਨ ਨਹੀਂ ਆਉਂਦੇ ਜਾਂ ਫਿਰ ਉਹ ਆਪਣੇ ਆਪ ਬਾਰੇ ਕਿਸੇ ਨੂੰ ਦੱਸਣ ਦੀ ਬਜਾਏ ਲੁਕ ਛਿਪ ਕੇ ਹੀ ਨਸ਼ਾ ਕਰਨ ਦੀ ਆਦਤ ਪਾਈ ਬੈਠੇ ਹਨ।
_____________________________________
ਪੰਜਾਬ ਸਰਕਾਰ ਦੀ ਨਸ਼ਾ-ਵਿਰੋਧੀ ਮੁਹਿੰਮ ਮਹਿਜ਼ ਡਰਾਮਾ: ਬਾਜਵਾ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਾ ਵਿਰੋਧੀ ਹੋਣ ਦੇ ਮਹਿਜ਼ ਡਰਾਮੇ ਕਰ ਰਹੇ ਹਨ, ਜੇਕਰ ਉਹ ਸੱਚਮੁੱਚ ਹੀ ਨਸ਼ਿਆਂ ਦਾ ਖ਼ਾਤਮਾ ਕਰਨਾ ਚਾਹੁੰਦੇ ਹਨ ਤਾਂ ਉਹ ਵਿਧਾਨ ਸਭਾ ਹਲਕੇ ਤਲਵੰਡੀ ਸਾਬੋ ਸੀਟ ਦੀ ਹੋਣ ਜਾ ਰਹੀ ਜ਼ਿਮਨੀ ਚੋਣ ‘ਤੇ ਨਸ਼ਾ ਨਾ ਵੰਡਣ ਦਾ ਪ੍ਰਣ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਅਰਦਾਸ ਕਰਵਾ ਕੇ ਕਰਨ।ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਜਿਹਾ ਕਰਦੇ ਹਨ ਤਾਂ ਉਹ ਵੀ ਇਸ ਅਰਦਾਸ ਵਿਚ ਸ਼ਾਮਲ ਹੋਣਗੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਚੰਗੇ ਕੰਮ ਦੀ ਸ਼ੁਰੂਆਤ ਹੋ ਸਕੇ।
ਲੋਕ ਸਭਾ ਚੋਣਾਂ ਬਾਅਦ ਕਾਂਗਰਸੀ ਵਰਕਰਾਂ ‘ਤੇ ਹੋਏ ਪਰਚਿਆਂ ਦੀ ਅਸਲੀਅਤ ਪਰਖਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦੀ ਮੁਹਿੰਮ ਤਹਿਤ ਪਿੰਡ ਮਾਨਸਾ ਕਲਾਂ ਪਹੁੰਚੇ ਸ਼ ਬਾਜਵਾ ਨੇ ਕਿਹਾ ਕਿ ਕਾਂਗਰਸੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨਸ਼ਿਆਂ ਦੇ ਖ਼ਾਤਮੇ ਦਾ ਡਰਾਮਾ ਕਰ ਰਹੀ ਹੈ, ਇਸੇ ਲਈ ਵੱਡੇ ਤਸਕਰਾਂ ਦੀ ਥਾਂ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਬੱਸਾਂ ਦੇ ਕਿਰਾਏ ਵਿਚ ਕੀਤੇ ਵਾਧੇ ਬਾਰੇ ਕਿਹਾ ਕਿ ਇਸ ਨਾਲ 70 ਫ਼ੀਸਦੀ ਫ਼ਾਇਦਾ ਬਾਦਲ ਪਰਿਵਾਰ ਨੂੰ ਹੀ ਹੋਵੇਗਾ ਕਿਉਂਕਿ ਟਰਾਂਸਪੋਰਟ ‘ਤੇ ਸਭ ਤੋਂ ਵੱਧ ਕਬਜ਼ਾ ਇਸੇ ਦਾ ਹੈ।
Leave a Reply