ਡਾæ ਗੁਰਨਾਮ ਕੌਰ, ਕੈਨੇਡਾ
ਰਾਗ ਗਉੜੀ ਵਿਚ ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਜੀ ਦੀ ਵਾਰ ਹੈ ਜਿਸ ਦਾ ਅਧਿਐਨ ਇਸ ਹਥਲੇ ਲੇਖ ਦਾ ਵਿਸ਼ਾ ਹੈ।
ਸਤਿਗੁਰ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ॥
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ॥
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ॥
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ॥ (ਪੰਨਾ ੩੦੦)
ਵਾਰ ਦੇ ਪਹਿਲੇ ਸਲੋਕ ਵਿਚ ਹੀ ਗੁਰੂ ਰਾਮਦਾਸ ਜੀ ਨੇ ਬਿਆਨ ਕੀਤਾ ਹੈ ਕਿ ਅਕਾਲ ਪੁਰਖ ਹਰ ਇੱਕ ਜੀਵ ਉਤੇ ਮਿਹਰ ਕਰਦਾ ਹੈ ਅਤੇ ਉਸ ਲਈ ਸਾਰੇ ਜੀਵ ਇੱਕੋ ਜਿਹੇ ਹਨ। ਅਕਾਲ ਪੁਰਖ ਵਾਸਤੇ ਕੋਈ ਜੀਵ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਹੈ। ਉਸ ਦੀ ਮਿਹਰ ਹਰ ਇੱਕ ‘ਤੇ ਹੁੰਦੀ ਹੈ। ਅਕਾਲ ਪੁਰਖ ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਦਾ ਹੈ ਪਰ ਹਰ ਇੱਕ ਜੀਵ ਨੂੰ ਉਸ ਦੇ ਉਦਮ ਦਾ ਫਲ ਉਸ ਦੇ ਮਨ ਦੀ ਭਾਵਨਾ ਅਨੁਸਾਰ ਮਿਲਦਾ ਹੈ।
ਗੁਰੂ ਰਾਮਦਾਸ ਜੀ ਅੱਗੇ ਦੱਸਦੇ ਹਨ ਕਿ ਸਤਿਗੁਰ ਕੋਲ ਅਕਾਲ ਪੁਰਖ ਦਾ ਨਾਮ ਰੂਪੀ ਅੰਮ੍ਰਿਤ ਹੈ ਪਰ ਇਹ ਅੰਮ੍ਰਿਤ ਉਸ ਨੂੰ ਮਿਲਦਾ ਹੈ ਜੋ ਜੀਵ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣ ਕੇ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ। ਸਤਿਗੁਰ ਦੇ ਸਨਮੁਖ ਹੋ ਕੇ ਅਰਥਾਤ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਕੋਈ ਵੱਡੇ ਭਾਗਾਂ ਵਾਲਾ ਜੀਵ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
ਅਗਲਾ ਸਲੋਕ ਵੀ ਗੁਰੂ ਰਾਮਦਾਸ ਜੀ ਦਾ ਹੈ ਜਿਸ ਵਿਚ ਉਨ੍ਹਾਂ ਨੇ ਇੱਕ ਪਾਸੇ ਮਾਇਆ ਤੋਂ ਉਪਜੀ ਹਉਮੈ ਅਤੇ ਦੂਜੇ ਪਾਸੇ ਸ਼ਬਦ ਦੀ ਵਿਚਾਰ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਇਸ ਸੰਸਾਰ ਵਿਚ ਮਾਇਆ ਤੋਂ ਪੈਦਾ ਹੋਈ ਹਉਮੈ ਦੇ ਪਿੱਛੇ ਲੱਗ ਕੇ ਸੰਸਾਰ ਘਾਟੇ ਵਿਚ ਰਹਿੰਦਾ ਹੈ, ਉਸ ਦਾ ਨੁਕਸਾਨ ਹੀ ਨੁਕਸਾਨ ਹੈ। ਜੋ ਵੀ ਇਸ ਦੇ ਪਿੱਛੇ ਲੱਗਦਾ ਹੈ, ਉਹ ਖੁਆਰ ਹੁੰਦਾ ਹੈ। ਦੂਸਰੇ ਪਾਸੇ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਲਾਭ ਗੁਰੂ ਦੇ ਸਨਮੁੱਖ ਰਹਿ ਕੇ ਪ੍ਰਾਪਤ ਕਰ ਸਕਦਾ ਹੈ। ਹਉਮੈ ਦੀ ਮੈਲ ਦਾ ਜ਼ਹਿਰ ਹਿਰਦੇ ਵਿਚੋਂ ਅਕਾਲ ਪੁਰਖ ਦੇ ਨਾਮ ਰੂਪੀ ਅੰਮ੍ਰਿਤ ਨੂੰ ਹਿਰਦੇ ਵਿਚ ਵਸਾਉਣ ਨਾਲ ਦੂਰ ਹੋ ਜਾਂਦਾ ਹੈ।
ਇਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰਮਤਿ ਦਰਸ਼ਨ ਵਿਚ ਸ਼ਬਦ ‘ਤੇ ਵਿਚਾਰ ਕਰਕੇ ਉਸ ਨੂੰ ਹਿਰਦੇ ਵਿਚ ਵਸਾਉਣ ਦੀ ਗੱਲ ਕੀਤੀ ਹੈ। ਵਿਚਾਰ ਰਾਹੀਂ ਸ਼ਬਦ ਦੀ ਪ੍ਰਾਪਤੀ ਮਨੁੱਖ ਦੇ ਨਾਲ ਸਦੀਵੀ ਨਿਭਦੀ ਹੈ ਕਿਉਂਕਿ ਇਹ ਕੋਈ ਅੰਨ੍ਹਾ ਵਿਸ਼ਵਾਸ ਨਹੀਂ ਸਗੋਂ ਵਿਚਾਰ ਰਾਹੀਂ ਪ੍ਰਾਪਤ ਕੀਤਾ ਗਿਆਨ ਹੈ। ਦੂਸਰਾ ਜ਼ਰੂਰੀ ਤੱਥ ਮਿਹਰ ਦਾ ਪਾਤਰ ਹੋਣਾ ਹੈ। ਮਿਹਰ ਦਾ ਪਾਤਰ ਹੋਣ ਲਈ ਮਨੁੱਖ ਨੂੰ ਉਦਮ ਕਰਨਾ ਪੈਂਦਾ ਹੈ ਅਤੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਆਪਣੇ ਅੰਦਰ ਗੁਣ ਪੈਦਾ ਕਰਨੇ ਪੈਂਦੇ ਹਨ।
ਗੁਰੂ ਰਾਮਦਾਸ ਸਾਹਿਬ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਮਨੁੱਖਾਂ ਉਤੇ ਅਕਾਲ ਪੁਰਖ ਆਪਣੀ ਮਿਹਰ ਕਰਦਾ ਹੈ, ਉਨ੍ਹਾਂ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨ। ਅਕਾਲ ਪੁਰਖ ਨਾਲ ਉਨ੍ਹਾਂ ਜੀਵਾਂ ਦਾ ਮੇਲ ਹੋ ਸਕਿਆ ਹੈ ਜਿਨ੍ਹਾਂ ਨੂੰ ਧੁਰੋਂ ਬਖਸ਼ਿਸ਼ ਕਰਕੇ ਸਿਰਜਣਹਾਰ ਨੇ ਆਪ ਮੇਲਿਆ ਹੈ,
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ॥
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ॥
ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰਧਾਰਿ॥
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮਖਿ ਕਿਰਪਾ ਧਾਰਿ॥
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ॥੨॥ (ਪੰਨਾ ੩੦੦-੩੦੧)
ਇਸ ਤੋਂ ਅੱਗੇ ਪਹਿਲੀ ਪਉੜੀ ਵਿਚ ਚੌਥੀ ਨਾਨਕ ਜੋਤਿ ਨੇ ਉਸ ਪਰਵਰਦਗਾਰ ਦੀ ਅਰਦਾਸ ਦੇ ਰੂਪ ਵਿਚ ਸਿਫਤਿ-ਸਾਲਾਹ ਕੀਤੀ ਹੈ ਕਿ ਉਹ ਅਕਾਲ ਪੁਰਖ ਸਦੀਵੀ ਸੱਚ ਹੈ ਅਰਥਾਤ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਜੋ ਇਸ ਸ੍ਰਿਸ਼ਟੀ ਦੀ ਸੱਚੀ ਮਾਲਕ ਹੈ। ਸਾਰੀ ਸ੍ਰਿਸ਼ਟੀ ਉਸ ਦਾ ਧਿਆਨ ਧਰਦੀ ਹੈ ਅਤੇ ਸਾਰੇ ਜੀਅ-ਜੰਤ ਉਸ ਅੱਗੇ ਨਤਮਸਤਕ ਹੁੰਦੇ ਹਨ। ਉਸ ਦੇ ਗੁਣ ਗਾਉਣੇ, ਉਸ ਦੀ ਸਿਫਤਿ-ਸਾਲਾਹ ਕਰਨੀ ਇੱਕ ਵਧੀਆ ਅਤੇ ਸੋਹਣਾ ਕੰਮ ਹੈ ਅਤੇ ਜੋ ਵੀ ਜੀਵ ਉਸ ਦੀ ਸੁੰਦਰ ਸਿਫਤਿ-ਸਾਲਾਹ ਕਰਦਾ ਹੈ, ਉਹ ਇਸ ਸੰਸਾਰ-ਸਾਗਰ ਤੋਂ ਪਾਰ ਹੋ ਜਾਂਦਾ ਹੈ।
ਅੱਗੇ ਅਰਦਾਸ ਕੀਤੀ ਹੈ ਕਿ ਹੇ ਵਾਹਿਗੁਰੂ! ਜਿਹੜੇ ਪ੍ਰਾਣੀ ਸਤਿਗੁਰ ਵੱਲ ਮੂੰਹ ਕਰਕੇ ਚੱਲਦੇ ਹਨ, ਉਸ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਨ੍ਹਾਂ ਦੀ ਘਾਲ-ਕਮਾਈ ਨੂੰ, ਉਨ੍ਹਾਂ ਦੀ ਸਿਫਤਿ-ਸਾਲਾਹ ਕਰਨ ਦੇ ਉਦਮ ਨੂੰ ਤੂੰ ਸਫਲ ਬਣਾਉਂਦਾ ਹੈ ਅਤੇ ਉਹ ਅਕਾਲ ਪੁਰਖ ਦੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ। ਅੱਗੇ ਦੱਸਿਆ ਹੈ ਕਿ ਉਹ ਸਭ ਪ੍ਰਾਣੀਆਂ ਦਾ ਮਾਲਕ ਅਕਾਲ ਪੁਰਖ ਜਿਹੋ ਜਿਹਾ ਵੱਡਾ ਆਪ ਹੈ, ਉਹੋ ਜਿਹੀ ਹੀ ਉਸ ਦੀ ਵਡਿਆਈ ਹੈ। ਉਸ ਦੀ ਵਡਿਆਈ ਜੀਵ ਅੰਦਰ ਵੀ ਵੱਡੇ ਗੁਣ ਪੈਦਾ ਕਰਦੀ ਹੈ,
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ॥
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ॥
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ॥
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ॥
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ॥੧॥ (ਪੰਨਾ ੩੦੧)
ਪਹਿਲੀ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਅਕਾਲ ਪੁਰਖ ਦਾ ਨਾਮ ਜਪਣਾ ਉਸ ਦੀ ਵਡਿਆਈ ਕਰਨਾ ਹੈ, ਉਸ ਦੇ ਗੁਣਾਂ ਦਾ ਗਾਇਨ ਹੈ ਅਤੇ ਉਸ ਦੇ ਨਾਮ ਦੀ ਵਡਿਆਈ ਤੋਂ ਬਿਨਾਂ ਕਿਸੇ ਹੋਰ ਦੀ ਉਸਤਤਿ ਜਾਂ ਵਡਿਆਈ ਕਰਨੀ ਫਿਕਾ ਬੋਲਣਾ ਹੈ, ਜਿਸ ਵਿਚ ਕੋਈ ਰਸ ਜਾਂ ਅਨੰਦ ਨਹੀਂ ਹੈ। ਆਪਣੇ ਮਨ ਦੀ ਮੱਤ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਅਹੰਕਾਰ, ਹਉਮੈ ਅਤੇ ਮਮਤਾ ਦੀਆਂ ਗੱਲਾਂ ਕਰਨੀਆਂ ਪਸੰਦ ਕਰਦੇ ਹਨ ਅਰਥਾਤ ਮਨ ਦੀ ਇਸ ਹਉਮੈ, ਮਮਤਾ ਆਦਿ ਮੱਤ ਦੇ ਅਨੁਸਾਰ ਹੀ ਕਿਸੇ ਦੀ ਨਿੰਦਾ ਜਾਂ ਉਸਤਤਿ ਕਰਦੇ ਹਨ, ਇਸ ਅਪਵਾਦ ਵਿਚ ਖਪਦੇ ਰਹਿੰਦੇ ਹਨ ਅਤੇ ਇਹ ਸਾਰਾ ਵਾਦ ਵਿਅਰਥ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਉਹ ਉਸ ਪੂਰਨ ਅਨੰਦ-ਸਰੂਪ ਅਕਾਲ ਪੁਰਖ ਦਾ ਸਿਮਰਨ ਕਰਕੇ ਅਜਿਹੇ ਅਪਵਾਦ ਤੋਂ ਬਚ ਜਾਂਦੇ ਹਨ,
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ॥
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ॥
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ॥
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ॥੧॥ (ਪੰਨਾ ੩੦੧)
ਇਸ ਸਲੋਕ ਵਿਚ ਗੁਰੂ ਰਾਮਦਾਸ ਸਤਿਗੁਰੂ ਨੂੰ ਬੇਨਤੀ ਕਰਦੇ ਹਨ ਕਿ ਮੈਨੂੰ ਉਸ ਪਰਮਾਤਮਾ ਦੀਆਂ ਗੱਲਾਂ ਸੁਣਾ ਜਿਨ੍ਹਾਂ ਨੂੰ ਸੁਣ ਕੇ ਮੈਂ ਉਸ ਦੇ ਨਾਮ ਦਾ ਸਿਮਰਨ ਕਰ ਸਕਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਹਰਿ ਦਾ ਨਾਮ ਪਵਿੱਤਰ ਹੈ ਜਿਸ ਕਰਕੇ ਮਨ ਵਿਚ ਇੱਛਾ ਪੈਦਾ ਹੁੰਦੀ ਹੈ ਕਿ ਨਾਮ ਨੂੰ ਮੁੱਖ ਤੋਂ ਉਚਾਰਨ ਕਰ ਕੇ ਮੈਂ ਆਪਣੇ ਸਾਰੇ ਦੁੱਖ ਅਤੇ ਦਰਦ ਦੂਰ ਕਰ ਲਵਾਂ,
ਸਤਿਗੁਰ ਹਰਿ ਪ੍ਰਭ ਦਸਿ ਨਾਮੁ ਧਿਆਈ ਮਨਿ ਹਰੀ॥
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ॥੨॥ (ਪੰਨਾ ੩੦੧)
ਦੂਸਰੀ ਪਉੜੀ ਵਿਚ ਦੱਸਿਆ ਹੈ ਕਿ ਉਹ ਅਕਾਲ ਪੁਰਖ ਅਕਾਰ-ਰਹਿਤ, ਮਾਇਆ ਤੋਂ ਨਿਰਲੇਪ, ਆਪਣੇ ਆਪ ਤੋਂ ਹੈ ਅਤੇ ਸਾਰੇ ਸੰਸਾਰ ਨੂੰ ਚਾਨਣ ਬਖਸ਼ਣ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਸਦੀਵੀ ਹੋਂਦ ਅਕਾਲ ਪੁਰਖ ਨੂੰ ਜਿਸ ਨੇ ਵੀ ਇਕਾਗਰ-ਚਿੱਤ ਨਾਲ ਧਿਆਇਆ ਹੈ, ਉਸ ਦਾ ਨਾਮ ਸਿਮਰਨ ਕੀਤਾ ਹੈ, ਉਨ੍ਹਾਂ ਦਾ ਉਸ ਨੇ ਸਭ ਦੁੱਖ ਹਰ ਲਿਆ ਹੈ। ਉਸ ਅਕਾਲ ਪੁਰਖ ਦੇ ਬਰਾਬਰ ਹੋਰ ਕੋਈ ਵੀ ਹਸਤੀ ਨਹੀਂ ਹੈ ਜਿਸ ਨੂੰ ਉਸ ਵਰਗਾ ਕਿਹਾ ਜਾ ਸਕਦਾ ਹੋਵੇ। ਉਹ ਸਦੀਵੀ ਹੋਂਦ ਮਾਇਆ ਤੋਂ ਰਹਿਤ ਸਾਰਿਆਂ ਤੋਂ ਵੱਡਾ ਦਾਤਾ ਹੈ, ਕੋਈ ਵੀ ਹੋਰ ਉਸ ਦੇ ਬਰਾਬਰ ਦਾਤਾਂ ਦੇਣ ਵਾਲਾ ਨਹੀਂ ਹੈ, ਅਰਥਾਤ ਉਹ ਹੀ ਸਭ ਦਾ ਦਾਤਾ ਹੈ ਜੋ ਮਨ ਨੂੰ ਪਿਆਰਾ ਲੱਗਦਾ ਹੈ। ਉਸ ਸੱਚੇ ਸਾਹਿਬ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ,
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ॥
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖ ਗਵਾਇਆ॥
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ॥
ਤੁਧੁ ਜੇਵਡੁ ਦਾਤਾ ਤੂ ਹੈ ਨਿਰੰਜਨਾ ਤੂ ਹੈ ਸਚੁ ਮੇਰੈ ਮਨਿ ਭਾਇਆ॥
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ॥੨॥ (ਪੰਨਾ ੩੦੧)
ਜਿਸ ਤਰ੍ਹਾਂ ਉਪਰ ਇੱਕ ਸਲੋਕ ਵਿਚ ਆ ਚੁਕਾ ਹੈ ਕਿ ਗੁਰਮਤਿ ਵਿਚ ਸ਼ਬਦ ਨੂੰ ਵੀ ਵਿਚਾਰ ਰਾਹੀਂ ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਹੈ। ਜਦੋਂ ਵਿਚਾਰ ਰਾਹੀਂ ਕੋਈ ਵੀ ਗਿਆਨ ਅਪਨਾਇਆ ਜਾਂਦਾ ਹੈ, ਉਸ ਵਿਚ ਭਰਮ ਨੂੰ ਕੋਈ ਥਾਂ ਨਹੀਂ ਰਹਿੰਦਾ। ਗੁਰਮਤਿ ਅਨੁਸਾਰ ਨਾਮ ਨੂੰ ਗ੍ਰਹਿਣ ਕਰਨ ਲਈ ਮਨ ਦਾ ਭਰਮ-ਰਹਿਤ ਹੋਣਾ ਜ਼ਰੂਰੀ ਹੈ। ਭਰਮ-ਮੂਲਕ ਵਿਚਾਰ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੈ। ਹਉਮੈ ਭਰਮ ਦਾ ਕਾਰਨ ਬਣਦੀ ਹੈ ਕਿਉਂਕਿ ਹਉਮੈ ਕਾਰਨ ਮਨੁੱਖ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਸ ਦੀ ਹੋਂਦ ਕੋਈ ਅੱਡਰੀ ਹਸਤੀ ਹੈ।
ਇਸ ਸਲੋਕ ਵਿਚ ਗੁਰੂ ਰਾਮਦਾਸ ਇਸੇ ਤੱਥ ਦਾ ਖੁਲਾਸਾ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਅੰਦਰ ਹਉਮੈ ਦਾ ਰੋਗ ਹੈ, ਉਹ ਆਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਮਨੁੱਖ ਵਿਕਾਰਾਂ ਨਾਲ ਭਰੇ ਹੋਏ, ਭਰਮ ਵਿਚ ਭੁੱਲੇ ਹੋਏ ਹਨ। ਗੁਰਮਤਿ ਅਨੁਸਾਰ ਇਸ ਹਉਮੈ ਰੋਗ ਤੋਂ ਮੁਕਤੀ ਪਾਈ ਜਾ ਸਕਦੀ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਇਸ ਹਉਮੈ ਰੋਗ ਤੋਂ ਮੁਕਤੀ ਸਤਿਗੁਰੂ ਨੂੰ ਮਿਲ ਕੇ ਸਤਿਸੰਗਤਿ ਵਿਚ ਰਹਿ ਕੇ ਪਾਈ ਜਾਂਦੀ ਹੈ। ਗੁਰੂ ਦੀ ਸਿੱਖਿਆ ਅਤੇ ਗੁਰਮੁਖਾਂ ਦੀ ਸੰਗਤਿ ਇਸ ਹਉਮੈ ਰੋਗ ਨੂੰ ਦੂਰ ਕਰਨ ਦਾ ਕਾਰਗਰ ਸਾਧਨ ਹੈ,
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ॥
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ॥੧॥
ਇਸ ਤੋਂ ਅਗਲੇ ਸਲੋਕ ਵਿਚ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਦੀਆਂ ਪ੍ਰਾਪਤੀਆਂ ਵੱਲ ਸੰਕੇਤ ਕੀਤਾ ਹੈ। ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਹਨ, ਉਨ੍ਹਾਂ ਦਾ ਮਨ ਅਤੇ ਤਨ-ਦੋਵੇਂ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਸ ਜੀਵ ਨੂੰ ਗੁਰੂ ਦੀ ਥਾਪਣਾ ਮਿਲ ਜਾਂਦੀ ਹੈ, ਅਕਾਲ ਪੁਰਖ ਦੀ ਸ਼ਰਨ ਆਏ ਹੋਏ ਉਸ ਮਨੁੱਖ ਨੂੰ ਅਕਾਲ ਪੁਰਖ ਆਪਣੇ ਨਾਲ ਮਿਲਾ ਲੈਂਦਾ ਹੈ। ਭਾਵ ਗੁਰੂ ਰਾਹੀਂ ਮਨੁੱਖ ਨੂੰ ਪਰਮ ਜੋਤਿ ਦੇ ਦਰਵਾਜ਼ੇ ਦਾ ਪਤਾ ਲੱਗਦਾ ਹੈ, ਉਸ ਨੂੰ ਵਹਿਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਅਤੇ ਹਰਿ ਦੀ ਮਿਹਰ ਨਾਲ ਉਸ ਨੂੰ ਹਰਿ ਨਾਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ,
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ॥
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ॥੨॥ (ਪੰਨਾ ੩੦੧)
ਇਸ ਤੋਂ ਅੱਗੇ ਪਉੜੀ ਵਿਚ ਦੱਸਿਆ ਹੈ ਕਿ ਉਹ ਸਿਰਜਣਹਾਰ ਅਕਾਲ ਪੁਰਖ ਹਰ ਥਾਂ ਸਮਾਇਆ ਹੋਇਆ ਹੈ ਅਤੇ ਫਿਰ ਵੀ ਪਹੁੰਚ ਤੋਂ ਪਰੇ ਹੈ। ਇਸ ਲਈ ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਜੇ ਕੋਈ ਹੋਰ ਹਸਤੀ ਉਸ ਦੇ ਬਰਾਬਰ ਹੋਵੇ, ਉਸ ਜਿੱਡੀ ਹੋਵੇ ਤਾਂ ਹੀ ਕਿਸੇ ਹੋਰ ਦਾ ਨਾਮ ਲਿਆ ਜਾ ਸਕਦਾ ਹੈ ਪਰ ਉਸ ਦੇ ਬਰਾਬਰ ਹੋਰ ਕੋਈ ਨਹੀਂ, ਇਸ ਲਈ ਉਸ ਨੂੰ ਉਸ ਵਰਗਾ ਹੀ ਕਿਹਾ ਜਾ ਸਕਦਾ ਹੈ। ਉਹ ਸ੍ਰਿਸ਼ਟੀ ਦੀ ਹਰ ਰਚਨਾ ਵਿਚ, ਹਰ ਇੱਕ ਸਰੀਰ ਵਿਚ ਵਿਆਪਕ ਹੈ ਪਰ ਉਸ ਦੀ ਵਿਆਪਕਤਾ ਦਾ ਪਤਾ ਉਨ੍ਹਾਂ ਨੂੰ ਲੱਗਦਾ ਹੈ ਜੋ ਸਤਿਗੁਰੂ ਵੱਲ ਆਪਣਾ ਮੁੱਖ ਰੱਖਦੇ ਹਨ ਅਰਥਾਤ ਉਸ ਦੀ ਵਿਆਪਕਤਾ ਦਾ ਅਨੁਭਵ ਮਨੁੱਖ ਆਪਣੇ ਅੰਦਰ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਹੀ ਕਰ ਸਕਦਾ ਹੈ। ਉਹ ਸਦੀਵੀ ਸੱਚਾ, ਹਰ ਸਮੇਂ ਵਿਚ ਵਿਆਪਕ ਅਕਾਲ ਪੁਰਖ ਸਭ ਦਾ ਮਾਲਕ ਹੈ ਅਤੇ ਸਭ ਤੋਂ ਉਤਮ ਅਤੇ ਸੁੰਦਰ ਹੈ। ਜੇ ਮਨੁੱਖ ਨੂੰ ਇਸ ਗੱਲ ਦਾ ਅਨੁਭਵ ਹੋ ਜਾਵੇ ਕਿ ਉਹ ਅਕਾਲ ਪੁਰਖ ਜੋ ਵੀ ਕਰਦਾ ਹੈ, ਉਹ ਹੀ ਹੁੰਦਾ ਹੈ, ਫਿਰ ਮਨੁੱਖ ਨੂੰ ਝੋਰਾ ਕਿਉਂ ਲੱਗੇ?
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ॥
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ॥
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ॥
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ॥
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ॥੩॥ (ਪੰਨਾ ੩੦੧)
ਅੱਗੇ ਸਲੋਕ ਵਿਚ ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਮੇਰੇ ਮਨ ਅਤੇ ਤਨ ਵਿਚ ਉਸ ਅਕਾਲ ਪੁਰਖ ਦਾ ਪ੍ਰੇਮ ਹੈ ਅਤੇ ਮੇਰਾ ਮਨ ਇਹ ਚਾਹੁੰਦਾ ਹੈ ਕਿ ਸਾਰਾ ਸਮਾਂ ਅਰਥਾਤ ਅੱਠੇ ਪਹਿਰ ਉਸ ਦੇ ਪ੍ਰੇਮ ਰੰਗ ਵਿਚ ਹੀ ਗੁਜ਼ਰ ਜਾਣ। ਗੁਰੂ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਹ ਸਦਾ ਹੀ ਸਤਿਗੁਰ ਦੇ ਬਖਸ਼ੇ ਹੋਏ ਸੁੱਖ ਵਿਚ ਵੱਸਦੇ ਹਨ,
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖ ਵਸੰਨਿ॥੧॥
ਗੁਰੂ ਸਾਹਿਬ ਰੱਬ ਦੇ ਪਿਆਰਿਆਂ ਦੇ ਅੰਦਰ ਉਸ ਦੇ ਵੱਸ ਰਹੇ ਪ੍ਰੇਮ ਦੀ ਗੱਲ ਕਰਦੇ ਹੋਏ ਹੋਰ ਦੱਸਦੇ ਹਨ ਕਿ ਜਿਨ੍ਹਾਂ ਦੇ ਮਨ ਅੰਦਰ ਉਸ ਦੀ ਪ੍ਰੀਤ ਹੈ, ਉਹ ਜਿਸ ਤਰ੍ਹਾਂ ਵੀ ਬੋਲਦੇ ਹਨ, ਚੰਗੇ ਲੱਗਦੇ ਹਨ ਕਿਉਂਕਿ ਉਨ੍ਹਾਂ ਨੇ ਪਰਮਾਤਮ-ਪ੍ਰੇਮ ਦੀਆਂ ਹੀ ਗੱਲਾਂ ਕਰਨੀਆਂ ਹੁੰਦੀਆਂ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਵਾਹਿਗੁਰੂ ਨੇ ਇਹ ਪ੍ਰੇਮ ਲਾਇਆ ਹੈ, ਉਹ ਆਪ ਹੀ ਇਸ ਨੂੰ ਜਾਣਦਾ ਹੈ,
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ॥
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ॥੨॥ (ਪੰਨਾ ੩੦੧)
Leave a Reply